chētaचेत
ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ.
सं. चेत् व्य- यदि अगर. जे। २. शायद। ३. सं. चेतस् संग्या- चिॱत. दिल. "भेत चेत हरि किसै न मिलिओ." (स्री मः १. पहिरे) ४. आतमा। ५. ग्यान. बोध। ६. वि- चेतनता सहित. सावधान. "घटि एक बिखै रिपु चेत भयो. " (रुद्राव) ७. चेत दा महीना. देखो, चैत्र। ८. देखो, चेताई। ९. चेतणा क्रिया दा अमर. तूं याद कर.
ਸੰ. ਵ੍ਯ- ਅਗਰ. ਜੇ....
ਸੰ. ਅਗਰੁ. ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ, ਜੋ ਆਸਾਮ ਵਿੱਚ ਬਹੁਤ ਹੁੰਦਾ ਹੈ. ਇਸ ਦੀਆਂ ਗੱਠਾਂ ਵਿੱਚ ਰਸ ਜਮਾਂ ਹੋ ਜਾਂਦਾ ਹੈ, ਉਨ੍ਹਾਂ ਨੂੰ ਕੱਟਕੇ ਧੂਪ ਵਿੱਚ ਮਿਲਾਈਦਾ ਹੈ. ਅਰ ਇਸ ਦਾ ਇਤਰ ਭੀ ਬਣਦਾ ਹੈ. L. Amyris Agalocha.¹ ਇਸ ਦੀ ਤਾਸੀਰ ਗਰਮ ਤਰ ਹੈ. "ਕਸਤੂਰਿ ਕੁੰਗੂ ਅਗਰ ਚੰਦਨ ਲੀਪਿ ਆਵੈ ਚਾਉ." (ਸ੍ਰੀ ਮਃ ੧) ੨. ਸੰ. ਅਗ੍ਰ. ਅਗਲਾ ਹਿੱਸਾ। ੩. ਵਿ- ਅਗਲਾ. ਮੁਹਰਲਾ। ੪. ਉੱਤਮ. ਨੇਕ। ੫. ਫ਼ਾ. [اگر] ਵ੍ਯ- ਯਦਿ. ਜੇ....
ਫ਼ਾ. [شاید] ਵ੍ਯ- ਚਾਹੀਏ. ਲੋੜੀਏ। ੨. ਕਦਾਚਿਤ। ੩. ਖਬਰੇ ਅਜੇਹਾ ਹੋਵੇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰ. ਭੇਦ. ਸੰਗ੍ਯਾ- ਭਿੰਨਤਾ. ਜੁਦਾਈ। ੨. ਗੁਪਤਭਾਵ. ਰਾਜ਼....
ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ ਪਹਰੇ....
ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ....
ਦੇਖੋ, ਗਿਆਨ....
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਸੰਗ੍ਯਾ- ਚੇਤਨ ਦਾ ਧਰਮ. ਚੈਤਨ੍ਯਤਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. ਵਿ- ਅਵਧਾਨ (ਚਿੱਤ ਦੀ ਏਕਾਗ੍ਰਤਾ) ਸਹਿਤ. "ਅਪਨੇ ਪ੍ਰਭੁ ਸਿਉ ਹੋਹੁ ਸਾਵਧਾਨ." (ਗਉ ਮਃ ੫) ੨. ਹੋਸ਼ਿਆਰ. ਸਚੇਤਨ. "ਸਾਵਧਾਨ ਏਕਾਗਰ ਚੀਤ." (ਸੁਖਮਨੀ)...
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)...
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. ਸੰਗ੍ਯਾ- ਵੈਰੀ. ਦੁਸ਼ਮਨ. ਸ਼ਤ੍ਰੁ. ਦੇਖੋ ਰਿਪ ਧਾ....
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...
ਸੰ. ਸੰਗ੍ਯਾ- ਚੇਤ ਦਾ ਮਹੀਨਾ. ਉਹ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਚਿਤ੍ਰਾ ਨਛਤ੍ਰ (ਨਕ੍ਸ਼੍ਤ੍ਰ) ਹੋਵੇ. ਚਾਂਦ੍ਰ (ਚੰਦ ਦੇ ਸੰਵਤ (ਸੰਮਤ) ਦਾ ਪਹਿਲਾ ਮਹੀਨਾ....
ਸੰਗ੍ਯਾ- ਚੇਤਨਤਾ। ੨. ਦਾਨਾਈ. ਸਮਝ. "ਚੇਤਾਈ, ਤਾ ਚੇਤ." (ਗਉ ਵਾਰ ੨. ਮਃ ੫) ਜੇ ਅ਼ਕ਼ਲ ਹੈ, ਤਾਂ ਚੇਤ (ਚਿੰਤਨਕਰ)....
ਕ੍ਰਿ- ਚਿੰਤਨ ਕਰਨਾ. ਯਾਦ ਕਰਨਾ. "ਅਗੋਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ." (ਆਸਾ ਅਃ ਮਃ ੧)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਦੇਵਤਾ, ਜੋ ਮਰਣ ਵਾਲਾ ਨਹੀਂ. "ਅਮਰ ਸਿਮਰਕਰ ਜਾਂਹਿ ਸਮਰ ਜਯ ਪਾਵਹਿ ਅਰਿ ਹਰ." (ਗੁਪ੍ਰਸੂ) ੨. ਵਿ- ਮਰਣ ਰਹਿਤ. ਬਿਨਾ ਮੌਤ. "ਅੰਮ੍ਰਿਤ ਪੀਵੈ ਅਮਰੁ ਸੁ ਹੋਇ." (ਸੁਖਮਨੀ) "ਅਮਰ ਗਹੁ ਮਾਰਿਲੈ." (ਮਾਰੂ ਮਃ ੧) ਮਨ ਜੋ ਮਰਣ ਵਿੱਚ ਨਹੀਂ ਆਉਂਦਾ ਉਸ ਨੂੰ ਫੜਕੇ ਮਾਰਲੈ. ਭਾਵ ਅਜਿਤ ਮਨ ਨੂੰ ਵਸ਼ ਕਰਲੈ। ੩. ਅਚਲ. ਅਟਲ. ਅਮੇਟ. "ਤੇਰੀ ਅਮਰੁ ਰਜਾਇ." (ਆਸਾ ਛੰਤ ਮਃ ੫. ਬਿਰਹੜੇ) ੪. ਗੁਰੂ ਅਮਰਦਾਸ ਜੀ ਦਾ ਸੰਖੇਪ ਨਾਉਂ "ਸਚੁ ਸਚਾ ਸਤਿਗੁਰੁ ਅਮਰੁ ਹੈ." (ਵਾਰ ਗਉ ੧. ਮਃ ੪) "ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ." (ਵਾਰ ਰਾਮ ੩) ਦੇਖੋ, ਅਮਰਦਾਸ ਸਤਿਗੁਰੂ। ੫. ਅ਼. ਸੰਗ੍ਯਾ- ਆਗ੍ਯਾ. ਹੁਕਮ. "ਅਮਰ ਹੀਣੰ ਜਥਾ ਰਾਜਨਹ." (ਸਹਸ ਮਃ ੫) "ਸਿਰ ਊਪਰਿ ਅਮਰੁ ਕਰਾਰਾ" (ਮਾਰੂ ਮਃ ੫) ੬. ਸਿੱਕਹ. ਰਾਜਮੁਦ੍ਰਾ. "ਅਮਰ ਚਲਾਵੈ ਚੰਮ ਦੇ." (ਭਾਗੁ) ੭. [عامر] ਆਮਿਰ. ਅਮਰ (ਹੁਕਮ) ਕਰਣ ਵਾਲਾ. ਹਾਕਿਮ. "ਅਮਰੁ ਵੇਪਰਵਾਹੁ ਹੈ." (ਵਾਰ ਸਾਰ ਮਃ ੩)...
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼....