ਪੰਜਾਬੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਊੜਾ, ਇਸ ਦਾ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ. ਊੜੇ ਤੋਂ (ੁ) (ੂ) (ੋ) ਅਤੇ (ੌ) ਮਾਤ੍ਰਾ (ਲਗਾਂ) ਬਣਦੀਆਂ ਹਨ.
ਵ੍ਯ- ਸੰਬੋਧਨ. ਹੇ! ਰੇ! ਓ! ਛੋਟੇ ਦਰਜੇ ਦੇ ਆਦਮੀ ਨੂੰ ਓ ਸ਼ਬਦ ਨਾਲ ਬੁਲਾਈਦਾ ਹੈ।#੨. ਔਰ ਦਾ ਸੰਖੇਪ. ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. "ਝੜ ਝਖੜ ਓ ਹਾੜ." (ਸਵਾ ਮਃ ੧) ਬੱਦਲਾਂ ਦਾ ਸੰਘੱਟ, ਝੱਖੜ ਅਤੇ ਪਾਣੀ ਦੇ ਹੜ੍ਹ। ੩. ਸ਼ੋਕ ਅਤੇ ਅਚਰਜ ਬੋਧਕ. ਓਹ! ੪. ਸਰਵ. ਓਹ ਦਾ ਸੰਖੇਪ। ੫. ਸੰ. ओ. ਸੰਗ੍ਯਾ- ਬ੍ਰਹਮਾ। ੬. ਫ਼ਾ [او] ਸਰਵ. ਉਹ. ਵਹ.#ਓ ਊ. ਸਰਵ. ਊ ਅਵ੍ਯਯ ਸਹਿਤ ਓਹ ਦਾ ਰੂਪ. ਵਹੀ. ਓਹੀ.
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ.
ਵਾ- ਰੱਖਕ (ਰਕ੍ਸ਼੍ਕ) ਕਰਤਾਰ ਨੂੰ ਨਮਸਕਾਰ ਹੈ.
ਸਰਵ. ਉਹ ਅਤੇ ਉਸ ਦਾ ਬਹੁ ਵਚਨ. ਵੈ. "ਓਇ ਜਪਿ ਜਪਿ ਪਿਆਰਾ ਜੀਵਦੇ." (ਤਿਲੰ ਮਃ ੪) "ਓਇ ਬਿਖਾਦੀ ਦੋਖੀਆ." (ਆਸਾ ਮਃ ੫)
ਸਰਵ. ਵਹੀ. ਓਈ. "ਇਕਮਨ ਇੱਕ ਆਰਾਧਨ ਓਈ." (ਭਾਗੁ)
ਸਰਵ. ਦੇਖੋ, ਉਸ. "ਓਸ ਬਿਨਾ ਤੂੰ ਛੁਟਕੀ ਰੋਲ." (ਆਸਾ ਮਃ ੫) ੨. ਉਸ ਨੂੰ. ਉਸੇ. "ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ." (ਵਾਰ ਸੂਹੀ ਮਃ ੩) ੩. ਸੰ. अवश्याय- ਅਵਸ਼੍ਯਾਯ. ਸੰਗ੍ਯਾ- ਸ਼ਬਨਮ. ਤ੍ਰੇਲ. ਦੇਖੋ, ਬੁਸ.
ਸੰ. ओष्ठ- ਓਸ੍ਠ. ਸੰਗ੍ਯਾ- ਹੋਠ ਬੁਲ੍ਹ. ਲਬ. ਖ਼ਾਸ ਕਰਕੇ ਉੱਪਰਲਾ ਹੋਠ. ਹੇਠਲੇ ਹੋਠ ਨੂੰ ਅਧਰ ਆਖਦੇ ਹਨ.
ਦੇਖੋ, ਅਉਖਧ.
ਦੇਖੋ, ਔਸਾਣ.
ਦੇਖੋ, ਓਸ.
ਸਰਵ- ਵਹ. ਉਹ. "ਓਹ ਨੇਹੁ ਨਵੇਲਾ." (ਆਸਾ ਮਃ ੫) ੨. ਭਾਵ- ਪਰਲੋਕ. "ਨਾ ਤਿਸ ਏਹ ਨ ਓਹ." (ਸ੍ਰੀ ਮਃ ੧) ੩. ਸੰ. अहह- ਅਹਹ. ਵ੍ਯ- ਸ਼ੋਕ ਅਤੇ ਅਚਰਜ ਬੋਧਕ ਸ਼ਬਦ. "ਹੈ ਹੈ ਕਰਕੇ ਓਹ ਕਰੇਨ." (ਸਵਾ ਮਃ ੧)
ਓਡ੍ਰ ਦੇਸ਼. ਦੇਖੋ, ਉੜੀਸਾ. "ਓਹਁਡ ਬੰਗਸਤਾਨ ਪਠਾਨ ਸੰਘਾਰਕੈ." (ਚਰਿਤ੍ਰ ੧੯੫)
ਅ਼ [عُہدہ] . ਉਹਦਹ. ਸੰਗ੍ਯਾ- ਪਦਵੀ. ਰੁਤਬਾ. ਅਧਿਕਾਰ.
ਸੰਗ੍ਯਾ- ਖਤ੍ਰੀਆਂ ਦਾ ਇੱਕ ਗੋਤ, ਜੋ ਸਰੀਣਾਂ ਵਿੱਚੋਂ ਹੈ. "ਭਗਤ ਜੁ ਭਗਤਾ ਓਧਰੀ." (ਭਾਗੁ)
ਸੰਗ੍ਯਾ- ਓਲ੍ਹਾ. ਪੜਦਾ. ਓਟ.
ਸਰਵ- ਅਵ੍ਯਯ ਸਹਿਤ ਓਹ ਦਾ ਰੂਪ. ਵਹੀ. ਉਹੀ. "ਓਹਾ ਪ੍ਰੇਮ ਪਿਰੀ." (ਆਸਾ ਮਃ ੫)
ਦੇਖੋ, ਓ.
ਸਰਵ. ਈ ਅਤੇ ਓ ਅਵ੍ਯਯ ਸਹਿਤ ਇਹ "ਓਹ" ਦਾ ਰੂਪ ਹੈ. ਵਹੀ ਉਹੀ. "ਓਹਿ ਅੰਦਰਹੁ ਬਾਹਰਹੁ ਨਿਰਮਲੇ." (ਵਾਰ ਮਾਝ ਮਃ ੧) "ਹੋਆ ਓਹੀ ਅਲ ਜਗ ਮਹਿ." (ਵਾਰ ਮਾਰੂ ੨. ਮਃ ੫) "ਦਾਨ ਦੇਇ ਪ੍ਰਭੁ ਓਹੈ." (ਗੂਜ ਮਃ ੪) "ਓਹੋ ਸੁਖ ਓਹਾ ਵਡਿਆਈ." (ਆਸਾ ਮਃ ੫) ੨. ਓਹੋ! ਵਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ.
ਦੇਖੋ ਓਹਁਡ.
ਸੰਗ੍ਯਾ- ਉਂਜਲ. ਅੰਜਲਿ. ਬੁੱਕ. "ਤਬ ਤੇਰੀ ਓਕ ਕੋਈ ਪਾਨੀਓ ਨ ਪਾਵੇ." (ਸੋਰ ਕਬੀਰ)#੨. ਸੰ. ओकः ਘਰ. ਰਹਿਣ ਦੀ ਥਾਂ. ਸਦਨ. "ਮਨ ਮਾਨਹਿ ਸਭ ਅੰਤਕ ਓਕ." (ਨਾਪ੍ਰ) ਅੰਤਕ (ਯਮ) ਦਾ ਲੋਕ.
ਸੰ. ੨, श्रोखु. ਸ਼ਕਤੀਮਾਨ ਹੋਣਾ. ਸਁਵਾਰਨਾ.
ਦੇਖੋ, ਅਉਖਧ.
ਦੇਖੋ, ਉਖਲੀ.
ਵਿ- ਘੀ ਬਿਨਾ. ਰੁੱਖਾ। ੨. ਸੰਗ੍ਯਾ- ਓਗਲਾ. ਬਾਥੂ ਜੇਹਾ ਇੱਕ ਪ੍ਰਕਾਰ ਦਾ ਜੰਗਲੀ ਅੰਨ.¹ "ਓਗਰਾ ਅਲੋਨੋ ਹੀ ਛਕਤ ਹੁਤੇ ਆਪ ਸਦਾ, ਅਕਬਰ ਮਾਂਗ੍ਯੋ ਦੀਓ ਤਾਂਹਿਂ ਤੇ ਨਿਕਾਸ ਹੈ। ਗ੍ਵਾਲ ਕਵਿ ਕਹੈ ਤਾਂਕੋ ਏਕ ਗ੍ਰਾਸ ਹੀ ਕੇ ਮਾਹਿ, ਆਏ ਬਹੁ ਸ੍ਵਾਦ ਭਯੋ ਨੰਮ੍ਰਤਾ ਕੀ ਰਾਸ ਹੈ." (ਗੁਰੁ ਪੰਚਾਸਾ)
ਸੰਗ੍ਯਾ- ਉੱਪਰ ਆਈ ਹੋਈ ਗਿੱਲ. ਜ਼ਮੀਨ ਵਿੱਚੋਂ ਫੁੱਟ ਕੇ ਨਿਕਲੀ ਹੋਈ ਪਾਣੀ ਦੀ ਤਰਾਉਤ.
ਦੇਖੋ, ਓਗਰਾ.
ਦੇਖੋ, ਉਗਾਹ ਅਤੇ ਗਵਾਹ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹਿ ਓਗਾਹਾ." (ਸ. ਫਰੀਦ)
ਸੰ. ओध. ਸੰਗ੍ਯਾ- ਸਮੂਹ. ਸਮੁਦਾਯ. ਗਰੋਹ. "ਅਘ ਓਘ ਟਰੇ ਇਨਹੀ ਕੇ ਪ੍ਰਸਾਦਿ." (ਖਾਮ) ੨. ਪ੍ਰਵਾਹ. ਹੜ੍ਹ.
ਠਗ. ਚੋਰ. ਦੇਖੋ, ਉਚਕਾ. "ਨਾ ਓਚਕਾ ਲੈਜਾਇ." (ਵਾਰ ਗੂਜ ੧, ਮਃ ੩)
ਸੰ. तुच्छ- ਤੁੱਛ. ਵਿ- ਛੋਟੇ ਦਿਲ ਦਾ. ਜੋ ਗੰਭੀਰ ਨਹੀਂ। ੨. ਘਟੀਆ. "ਓਛੀ ਮਤਿ ਮੇਰੀ ਜਾਤਿ ਜੁਲਾਹਾ." (ਗੂਜ ਕਬੀਰ) ੩. ਨੀਚ. "ਓਛਾ ਜਨਮ ਹਮਾਰਾ." (ਆਸਾ ਰਵਿਦਾਸ)
ਸੰਗ੍ਯਾ- ਛੁਦ੍ਰਤਾ. ਕਮੀਨਾਪਨ. ਤੁੱਛਤਾ.
ਸੰ. ओज. ਧਾ- ਸ਼ਕਤਿਮਾਨ ਹੋਣਾ. ਜਿਉਣਾ. ਵਧਣਾ। ੨. ਸੰ. ओजस्. ਸੰਗ੍ਯਾ- ਬਲ. ਤਾਕਤ। ੩. ਪ੍ਰਕਾਸ਼ ਤੇਜ। ੪. ਕਾਵ੍ਯ ਦਾ ਇੱਕ ਗੁਣ, ਜਿਸ ਦੇ ਅਸਰ ਨਾਲ ਸ਼ਰੋਤਾ ਦਾ ਮਨ ਉਮੰਗ ਅਤੇ ਜੋਸ਼ ਨਾਲ ਭਰ ਜਾਵੇ.
ਸੰ. ओजस्विन. ਵਿ- ਬਲਵਾਨ। ੨. ਪ੍ਰਤਾਪੀ.
ਕਵਿ ਲਾਲਸਿੰਘ ਦਾ ਸੰਗ੍ਰਹ ਕੀਤਾ ਇੱਕ ਕਾਵ੍ਯ ਗ੍ਰੰਥ, ਜਿਸ ਵਿੱਚ ਬਹੁਤ ਕਵੀਆਂ ਦੇ ਅਨੇਕ ਪ੍ਰਸੰਗਾਂ ਤੇ ਮਨੋਹਰ ਕਬਿੱਤ ਹਨ. ਇਹ ਗ੍ਰੰਥ ਨਾਭਾ ਰਾਜਧਾਨੀ ਵਿੱਚ ਸੰਮਤ ੧੯੧੦ ਵਿੱਚ ਤਿਆਰ ਹੋਇਆ ਹੈ. ਯਥਾਃ- "ਦਿਸਾ ਸੁ ਨਿਧਿ ਸਸਿ ਸਾਲ ਮੇ ਆਸ੍ਵਿਨ ਸੁਦਿ ਦਿਨ ਚਾਰ। ਗੁਰੁ ਦਿਨ ਸੁਖਦ ਸੁਹਾਵਨੋ ਭਯੋ ਗ੍ਰੰਥ ਅਵਤਾਰ." ਦੇਖੋ, ਲਾਲ ਸਿੰਘ.
ਦੇਖੋ, ਉਜਾੜ. "ਫਾਥੇ ਓਜਾੜੀ." (ਮਾਰੂ ਅਃ ਮਃ ੧)
ਦੇਖੋ, ਉਜਾੜਾ. "ਤੀਨੇ ਓਜਾੜੇ ਕਾ ਬੰਧੁ" (ਧਨਾ ਮਃ ੧)
ਉਜਾੜ ਵਿੱਚ. ਦੇਖੋ, ਉਜਾੜ.
ਦੇਖੋ, ਓਝਲੀ ੨. "ਨਦੀ ਡਾਰਬੇ ਓਝਰੀ ਲੈ ਸਿਧਾਯੋ." (ਚਰਿਤ੍ਰ ੨੯੭)
ਸੰਗ੍ਯਾ- ਓਟ. ਪੜਦਾ। ੨. ਗੁਫਾ. ਕੰਦਰਾ. "ਜੋਗ ਜੁਤੋ ਰਹੈ ਓਝਲ ਮੈ." (ਕ੍ਰਿਸਨਾਵ)
ਸੰਗ੍ਯਾ- ਉਦਰ ਦੀ ਉਹ ਝੋਲੀ (ਥੈਲੀ), ਜਿਸ ਵਿੱਚ ਖਾਧੇ ਪਦਾਰਥ ਠਹਿਰਦੇ ਹਨ. ਮੇਦਾ. ਪ੍ਰਕਾਸ਼ਯ। ੨. ਜੇਰ. ਓਝਰੀ. ਉਹ ਝਿੱਲੀ ਜਿਸ ਵਿੱਚ ਬੱਚਾ ਗਰਭ ਅੰਦਰ ਲਪੇਟਿਆ ਰਹਿੰਦਾ ਹੈ.
ਸੰ. उपाध्याय- ਉਪਾਧ੍ਯਾਯ. ਸੰਗ੍ਯਾ- ਪੜ੍ਹਾਉਨ ਵਾਲਾ. ਉਸਤਾਦ। ੨. ਮੈਥਿਲ ਅਤੇ ਗੁਜਰਾਤੀ ਬ੍ਰਾਹਮਣ. ਜੋ ਸਰਯੂ ਪਾਰ ਵਸਦੇ ਹਨ, ਉਨ੍ਹਾਂ ਦਾ ਇੱਕ ਗੋਤ. "ਚੰਦ੍ਰਚੂੜ ਓਝਾ ਤਿਹ ਨਾਵੈ." (ਚਰਿਤ੍ਰ ੩੭੦)
ਦੇਖੋ, ਉਜਾੜ. "ਭ੍ਰਮਿ ਭ੍ਰਮਿ ਓਝਾਰ ਗਹੇ." (ਪ੍ਰਭਾ ਮਃ ੪)
ਸੰਗ੍ਯਾ- ਓਲ੍ਹਾ. ਪੜਦਾ। ੨. ਆਸਰਾ। ੩. ਪਨਾਹ. "ਓਟ ਗੋਬਿੰਦ ਗੋਪਾਲ ਰਾਇ." (ਮਾਝ ਬਾਰਹਮਾਹਾ)
ਕ੍ਰਿ- ਸਹਾਰਣਾ. ਝੱਲਣਾ। ੨. ਜਿੰਮੇਵਾਰੀ ਲੈਣੀ। ੩. ਅੰਗੀਕਾਰ ਕਰਨਾ.
ਸੰਗ੍ਯਾ- ਪੜਦਾ. ਓਲ੍ਹਾ। ੨. ਪੜਦੇ ਦੀ ਕੰਧ ਅਥਵਾ ਕਨਾਤ.
ਓਟ ਲਈ. ਓਟ ਹੈ. ਦੇਖੋ, ਓਟ. "ਗੋਬਿੰਦ ਚਰਣ ਓਟਾਈ." (ਮਾਰੂ ਮਃ ੫)
ਸੰ. ओष्ठ- ਓਸ੍ਠ. ਸੰਗ੍ਯਾ- ਹੋਠ. ਬੁਲ੍ਹ. ਲਬ. ਖਾਸ ਕਰਕੇ ਉੱਪਰਲਾ ਹੋਠ.
ਸੰਗ੍ਯਾ- ਧਰਤੀ ਦੇ ਅੰਦਰਲੇ ਭੇਤ ਜਾਣਨ ਵਾਲੀ ਇੱਕ ਜਾਤਿ. ਇਸ ਜਾਤਿ ਦੇ ਲੋਕ ਅਕਸਰ ਰੋੜ ਵੱਟੇ ਆਦਿਕ ਪੁੱਟ (ਖਣ) ਕੇ ਕਢਦੇ ਹਨ ਤੇ ਖੂਹ ਲਾਉਂਦੇ ਹਨ, ਅਤੇ ਤਜਰਬੇ ਤੋਂ ਅੰਦਾਜਾ ਲਾਕੇ ਦੱਸ ਸਕਦੇ ਹਨ ਕਿ ਖਾਰਾ ਅਥਵਾ ਮਿੱਠਾ ਜਲ ਕਿਸ ਤਰ੍ਹਾਂ ਦੀ ਜ਼ਮੀਨ ਹੇਠੋਂ ਨਿਕਲਦਾ ਹੈ. ਲੋਕੀ ਇਹਨਾਂ ਦੀ ਮਦਦ ਪੁਰਾਣੇ (ਦੱਬੇ ਹੋਏ) ਖੂਹਾਂ ਨੂੰ ਲੱਭਣ ਵਿੱਚ ਭੀ ਬਹੁਤ ਲੈਂਦੇ ਹਨ. ਦੇਖੋ, ਓਡਾ.
ਸੰ. ओड़देश- ਓਡ੍ਰ ਦੇਸ਼. ਦੇਖੋ, ਉੜੀਸਾ।#੨. ਓਰਛਾ. ਬੁੰਦੇਲ ਖੰਡ (ਮੱਧ ਭਾਰਤ) ਦਾ ਇੱਕ ਸ਼ਹਿਰ, ਜਿਸ ਦੇ ਨਾਉਂ ਤੋਂ ਓਰਛਾ ਰਿਆਸਤ ਹੈ. ਦੇਖੋ, ਓਰਛਾ. "ਆਭਾਵਤੀ ਓਡਛੇ ਰਾਨੀ." (ਚਰਿਤ੍ਰ ੧੩੮)
ਵਿ- ਉਤਨਾ ਵਡਾ। ੨. ਸੰਗ੍ਯਾ- - ਦੇਖੋ, ਓਡ. "ਜਿਉ ਓਡਾ ਕੂਪ ਗੁਹਜ ਖਿਨ ਕਾਢੈ." (ਬੰਸ ਮਃ ੪)
ਦੇਖੋ, ਉਡਾਰੀ. "ਕੁਕੜ ਦੀ ਓਡਾਰੀ." (ਗਉ ਵਾਰ ੨. ਮਃ ੫)
ਦੇਖੋ, ਉਡੀਸਾ.
ਕ੍ਰਿ- ਸਹਾਰਣਾ. ਓਟਣਾ। ੨. ਪਹਿਰਣਾ. "ਪੀਸਨ ਪੀਸਿ ਓਢਿ ਕਾਮਰੀ ਸੁਖ ਮਨਿ ਸੰਤੋਖਾਏ." (ਸੂਹੀ ਮਃ ੫) "ਓਢੈ ਬਸਤ੍ਰ ਕਾਜਰ ਮਹਿ ਪਰਿਆ." (ਸਾਰ ਮਃ ੫) "ਜਿਉ ਮਿਰਤਕੁ ਓਢਾਇਆ." (ਟੋਢੀ ਮਃ ੫)
ਸੰਗ੍ਯਾ- ਓਢਣ ਦੀ ਚਾਦਰ, ਸਾੜ੍ਹੀ. ਚੁੰਨੀ.
ਓਢ ਲੀਆ. ਪਹਿਰਿਆ. "ਵਸਤ੍ਰ ਓਢਲੀਆ" (ਆਸਾ ਮਃ ੫) ੨. ਓਢਣ (ਪਹਿਰਣ) ਵਾਲਾ.
ਕ੍ਰਿ- ਪਹਿਰਾਉਣਾ. "ਅਨਿਕ ਪ੍ਰਕਾਰੀ ਬਸਤ੍ਰ ਓਢਾਏ." (ਧਨਾ ਮਃ ੫) ੨. ਖ਼ਿਲਤ ਦੇਣਾ.
ਕ੍ਰਿ. ਵਿ- ਓਢਕੇ. ਪਹਿਰਕੇ "ਓਢਿ ਨਗਨ ਨ ਹੋਈ." (ਬਿਲਾ ਮਃ ੫)
ਸੰ. ओत- ਓਤ. ਸੰਗ੍ਯਾ- ਤਾਣਾ. ਕਪੜਾ ਬੁਣਨ ਲਈ ਤਣਿਆ ਹੋਇਆ ਸੂਤ। ੨. ਦੇਖੋ, ਓਤੁ। ੩. ਦੇਖੋ, ਓਤ ਪੋਤ.
ਦੇਖੋ, ਉਤਸਾਹ. "ਭਰੇ ਓਤਸਾਹੰ ਭਏ ਸਾਵਧਾਨੀ." (ਗੁਪ੍ਰਸੂ)
ਸੰ. ओतप्रोत- ਓਤਪ੍ਰੋਤ. ਸੰਗ੍ਯਾ- ਤਾਣਾ ਅਤੇ ਪੇਟਾ। ੪. ਭਾਵ ਪਰਸਪਰ ਮਿਲਿਆ ਹੋਇਆ. ਦੇਖੋ, ਓਤਿ ਪੋਤਿ.
ਵਿ- ਉਤਨਾ। ੨. ਅਪੁਤ੍ਰ. ਔਤ.
ਫ਼ਾ. [اوطاق] ਓਤ਼ਾਕ. ਸੰਗ੍ਯਾ- ਨਿਸ਼ਸਤਗਾਹ. ਮਰਦਾਵੀਂ ਬੈਠਕ। ੨. ਨਿਵਾਸ. ਰਿਹਾਇਸ਼. ਦੇਖੋ, ਅਉਤਾਕ. "ਤਿਤੁ ਤਨਿ ਮੈਲੁ ਨ ਲਗਈ, ਸਚ ਘਰਿ ਜਿਸੁ ਓਤਾਕ." (ਸ੍ਰੀ ਅਃ ਮਃ ੧)
ਦੇਖੋ, ਓਤਪੋਤ। ੨. ਤਾਣਾ ਪੇਟਾ ਕਰਕੇ. "ਓਤਿ ਪੋਤਿ ਮਿਲਿਓ ਭਗਤਨ ਕਉ." (ਕਾਨ ਮਃ ੫) ੩. ਤਾਣੇ ਪੇਟੇ ਵਿੱਚ "ਓਤਿਪੋਤਿ ਰਵਿਆ ਰੂਪ ਰੰਗ." (ਸੁਖਮਨੀ)
ਸਰਵ. ਉਸ. "ਓਤੁ ਮਤੀ ਸਾਲਾਹਣਾ." (ਸ੍ਰੀ ਮਃ ੧) ੨. ਸੰ. ਸੰਗ੍ਯਾ- ਬਿੱਲਾ. ਵਿੜਾਲ.
ਕ੍ਰਿ. ਵਿ- ਉਸ ਥਾਂ. ਓਥੇ. ਓਥੈ। ੨. ਉਸਹੀ. ਉਸੇ. "ਤੁਧੁ ਓਤੈ ਕੰਮਿ ਓਇ ਲਾਇਆ." (ਵਾਰ ਸ੍ਰੀ ਮਃ ੪) "ਓਤੈ ਸਾਥਿ ਮਨੁਖੁ ਹੈ." (ਸ੍ਰੀ ਮਃ ੫)
ਦੇਖੋ. ਉਤੰਗ.
ਕ੍ਰਿ. ਵਿ- ਦੇਖੋ, ਓਤੈ. ਉਸ ਅਸਥਾਨ. ਵਹਾਂ. "ਓਥੈ ਅਨਹਦ ਸਬਦ ਵਜਹਿ ਦਿਨ ਰਾਤੀ." (ਮਾਝ ਅਃ ਮਃ ੩)
ਡਿੰਗ. ਸੰਗ੍ਯਾ- ਮੱਛੀ ਫਾਹੁਣ ਦੀ ਕੁੰਡੀ.
ਸੰ. ओदन. ਸੰਗ੍ਯਾ- ਰਿੱਝੇ ਹੋਏ ਚਾਵਲ. ਭਾਤ. "ਦਧਿ ਅਰੁ ਓਦਨ ਮਾਤ ਤੇ ਅਰਧਿਕ ਖਾਇ ਪਲਾਇ." (ਨਾਪ੍ਰ) ੨. ਭੋਜਨ.
ਓਦਨ (ਭੋਜਨ) ਬਣਾਉਣ ਵਾਲਾ. ਰਸੋਈਆ. ਲਾਂਗਰੀ. ਸੂਪਕਾਰ.
ਕ੍ਰਿ- ਉਦੀਰ੍ਣ ਹੋਣਾ. ਉਦਾਸ (ਦਿਲਗੀਰ) ਹੋਣਾ.
ਦੇਖੋ, ਉਦਾਸੀ. "ਨਾ ਇਹੁ ਗਿਰਹੀ ਨਾ ਓਦਾਸੀ." (ਗੌਂਡ ਕਬੀਰ)
ਕ੍ਰਿ. ਵਿ- ਉਸ ਤੋਂ. ਉਸ ਸੇ.
ਸੰ. उदर्ध्व- ਊਰ੍ਧ੍ਵ. ਵਿ- ਉੱਚਾ. ਲੰਮਾ. "ਅਸੰ ਓਧ ਪਾਣੰ." (ਪਾਰਸਾਵ) ਲੰਮੀ ਤਲਵਾਰ ਹੱਥ ਵਿੱਚ। ੨. ਦੇਖੋ, ਊਧ.
ਦੁੱਧ. ਦੇਖੋ, ਊਧਜ. "ਤੇਰੇ ਹੀ ਭੀਤਰ ਓਧਜ ਮਾਖਨ ਸੈਲ ਕੇ ਅੰਤਰ ਪਾਵਕ ਪਾਨੀ." (ਗੁਪ੍ਰਸੂ)
ਕ੍ਰਿ. ਵਿ- ਉਸ ਪਾਸੇ। ੨. ਭਾਵ- ਪਰਲੋਕ ਵੱਲ.
ਸਰਵ. ਉਸਨੇ "ਓਨ ਛਡੇ ਲਾਲਚ ਦੁਨੀ ਕੇ." (ਵਾਰ ਮਾਰੂ ੨. ਮਃ ੫)
ਦੇਖੋ, ਓਅੰਨਮਃ "ਓਨਮ ਅਖਰ ਸੁਣਹੁ ਬੀਚਾਰੁ. ਓਨਮ ਅਖਰ ਤ੍ਰਿਭਵਣ ਸਾਰੁ." (ਓਅੰਕਾਰ) "ਓਨਮ ਸ੍ਰੀ ਸਤਿਗੁਰੁ ਚਰਣ" (ਭਾਗੁ)
ਕ੍ਰਿ ਵਿ- ਓਤਨਾ. ਉਸ ਕਦਰ। ੨. ਸਰਵ- ਉਨ੍ਹਾਂ ਨੂੰ ਉਨ੍ਹਾਂ ਤਾਂਈ। ੩. ਉਨ੍ਹਾਂ ਨੇ। ੪. ਉਨ੍ਹਾਂ ਦੇ. "ਓਨਾ ਅੰਦਰਿ ਨਾਮੁ ਨਿਧਾਨੁ ਹੈ." (ਸ੍ਰੀ ਮਃ ੧) "ਪਿਆਰਾ ਰਬੁ ਓਨਾਹਾ ਜੋਗਈ." (ਵਾਰ ਰਾਮ ੨. ਮਃ ੫)
ओम् नमः सिद्घम- ਓਅੰਨਮਃ ਸਿੱਧੰ ਦਾ ਰੂਪਾਂਤਰ. ਲੰਡੇ ਅੱਖਰ ਪੜ੍ਹਾਉਣ ਵਾਲੇ ਖਾਧੇ ਐਸਾ ਉੱਚਾਰਣ ਕਰਦੇ ਹਨ.
ਸਰਵ. ਉਸ ਨੇ. "ਓਨਿ ਹਲਤੁ ਪਲਤੁ ਸਭੁ
ਗਵਾਇਆ." (ਵਾਰ ਗਉ ੧. ਮਃ ੪) ੨ਉਨ੍ਹਾਂ ਨੇ, ਓਨ੍ਹੀ. "ਓਨੀ ਤਕੜੇ ਪਾਏ ਹਾਥ." (ਸ੍ਰੀ ਮਃ ੫. ਪਹਿਰੇ)
ਸੰਗ੍ਯਾ- ਉਪਮਾ. ਵਡਿਆਈ. ੨. ਪਾਣ. ਆਬ. ਚਮਕ। ੩. ਸ਼ੋਭਾ.
ਉਤਪੱਤਿ. ਦੇਖੋ. ਉਤਪਤਿ. "ਨਾ ਓਪਤ ਹੋਈ." (ਵਾਰ ਗੂਜ ੧. ਮਃ ੩) "ਏਕਸ ਤੇ ਸਭ ਓਪਤਿ ਹੋਈ." (ਗਉ ਅਃ ਮਃ ੧)#੨. ਸੰ. ओपश. ਓਪਸ਼. ਸੰਗ੍ਯਾ- ਕੇਸ਼ਾਂ ਦਾ ਜੂੜਾ। ੩. ਗੋਮੁਖੀ. ਗਊ ਦੇ ਮੁਖ ਸਮਾਨ ਆਕਾਰ ਵਾਲੀ ਥੈਲੀ, ਜਿਸ ਵਿੱਚ ਹੱਥ ਪਾਕੇ ਬ੍ਰਾਹਮਣ ਮਾਲਾ ਫੇਰਦੇ ਹਨ. "ਮੁਦ੍ਰਿਤ ਨੇਤ੍ਰ ਉਰਧ ਕਰ ਓਪਤ." (ਪਾਰਸਾਵ)