anbaraअंबर
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ.
सं. अम्बर्. धा- एकत्र (इकॱठा) करना. बटोरना। २. सं. अम्बर. संग्या- आकाश. आसमान. "अंबर धरति विछोड़िअनु." (वार राम १. मः ३) ३. भाव- दशमद्वार. दिमाग़. "अंबर कूंजां कुरलीआं." (सूही मः १. कुचजी) दिमाग़ विॱच कूंजां जेही आवाज़ होण लग पई, अरथात सिर भां भां करन लॱगिआ है। ४. वसत्र. "दुहसासन की सभा. द्रोपती, अंबर लेत उबारीअले." (माली नामदेव) ५. इॱक प्रकार दा इ़त़र, जो ह्वेल मॱछी दी चिकनाई तों पैदा हुंदा है. अ़. [عنبر] ६. अभरकधातु। ७. कपास (कपाह). ८. राजपूताने दा इॱक पुराणा नगर अंबेर (आमेर), जे कछवाहा राजपूतां दी जयपुर तों पहिलां राजधानी सी. देखो, अंबेर। ९. आंगिर दी थां दसमग्रंथ विॱच अवाण लिखारी ने अंबर लिखिआ है. "भजत भयो अंबर की दारा." (चंद्राव) चंद्रमां ने आंगिरस (व्रिहसपति) दी इसत्री भोगी। १०. फ़ा. [انبر] मोचना. चिमटा.
ਦੇਖੋ, ਏਕਤ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਏਕਤ੍ਰ ਕਰਨਾ. ਸਮੇਟਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਆਸ (ਚੱਕੀ) ਮਾਨ (ਮਾਨਿੰਦ). ਦੇਖੋ, ਅਸਮਾਨ....
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ....
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਫ਼ਾ. [آواز] ਸੰਗ੍ਯਾ- ਧੁਨਿ. ਸ਼ਬਦ। ੨. ਸੱਦ. ਪੁਕਾਰ। ੩. ਦੇਖੋ, ਆਵਾਜ ਲੈਣੀ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਦੁਸਾਸਨ. "ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ)...
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਦੇਖੋ, ਦ੍ਰੋਪਦੀ. "ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ." (ਨਟ ਅਃ ਮਃ ੪)...
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਅਭ੍ਰਕ....
(ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. "ਅਸੁਲੂ ਇਕੁਧਾਤੁ." (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. "ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ." (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. "ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ." (ਬੈਰਾ ਮਃ ੪) "ਇੰਦ੍ਰੀਧਾਤੁ ਸਬਲ ਕਹੀਅਤ ਹੈ." (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. "ਮਨੁ ਮਾਰੇ ਧਾਤੁ ਮਰਿਜਾਇ." (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੮. ਮਾਇਆ. "ਲਿਵ ਧਾਤੁ ਦੁਇ ਰਾਹ ਹੈ." (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. "ਨਾਨਕ ਧਾਤੁ ਲਿਵੈ ਜੋੜ ਨ ਆਵਈ." (ਵਾਰ ਗਉ ੧. ਮਃ ੪) ੯. ਅਵਿਦ੍ਯਾ. "ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ." (ਗੂਜ ਮਃ ੩) ੧੦. ਜੀਵਾਤਮਾ. "ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ." (ਸ੍ਰੀ ਮਃ ੧) ੧੧. ਗੁਣ. ਸਿਫਤ. "ਜੇਹੀ ਧਾਤੁ ਤੇਹਾ ਤਿਨ ਨਾਉ." (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. "ਤ੍ਰੈ ਗੁਣ ਸਭਾ ਧਾਤੁ ਹੈ." (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. "ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ." (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. "ਪੰਜਵੈ ਖਾਣ ਪੀਅਣ ਕੀ ਧਾਤੁ." (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. "ਅਸਟ ਧਾਤੁ ਇਕ ਧਾਤੁ ਕਰਾਇਆ." (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. "ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ." (ਵਾਰ ਸ਼੍ਰੀ ਮਃ ੩)...
ਸੰ. ਕਰ੍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)...
ਸੰ. ਕਰ੍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)...
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਰਾਜਪੂਤਾਨੇ ਅੰਦਰ ਕਛਵਾਹਾ ਵੰਸ਼ੀ ਰਾਜਪੂਤਾਂ ਦੀ ਪੁਰਾਣੀ ਰਾਜਧਾਨੀ. ਇਸ ਥਾਂ ਅੰਬਕੇਸ਼੍ਵਰ ਮਹਾਦੇਵ ਦਾ ਮੰਦਿਰ ਹੈ ਉਸ ਤੋਂ ਨਗਰ ਦਾ ਨਾਉਂ ਅੰਬੇਰ ਪਿਆ. ਕਈ ਕਲਪਨਾ ਕਰਦੇ ਹਨ ਕਿ ਰਾਜਾ ਅੰਬਰੀਸ ਦੇ ਨਾਉਂ ਤੋਂ ਇਸ ਦੀ ਸੰਗ੍ਯਾ- ਅੰਬਰੀਂਸ ਨਗਰ ਸੀ.¹ ਇਹ ਜਯਪੁਰ ਰੇਲਵੇ ਸਟੇਸ਼ਨ ਤੋਂ ਸੱਤ ਮੀਲ ਉੱਤਰ ਪੂਰਵ ਹੈ. ਇਥੇ 'ਜਯਗੜ੍ਹ' ਕਿਲਾ, ਜੋ ਪੰਜ ਸੌ ਫੁਟ ਦੀ ਉੱਚੀ ਪਹਾੜੀ ਤੇ ਹੈ, ਵੇਖਣ ਲਾਇਕ ਹੈ. ਰਾਜਾ ਮਾਨ ਸਿੰਘ ਅਤੇ ਜ੍ਯ ਸਿੰਘ ਮਿਰਜ਼ਾ ਦੇ ਬਣਵਾਏ ਸੁੰਦਰ ਮਕਾਨ ਅੰਬੇਰ ਵਿੱਚ ਵੇਖੇ ਜਾਂਦੇ ਹਨ.#ਸਨ ੧੭੨੮ ਵਿੱਚ ਮਹਾਰਾਜਾ ਜ੍ਯ ਸਿੰਘ ਸਵਾਈ ਨੇ ਨਵਾਂ ਨਗਰ ਜਯਪੁਰ ਵਸਾਕੇ ਉਸ ਨੂੰ ਰਾਜਧਾਨੀ ਥਾਪਿਆ. ਹਣ ਰਿਆਸਤ ਦਾ ਨਾਉਂ ਜਯਪੁਰ ਹੈ. ਅੰਬੇਰ ਦਾ ਨਾਉਂ ਆਮੇਰ ਅਤੇ ਅੰਬਰ ਭੀ ਵੇਖਣ ਵਿੱਚ ਆਉਂਦਾ ਹੈ. "ਮੇੜਤੇਸ ਅੰਬੇਰਪਤਿ ਅਮਿਤ ਸੈਨ ਲੈ ਸਾਥ." (ਚਰਿਤ੍ਰ ੫੨)...
ਜਯ (ਜੈ) ਪੁਰ ਪਾਸ ਇੱਕ ਪੁਰਾਣੀ ਨਗਰੀ, ਜਿਸ ਥਾਂ ਪਹਿਲਾਂ ਰਾਜਧਾਨੀ ਸੀ, ਦੇਖੋ, ਅੰਬਰ ਅਤੇ ਅੰਬੇਰ....
ਰਾਜਪੂਤਾਂ ਦਾ ਇੱਕ ਗੋਤ. ਜੈਪੁਰ ਦੇ ਮਹਾਰਾਜਾ ਕਛਵਾਹਾ ਕੁਲ ਵਿੱਚੋਂ ਹਨ. ਕਿਤਨੇ ਕਵੀਆਂ ਨੇ ਲਿਖਿਆ ਹੈ ਕੱਛਪ ਅਵਤਾਰ ਦੇ ਉਪਾਸਕ ਰਾਜਪੂਤਾਂ ਦੀ ਕਛਵਾਹਾ ਸੰਗ੍ਯਾ ਹੋਈ ਹੈ. "ਜਯ ਸਿੰਘ ਭੂਪ ਹੁਤੋ ਕਛਵਾਹਾ." (ਗੁਪ੍ਰਸੂ)...
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਲੇਖਕ. ਲਿਖਣ ਵਾਲਾ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਭਜਨ ਕਰਦਾ। ੨. ਸੇਵਨ ਕਰਦਾ। ੩. ਭੋਗਦਾ....
ਫ਼ਾ. [دارا] ਵਿ- ਰੱਖਣ ਵਾਲਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਬਾਦਸ਼ਾਹ. ਪ੍ਰਜਾਪਤਿ। ੪. ਕੈਯਾਨ ਵੰਸ਼ੀ ਦਾਰਾ ਨਾਮ ਦਾ ਫ਼ਾਰਸ ਦਾ ਬਾਦਸ਼ਾਹ, ਜਿਸ ਨੂੰ ਇਤਿਹਾਸ ਵਿੱਚ ਯੁਧ ਦਾਰ ਯਵੁਸ, ਡੇਰੀਆ (Darius) ਲਿਖਿਆ ਹੈ. ਇਸ ਨਾਮ ਦੇ ਤਿੰਨ ਬਾਦਸ਼ਾਹ ਫ਼ਾਰਸ ਵਿੱਚ ਹੋਏ ਹਨ:-#(ੳ) ਗੁਸ਼ਤਾਸਪ, ਜੋ Hystaspes ਦਾ ਪੁਤ੍ਰ ਸੀ ਜਿਸ ਦੇ ਰਾਜ ਦਾ ਸਮਾਂ B. C. ੫੨੧- ੪੮੫ ਮੰਨਿਆ ਗਿਆ ਹੈ. ਇਸ ਨੇ ਭਾਰਤ ਪੁਰ ਚੜ੍ਹਾਈ ਕਰਕੇ ਸਿੰਧੁ ਦਰਿਆ ਦੀ ਵਾਦੀ (Indus Valley) ਅਤੇ ਪੰਜਾਬ ਦੇ ਕੁਝ ਹਿੱਸੇ ਤੇ ਕਬਜਾ ਕੀਤਾ ਸੀ।#(ਅ) Nothus. ਇਹ B. C. ੪੨੩- ੪੦੫ ਵਿੱਚ ਹੋਇਆ।#(ੲ) Codomanus ਇਹ B. C. ੩੩੫- ੩੩੨ ਵਿੱਚ ਹੋਇਆ. "ਦਾਰਾ ਸੇ ਦਲੀਸਰ ਦੁਜੋਧਨ ਸੇ ਮਾਨਧਾਰੀ." (ਅਕਾਲ) ੫. ਦਾਰਾਸ਼ਕੋਹ ਜੋ ਸ਼ਾਹਜਹਾਂ ਦਾ ਵਡਾ ਪੁਤ੍ਰ ਸੀ, ਉਸ ਦਾ ਭੀ ਇਤਿਹਾਸਾਂ ਵਿੱਚ ਸੰਖੇਪ ਨਾਮ ਦਾਰਾ ਆਉਂਦਾ ਹੈ. "ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ." (ਵਾਰ ਗੁਰੂ ਗੋਬਿੰਦਸਿੰਘ ਜੀ) ਦੇਖੋ, ਔਰੰਗਜ਼ੇਬ। ੬. ਸੰ. ਦਾਰ. ਭਾਰਯਾ. ਦਾਰਾ. ਇਸਤ੍ਰੀ. "ਦਾਰਾ ਮੀਤ ਪੂਤ ਸਨਬੰਧੀ." (ਸੋਰ ਮਃ ੯) ੭. ਸੰ. ਦਾਰੁ. ਲੱਕੜ. "ਰੱਜੂ ਸੰਗ ਬੰਧ ਕਰ ਦਾਰਾ." (ਗੁਪ੍ਰਸੂ) ੮. ਵਿ- ਦਾਰਕ. ਵਿਦਾਰਣ ਵਾਲਾ. ਚੀਰਣ ਵਾਲਾ. "ਰੂਮੀ ਜੰਗੀ ਦੁਸਮਨ ਦਾਰਾ." (ਭਾਗੁ)...
आङ्गिरस. ਵਿ- ਅੰਗਿਰਾ ਰਿਖੀ ਦੀ ਵੰਸ਼ ਵਿੱਚ ਹੋਣ ਵਾਲਾ. "ਅੰਗਿਰਾਵੰਸ਼ੀ। ੨. ਸੰਗ੍ਯਾ- ਵ੍ਰਿਹਸਪਤਿ. ਦੇਵਗੁਰੂ....
ਦੇਖੋ, ਬ੍ਰਿਹਸਪਤਿ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. भोगिन्. ਵਿ- ਭੋਗਣ ਵਾਲਾ. ਭੋਗਾਂ ਦਾ ਆਨੰਦ ਲੈਣ ਵਾਲਾ. "ਭੋਗੀ ਕਉ ਦੁਖ ਰੋਗ ਵਿਆਪੈ." (ਬਸੰ ਅਃ ਮਃ ੧) ੨. ਸੰਗ੍ਯਾ- ਰਾਜਾ। ੩. ਸੱਪ. ਭੋਗ (ਫਣ) ਵਾਲਾ. "ਭੋਗੀ ਲਖ ਬਡ ਭੋਗਾਕਾਰਾ." (ਨਾਪ੍ਰ) ਸਰਪ ਦੇਖਿਆ ਜਿਸ ਦੇ ਭੋਗ (ਫਣ) ਦਾ ਵਡਾ ਆਕਾਰ ਹੈ....
ਰੋਮਾਂ ਨੂੰ ਸ਼ਰੀਰ ਤੋਂ ਮੋਚਨ ਕਰਨ ਲਈ ਚਿਮਟੀ। ੨. ਕ੍ਰਿ- ਮੋਚਨ ਕਰਨਾ. ਛੱਡਣਾ....
ਸੰਗ੍ਯਾ- ਵਸਤੁ ਨੂੰ ਚਿਮਟ ਜਾਣ ਵਾਲਾ ਇੱਕ ਸੰਦ, ਜੋ ਵਡੇ ਮੋਚਨੇ ਦੀ ਸ਼ਕਲ ਦਾ ਹੁੰਦਾ ਹੈ. ਦਸ੍ਤਪਨਾਹ. ਇਹ ਰਸੋਈ ਕਰਨ ਵੇਲੇ ਬਹੁਤ ਵਰਤਿਆ ਜਾਂਦਾ ਹੈ. ਇਸ ਨੂੰ ਫਕੀਰ ਭੀ ਹਥ ਰਖਦੇ ਹਨ. ਅੱਜਕਲ੍ਹ ਚਿਮਟੇ ਨਾਲ ਕਈ ਰਾਗਵਿਰੋਧੀ ਭਜਨਮੰਡਲੀਆਂ ਕੀਰਤਨ ਕਰਨ ਵੇਲੇ ਤਾਲ ਪੂਰਦੀਆਂ ਹਨ....