shērashāhaशेरशाह
[شیرشاہ] ਸਹਸਰਾਮ ਦੇ ਜਾਗੀਰਦਾਰ ਹਸਨ ਖਾਨ ਦਾ ਪੁਤ੍ਰ ਅਤੇ ਇਬਰਾਹੀਮ ਖਾਨ ਦਾ ਪੋਤਾ, ਜੋ ਸੂਰਵੰਸ਼ ਦਾ ਪਠਾਣ ਸੀ. ਇਸ ਦਾ ਪਹਿਲਾ ਨਾਉਂ ਫਰੀਦਖਾਨ ਸੀ. ਬਿਹਾਰ ਦੇ ਬਾਦਸ਼ਾਹ ਲੋਹਾਨੀ ਦੀ ਨੌਕਰੀ ਵਿੱਚ ਇੱਕ ਵਾਰ ਫਰੀਦ ਨੇ ਸ਼ੇਰ ਮਾਰਿਆ ਜਿਸ ਤੋਂ ਸ਼ੇਰਖਾਨ ਪਦਵੀ ਮਿਲੀ. ਇਸੇ ਨੇ ਹੁਮਾਯੂੰ ਨੂੰ ਕਨੌਜ ਦੇ ਜੰਗ ਵਿੱਚ ੧੭. ਮਈ (May) ਸਨ ੧੫੪੦ ਨੂੰ ਜਿੱਤਕੇ ਭਾਰਤ ਵਿੱਚੋਂ ਕੱਢ ਦਿੱਤਾ. ਇਹ ੨੫ ਜਨਵਰੀ ਸਨ ੧੫੪੨ ਨੂੰ ਦਿੱਲੀ ਦੇ ਤਖਤ ਪੁਰ ਧੂਮ ਧਾਮ ਨਾਲ ਬੈਠਾ ਅਰ ਆਦਿਲ ਪਦਵੀ ਧਾਰਣ ਕੀਤੀ. ਇਸ ਦਾ ਦੇਹਾਂਤ ੨੪ ਮਈ ਸਨ ੧੫੪੫ ਨੂੰ ਹੋਇਆ. ਸ਼ੇਰਸ਼ਾਹ ਦਾ ਮਕਬਰਾ ਸਹਸਰਾਮ ਵਿੱਚ ਦੇਖਣ ਯੋਗ ਸੁੰਦਰ ਇਮਾਰਤ ਹੈ. ਦੇਖੋ, ਹੁਮਾਯੂੰ.
[شیرشاہ] सहसराम दे जागीरदार हसन खान दा पुत्र अते इबराहीम खान दा पोता, जो सूरवंश दा पठाण सी. इस दा पहिला नाउं फरीदखान सी. बिहार दे बादशाह लोहानी दी नौकरी विॱच इॱक वार फरीद ने शेर मारिआ जिस तों शेरखान पदवी मिली. इसे ने हुमायूं नूं कनौज दे जंग विॱच १७. मई (May) सन १५४० नूं जिॱतके भारत विॱचों कॱढ दिॱता. इह २५ जनवरी सन १५४२ नूं दिॱली दे तखत पुर धूम धाम नाल बैठा अर आदिल पदवी धारण कीती. इसदा देहांत २४ मई सन १५४५ नूं होइआ. शेरशाह दा मकबरा सहसराम विॱच देखण योग सुंदर इमारत है. देखो, हुमायूं.
ਦੇਖੋ, ਸਸਰਾਮ. "ਗਮਨੇ ਸਤਿਗੁਰੁ ਗਏ ਅਗਾਰੀ। ਸਹਸਰਾਂਵ ਕੇ ਪਹੁਚ ਮਝਾਰੀ." (ਗੁਪ੍ਰਸੂ)...
ਜਾਗੀਰ ਰੱਖਣ ਵਾਲਾ. ਮੁਆ਼ਫ਼ੀਦਾਰ....
ਸੰ. ਸੰਗ੍ਯਾ- ਹੱਸਣਾ. ਹਾਸੀ ਕਰਨਾ। ੨. ਅ਼. [حسن] ਹ਼ਸਨ. ਵਿ- ਸੁੰਦਰ. ਮਨੋਹਰ। ੩. ਸੰਗ੍ਯਾ- ਖ਼ਲੀਫ਼ਾ ਅ਼ਲੀ ਅਤੇ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦਾ ਵਡਾ ਬੇਟਾ. ਇਹ (੧ ਮਾਰਚ ਸਨ ੬੨੫) ਹਿਜਰੀ ਸਨ ੩. ਵਿੱਚ ਜਨਮਿਆ ਅਤੇ ੪੯ ਵਿੱਚ ਮੋਇਆ. ਹਸਨ ਆਪਣੇ ਬਾਪ ਦੇ ਮਰਨ ਪਿੱਛੋਂ ਸਨ ੪੧ ਹਿਜਰੀ ਵਿੱਚ ਪੰਜਵਾਂ ਖ਼ਲੀਫ਼ਾ ਹੋਇਆ ਸੀ, ਪਰ ਛੀ ਮਹੀਨੇ ਪਿੱਛੋਂ ਖ਼ਲਾਫਤ ਨੂੰ ਅਸਤੀਫਾ ਦੇ ਦਿੱਤਾ. ਇਸ ਦੀ ਇਸਤ੍ਰੀ "ਜ਼ਆ਼ਦਹ" ਨੇ ਯਜ਼ੀਦ ਬਾਦਸ਼ਾਹ ਦੀ ਪ੍ਰੇਰਣਾ ਨਾਲ ਹਸਨ ਨੂੰ ਜ਼ਹਿਰ ਦੇ ਕੇ (੧੭ ਮਾਰਚ ਸਨ ੬੬੯ ਨੂੰ) ਮਾਰ ਦਿੱਤਾ. ਹਸਨ ਦੇ ੨੦. ਬੱਚੇ ਹੋਏ ਜਿਨ੍ਹਾਂ ਵਿੱਚੋਂ ੧੫. ਬੇਟੇ ਅਤੇ ੫. ਬੇਟੀਆਂ ਸਨ. ਹਸਨ ਅਤੇ ਹੁਸੈਨ ਦੀ ਔਲਾਦ ਦੇ ਲੋਕ "ਸੱਯਦ" (ਸੈਯਦ) ਅਤੇ ਮੀਰ ਕਹਾਉਂਦੇ ਹਨ, ਸੋ ਪੈਗੰਬਰ ਦੀ ਅੰਸ਼ ਹੋਣ ਕਰਕੇ ਮੁਸਲਮਾਨਾਂ ਵਿੱਚ ਸਨਮਾਨ ਪਾਉਂਦੇ ਹਨ. ਦੇਖੋ, ਹੁਸੈਨ। ੪. ਦੇਖੋ, ਧੁਨੀ (ਖ)...
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [ابراہیِم] ਹੀ. ਅਬਰਾਹਮ. Abraham. ਵਿ- ਕ਼ੌਮ ਦਾ ਬਾਨੀ. ਵੰਸ਼ ਦਾ ਮੁਖੀਆ। ੨. ਸੰਗ੍ਯਾ- ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਹੋਇਆ ਇੱਕ ਪੈਗੰਬਰ, ਜੋ ਨੂਹ ਦੀ ੧੧. ਵੀਂ ਪੀੜ੍ਹੀ ਵਿੱਚੋਂ ਆਜ਼ਰ (ਤੇਰਾਹ) ਦਾ ਪੁਤ੍ਰ ਸੀ. ਇਬਰਾਹੀਮ ਦੀ ਪਹਿਲੀ ਇਸਤ੍ਰੀ "ਸਾਰਾਹ" ਸੀ, ਜਿਸ ਦੇ ਔਲਾਦ ਨਹੀਂ ਸੀ. ਫੇਰ ਇਬਰਾਹੀਮ ਨੇ "ਹਾਜਿਰਾ" (Hagar) ਨਾਮਕ ਗੋਲੀ ਨਾਲ ਸ਼ਾਦੀ ਕੀਤੀ. ਜਿਸ ਤੋਂ "ਇਸਮਾਈਲ" ਪੁਤ੍ਰ ਜੰਮਿਆ. ਸਮਾ ਪਾਕੇ ਸਾਰਾਹ ਦੇ ਪੇਟੋਂ ਭੀ ਇਸਹਾਕ ਪੁਤ੍ਰ ਜੰਮਿਆ. ਜਦ ਸਾਰਾਹ ਦੇ ਆਪਣੀ ਔਲਾਦ ਹੋਪਈ. ਤਾਂ ਦੋਹਾਂ ਸੌਕਣਾ ਦਾ ਝਗੜਾ ਹੋਣ ਲੱਗਾ. ਸਾਰਾਹ ਦੇ ਆਖੇ ਇਬਰਾਹੀਮ ਨੇ ਹਾਜਿਰਾ ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ. ਦੇਖੋ. ਜ਼ਮ ਜ਼ਮ.#ਇਸਹਾਕ ਦੀ ਔਲਾਦ ਇਸਰਾਈਲ ਵੰਸ਼ ਹੈ, ਜਿਸ ਤੋਂ ਯਹੂਦੀ ਤੇ ਈਸਾਈ ਚੱਲੇ. ਅਤੇ ਇਸਮਾਈਲ ਦੀ ਔਲਾਦ. ਕੁਰੈਸ਼ ਵੰਸ਼ ਹੈ, ਜਿਸ ਵਿਚੋਂ ਮੁਹ਼ੰਮਦ ਸਾਹਿਬ ਪੈਦਾ ਹੋਏ.#ਸੁੰਨਤ (ਖ਼ਤਨਹ) ਦੀ ਰਸਮ ਇਬਰਾਹੀਮ ਨੇ ਹੀ ਚਲਾਈ ਹੈ. ਇਸ ਤੋਂ ਪਹਿਲਾਂ ਇਸ ਦਾ ਜਿਕਰ ਕਿਸੇ ਧਰਮਗ੍ਰੰਥ ਵਿੱਚ ਨਹੀਂ ਹੈ. ਯਹੂਦੀ ਅਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦ੍ਵਾਰਾ ਖ਼ੁਦਾ ਦਾ ਹੁਕਮ ਆਇਆ ਮੰਨਕੇ ਅੰਗੀਕਾਰ ਕੀਤਾ ਹੈ. ਪੁਰਾਣੇ ਸਮੇਂ ਵਿੱਚ ਈਸਾਈ ਭੀ ਸੁੰਨਤ ਕਰਾਇਆ ਕਰਦੇ ਸਨ, ਬਲਕਿ ਹਜਰਤ ਈ਼ਸਾ ਦੀ ਭੀ ਸੁੰਨਤ ਹੋਈ ਸੀ. ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ.#ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਕੀਤਾ, ਤਦ ਉਸ ਦੀ. ਉਮਰ ੯੯ ਵਰ੍ਹੇ ਦੀ ਸੀ. ਕੁਰਾਨ ਵਿੱਚ ਇਬਰਾਹੀਮ ਨੂੰ ਖ਼ਲੀਲੁੱਲਾ (ਅੱਲਾ ਦਾ ਮਿਤ੍ਰ) ਲਿਖਿਆ ਹੈ. ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ. ਉਸ ਦੀ ਕਬਰ ਹ਼ਰੂੰ (Hebron) ਫ਼ਿਲਸ੍ਤੀਨ (Palestine) ਵਿੱਚ ਯਾਤ੍ਰਾ ਦਾ ਅਸਥਾਨ ਹੈ.#ਕਬੀਰ ਜੀ ਦੀ ਇਸ ਤੁਕ ਦਾ- "ਸਕਤਿ ਸਨੇਹ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ!"¹ ਅਰਥ ਕਰਦੇ ਹੋਏ ਗ੍ਯਾਨੀ, ਇੱਕ ਲੋਕਪ੍ਰਸਿੱਧ ਕਥਾ ਸੁਣਾਇਆ ਕਰਦੇ ਹਨ ਕਿ ਸਾਰਾਹ ਨੇ ਇਬਰਾਹੀਮ ਤੋਂ ਪ੍ਰਣ ਕਰਾਇਆ ਸੀ ਕਿ ਉਹ ਹਾਜਿਰਾ ਨਾਲ ਸੰਗ ਨਾ ਕਰੇ, ਜੇ ਕਰੇਗਾ ਤਦ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ. ਪਰੰਤੂ ਇਬਰਾਹੀਮ ਨੇ ਪ੍ਰਤਿਗ੍ਯਾ ਭੰਗ ਕੀਤੀ, ਜਿਸ ਤੇ ਸਾਰਾਹ ਨੇ ਪਤਿ ਦੇ ਪ੍ਰੇਮ ਵਿੱਚ ਆਕੇ ਵਡੀ ਸਜ਼ਾ ਨੂੰ ਛੋਟੀ ਵਿੱਚ ਬਦਲ ਦਿੱਤਾ, ਅਰਥਾਤ ਮੁੱਛਾਂ ਅਤੇ ਇੰਦ੍ਰੀ ਦਾ ਅਵਰਣ ਰੂਪ ਮਾਸ ਕੱਟਕੇ ਪ੍ਰਣਭੰਗ ਦਾ ਪ੍ਰਾਇਸ਼ਚਿਤ ਕੀਤਾ. ਚਾਹੋ ਏਹ ਕਥਾ ਬਾਈਬਲ ਅਤੇ ਕੁਰਾਨ ਵਿੱਚ ਨਹੀਂ ਹੈ, ਪਰੰਤੂ ਇਸ ਦਾ ਬੀਜ ਮੌਜੂਦ ਹੈ ਕਿ ਸਾਰਾਹ ਦੇ ਕਹਿਣ ਤੇ ਇਬਰਾਹੀਮ ਨੇ ਹਾਜਿਰਾ ਨੂੰ ਪੁਤ੍ਰ ਸਮੇਤ ਘਰੋਂ ਕੱਢ ਦਿੱਤਾ ਸੀ. ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ।#੩. ਪੈਗੰਬਰ ਮੁਹ਼ੰਮਦ ਦਾ ਇੱਕ ਪੁਤ੍ਰ ਜੋ ਉਸ ਦੀ ਦਾਸੀ "ਮੇਰੀ" ਤੋਂ ਜਨਮਿਆ, ਅਤੇ ਦੋ ਵਰ੍ਹੇ ਦਾ ਹੋਕੇ ਹੀ ਮਰ ਗਿਆ ਸੀ। ੪. ਬਲਖ਼ ਦਾ ਬਾਦਸ਼ਾਹ, ਜੋ ਇਬਰਾਹੀਮ ਅਧਮ ਕਰਕੇ ਪ੍ਰਸਿੱਧ ਹੈ. ਇਹ ਰਾਜ ਤ੍ਯਾਗਕੇ ਸੰਨ੍ਯਾਸੀ ਹੋ ਗਿਆ, ਅਤੇ ਪੂਰਣ ਬ੍ਰਹਮਗ੍ਯਾਨੀ ਹੋਇਆ ਹੈ। ੫. ਦੇਖੋ, ਬਹਮੀਸ਼ਾਹ....
ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)...
ਪਸ਼੍ਟਿਮ ਦੇਸ਼ ਵਿੱਚ ਹੈ ਜਿਸਦਾ ਸ੍ਥਾਨ. (ਸ੍ਥਾਨ). ਉੱਤਰ ਪੱਛਮ ਨਿਵਾਸੀ ਲੋਕ।#੨. ਦੇਖੋ, ਅਫ਼ਗ਼ਾਨ. "ਮੁਗਲ ਪਠਾਣਾ ਭਈ ਲੜਾਈ." (ਆਸਾ ਅਃ ਮਃ ੧)...
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਪਟਨੇ ਦਾ ਇਲਾਕਾ. ਮਗਧ ਦੇਸ਼. ਇਸ ਦਾ ਇਹ ਨਾਮ ਬੁੱਧਮਤ ਦੇ ਬਹੁਤੇ 'ਵਿਹਾਰ' (ਆਸ਼੍ਰਮ) ਹੋਣ ਕਰਕੇ ਹੋਇਆ ਹੈ. ਹੁਣ ਇਸ ਇਲਾਕੇ ਵਿੱਚ ਉਡੀਸਾ ਅਤੇ ਛੋਟਾ ਨਾਗਪੁਰ ਭੀ ਸ਼ਾਮਿਲ ਹੈ. ਬਿਹਾਰ ਦਾ ਰਕਬਾ ੮੩, ੦੦੦ ਵਰਗ ਮੀਲ ਅਤੇ ਆਬਾਦੀ ੩੫, ੦੦੦, ੦੦੦ ਹੈ. ਪ੍ਰਧਾਨ ਸ਼ਹਿਰ ਪਟਨਾ ਹੈ। ੨. ਰੀਵਾ ਰਿਆਸਤ ਵਿੱਚ ਵਹਿਣ ਵਾਲਾ ਇੱਕ ਦਰਿਆ। ੩. ਸੰ. ਵ੍ਯਵਹਾਰ. ਦੇਖੋ, ਬਿਉਹਾਰ। ੪. ਦੇਖੋ, ਵਿਹਾਰ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਸੰਗ੍ਯਾ- ਨੌਕਰ ਦਾ ਕੰਮ। ੨. ਨੌਕਰ ਦੀ ਤਨਖ਼੍ਵਾਹ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਸ਼ੇਰ ਸ਼ਾਹ ਅਤੇ ਹੁਮਾਯੂੰ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਫ਼ਾ. [ہُمایوُن] ਵਿ- ਮੁਬਾਰਿਕ। ੨. ਸੰਗ੍ਯਾ- ਹੁਮਾਯੂੰ ਤੁਗ਼ਲਕ਼. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੨੦.। ੩. ਬਾਦਸ਼ਾਹ ਬਾਬਰ ਦਾ ਵਡਾ ਬੇਟਾ ਅਤੇ ਅਕਬਰ ਦਾ ਪਿਤਾ, ਜਿਸਦਾ ਜਨਮ ਕਾਬੁਲ ਵਿੱਚ ਮਾਹਮ ਬੇਗਮ ਦੇ ਉਦਰ ਤੋਂ ੭. ਮਾਰਚ ਸਨ ੧੫੦੮ ਨੂੰ ਹੋਇਆ. ਇਹ ੨੬ ਦਿਸੰਬਰ ਸਨ ੧੫੩੦ ਨੂੰ ਆਗਰੇ ਤਖਤ ਉੱਪਰ ਬੈਠਾ. ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ, ਇਹ ਵਡਾ ਵਿਦ੍ਵਾਨ ਸੀ, ਪਰ ਸਿਪਾਹੀ ਦੇ ਗੁਣਾਂ ਤੋਂ ਖਾਲੀ ਅਤੇ ਵਡਾ ਅਫੀਮੀ ਸੀ. ਸਨ ੧੫੪੦ ਵਿੱਚ ਸਹਸਰਾਮ ਦੇ ਜਾਗੀਰਦਾਰ ਹਸਨ ਖਾਂ ਦੇ ਪੁਤ੍ਰ ਸ਼ੇਰ ਖਾਨ ਸੂਰ ਪਠਾਣ ਨੇ (ਜਿਸ ਦਾ ਪਹਿਲਾ ਨਾਉਂ ਫਰੀਦ ਸੀ) ਹੁਮਾਯੂੰ ਨੂੰ ਸ਼ਿਕਸ੍ਤ ਦੇਕੇ ਹਿੰਦ ਤੋਂ ਕੱਢ ਦਿੱਤਾ ਅਰ ਆਪ ਦਿੱਲੀ ਦੇ ਤਖਤ ਪੁਰ ਬੈਠਕੇ ਸ਼ਹਨਸ਼ਾਹ ਪਦਵੀ ਧਾਰਣ ਕੀਤੀ.#ਜਦ ਸ਼ੇਰਸ਼ਾਹ ਤੋਂ ਭਾਜ ਖਾਕੇ ਹੁਮਾਯੂੰ ਪੰਜਾਬ ਵਿੱਚੋਂ ਲੰਘ ਰਿਹਾ ਸੀ, ਤਾਂ ਗੁਰੂ ਅੰਗਦ ਸਾਹਿਬ ਪਾਸ ਖਡੂਰ ਆਇਆ, ਗੁਰੂ ਜੀ ਨੇ ਜੋ ਧਿਆਨ ਵਿੱਚ ਮਗਨ ਸਨ, ਇਸ ਦੇ ਆਉਣ ਵੱਲ ਕੋਈ ਗਹੁ ਨਾ ਕੀਤੀ. ਹੁਮਾਯੂੰ ਗੁੱਸੇ ਵਿੱਚ ਆਕੇ ਗੁਰੂ ਜੀ ਦੇ ਮਾਰਣ ਲਈ ਮਿਆਨੋਂ ਤਲਵਾਰ ਕੱਢਣ ਲੱਗਾ. ਸਤਿਗੁਰੂ ਨੇ ਕਿਹਾ ਕਿ ਹੁਣ ਫਕੀਰਾਂ ਤੇ ਜੋ ਤਲਵਾਰ ਖਿੱਚਣ ਲੱਗਾ ਹੈਂ, ਇਹ ਸ਼ੇਰਸ਼ਾਹ ਦਾ ਟਾਕਰਾ ਕਰਣ ਵੇਲੇ ਕਿੱਥੇ ਸੀ? ਹਮਾਯੂੰ ਬਹੁਤ ਸ਼ਰਮਿੰਦਾ ਹੋਇਆ ਅਤੇ ਮੁਆਫੀ ਮੰਗਕੇ ਗੁਰੂ ਅੰਗਦ ਦੇਵ ਦੇ ਆਸ਼ੀਰਵਾਦ ਦਾ ਪਾਤ੍ਰ ਬਣਿਆ.#ਹੁਮਾਯੂੰ ਨੇ ਫਾਰਸ ਦੇ ਬਾਦਸ਼ਾਹ ਦੀ ਪਨਾਹ ਵਿੱਚ ਬਹੁਤ ਸਮਾਂ ਬਿਤਾਇਆ ਅਰ ਈਰਾਨੀ ਫੌਜ ਦੀ ਸਹਾਇਤਾ ਨਾਲ ੨੩ ਜੂਨ ਸਨ ੧੫੫੫ ਨੂੰ ਮੁੜ ਦਿੱਲੀ ਦਾ ਤਖਤ ਮੱਲਿਆ, ਪਰ ਇਹ ਰਾਜ ਦਾ ਸੁਖ ਬਹੁਤ ਚਿਰ ਨਹੀਂ ਭੋਗ ਸਕਿਆ ਕੇਵਲ ਛੀ ਮਹੀਨੇ ਪਿੱਛੋਂ ਪੁਸਤਕਾਲਯ ਦੀ ਪੌੜੀ ਤੋਂ ੨੪ ਜਨਵਰੀ ਨੂੰ ਡਿਗਣ ਦੇ ਕਾਰਣ ੨੮ ਜਨਵਰੀ ਸਨ ੧੫੫੬ ਨੂੰ ਮਰ ਗਿਆ. ਇਸ ਦਾ ਮਕਬਰਾ ਦਿੱਲੀ ਤੋਂ ਚਾਰ ਮੀਲ ਪੱਛਮ ਵੱਲ ਜਮਨਾ ਦੇ ਕਿਨਾਰੇ ਸੁੰਦਰ ਇਮਾਰਤ ਹੈ, ਜੋ ਹੁਮਾਯੂੰ ਦੀ ਬੇਗਮ ਹਮੀਦਾਬਾਨੂੰ (ਅਕਬਰ ਦੀ ਮਾਤਾ) ਨੇ ਸਨ ੧੫੬੫ ਵਿੱਚ ਪੰਦਰਾਂ ਲੱਖ ਰੁਪਯਾ ਖਰਚਕੇ ਬਣਵਾਇਆ ਹੈ....
ਸੰ. कान्यकुब्ज ਕਾਨ੍ਯਕੁਬ੍ਜ. ਸੰਗ੍ਯਾ- ਯੂ. ਪੀ. ਦੇ ਇ਼ਲਾਕੇ. ਜ਼ਿਲਾ ਫ਼ਰਰੁਖ਼ਾਬਾਦ ਵਿੱਚ ਇੱਕ ਸ਼ਹਿਰ ਅਤੇ ਉਸ ਦਾ ਇਲਾਕਾ. ਕਨੌਜ ਪੁਰਾਣੇ ਸਮੇਂ ਹਿੰਦੂਆਂ ਦੀ ਪ੍ਰਸਿੱਧ ਰਾਜਧਾਨੀ ਰਹੀ ਹੈ. ਸਨ ੧੧੯੪ ਵਿੱਚ ਮੁਹ਼ੰਮਦ ਗ਼ੌਰੀ ਨੇ ਮਹਾਰਾਜਾ ਜੈਚੰਦ ਦੇ ਨਾਲ ਹੀ ਕਨੌਜ ਦੇ ਰਾਜ ਦੀ ਸਮਾਪਤੀ ਕਰ ਦਿੱਤੀ। ੨. ਬ੍ਰਾਹਮਣਾਂ ਦਾ ਇੱਕ ਗੋਤ੍ਰ. ਦੇਖੋ, ਕਾਨਕਬਜ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ)....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਊਧਮ. ਸ਼ੌਰ. ਹੱਲਾ. ਕੋਲਾਹਲ। ੨. ਸ਼ੁਹਰਤ. ਪ੍ਰਸਿੱਧੀ, ਜੋ ਧੂਏਂ ਵਾਂਙ ਫੈਲ ਜਾਂਦੀ ਹੈ. "ਤਿਸ ਕੀ ਧੂਮ ਪ੍ਰਗਟ ਭੀ ਸਾਰੇ." (ਨਾਪ੍ਰ) ੩. ਸੰ. ਧੂਆਂ. "ਧੂਮ ਅਧੋਮੁਖ ਥੂਮਹੀਂ. (ਨਰਸਿੰਘਾਵ) ਮੂਧੇ ਮੂੰਹ ਲਟਕਕੇ ਧੂੰਆਂ ਪੀਂਦੇ ਹਨ। ੪. ਧੂਨੀ. ਧੂਣੀ. "ਧੂਮ ਡਰੈਂ ਤਿਹ ਕੇ ਗ੍ਰਿਹ ਸਾਮੁਹਿ." (ਕ੍ਰਿਸਨਾਵ) ਉਸ ਦੇ ਘਰ ਅੱਗੇ ਧੂਣੀ ਡਾਲੇਂਗੀ (ਪਾਵਾਂਗੀਆਂ). ੫. ਧੂਮ੍ਰਨੈਨ ਦਾ ਸੰਖੇਪ. "ਧੂਮ ਧੁਕਾਰਣ ਦਰਪ ਮੱਥੇ." (ਅਕਾਲ)...
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [عادِل] ਆ਼ਦਿਲ. ਵਿ- ਅ਼ਦਲ (ਨਿਆਂਉਂ) ਕਰਨ ਵਾਲਾ. ਨ੍ਯਾਯਕਾਰੀ. "ਆਦਿਲ ਅਦਲ ਚਲਾਂਇਦਾ." (ਭਾਗੁ)...
ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
[شیرشاہ] ਸਹਸਰਾਮ ਦੇ ਜਾਗੀਰਦਾਰ ਹਸਨ ਖਾਨ ਦਾ ਪੁਤ੍ਰ ਅਤੇ ਇਬਰਾਹੀਮ ਖਾਨ ਦਾ ਪੋਤਾ, ਜੋ ਸੂਰਵੰਸ਼ ਦਾ ਪਠਾਣ ਸੀ. ਇਸ ਦਾ ਪਹਿਲਾ ਨਾਉਂ ਫਰੀਦਖਾਨ ਸੀ. ਬਿਹਾਰ ਦੇ ਬਾਦਸ਼ਾਹ ਲੋਹਾਨੀ ਦੀ ਨੌਕਰੀ ਵਿੱਚ ਇੱਕ ਵਾਰ ਫਰੀਦ ਨੇ ਸ਼ੇਰ ਮਾਰਿਆ ਜਿਸ ਤੋਂ ਸ਼ੇਰਖਾਨ ਪਦਵੀ ਮਿਲੀ. ਇਸੇ ਨੇ ਹੁਮਾਯੂੰ ਨੂੰ ਕਨੌਜ ਦੇ ਜੰਗ ਵਿੱਚ ੧੭. ਮਈ (May) ਸਨ ੧੫੪੦ ਨੂੰ ਜਿੱਤਕੇ ਭਾਰਤ ਵਿੱਚੋਂ ਕੱਢ ਦਿੱਤਾ. ਇਹ ੨੫ ਜਨਵਰੀ ਸਨ ੧੫੪੨ ਨੂੰ ਦਿੱਲੀ ਦੇ ਤਖਤ ਪੁਰ ਧੂਮ ਧਾਮ ਨਾਲ ਬੈਠਾ ਅਰ ਆਦਿਲ ਪਦਵੀ ਧਾਰਣ ਕੀਤੀ. ਇਸ ਦਾ ਦੇਹਾਂਤ ੨੪ ਮਈ ਸਨ ੧੫੪੫ ਨੂੰ ਹੋਇਆ. ਸ਼ੇਰਸ਼ਾਹ ਦਾ ਮਕਬਰਾ ਸਹਸਰਾਮ ਵਿੱਚ ਦੇਖਣ ਯੋਗ ਸੁੰਦਰ ਇਮਾਰਤ ਹੈ. ਦੇਖੋ, ਹੁਮਾਯੂੰ....
ਅ਼. [مقبرہ] ਸੰਗ੍ਯਾ- ਕ਼ਬਰ ਦਾ ਅਸਥਾਨ. ਉਹ ਮਕਾਨ, ਜਿਸ ਵਿੱਚ ਮੁਰਦੇ ਦੀ ਕ਼ਬਰ ਹੋਵੇ....
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ....