phatāफॱता
ਕਨੇਚ ਪਿੰਡ ਨਿਵਾਸੀ ਇੱਕ ਜੱਟ. ਦਸ਼ਮੇਸ਼ ਨੇ ਮਾਛੀਵਾੜੇ ਤੋਂ ਚੱਲਕੇ ਕੁਝ ਘੜੀ ਇਸ ਪਾਸ ਵਿਸ਼੍ਰਾਮ ਕੀਤਾ ਅਰ ਫੱਤੇ ਤੋਂ ਸਵਾਰੀ ਲਈ ਘੋੜੀ ਮੰਗੀ. ਉਸ ਨੇ ਬਹਾਨਾ ਕਰਕੇ ਗੁਰੂ ਜੀ ਨੂੰ ਟਾਲ ਦਿੱਤਾ, ਘੋੜੀ ਅਰ ਫੱਤਾ ਸੱਪ ਦੇ ਡੰਗ ਨਾਲ ਉਸੇ ਦਿਨ ਮਰ ਗਏ। ੨. ਦੇਖੋ, ਚਤੌੜ.
कनेच पिंड निवासी इॱक जॱट. दशमेश ने माछीवाड़े तों चॱलके कुझ घड़ी इस पास विश्राम कीता अर फॱते तों सवारी लई घोड़ी मंगी. उस ने बहाना करके गुरू जी नूं टाल दिॱता, घोड़ी अर फॱता सॱप दे डंग नाल उसे दिन मर गए। २. देखो, चतौड़.
ਸਾਨ੍ਹੇਵਾਲ ਸਟੇਸ਼ਨ ਤੋਂ ਡੇਢ ਮੀਲ ਅਗਨਿ ਕੋਣ ਜਿਲਾ ਲੁਧਿਆਨੇ ਦਾ ਇੱਕ ਪਿੰਡ. ਮਾਛੀਵਾੜੇ ਤੋਂ ਚਲਕੇ ਇਸ ਥਾਂ ਦਸਮੇਸ਼ ਕੁਝ ਕਾਲ ਵਿਰਾਜੇ ਹਨ. ਫੱਤਾ ਜ਼ਿਮੀਦਾਰ ਇਸੇ ਥਾਂ ਰਹਿੰਦਾ ਸੀ, ਜਿਸ ਨੇ ਸਤਿਗੁਰਾਂ ਨੂੰ ਸਵਾਰੀ ਲਈ ਸੁੰਦਰ ਘੋੜੀ ਦੇਣ ਤੋਂ ਬਹਾਨਾ ਬਣਾਇਆ ਸੀ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ, ਕਾਲਪ੍ਰਮਾਣ. "ਏਕ ਘੜੀ ਆਧੀ ਘਰੀ." (ਸ. ਕਬੀਰ) ਦੇਖੋ, ਚਉਸਠ ਘੜੀ। ੨. ਮੱਘੀ. ਕਲਸ਼ੀ. "ਲਾਜੁ ਘੜੀ ਸਿਉ ਤੂਟਿਪੜੀ." (ਗਉ ਕਬੀਰ) ਦੇਹ ਘੜੀ, ਰੱਸੀ ਉਮਰ। ੩. ਘੜੀ ਘੰਟਾ ਆਦਿਕ ਸਮਾਂ (ਵੇਲਾ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ (Sundial) ਅਤੇ ਜਲਘੜੀ (Clepsydra) ਪੁਰਾਣੇ ਵਿਦ੍ਵਾਨਾਂ ਨੇ ਬਣਾਈ, ਜਿਨ੍ਹਾਂ ਦਾ ਜਿਕਰ 'ਗੋਲਾਧ੍ਯਾਯ' ਆਦਿ ਜੋਤਿਸ ਦੇ ਪ੍ਰਾਚੀਨ ਸੰਸਕ੍ਰਿਤਗ੍ਰੰਥਾਂ ਵਿੱਚ ਪਾਇਆ ਜਾਂਦਾ ਹੈ. ਬਾਲੂਘੜੀ (Sandglass) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ (Clock, Timepiece, Pocket watch) ਵਿਦੇਸ਼ੀਆਂ ਦੀ ਕਾਢ ਹੈ. ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ (Henry de Wyck) ਨਾਮੇ ਜਰਮਨ ਨੇ ਸਨ ੧੩੧੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ, ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ, ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤੱਕ ਲਗਾਤਾਰ ਹੁੰਦੀਆਂ ਆਈਆਂ ਹਨ, ਪਰ ਸ਼ਲਾਘਾ ਯੋਗ ਵਿਸ਼ੇਸ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ (Huygens) ਨੇ, ੧੬੬੬ ਵਿੱਚ ਹੁਕ (Hooke) ਨੇ, ੧੭੧੫ ਵਿੱਚ ਗ੍ਰੈਹਮ (Graham) ਨੇ, ਅਰ ੧੭੨੬ ਵਿੱਚ ਹੈਰੀਸਨ (Harrison) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿੰਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ, ਅਰਥਾਤ ਜੇਬ- ਘੜੀਆਂ, ਕੰਧ ਘੜੀਆਂ, ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨. ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ, ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀ ਹੋਈ ਕਮਾਣੀ, ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋ ਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋ ਗਈ ਸੀ, ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ.#ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ, ਅਤੇ ਲੰਡਨ ਦੇ ਬਿਲੌਰ ਮਹਲ (Crystal Palace) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟਰੀ, ਨ੍ਯੂਯਾਰਕ (ਅਮ੍ਰੀਕਾ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ.#ਪਾਰਲੀਮੈਂਟ ਘਰ (ਲੰਡਨ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ, ਜਿਨ੍ਹਾਂ ਦੀ ਸ਼ਿਖਰ ਪੁਰ "ਬਿਗਬੈਨ" ਨਾਮੇ ਘੜੀ ਲੱਗੀ ਹੋਈ ਹੈ, ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀ ਤਰ੍ਹਾਂ ਮਲੂਮ ਹੋ ਸਕਦਾ ਹੈ. ਇਸ ਘੜੀ ਦੇ ਚਾਰ ਮੁਖ (Dial) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ (Pendulum) ਦਾ ਵਜ਼ਨ ਪੰਜ ਮਣ ਪੱਚੀ ਸੇਰ (੪੫੦ ਪੌਂਡ) ਹੈ ਹਰ ਇੱਕ ਹਿੰਦਸਾ (ਅੰਗ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕੇ (ਸਾਢੇ ੨੩ ਟਨ) ਹੈ, ਅਰ ਜਿਸ ਹਥੌੜੇ ਨਾਲ ਇਹ ਖੜਕਦੀ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕੇ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈ ਜਾਂਦੀ ਹੈ, ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ.#ਪਿਛਲੇ ਸਾਲ (੧੯੨੭ ਵਿੱਚ) ਇੱਕ ਅਤ੍ਯੰਤ ਅਦਭੁਤ ਘੜੀ, ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾ ਗਿਆ ਹੈ, ਆਸਟ੍ਰੀਆ ਦੀ ਰਾਜਧਾਨੀ, ਵੀਐਨਾ ਵਿਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ, ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬. ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ, ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ, ਤਾਂ ਝਟ ਇੱਕ ਵਿਸ਼ੇਸ ਬੁਤ ਸਨਮੁਖ ਆ ਜਾਂਦਾ, ਅਰ ਠੀਕ ਘੰਟਾ ਭਰ ਦ੍ਰਿਸ੍ਟਿਗੋਚਰ ਰਹਿੰਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਵਿਸ਼ੇਸ ਸੰਗੀਤ ਭੀ ਵਜਦਾ ਰਹਿੰਦਾ ਹੈ.#ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ (ਘੜੀਆਂ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਬਿਸਰਾਮ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। ੨. ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ." (ਆਸਾ ਮਃ ੫) ੩. ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫)...
ਸੰਗ੍ਯਾ- ਘੋਟਿਕਾ. ਘੋੜੇ ਦੀ ਮਦੀਨ।#੨. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। ੩. ਕਾਠੀ ਆਦਿਕ ਰੱਖਣ ਦੀ ਤਿਪਾਈ।#੪. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ। ੫. ਘੋੜੀ ਦੀ ਰਸਮ ਸਮੇਂ ਦਾ ਗੀਤ। ੬. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਸੁਰਧਰੀ। ੭. ਸੇਮੀਆਂ ਵੱਟਣ ਦੀ ਮਸ਼ੀਨ....
ਦੇਖੋ, ਬਹਾਉਣਾ ੧। ੨. ਫ਼ਾ. [بہانہ] ਸੰਗ੍ਯਾ- ਹੀਲਾ. ਮਿਸ. ਵਲ੍ਹਾਉ. "ਕਿਆ ਕੋ ਕਰੈ ਬਹਾਨਾ." (ਬਿਲਾ ਮਃ ੩) ੩. ਨਿਮਿੱਤ ਹੇਤੁ. ਸਬਬ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰਗ੍ਯਾ- ਵਸਤੂਆਂ ਦਾ ਢੇਰ. ਅੰਬਾਰ। ੨. ਟਾਲਦੇਣ ਦਾ ਭਾਵ. ਵੇਲਾ ਟਪਾਦੇਣ ਦੀ ਕ੍ਰਿਯਾ. "ਨਹਿ ਇਸ ਮੇ ਕਛੁ ਟਾਲ ਵਿਚਾਰੋ." (ਗੁਪ੍ਰਸੂ) ੩. ਟੱਲ. ਘੰਟਾ. "ਝਾਂਝਰੁ ਟਾਲ ਬਜੈ ਕਰਨਾਈ." (ਨਾਪ੍ਰ) ੪. ਸੰ. ਫਲ ਵਿਕਣ ਦੀ ਮੰਡੀ....
ਕਨੇਚ ਪਿੰਡ ਨਿਵਾਸੀ ਇੱਕ ਜੱਟ. ਦਸ਼ਮੇਸ਼ ਨੇ ਮਾਛੀਵਾੜੇ ਤੋਂ ਚੱਲਕੇ ਕੁਝ ਘੜੀ ਇਸ ਪਾਸ ਵਿਸ਼੍ਰਾਮ ਕੀਤਾ ਅਰ ਫੱਤੇ ਤੋਂ ਸਵਾਰੀ ਲਈ ਘੋੜੀ ਮੰਗੀ. ਉਸ ਨੇ ਬਹਾਨਾ ਕਰਕੇ ਗੁਰੂ ਜੀ ਨੂੰ ਟਾਲ ਦਿੱਤਾ, ਘੋੜੀ ਅਰ ਫੱਤਾ ਸੱਪ ਦੇ ਡੰਗ ਨਾਲ ਉਸੇ ਦਿਨ ਮਰ ਗਏ। ੨. ਦੇਖੋ, ਚਤੌੜ....
ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
चतुष्कोट ਚਤੁਸ੍ਕੋਟ. ਰਾਜਪੂਤਾਨੇ ਵਿੱਚ ਇੱਕ ਪ੍ਰਸਿੱਧ ਕ਼ਿਲਾ, ਜੋ ਪੁਰਾਣੇ ਸਮੇਂ ਮੇਵਾਰ ਦੀ ਰਾਜਧਾਨੀ ਸੀ. ਇਸ ਦੀ ਲੰਬਾਈ ਸਵਾ ਤਿੰਨ ਮੀਲ ਅਤੇ ਚੌੜਾਈ ਬਾਰਾਂ ਸੌ ਗਜ਼ ਹੈ. ਸਾਰੀ ਜ਼ਮੀਨ ੬੯੦ ਏਕੜ ਹੈ. ੫੦੦ ਫੁਟ ਦੀ ਉੱਚੀ ਪਹਾੜੀ ਪੁਰ ਇਹ ਇ਼ਮਾਰਤ ਬਣਾਈ ਗਈ ਹੈ. ਇਹ ਕ਼ਿਲਾ ਮੋਰੀ ਰਾਜਪੂਤ ਚਿਤ੍ਰਾਂਗ ਨੇ ਈ਼ਸਵੀ ਸੱਤਵੀਂ ਸਦੀ ਵਿੱਚ ਬਣਾਇਆ ਹੈ. ਇਸ ਪੁਰ ਬੱਪਾਰਾਵ ਨੇ ਸਨ ੭੩੪ ਵਿੱਚ ਕਬਜ਼ਾ ਕੀਤਾ. ਇਸ ਪਿੱਛੋਂ ਇਹ ਮੇਵਾਰ ਦੀ ਰਾਜਧਾਨੀ ਸਨ ੧੫੬੭ ਤੀਕ ਰਿਹਾ.#ਇਸ ਕ਼ਿਲੇ ਤੇ ਸਭ ਤੋਂ ਪਹਿਲਾ ਹ਼ਮਲਾ ਮੇਵਾਰਪਤਿ ਰਾਜਾ ਲਕ੍ਸ਼੍ਮਣ ਸਿੰਘ ਦੇ ਚਾਚਾ ਭੀਮ ਸਿੰਘ ਦੀ ਮਨੋਹਰ ਪਦਮਿਨੀ ਇਸਤ੍ਰੀ ਪਦਮਾਵਤੀ ਦੇ ਲੈਣ ਲਈ ਅਲਾਉੱਦੀਨ ਖ਼ਿਲਜੀ ਦਾ ਸੰਮਤ ੧੩੬੧ ਵਿੱਚ ਹੋਇਆ. ਕਿਲਾ ਫਤੇ ਕਰਕੇ ਜਦ ਅ਼ਲਾਉੱਦੀਨ ਅੰਦਰ ਗਿਆ, ਤਦ ਪਦਮਾਵਤੀ ਦੀ ਚਿਤਾ ਦੀ ਭਸਮ ਤੋਂ ਬਿਨਾ ਉਸ ਨੂੰ ਕੁਝ ਪ੍ਰਾਪਤ ਨਹੀਂ ਹੋਇਆ. ਅ਼ਲਾਉੱਦੀਨ ਨੇ ਇਹ ਕ਼ਿਲਾ ਆਪਣੇ ਬੇਟੇ ਖ਼ਿਜਰ ਖ਼ਾਂ ਦੇ ਸਪੁਰਦ ਕੀਤਾ ਅਤੇ ਨਾਮ ਖ਼ਿਜਰਾਬਾਦ ਰੱਖਿਆ.#ਦੂਜਾ ਧਾਵਾ ਇਸ ਪੁਰ ਰਾਣਾ ਉਦਯ ਸਿੰਘ ਦੇ ਸਮੇਂ ਬਾਦਸ਼ਾਹ ਅਕਬਰ ਦਾ ਸੰਮਤ ੧੬੨੪ ਵਿੱਚ ਹੋਇਆ. ਰਾਣਾ ਜ਼ਖ਼ਮੀ ਹੋ ਕੇ ਭੱਜ ਗਿਆ ਅਤੇ ਜੈਮਲ ਤਥਾ ਪੱਤੋ (ਫੱਤਾ) ਬੜੀ ਬਹਾਦੁਰੀ ਨਾਲ ਸ਼ਹੀਦ ਹੋਏ. ਇਸ ਪਿੱਛੋਂ ਮੇਵਾਰ ਦੀ ਰਾਜਧਾਨੀ ਉਦਯਪੁਰ ਹੋ ਗਿਆ.#ਚਤੌੜ ਵਿੱਚ ਕਈ ਮੰਦਿਰ ਅਤੇ ਸਮਾਰਕ ਚਿੰਨ੍ਹ ਪੁਰਾਣਾ ਇਤਿਹਾਸ ਸਮਰਣ ਕਰਾਉਂਦੇ ਹਨ, ਪਰ ਸਭ ਤੋਂ ਮੁੱਖ ਦੋ ਹਨ-#੧. ਰਾਨਾ ਕੁੰਭ, ਜਿਸ ਨੇ ਸਨ ੧੪੩੩ ਤੋਂ ੧੪੬੮ ਤੀਕ ਮੇਵਾਰ ਦਾ ਪੈਂਤੀ ਵਰ੍ਹੇ ਰਾਜ ਕੀਤਾ, ਉਸ ਦਾ ਕੀਰਤੀਸਤੰਭ, ਜੋ ਨੌ ਮੰਜ਼ਿਲਾ ੧੨੦ ਫੁਟ ਉੱਚਾ ਹੈ.#੨. ਦੂਜਾ ਜੈਮਲ ਅਤੇ ਪੱਤੋ ਬਹਾਦੁਰ ਰਾਜਪੂਤਾਂ ਦਾ ਹੈ. ਇਸ ਕ਼ਿਲੇ ਵਿੱਚ ਜੈਨ ਤੀਰਥੰਕਰ "ਆਦਿਨਾਥ" ਦਾ ਭੀ ਇਕ ਕੀਰਤੀਸਤੰਭ ਹੈ, ਜੋ ੮੦ ਫੁਟ ਹੈ. ਚਤੌੜ ਨੂੰ ਚਿਤੋੜ ਭੀ ਆਖਦੇ ਹਨ....