khānaखान
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ.
फ़ा. [خان] ख़ान. संग्या- रईस. अमीर. "सुलतान खान मलूक उमरे." (स्री अः मः १) २. घर. ख़ानह. "काहूं गरी गोदरी नाही काहूं खान परारा." (आसा कबीर) किसे पास पाटी गोदड़ी नहीं, किसे दे पायदार घर हन. देखो, परारा। ३. कुटंब. परिवार. "जैसे घर लागै आगि भाग निकसत खान." (भागु क) ४. शहिद दी मॱखीआं दा छॱता। ५. पठाणां दी उपाधि (पदवी). ६. सं. खाणा. "सभि खुसीआ सभि खान." (वार सार मः १) ७. देखो, खानि.
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਅ਼. [امیِر] ਸੰਗ੍ਯਾ- ਪ੍ਰਭੁਤਾ ਵਾਲਾ. ਬਾਦਸ਼ਾਹ। ੨. ਸਰਦਾਰ। ੩. ਧਨੀ। ੪. ਵਿ- ਅਮਰ (ਹੁਕਮ) ਕਰਨ ਵਾਲਾ। ੫. ਅਫ਼ਗ਼ਾਨਿਸਤਾਨ ਦੇ ਸ਼ਾਹ ਦੀ ਉਪਾਧੀ (ਪਦਵੀ ਅਥਵਾ ਖਿਤਾਬ). ਵਰਤਮਾਨ ਅਮੀਰ ਅਮਾਨੁੱਲਾ ਆਪਣੇ ਤਾਂਈ ਬਾਦਸ਼ਾਹ ਸਦਾਉਂਦਾ ਹੈ....
ਅ਼. [سُلطان] ਸੁਲਤ਼ਾਨ. ਸੰਗ੍ਯਾ- ਦਲੀਲ. ਯੁਕ੍ਤਿ। ੨. ਪ੍ਰਬਲ ਹੋਣਾ। ੩. ਬਾਦਸ਼ਾਹ. "ਸੁਲਤਾਨ ਹੋਵਾ ਮੇਲਿ ਲਸਕਰ." (ਸ੍ਰੀ ਮਃ ੧) ਸਭ ਤੋਂ ਪਹਿਲਾਂ "ਸੁਲਤਾਨ" ਪਦਵੀ ਮਹਮੂਦ ਗਜਨਵੀ ਨੇ ਧਾਰਨ ਕੀਤੀ ਹੈ। ੪. ਇੱਕ ਮੁਸਲਮਾਨ ਪੀਰ, ਜਿਸ ਦੇ ਨਾਉਂ ਸਖੀ ਸਰਵਰ, ਲਖਦਾਤਾ, ਲਾਲਾਂ ਵਾਲਾ, ਧੌਂਕਲੀਆ ਆਦਿਕ ਪ੍ਰਸਿੱਧ ਹਨ. ਸੁਲਤਾਨ ਦਾ ਅਸਲ ਨਾਉਂ ਸੈਯਦ ਅਹਮਦ ਸੀ. ਇਹ ਇੱਕ ਬਗਦਾਦੀ ਦਾ ਪੁਤ੍ਰ ਸੀ. ਇਸ ਦਾ ਬਾਪ ਸਿਆਲਕੋਟ ਪਿੰਡ ਵਿੱਚ, ਜੋ ਮੁਲਤਾਨ ਤੋਂ ੧੨. ਮੀਲ ਪੂਰਵ ਹੈ, ਸਨ ੧੨੨੦ ਨੂੰ ਆਬਾਦ ਹੋਇਆ ਸੀ. ਸੁਲਤਾਨ ਦੇ ਥਾਨਾਂ ਨੂੰ ਪੀਰਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਹਨ. ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮਾ ਹੁੰਦੇ ਹਨ ਅਰ ਭੇਟਾ ਚੜ੍ਹਾਉਂਦੇ ਹਨ. ਇਸ ਦੀ ਮੁੱਖ ਭੇਟਾ ਰੋਟ ਹੈ. ਇਹ ਵਡੀ ਰੋਟੀ, ਜਿਸ ਦਾ ਵਜਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾਕੇ ਪਕਾਈ ਜਾਂਦੀ ਹੈ. ਇਸ ਨੂੰ ਗੁੜ ਨਾਲ ਚੋਪੜਕੇ ਪੀਰ ਅੱਗੇ ਅਰਪਦੇ ਹਨ. ਭਿਰਾਈ (ਸੁਲਤਾਨ ਦਾ ਪੁਜਾਰੀ) ਦਰੂਦ ਪੜ੍ਹਕੇ ਕੁਝ ਰੋਟੀ ਆਪ ਲੈ ਲੈਂਦਾ ਹੈ ਅਤੇ ਕੁਝ ਉਪਾਸਕਾਂ ਨੂੰ ਦੇ ਦਿੰਦਾ ਹੈ. ਸੁਲਤਾਨ ਦੀ ਕਬਰ ਨਗਾਹੇ ਪਿੰਡ (ਜਿਲਾ ਡੇਰਾਗਾਜੀਖਾਂ) ਵਿੱਚ ਹੈ, ਜੋ ਈਸਵੀ ਤੇਰਵੀਂ ਸਦੀ ਵਿੱਚ ਬਣੀ ਹੈ. ਇਸ ਥਾਂ ਸੁਲਤਾਨ ਦੀ ਇਸਤ੍ਰੀ ਬੀਬੀ ਬਾਈ ਦੀ ਕਬਰ ਭੀ ਹੈ. ਸੁਲਤਾਨ ਦੇ ਤਿੰਨ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ ਜੋ ੧੬੫੦ ਹਿੱਸਿਆਂ ਵਿੱਚ ਵੰਡੀਦੀ ਹੈ. ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਵਿੱਚ (ਵਜੀਰਾਬਾਦ ਪਾਸ) ਹੈ. ਇਸ ਤੋਂ ਹੀ ਪੀਰ ਦਾ ਨਾਉਂ ਧੌਂਕਲੀਆ ਹੋ ਗਿਆ ਹੈ....
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਅ਼. [مُلوُک] ਮੁਲੂਕ. ਮਲਿਕ ਦਾ ਬਹੁਵਚਨ. ਬਾਦਸ਼ਾਹ ਲੋਕ. ਮਹਾਰਾਜੇ. "ਖਾਨ ਮਲੂਕ ਕਹਾਇਦੇ, ਕੋ ਰਹਣੁ ਨ ਪਾਸੀ." (ਮਃ ੪. ਵਾਰ ਸਾਰ) ੨. ਵਿ- ਸੁੰਦਰ, ਕੋਮਲ ਅਤੇ ਆਰਾਮਤਲਬ ਲਈ ਪੰਜਾਬੀ ਵਿੱਚ ਮਲੂਕ ਸ਼ਬਦ ਵਰਤਿਆ ਜਾਂਦਾ ਹੈ. ਇਸ ਦਾ ਮੂਲ ਭੀ ਅ਼ਰਬੀ ਮੁਲੂਕ ਹੈ, ਕਿਉਂਕਿ ਇਹ ਸਿਫਤਾਂ ਬਾਦਸ਼ਾਹਾਂ ਵਿੱਚ ਘਟਦੀਆਂ ਹਨ. "ਕੋਮਲ ਬਹੁ ਮਲੂਕ ਤਵ ਹਾਥ." (ਗੁਪ੍ਰਸੂ)...
ਅ਼ [امرا] ਅਮੀਰ ਦਾ ਬਹੁ ਵਚਨ. "ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ" (ਵਾਰ ਬਿਲਾ ਮਃ ੪) ੨. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. "ਉਮਰਾਵਹੁ ਆਗੇ ਝੇਰਾ." (ਸੋਰ ਮਃ ੫) "ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ." (ਸ੍ਰੀ ਅਃ ਮਃ ੧) ੩. ਖਤ੍ਰੀਆਂ ਦੀ ਇੱਕ ਜਾਤਿ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਖਾਨਾ....
ਵਿ- ਗਲੀ ਹੋਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ) ੨. ਸੰਗ੍ਯਾ- ਗਿਰੂ (ਗਿਰੀ). ਮਗ਼ਜ਼. "ਬਦਾਮਨ ਗਰੀ ਸਮਾਈ." (ਗੁਪ੍ਰਸੂ) ੩. ਖੋਪਾ. ਨਰੀਏਲ ਦਾ ਮਗ਼ਜ਼. "ਗਰੀ ਛੁਹਾਰੇ ਖਾਂਦੀਆਂ." (ਆਸਾ ਅਃ ਮਃ ੧) ੪. ਗਲੀ. ਵੀਥੀ. "ਖੇਲਤ ਕੁੰਜ ਗਰੀਨ ਕੇ ਬੀਚ." (ਕ੍ਰਿਸਨਾਵ) "ਗਰੀ ਬਜਾਰ ਬਿਲੋਕਤ ਆਏ." (ਗੁਪ੍ਰਸੂ) "ਭ੍ਰਮਤ ਲਾਖ ਗਰੀਆ." (ਕਨਾ ਮਃ ੫)...
ਸੰਗ੍ਯਾ- ਨਗੰਦਿਆਂ ਨਾਲ ਗੁੰਦੀ ਹੋਈ ਓਢਨੀ. ਰੂਈਦਾਰ ਵਸਤ੍ਰ. ਰਜਾਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਵਿ- ਪਰਾਲੀ (ਧਾਨਾਂ ਦੇ ਫੂਸ) ਦਾ. "ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ." (ਆਸਾ ਕਬੀਰ) ਕਿਸੇ ਦੇ ਸੜੀ ਹੋਈ ਗੋਦੜੀ ਭੀ ਨਹੀਂ, ਕਿਸੇ ਦਾ ਘਰ ਪਰਾਲੀ ਦਾ ਹੈ. ਅਰਥਾਤ ਫੂਸ ਦੀ ਝੁੱਗੀ ਵਿੱਚ ਰਹਿਂਦਾ ਹੈ. ਦੇਖੋ, ਪਰਾਲ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਸੰਗ੍ਯਾ- ਪੱਟੀ ਤਖ਼ਤੀ. "ਲੈ ਪਾਟੀ ਪਾਧੇ ਕੈ ਆਇਆ." (ਭੈਰ ਅਃ ਮਃ ੩) ੨. ਮੰਜੇ ਦੀ ਬਾਹੀ. "ਪਾਟੀ ਚੋਟ ਗੋਡ ਪਰ ਲਾਗੀ." (ਗੁਪ੍ਰਸੂ) ੩. ਫਟੀ. ਦੇਖੋ, ਪਾਟਨਾ....
ਸੰਗ੍ਯਾ- ਨਗੰਦਿਆਂ ਨਾਲ ਗੁੰਦੀ ਹੋਈ ਓਢਨੀ. ਰੂਈਦਾਰ ਵਸਤ੍ਰ. ਰਜਾਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [پائیدار] ਵਿ- ਦ੍ਰਿੜ੍ਹ ਪੈਰ ਰੱਖਣ ਵਾਲਾ। ੨. ਮਜਬੂਤ. ਚਿਰਤੀਕ ਰਹਿਣ ਵਾਲਾ....
ਸੰ. कुटुम्ब ਕੁਟੁੰਬ. ਸੰਗ੍ਯਾ- ਸੰਤਾਨ. ਔਲਾਦ। ੨. ਪਰਿਵਾਰ. ਕੁੰਬਾ. "ਕੁਟੰਬ ਜਤਨ ਕਰਣੰ." (ਵਾਰ ਜੈਤ)...
ਸੰ. ਚਾਰੇ ਪਾਸਿਓਂ ਘੇਰਨ ਵਾਲਾ. ਪੜਦਾ. ਆਵਰਣ। ੨. ਤਲਵਾਰ ਆਦਿ ਦਾ ਕੋਸ. ਮਯਾਨ. ਨਯਾਮ। ੩. ਕਿਸੇ ਪੁਰੁਸ ਨੂੰ ਘੇਰਨ ਵਾਲੇ ਸੰਬੰਧੀ. ਕੁਟੰਬ. ਟੱਬਰ। ੪. ਰਾਜੇ ਦੇ ਆਸ ਪਾਸ ਰਹਿਣ ਵਾਲੇ ਨੌਕਰ ਚਾਕਰ। ੫. ਚੰਦ੍ਰਮਾ ਸੂਰਜ ਦਾ ਪਰਿਵੇਸ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਅਗਨਿ. ਅੱਗ. "ਆਗਿ ਲਗਾਇ ਮੰਦਰ ਮਹਿ ਸੋਵਹਿ." (ਗਉ ਕਬੀਰ) ੩. ਸੰ. आज्ञा- ਆਗ੍ਯਾ. ਹੁਕਮ. ਦੇਖੋ, ਆਗਿ੍ਯ। ੩. ਅਗ੍ਯਤਾ. ਅਗ੍ਯਾਨਤਾ. "ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ." (ਸੂਹੀ ਅਃ ਮਃ ੧)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਦੇਖੋ, ਸਹਦ ੨....
ਸੰਗ੍ਯਾ- ਛਤ੍ਰ. ਛਾਤਾ. ਛਤਰੀ। ੨. ਛੱਤਿਆ ਹੋਇਆ ਬਾਜ਼ਾਰ, ਕੂਚਾ। ੩. ਸ਼ਹਿਦ ਦੀਆਂ ਮੱਖੀਆਂ ਅਥਵਾ ਭਰਿੰਡਾਂ ਦਾ ਘਰ. ਦੇਖੋ, ਛਤ੍ਰਕ ੪। ੪. ਸਿਰ ਦੇ ਉਲਝੇ ਹੋਏ ਕੇਸ। ੫. ਸ਼ਾਹਪੁਰ ਵੱਲ ਸਿਰ ਦੇ ਲਮਕਦੇ ਵਾਲਾਂ ਨੂੰ ਛੱਤੇ ਆਖਦੇ ਹਨ....
ਸੰ. ਸੰਗ੍ਯਾ- ਛਲ। ੨. ਰੁਤਬਾ. ਪਦਵੀ ੩. ਖ਼ਿਤਾਬ. Title। ੪. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ਼ ਤੋਂ ਘੜਾ ਜੁਦਾ ਹੈ। ੫. ਉਪਦ੍ਰਵ. ਉਤਪਾਤ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ....
ਸਰਵ. ਤਮਾਮ। ੨. ਸਰਵ ਹੀ. ਸਾਰੇ. "ਸਭਿ ਗੁਣ ਤੇਰੇ ਮੈ ਨਾਹੀ ਕੋਇ." (ਜਪੁ)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰ. ਖਨਿ ਅਤੇ ਖਾਨਿ. ਸੰਗ੍ਯਾ- ਆਕਰ. ਖਾਨ. ਕਾਨ. "ਵਚਨ ਭਨੇ ਗੁਨਖਾਨਿ." (ਗੁਪ੍ਰਸੂ) ੨. ਜੀਵਾਂ ਦੀ ਯੋਨਿ ਦਾ ਵਿਭਾਗ. "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਾਈ) ੩. ਗਿਜਾ. ਭੋਜਨ. ਆਹਾਰ. "ਜੈਸੀ ਲਸਨ ਕੀ ਖਾਨਿ." (ਸ. ਕਬੀਰ)...