ਅਕਬਰ

akabaraअकबर


ਅ਼. [اکبر] ਵਿ- ਕਿਬਰ (ਬਜ਼ੁਰਗੀ) ਵਾਲਾ. ਬਹੁਤ ਵਡਾ. ਮਹਾਂ ਪ੍ਰਧਾਨ। ੨. ਸੰਗ੍ਯਾ- ਕਰਤਾਰ. ਅਕਾਲਪੁਰਖ। ੩. ਬਾਦਸ਼ਾਹ ਹੁਮਾਯੂੰ ਦਾ ਪੁਤ੍ਰ, ਜੋ ੧੫. ਅਕਤੂਬਰ ਸਨ ੧੫੪੨ (ਸੰਮਤ ੧੫੯੯) ਨੂੰ ਅਮਰਕੋਟ (ਸਿੰਧ) ਵਿੱਚ ਉਸ ਵੇਲੇ ਹਮੀਦਾ ਬਾਨੂੰ ਦੇ ਉਦਰ ਤੋਂ ਜਨਮਿਆ, ਜਦ ਇਸ ਦਾ ਪਿਤਾ ਸ਼ੇਰਸ਼ਾਹ ਤੋਂ ਹਾਰ ਖਾਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ.¹#ਤੇਰਾਂ ਵਰ੍ਹੇ ਨੌ ਮਹੀਨੇ ਦੀ ਉਮਰ ਵਿੱਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ. ਬੈਰਾਮ ਖ਼ਾਂ (ਖ਼ਾਨਖ਼ਾਨਾਂ), ਜੋ ਹੁਮਾਯੂੰ ਦਾ ਮੁੱਖਮੰਤ੍ਰੀ ਅਤੇ ਸੈਨਾਪਤਿ ਸੀ, ਉਸ ਦੀ ਨਿਗਰਾਨੀ ਵਿੱਚ ਰਾਜ ਕਾਜ ਚੰਗੀ ਤਰ੍ਹਾਂ ਚਲਦਾ ਰਿਹਾ. ਸੰਮਤ ੧੬੧੭ ਵਿੱਚ ਅਕਬਰ ਨੇ ਪੂਰੀ ਹੁਕੂਮਤ ਆਪਣੇ ਹੱਥ ਲਈ ਅਰ ਮੁਗ਼ਲ ਰਾਜ ਨੂੰ ਭਾਰੀ ਤਰੱਕੀ ਦਿੱਤੀ. ਸੰਮਤ ੧੬੧੮ ਵਿੱਚ ਅਕਬਰ ਨੇ ਅੰਬਰ² ਦੇ ਰਾਜਾ ਬਿਹਾਰੀ ਮੱਲ ਦੀ ਪੁਤ੍ਰੀ ਨਾਲ ਸ਼ਾਦੀ ਕਰਕੇ ਰਾਜਪੂਤਾਂ ਨਾਲ ਸੰਬੰਧ ਜੋੜਿਆ. ਇਸ ਪਿੱਛੋਂ ਜੋਧਪੁਰ ਦੀ ਕੰਨ੍ਯਾ ਨਾਲ ਭੀ ਵਿਆਹ ਕੀਤਾ. ਬਿਹਾਰੀ ਮੱਲ ਦਾ ਬੇਟਾ ਭਗਵਾਨ ਦਾਸ ਅਤੇ ਉਸਦਾ ਪੁਤ੍ਰ ਮਾਨ ਸਿੰਘ ਅਕਬਰ ਦੇ ਪ੍ਰਸਿੱਧ ਜਰਨੈਲ (Generals) ਅਤੇ ਸਹਾਇਕ ਸਨ. ਇਹ ਬਾਦਸ਼ਾਹ ਹਿੰਦੂਆਂ ਨੂੰ ਉੱਚੇ ਅਧਿਕਾਰ ਦੇਣ ਵਿੱਚ ਸੰਕੋਚ ਨਹੀਂ ਕਰਦਾ ਸੀ, ਇਸੇ ਕਾਰਣ ਟੋਡਰ ਮੱਲ ਬੀਰਬਲ ਆਦਿਕ ਇਸ ਦੇ ਮੁੱਖਮੰਤ੍ਰੀਆਂ ਵਿੱਚੋਂ ਸਨ.#ਮੇਵਾਰਪਤਿ ਰਾਣਾ ਉਦਯਸਿੰਘ ਜੋ ਅੰਬਰ ਦੇ ਰਾਜਾ ਤੋਂ ਇਸ ਲਈ ਘ੍ਰਿਣਾ ਕਰਦਾ ਸੀ ਕਿ ਉਸਨੇ ਮੁਸਲਮਾਨ ਨੂੰ ਪੁਤ੍ਰੀ ਦਿੱਤੀ ਹੈ, ਸੁਭਾਵਿਕ ਹੀ ਅਕਬਰ ਦਾ ਵੈਰੀ ਸਮਝਿਆ ਗਿਆ. ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ ਵਿੱਚ ਚਤੌੜਗੜ੍ਹ ਉੱਤੇ ਚੜ੍ਹਾਈ ਕੀਤੀ. ਉਦਯਸਿੰਘ ਤਾਂ ਘਾਇਲ ਹੋਕੇ ਭੱਜ ਗਿਆ, ਪਰ ਬੇਦਨੋਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ), ਇਸ ਬਹਾਦੁਰੀ ਨਾਲ ਲੜੇ ਕਿ ਉਨ੍ਹਾਂ ਦੀ ਵੀਰਤਾ ਦਾ ਪ੍ਰਸੰਗ ਸੁਣਕੇ ਰੋਮਾਂਚ ਹੋ ਜਾਂਦਾ ਹੈ.#ਏਹ ਦੋਵੋਂ ਮੇਵਾਰ ਦੇ ੧੬. ਵਡੇ ਰਾਈਸ਼ਾਂ ਵਿੱਚੋਂ ਸਨ. ਅੰਤ ਨੂੰ ਜੈਮਲ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ, ਇਸ ਦਾ ਜਿਕਰ ਉਸ ਨੇ ਆਪ ਅਤੇ ਜਹਾਂਗੀਰ ਨੇ ਭੀ ਲਿਖਿਆ ਹੈ. ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਮਾਰਿਆ ਉਸ ਦਾ ਨਾਉਂ "ਸੰਗਰਾਮ³" ਰੱਖਿਆ. ਜੈਮਲ ਦੇ ਮਰਣ ਪੁਰ ਕਿਲੇ ਅੰਦਰ ਜੌਹਰ⁴ ਦੀ ਰਸਮ ਹੋਈ, ਜਿਸ ਨਾਲ ੯. ਰਾਣੀਆਂ, ੫. ਰਾਜਪੁਤ੍ਰੀਆਂ, ੨. ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਪਤਿਵ੍ਰਤਾ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ. ੧੧. ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਘਰ ਘਰ ਮਨਾਇਆ, ਅਰ ਸ਼ਹੀਦ ਹੋਏ ਯੋਧਿਆਂ ਨੂੰ ਅਮਰ ਰੱਖਣ ਵਾਲਾ ਜਸ ਕਵੀਆਂ ਅਤੇ ਢਾਡੀਆਂ ਦ੍ਵਾਰਾ ਗਾਇਆ ਜਾਂਦਾ ਹੈ.#'ਜੌਹਰ' ਹੋਣ ਪਿੱਛੋਂ ਪੱਤੋ ਅਤੇ ਹਜ਼ਾਰਾਂ ਰਾਜਪੂਤ ਕੇਸਰੀ ਬਾਗੇ ਪਹਿਨਕੇ ਕਿਲਾ ਛੱਡ ਮੈਦਾਨ ਵਿੱਚ ਆ ਡਟੇ ਅਤੇ ਅਕਬਰ ਦੀ ਸੈਨਾ ਨਾਲ ਮੁਠਭੇੜ ਕਰਕੇ ਸ਼ਹੀਦ ਹੋਏ. ਇਸ ਜੰਗ ਵਿੱਚ ਮੋਏ ਰਾਜਪੂਤਾਂ ਦੇ ਜਨੇਊ ਤੋਲਣ ਪੁਰ ੭੪॥ ਸਾਢੇ ਚੁਹੱਤਰ ਮਾਨ (ਅਰਥਾਤ ੩੯੮ ਸੇਰ ਕੱਚੇ) ਹੋਏ. ਇਸੇ ਘਟਨਾ ਦਾ ਸੂਚਕ ਮਹਾਜਨੀ ਚਿੱਠੀਆਂ ਉੱਤੇ ੭੪॥ ਅੰਗ ਲਿਖਿਆ ਜਾਂਦਾ ਹੈ. ਜਿਸ ਦਾ ਭਾਵ ਹੈ ਕਿ ਜੋ ਬੇਗਾਨੀ ਚਿੱਠੀ ਖੋਲ੍ਹੇ ਉਸ ਨੂੰ ਚਤੌੜ ਦੀ ਹਤ੍ਯਾਲੱਗੇ. ਇਹ ਆਣ ਸਿਰਫ ਚਿੱਠੀਆਂ ਉੱਤੇ ਹੀ ਨਹੀਂ, ਸਗੋਂ ਰਾਜਪੂਤਾਨੇ ਦੀ ਰਿਆਸਤੀ ਲਿਖਤਾਂ ਅਤੇ ਦਾਨਪਤ੍ਰਾਂ ਵਿੱਚ ਭੀ "ਚਤੌੜ ਮਾਰਿਆ ਰਾ ਪਾਪ"- ਲਿਖੀ ਜਾਂਦੀ ਹੈ, ਅਰਥਾਤ ਜੋ ਇਸ ਦਾਨ ਨੂੰ ਬੰਦ ਕਰੇ ਉਸ ਨੂੰ ਮਹਾਂ ਪਾਪ ਲੱਗੇ. ਦੇਖੋ, ਕਰਨਲ ਜੇ. ਟਾਡ (Col. James Tod) ਦੀ ਰਾਜਸਥਾਨ.#ਫ੍ਰਾਂਸ ਦੇ ਵੈਦ੍ਯ ਬਰਨੀਅਰ (Bernier) ਨੇ ੧. ਜੁਲਾਈ ਸਨ ੧੬੬੩ ਨੂੰ ਜੋ ਚਿੱਠੀ ਲਿਖੀ ਹੈ, ਉਸ ਤੋਂ ਜਾਪਦਾ ਹੈ ਕਿ ਦਿੱਲੀ ਕਿਲੇ ਦੇ ਦਰਵਾਜ਼ੇ ਅੱਗੇ ਜੋ ਦੋ ਹਾਥੀਸਵਾਰ ਬੁੱਤ ਹਨ, ਉਹ ਜੈਮਲ ਅਤੇ ਪੱਤੋ ਦੇ ਹਨ, ਜਿਨ੍ਹਾਂ ਦੀ ਬਹਾਦੁਰੀ ਨੇ ਅਕਬਰ ਦਾ ਮਨ ਭੀ ਯਾਦਗਾਰ ਕਾਯਮ ਕਰਨ ਲਈ ਪ੍ਰੇਰਿਆ.⁵#ਅਕਬਰ ਨੇ ਹਿੰਦੂਆਂ ਤੋਂ ਜੇਜੀਆ (ਜਿਜ਼ੀਯਹ) ਅਤੇ ਤੀਰਥਯਾਤ੍ਰਾ ਦਾ ਟੈਕਸ ਲੈਣਾ ਵਰਜ ਦਿੱਤਾ ਸੀ ਅਰ ਹਿੰਦੂਆਂ ਲਈ "ਧਰਮਪੁਰ" ਅਤੇ ਮੁਸਲਮਾਨਾਂ ਲਈ "ਖ਼ੈਰਪੁਰ" ਆਸ਼੍ਰਮ ਬਣਵਾਏ, ਜਿੱਥੇ ਉਨ੍ਹਾਂ ਨੂੰ ਵਿਸ਼੍ਰਾਮ ਅਤੇ ਖਾਨ ਪਾਨ ਮਿਲਦਾ ਸੀ.#ਅਕਬਰ ਨੇ "ਵਿਦ੍ਯਨ੍ਯਾਯ"⁶ ਹੁਕਮਨ ਰੋਕ ਦਿੱਤਾ ਸੀ ਅਤੇ ਆਪਣੀ ਇੱਛਾ ਬਿਨਾ ਕੋਈ ਇਸਤ੍ਰੀ ਜਬਰਨ ਸਤੀ ਭੀ ਨਹੀਂ ਕੀਤੀ ਜਾਂਦੀ ਸੀ.#ਇਹ ਬਾਦਸ਼ਾਹ ਪ੍ਰਜਾ ਤੋਂ ਪੈਦਾਵਾਰ ਦਾ ਤੀਜਾ ਹਿੱਸਾ ਲੈਂਦਾ ਸੀ ਅਤੇ ਰਈਸ ਜੋ ਉਸ ਦੀ ਸੇਵਾ ਲਈ ਹਾਜਿਰ ਰਹਿੰਦੇ ਸਨ ਉਨ੍ਹਾਂ ਦਾ ਅਧਿਕਾਰ "ਮਨਸਬਦਾਰ" ਸੀ, ਜਿਨ੍ਹਾਂ ਦੇ ਅਧੀਨ ੫੦੦ ਤੋਂ ੧੦੦੦੦ ਤੀਕ ਸੈਨਾ ਹੋਇਆ ਕਰਦੀ ਸੀ. ਮਾਲ ਦੇ ਆਲਾ ਅਫਸਰ ਟੋਡਰ ਮੱਲ ਦੀਵਾਨ ਦੇ ਅਧੀਨ ਰਸਦ, ਵਸਤ੍ਰ, ਸੁਗੰਧਿ, ਧਾਤੁ ਅਤੇ ਰਤਨ ਆਦਿ ਸਾਮਾਨ ਖਰੀਦਣ ਵਾਲੇ ਕਰਮਚਾਰੀ "ਕਰੋੜੇ" (क्रयिक) ਸਨ. ਪਰਗਨਿਆਂ ਦੇ ਹਾਕਿਮ, ਜੋ ਦੀਵਾਨੀ ਫੌਜਦਾਰੀ ਅਖਤਿਆਰ ਰਖਦੇ ਸਨ "ਫੌਜਦਾਰ" ਕਹਾਉਂਦੇ ਸਨ.⁷ ਸ਼ਹਿਰਾਂ ਵਿੱਚ ਕੋਤਵਾਲ ਅਤੇ ਕਾਜੀ ਝਗੜੇ ਨਿਬੇੜਦੇ ਸਨ.#ਅਕਬਰ ਦੀ ਸਭਾ ਵਿੱਚ ਹਰ ਮਜ਼ਹਬ ਦਾ ਆਦਮੀ ਆਪਣੇ ਮਤ ਦੇ ਨਿਯਮ ਬਿਨਾ ਸ਼ੰਕਾ ਪ੍ਰਗਟ ਕਰ ਸਕਦਾ ਸੀ ਅਤੇ ਬਾਦਸ਼ਾਹ ਨੂੰ ਭੀ ਗੁਣਚਰਚਾ ਸੁਣਨ ਦਾ ਭਾਰੀ ਸ਼ੌਕ ਸੀ. ਸ਼ਾਹ ਅਕਬਰ ਹਿੰਦੀ ਦਾ ਭੀ ਉੱਤਮ ਕਵੀ ਸੀ. ਬੀਰਬਲ ਦਾ ਮਰਣਾ ਸੁਣਕੇ ਜੋ ਉਸ ਨੇ ਸੋਰਠਾ ਰਚਿਆ ਹੈ ਉਸ ਤੋਂ ਉਸ ਦੀ ਚਮਤਕਾਰੀ ਰਚਨਾ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ, ਯਥਾ-#"ਦੀਨ ਜਾਨ ਸੁਖ ਦੀਨ, ਏਕ ਨ ਦੀਨੋ ਦੁਸਹ ਦੁਖ,#ਸੋ ਅਬ ਹਮ ਕੋ ਦੀਨ, ਕਛੂ ਨ ਰਾਖ੍ਯੋ ਬੀਰਬਲ."⁸#ਅਕਬਰ ਸ਼੍ਰੀ ਗੁਰੂ ਅਮਰਦੇਵ ਜੀ ਦੇ ਦਰਬਾਰ ਵਿੱਚ ਹਾਜਿਰ ਹੋਕੇ ਸਤਗੁਰਾਂ ਦੇ ਆਸ਼ੀਰਬਾਦ ਦਾ ਪਾਤ੍ਰ ਬਣਿਆ ਸੀ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-#ਤਬ ਅਕਬਰ ਦਿੱਲੀ ਤੇ ਆਵਾ,#ਸਰਿਤਾ ਉਤਰ ਸਿਵਰ ਨਿਜ ਪਾਵਾ,#ਧਰ ਪ੍ਰਤੀਤਿ ਦਰਸ਼ਨ ਕੋ ਚਾਹ੍ਯੋ,#ਉੱਤਮ ਲੀਨ ਉਪਾਯਨ ਆਹ੍ਯੋ. (ਗੁਪ੍ਰਸੂ)#ਬਾਦਸ਼ਾਹ ਹੋਣ ਤੋਂ ਛੁੱਟ ਅਕਬਰ ਆਪਣੇ ਤਾਈਂ ਧਾਰਮਿਕ ਖ਼ਲੀਫ਼ਾ ਭੀ ਮੰਨਦਾ ਸੀ ਅਤੇ ਉਸ ਨੇ "ਦੀਨ ਇਲਾਹੀ" ਨਾਉਂ ਦਾ ਫਿਰਕ਼ਾ ਭਾਰਤ ਦੇ ਧਰਮਾਂ ਨੂੰ ਇੱਕ ਕਰਨ ਲਈ ਕਾਇਮ ਕੀਤਾ ਸੀ, ਜੋ ਪਰਸਪਰ ਮਿਲਣ ਸਮੇਂ "ਅੱਲਾਹੂ ਅਕਬਰ" ਆਖਦਾ ਸੀ.#ਆਗਰੇ ਨੂੰ ਇਸ ਨੇ ਰੌਣਕ ਦੇਕੇ ਨਾਉਂ 'ਅਕਬਰਾਬਾਦ' ਰੱਖਿਆ ਅਤੇ ਉੱਥੇ ਲਾਲ ਕਿਲਾ ਅਤੇ ਹੋਰ ਇਮਾਰਤਾਂ ਬਣਵਾਈਆਂ. ਆਗਰੇ ਪਾਸ "ਫਤੇਪੁਰ ਸੀਕਰੀ" ਦੀ ਸੁੰਦਰ ਇਮਾਰਤ ਪ੍ਰਗਟ ਕਰਦੀ ਹੈ ਕਿ ਅਕਬਰ ਨੂੰ ਵਿਦੇਸ਼ੀ ਅਤੇ ਭਾਰਤੀ ਵਾਸ੍ਤੁਵਿਦ੍ਯਾ (architecture) ਇੱਕ ਕਰ ਦੇਣ ਦਾ ਕਿਤਨਾ ਪ੍ਰੇਮ ਸੀ.#ਇਸ ਬਾਦਸ਼ਾਹ ਦੀ ਸਲਤਨਤ ਕਿੱਥੋਂ ਤੀਕ ਫੈਲੀ ਹੋਈ ਸੀ, ਇਸ ਨੂੰ ਉਸ ਦੇ ੧੮. ਸੂਬੇ (੧ ਅਲਾਹਾਬਾਦ, ੨. ਆਗਰਾ, ੩. ਅਵਧ, ੪. ਅਜਮੇਰ, ੫. ਗੁਜਰਾਤ, ੬ਬਿਹਾਰ, ੭. ਬੰਗਾਲ, ੮. ਦਿੱਲੀ, ੯. ਕਾਬੁਲ, ੧੦. ਲਹੌਰ, ੧੧. ਮੁਲਤਾਨ, ੧੨. ਮਾਲਵਾ, ੧੩. ਬੈਰਾਰ, ੧੪. ਖਾਨਦੇਸ਼, ੧੫. ਅਹਮਦਨਗਰ, ੧੬ ਬਿਦਰ, ੧੭. ਹੈਦਰਾਬਾਦ ਅਤੇ ੧੮. ਬਿਜਾਪੁਰ) ਸਾਫ ਦਸਦੇ ਹਨ ਕਿ ਉਹ ਭਾਰਤ ਦਾ ਚਕ੍ਰਵਰਤੀ ਮਹਾਰਾਜਾਧਿਰਾਜ (ਸ਼ਹਨਸ਼ਾਹ) ਸੀ.#ਰਾਮਾਇਣ ਦੇ ਪ੍ਰਸਿੱਧ ਕਵਿ ਤੁਲਸੀ ਦਾਸ ਜੀ ਇਸੇ ਦੇ ਸਮੇਂ ਹੋਏ ਹਨ ਅਤੇ ਭਾਰਤ ਦਾ ਰਤਨ, ਰਾਗ ਵਿਦ੍ਯਾ ਦਾ ਪੂਰਾ ਪੰਡਿਤ ਅਤੇ ਮਨੋਹਰ ਗਵੈਯਾ ਤਾਨਸੈਨ ਅਕਬਰ ਦੇ ਦਰਬਾਰ ਦਾ ਭੂਸਣ ਸੀ.#੧੬ ਅਕਤੂਬਰ ਸਨ ੧੬੦੫ (ਸੰਮਤ ੧੬੬੩) ਵਿੱਚ ਅਕਬਰ ਇਸ ਬਿਨਸਨਹਾਰ ਸੰਸਾਰ ਤੋਂ ਵਿਦਾ ਹੋਇਆ. ਆਗਰੇ ਪਾਸ ਸਿਕੰਦਰੇ ਵਿੱਚ ਇਸ ਪ੍ਰਤਾਪੀ ਬਾਦਸ਼ਾਹ ਦੀ ਸੁੰਦਰ ਕ਼ਬਰ ਬਣੀ ਹੋਈ ਹੈ.


अ़. [اکبر] वि- किबर (बज़ुरगी) वाला. बहुत वडा. महां प्रधान। २. संग्या- करतार. अकालपुरख। ३. बादशाह हुमायूं दा पुत्र, जो १५. अकतूबर सन १५४२ (संमत १५९९) नूं अमरकोट (सिंध) विॱच उस वेले हमीदा बानूं दे उदर तों जनमिआ, जद इस दा पिता शेरशाह तों हार खाके भारत तों विदा हो रिहा सी.¹#तेरां वर्हे नौ महीने दी उमर विॱच अकबर दिॱली दे तख़त ते बैठा. बैराम ख़ां (ख़ानख़ानां), जो हुमायूं दा मुॱखमंत्री अते सैनापति सी, उस दी निगरानी विॱच राज काज चंगी तर्हां चलदा रिहा. संमत १६१७ विॱच अकबर ने पूरी हुकूमत आपणे हॱथ लई अर मुग़ल राज नूं भारी तरॱकी दिॱती. संमत १६१८ विॱच अकबर ने अंबर² दे राजा बिहारी मॱल दी पुत्री नाल शादी करके राजपूतां नाल संबंध जोड़िआ. इस पिॱछों जोधपुर दी कंन्या नाल भी विआह कीता. बिहारी मॱल दा बेटा भगवानदास अते उसदा पुत्र मान सिंघ अकबर दे प्रसिॱध जरनैल (Generals) अते सहाइक सन. इह बादशाह हिंदूआं नूं उॱचे अधिकार देण विॱच संकोच नहीं करदा सी, इसे कारण टोडर मॱल बीरबल आदिक इस दे मुॱखमंत्रीआं विॱचों सन.#मेवारपति राणा उदयसिंघ जो अंबर दे राजा तों इस लई घ्रिणा करदा सी कि उसने मुसलमान नूं पुत्री दिॱती है, सुभाविक ही अकबर दा वैरी समझिआ गिआ. अकबर ने राणे नूं सज़ा देण वासते संमत १६२४ विॱच चतौड़गड़्ह उॱते चड़्हाई कीती. उदयसिंघ तां घाइल होके भॱज गिआ, पर बेदनोर दा रईस जैमल अते कैलवारा दा सरदार पॱतो (फॱता), इस बहादुरी नाल लड़े कि उन्हां दी वीरता दा प्रसंग सुणके रोमांच हो जांदा है.#एह दोवों मेवार दे १६. वडे राईस़ां विॱचों सन. अंत नूं जैमल अकबर दी गोली नाल शहीद होइआ, इस दा जिकर उस ने आप अते जहांगीर ने भी लिखिआ है. जिस बंदूक नाल अकबर ने जैमल नूं मारिआ उस दा नाउं "संगराम³" रॱखिआ. जैमल दे मरण पुर किले अंदर जौहर⁴ दी रसम होई, जिस नाल ९. राणीआं, ५. राजपुत्रीआं, २. राजकुमार अते राजपूतां दीआं बहुत पतिव्रता इसत्रीआं अगनी विॱच भसम होईआं. ११. चेत संमत १६२४ दा इह साका मेवार विॱच घर घर मनाइआ, अर शहीद होए योधिआं नूं अमर रॱखण वाला जस कवीआं अतेढाडीआं द्वारा गाइआ जांदा है.#'जौहर' होण पिॱछों पॱतो अते हज़ारां राजपूत केसरी बागे पहिनके किला छॱड मैदान विॱच आ डटे अते अकबर दी सैना नाल मुठभेड़ करके शहीद होए. इस जंग विॱच मोए राजपूतां दे जनेऊ तोलण पुर ७४॥ साढे चुहॱतर मान (अरथात ३९८ सेर कॱचे) होए. इसे घटना दा सूचक महाजनी चिॱठीआं उॱते ७४॥ अंग लिखिआ जांदा है. जिस दा भाव है कि जो बेगानी चिॱठी खोल्हे उस नूं चतौड़ दी हत्यालॱगे. इह आण सिरफ चिॱठीआं उॱते ही नहीं, सगों राजपूताने दी रिआसती लिखतां अते दानपत्रां विॱच भी "चतौड़ मारिआ रा पाप"- लिखी जांदी है, अरथात जो इस दान नूं बंद करे उस नूं महां पाप लॱगे. देखो, करनल जे. टाड (Col. James Tod) दी राजसथान.#फ्रांस दे वैद्य बरनीअर (Bernier) ने १. जुलाई सन १६६३ नूं जो चिॱठी लिखी है, उस तों जापदा है कि दिॱली किले दे दरवाज़े अॱगे जो दो हाथीसवार बुॱत हन, उह जैमल अते पॱतो दे हन, जिन्हां दी बहादुरी ने अकबर दा मन भी यादगार कायम करन लई प्रेरिआ.⁵#अकबर ने हिंदूआं तों जेजीआ (जिज़ीयह) अते तीरथयात्रा दा टैकस लैणा वरज दिॱता सी अर हिंदूआं लई "धरमपुर" अते मुसलमानां लई "ख़ैरपुर" आश्रम बणवाए, जिॱथे उन्हां नूं विश्राम अते खान पान मिलदा सी.#अकबरने "विद्यन्याय"⁶ हुकमन रोक दिॱता सी अते आपणी इॱछा बिना कोई इसत्री जबरन सती भी नहीं कीती जांदी सी.#इह बादशाह प्रजा तों पैदावार दा तीजा हिॱसा लैंदा सी अते रईस जो उस दी सेवा लई हाजिर रहिंदे सन उन्हां दा अधिकार "मनसबदार" सी, जिन्हां दे अधीन ५०० तों १०००० तीक सैना होइआ करदी सी. माल दे आला अफसर टोडर मॱल दीवान दे अधीन रसद, वसत्र, सुगंधि, धातु अते रतन आदि सामान खरीदण वाले करमचारी "करोड़े" (क्रयिक) सन. परगनिआं दे हाकिम, जो दीवानी फौजदारी अखतिआर रखदे सन "फौजदार" कहाउंदे सन.⁷ शहिरां विॱच कोतवाल अते काजी झगड़े निबेड़दे सन.#अकबर दी सभा विॱच हर मज़हब दा आदमी आपणे मत दे नियम बिना शंका प्रगट कर सकदा सी अते बादशाह नूं भी गुणचरचा सुणन दा भारी शौक सी. शाह अकबर हिंदी दा भी उॱतम कवी सी. बीरबल दा मरणा सुणके जो उस ने सोरठा रचिआ है उस तों उस दी चमतकारी रचना दा चंगी तर्हां गिआन हुंदा है, यथा-#"दीन जान सुख दीन, एक न दीनो दुसह दुख,#सो अब हम को दीन, कछू न राख्यो बीरबल."⁸#अकबर श्री गुरू अमरदेव जी दे दरबार विॱच हाजिर होके सतगुरां दे आशीरबाद दा पात्र बणिआ सी. भाई संतोख सिंघ जी लिखदे हन:-#तब अकबर दिॱली ते आवा,#सरिता उतर सिवर निजपावा,#धर प्रतीति दरशन को चाह्यो,#उॱतम लीन उपायन आह्यो. (गुप्रसू)#बादशाह होण तों छुॱट अकबर आपणे ताईं धारमिक ख़लीफ़ा भी मंनदा सी अते उस ने "दीन इलाही" नाउं दा फिरक़ा भारत दे धरमां नूं इॱक करन लई काइम कीता सी, जो परसपर मिलण समें "अॱलाहू अकबर" आखदा सी.#आगरे नूं इस ने रौणक देके नाउं 'अकबराबाद' रॱखिआ अते उॱथे लाल किला अते होर इमारतां बणवाईआं. आगरे पास "फतेपुर सीकरी" दी सुंदर इमारत प्रगट करदी है कि अकबर नूं विदेशी अते भारती वास्तुविद्या (architecture) इॱक कर देण दा कितना प्रेम सी.#इस बादशाह दी सलतनत किॱथों तीक फैली होई सी, इस नूं उस दे १८. सूबे (१ अलाहाबाद, २. आगरा, ३. अवध, ४. अजमेर, ५. गुजरात, ६बिहार, ७. बंगाल, ८. दिॱली, ९. काबुल, १०. लहौर, ११. मुलतान, १२. मालवा, १३. बैरार, १४. खानदेश, १५. अहमदनगर, १६ बिदर, १७. हैदराबाद अते १८. बिजापुर) साफ दसदे हन कि उह भारत दा चक्रवरती महाराजाधिराज (शहनशाह) सी.#रामाइण दे प्रसिॱध कवि तुलसी दास जी इसे दे समें होए हन अते भारत दा रतन, राग विद्या दा पूरा पंडित अते मनोहर गवैया तानसैन अकबर दे दरबार दा भूसण सी.#१६ अकतूबर सन १६०५ (संमत १६६३) विॱच अकबर इस बिनसनहार संसार तों विदाहोइआ. आगरे पास सिकंदरे विॱच इस प्रतापी बादशाह दी सुंदर क़बर बणी होई है.