shāntanuशांतनु
ਸੰ. शन्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਜਿਸ ਬੁੱਢੇ ਆਦਮੀ ਨੂੰ ਇਹ ਹੱਥ ਛੁਹਾਉਂਦਾ, ਉਹ ਤੁਰਤ ਜੁਆਨ ਹੋ ਜਾਂਦਾ ਸੀ, ਇਸੇ ਕਾਰਣ ਸ਼ਾਂਤਨੁ (ਕਲ੍ਯਾਣ ਦੇ ਫੈਲਾਉਣ ਵਾਲਾ) ਨਾਉਂ ਹੋਇਆ. ਇਸ ਨੇ ਸਤ੍ਯਵਤੀ (ਮਤਸ੍ਯੋਦਰੀ) ਨਾਲ ਬੁਢਾਪੇ ਵਿੱਚ ਵਿਆਹ ਕਰਕੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੋ ਪੁਤ੍ਰ ਪੈਦਾ ਕੀਤੇ. ਜੋ ਸ਼ਾਂਤਨੁ ਪਿੱਛੋਂ ਚਿਰ ਤੀਕ ਨਹੀਂ ਜੀ ਸਕੇ. ਵ੍ਯਾਸ ਰਿਖੀ ਨੇ ਆਪਣੀ ਮਾਂ (ਮਤਸ੍ਯੋਦਰੀ) ਦੇ ਆਖੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀਆਂ (ਅੰਬਾਲਿਕਾ ਅਤੇ ਅੰਬਿਕਾ) ਤੋਂ ਪੰਡੁ ਅਤੇ ਧ੍ਰਿਤਰਾਸ੍ਟ੍ਰ ਉਤਪੰਨ ਕੀਤੇ, ਜੋ ਪਾਂਡਵ ਅਰ ਕੌਰਵਾਂ ਦੇ ਮੁਖੀਏ ਹੋਏ. ਦੇਖੋ, ਪਾਂਡਵ.
सं. शन्तनु अथवा शान्तनु चंद्रवंशी प्रतीप राजा दा पुत्र, गंगा दा पती अते भीसमपितामा दा पिता. इस बाबत महाभारत अते विसनु पुराण विॱच लिखिआ है कि जिस बुॱढे आदमी नूं इह हॱथ छुहाउंदा, उह तुरत जुआन हो जांदा सी, इसे कारण शांतनु (कल्याण दे फैलाउण वाला) नाउं होइआ. इस ने सत्यवती (मतस्योदरी) नाल बुढापे विॱच विआह करके चित्रांगद अते विचित्रवीरय दो पुत्र पैदा कीते. जो शांतनु पिॱछों चिर तीक नहीं जी सके. व्यास रिखी ने आपणी मां (मतस्योदरी) दे आखे चित्रांगद अते विचित्रवीरय दी विधवा इसत्रीआं (अंबालिका अते अंबिका) तों पंडु अते ध्रितरास्ट्र उतपंन कीते, जो पांडव अर कौरवां दे मुखीए होए. देखो, पांडव.
ਵ੍ਯ- ਯਾ. ਵਾ. ਕਿੰਵਾ. ਜਾਂ....
ਵਿ- ਚੰਦ੍ਰਮਾ ਦੀ ਕੁਲ ਵਿੱਚ ਹੋਣਵਾਲਾ....
ਸੰ. ਵਿ- ਉਲਟਾ. ਪ੍ਰਤਿਕੂਲ। ੨. ਸੰਗ੍ਯਾ- ਆਸ਼ਾ ਦੇ ਵਿਰੁੱਧ ਫਲ। ੩. ਉਪਮਾਨ ਨੂੰ ਉਪਮੇਯ ਮੰਨਣਾ, ਅਰਥਾਤ ਉਪਮਾਨ ਵਿੱਚ ਉਪਮੇਯ ਦੀ ਕਲਪਣਾ ਕਰਨੀ. "ਪ੍ਰਤੀਪ" ਅਲੰਕਾਰ ਹੈ.#ਜਹਿ ਪ੍ਰਸਿੱਧ ਉਪਮਾਨ ਕੋ ਕਰ ਵਰਣਤ ਉਪਮੇਯ,#ਤਹਿ ਪ੍ਰਤੀਪ ਭੂਸਣ ਕਹਿਤ ਭੂਸਣ ਕਵਿਤਾਪ੍ਰੇਯ.#(ਸ਼ਿਵਰਾਜਭੂਸਣ)#ਉਦਾਹਰਣ-#ਅਮਲ ਅਕਾਸ ਮਾਸ ਕਾਤਕ ਕੀ ਚੰਦ੍ਰਿਕਾ ਹੈ#ਪ੍ਰਗਟ ਪ੍ਰਕਾਸੈ ਜੈਸੋ ਯਸ਼ ਦਸ਼ਮੇਸ਼ ਕੋ.#ਕੀਰਤਿ ਉਪਮੇਯ ਹੈ, ਚਾਂਦਨੀ ਉਪਮਾਨ ਹੈ, ਪਰ ਇੱਥੇ ਯਸ਼ ਨੂੰ ਉਪਮਾਨ ਅਤੇ ਚਾਂਦਨੀ ਨੂੰ ਉਪਮੇਯ ਵਰਣਨ ਕੀਤਾ ਹੈ, ਇਸ ਲਈ ਪ੍ਰਤੀਪ ਹੈ.#ਅ) ਉਪਮੇਯ ਦਾ ਉਪਮਾਨ ਕਰਕੇ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਾਂ ਕਰਤ ਅਤਿ ਗਰਬ ਤੂੰ ਸ੍ਰੀ ਦਸ਼ਮੇਸ਼ ਕ੍ਰਿਪਾਨ?#ਨਹ ਤੋ ਸੇ ਘਟ ਕਾਲ ਅਰੁ ਅੰਤਕ ਪ੍ਰਲਯ ਕ੍ਰਿਸਾਨ.#ਇਸ ਥਾਂ ਦਸ਼ਮੇਸ਼ ਦੀ ਕ੍ਰਿਪਾਨ ਉਪਮੇਯ ਦਾ, ਕਾਲ ਅਰ ਪ੍ਰਲਯਅਗਨਿ ਉਪਮਾਨ ਤੋਂ ਨਿਰਾਦਰ ਹੋਇਆ.#ੲ) ਉਪਮਾਨ ਦਾ ਉਪਮੇਯ ਤੋਂ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਤੀਜਾ ਰੂਪ ਹੈ.#ਉਦਾਹਰਣ-#ਸਤਗੁਰੁ ਕਾਮਨਾ ਕੇ ਪੂਰਨ ਕਰਨਹਾਰ#ਤਾਂਕੇ ਸਮ ਕਹਾਂ ਸੁਰਤਰੁ ਤੁੱਛ ਗਨਿਯੇ?#ਕਲਪਵ੍ਰਿਕ੍ਸ਼੍ ਉਪਮਾਨ ਦਾ, ਸਤਗੁਰੂ ਉਪਮੇਯ ਤੋਂ ਨਿਰਾਦਰ ਹੋਇਆ.#ਸ) ਉਪਮਾਨ ਨੂੰ ਉਪਮੇਯ ਦੇ ਮੁਕਾਬਲੇ ਘੱਟ ਮੰਨਿਆ ਜਾਵੇ, ਅਰਥਾਤ ਸਮਤਾ ਲਾਇਕ ਨਾ ਠਹਿਰਾਈਏ, ਤਦ ਪ੍ਰਤੀਪ ਦਾ ਚੌਥਾ ਰੂਪ ਹੈ.#ਉਦਾਹਰਣ-#ਦੋਊ ਕਰ ਜੋਰਕਰ ਬੰਦਤ ਗੋਬਿੰਦ ਸਿੰਘ,#ਦੇਤ ਹੈਂ ਅਨੰਦ ਸੁਖਕੰਦ ਅਘਮੰਦ ਹੀ,#ਸ੍ਯਾਲ ਤੇ ਮ੍ਰਿਗਿੰਦ ਪਟਬੀਜਨੇ ਦਿਨਿੰਦ ਕਰੇ,#ਕੀਟ ਤੇ ਗਜਿੰਦ ਪੰਥ ਦਯੋ ਗਤਿਵੰਦ ਹੀ,#ਮਸ਼ਕ ਖਗਿੰਦ ਜਿਨ ਕਾਕ ਤੇ ਮਰਾਲ ਵ੍ਰਿੰਦ,#ਰੰਕ ਤੇ ਨਰਿੰਦ ਕਰੇ ਬੰਦਤ ਮੁਕੰਦ ਹੀ,#ਸੁੰਦਰ ਮੁਖਾਰਵਿੰਦ ਸੋਹਤ ਸੰਤੋਖ ਸਿੰਘ#ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ#(ਨਾਪ੍ਰ)#ਹ) ਉਪਮੇਯ ਦੇ ਮੁਕਾਬਲੇ ਉਪਮਾਨ ਨੂੰ ਅਤਿ ਤੁੱਛ ਮੰਨਕੇ ਉਸ ਦੀ ਸਮਤਾ ਦੇਣੀ ਅਯੋਗ ਠਹਿਰਾਈ ਜਾਵੇ, ਇਹ ਪ੍ਰਤੀਪ ਦਾ ਪੰਜਵਾਂ ਰੂਪ ਹੈ.#ਉਦਾਹਰਣ-#ਪੁਖਕਰ ਭਰੇ ਪੁਖਕਰ ਪੁਖਕਰ ਜ੍ਯੋਂ,#ਪੇਖਕਰ ਸਸੀ ਕਰ ਕਰੈ ਦੁਤਿ ਹੀਨ ਹੈ,#ਪੁਖਕਰ ਹੀਨ ਦਿਨਕਰ ਕਰੈ ਛੀਨ ਤਿਸ,#ਖਰਧਾਰੀ ਦੇਹ ਪਰ ਯਾਂਤੇ ਸੋ ਮਲੀਨ ਹੈ,#ਸੁਖਮਾ ਨਿਹਾਰ ਭੌਰ ਦਾਹਤ ਅਪਾਰ ਆਨ,#ਜਾਰਤ ਤੁਖਾਰ ਐਸੇ ਔਗੁਨ ਅਧੀਨ ਹੈ,#ਸਤਗੁਰੁ ਰਾਮਦਾਸ ਚਰਨ ਮੁਕਤਿ ਦੇਤ#ਉਪਮਾ ਕਮਲ ਕੀ ਨ ਬਨੈ ਵਿਧਿਹੀਨ ਹੈ.#(ਨਾਪ੍ਰ)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਕ੍ਰਿ. ਵਿ- ਤ੍ਵਰਿਤ. ਫੌਰਨ. ਸੀਘ੍ਰ. ਦੇਖੋ, ਤੁਰ. "ਤੁਝੁ ਤੁਰਤੁ ਛਡਾਉ ਮੇਰੋ ਕਹਿਓ. ਮਾਨਿ." (ਬਸੰ ਕਬੀਰ)...
ਸੰ. युवन् ਵਿ- ਯੁਵਾ ਅਵਸਥਾਵਾਨ. ਜਵਾਨ. ਤਰੁਣ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. शन्तनु ਅਥਵਾ शान्तनु ਚੰਦ੍ਰਵੰਸ਼ੀ ਪ੍ਰਤੀਪ ਰਾਜਾ ਦਾ ਪੁਤ੍ਰ, ਗੰਗਾ ਦਾ ਪਤੀ ਅਤੇ ਭੀਸਮਪਿਤਾਮਾ ਦਾ ਪਿਤਾ. ਇਸ ਬਾਬਤ ਮਹਾਭਾਰਤ ਅਤੇ ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਜਿਸ ਬੁੱਢੇ ਆਦਮੀ ਨੂੰ ਇਹ ਹੱਥ ਛੁਹਾਉਂਦਾ, ਉਹ ਤੁਰਤ ਜੁਆਨ ਹੋ ਜਾਂਦਾ ਸੀ, ਇਸੇ ਕਾਰਣ ਸ਼ਾਂਤਨੁ (ਕਲ੍ਯਾਣ ਦੇ ਫੈਲਾਉਣ ਵਾਲਾ) ਨਾਉਂ ਹੋਇਆ. ਇਸ ਨੇ ਸਤ੍ਯਵਤੀ (ਮਤਸ੍ਯੋਦਰੀ) ਨਾਲ ਬੁਢਾਪੇ ਵਿੱਚ ਵਿਆਹ ਕਰਕੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੋ ਪੁਤ੍ਰ ਪੈਦਾ ਕੀਤੇ. ਜੋ ਸ਼ਾਂਤਨੁ ਪਿੱਛੋਂ ਚਿਰ ਤੀਕ ਨਹੀਂ ਜੀ ਸਕੇ. ਵ੍ਯਾਸ ਰਿਖੀ ਨੇ ਆਪਣੀ ਮਾਂ (ਮਤਸ੍ਯੋਦਰੀ) ਦੇ ਆਖੇ ਚਿਤ੍ਰਾਂਗਦ ਅਤੇ ਵਿਚਿਤ੍ਰਵੀਰਯ ਦੀ ਵਿਧਵਾ ਇਸਤ੍ਰੀਆਂ (ਅੰਬਾਲਿਕਾ ਅਤੇ ਅੰਬਿਕਾ) ਤੋਂ ਪੰਡੁ ਅਤੇ ਧ੍ਰਿਤਰਾਸ੍ਟ੍ਰ ਉਤਪੰਨ ਕੀਤੇ, ਜੋ ਪਾਂਡਵ ਅਰ ਕੌਰਵਾਂ ਦੇ ਮੁਖੀਏ ਹੋਏ. ਦੇਖੋ, ਪਾਂਡਵ....
ਸੰ. ਸੰਗ੍ਯਾ- ਮੰਗਲ. ਸ਼ੁਭ। ੨. ਸ੍ਵਰਗ। ੩. ਇੱਕ ਰਾਗ. ਦੇਖੋ ਕਲਿਆਨ ੨....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਵਸੁਰਾਜ (ਉਪਰਿਚਰ) ਦੀ ਕੰਨ੍ਯਾ, ਜੋ ਮੱਛੀ ਦੇ ਪੇਟੋਂ ਜਨਮੀ, ਜਿਸ ਤੋਂ ਮਛੋਦਰੀ (ਮਤਸ੍ਯੋਦਰੀ) ਨਾਉਂ ਹੋਇਆ. ਇਸ ਦੇ ਰੂਪ ਉੱਤੇ ਪਰਾਸ਼ਰ ਰਿਖੀ ਮੋਹਿਤ ਹੋ ਗਿਆ ਅਤੇ ਸੰਯੋਗ ਕਰਕੇ ਕ੍ਰਿਸਨ ਦੈਪਾਯਨ (ਜਿਸਦਾ ਫੇਰ ਵ੍ਯਾਸ ਨਾਉਂ ਹੋਇਆ) ਪੈਦਾ ਕੀਤਾ. ਸਤ੍ਯਵਤੀ ਨੂੰ ਰਾਜਾ ਸ਼ਾਂਤਨੁ ਨੇ ਵਿਆਹਕੇ ਵਿਚਿਤ੍ਰਵੀਰਯ ਅਤੇ ਚਿਤ੍ਰਾਂਗਦ ਪੁਤ੍ਰ ਪੈਦਾ ਕੀਤੇ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਦੇ ਸ਼ਰੀਰ ਵਿੱਚੋਂ ਮੱਛੀ ਦੀ ਬੂ ਆਉਂਦੀ ਸੀ. ਪਰ ਪਰਾਸ਼ਰ ਜੀ ਦੀ ਕ੍ਰਿਪਾ ਨਾਲ ਇਸ ਦੀ ਦੇਹ ਵਿਚੋਂ ਐਸੀ ਸੁਗੰਧ ਉਪਜੀ, ਜੋ ਚਾਰ ਚਾਰ ਕੋਹ ਤੀਕ ਫੈਲ ਗਈ, ਜਿਸ ਕਰਕੇ ਨਾਉਂ ਯੋਜਨਗੰਧਾ ਹੋਇਆ। ੨. ਦੇਖੋ, ਰਿਚੀਕ....
ਚੇਦਿ ਦੇ ਰਾਜਾ ਉਪਰਿਚਰ (ਵਸੁ) ਦੇ ਵੀਰਯ ਤੋਂ ਮੱਛੀ¹ ਦੇ ਉਦਰੋਂ ਪੈਦਾ ਹੋਈ ਕਨ੍ਯਾ, ਜਿਸ ਨੂੰ ਮਲਾਹਾਂ ਨੇ ਪਾਲਿਆ. ਮਤਸ੍ਯੋਦਰੀ ਦੇ ਰੂਪ ਪੁਰ ਮੋਹਿਤ ਹੋਕੇ ਪਰਾਸ਼ਰ ਰਿਖੀ ਨੇ ਇਸ ਤੋਂ ਦ੍ਵੈਪਾਯਨ (ਵ੍ਯਾਸ) ਪੁਤ੍ਰ ਪੈਦਾ ਕੀਤਾ. ਫਿਰ ਏਹ ਰਾਜਾ ਸ਼ਾਂਤਨੁ ਦੀ ਇਸਤ੍ਰੀ ਹੋਈ, ਜਿਸ ਤੋਂ ਵਿਚਿਤ੍ਰਵੀਰਯ ਅਤੇ ਚਿਤ੍ਰਾਂਗਦ ਜਨਮੇ. ਮਤਸ੍ਯੋਦਰੀ ਦੇ ਨਾਮ ਮਤਸ੍ਯਗੰਧਾ, ਸਤ੍ਯਵਤੀ, ਯੋਜਨਗੰਧਾ, ਗੰਧਕਾਲੀ, ਗੰਧਵਤੀ, ਕਾਲਾਂਗਨੀ ਭੀ ਹਨ। ੨. ਕਾਸ਼ੀ ਦਾ ਇੱਕ ਤੀਰਥ, ਜਿਸ ਦੇ ਇਸਨਾਨ ਦਾ ਵਡਾ ਮਹਾਤਮ ਲਿਖਿਆ ਹੈ. ਦੇਖੋ, ਕਾਸ਼ੀ ਖੰਡ, ਅਃ ੬੯....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਵਿਵਾਹ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸਤ੍ਯਵਤੀ ਦੇ ਉਦਰ ਤੋਂ ਰਾਜਾ ਸ਼ਾਂਤਨੁ ਦਾ ਪੁਤ੍ਰ, ਜੋ ਭੀਸਮ ਦਾ ਮਤੇਰਾ ਭਾਈ ਸੀ....
ਦੇਖੋ, ਪਾਂਡਵ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦੇਖੋ, ਪਿਛਹੁ....
ਸੰ. ਵਿ- ਬਹੁਤ ਦਿਨ ਦਾ। ੨. ਕ੍ਰਿ. ਵਿ- ਬਹੁਤ ਸਮੇਂ ਤੀਕ। ੩. ਸੰਗ੍ਯਾ- ਦੇਰੀ. ਢਿੱਲ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਬਿਆਸ ੪। ੨. ਵਿਸ੍ਤਾਰ ਫੈਲਾਓ....
ਦੇਖੋ, ਰਿਖਿ....
ਧਵ (ਪਤਿ) ਰਹਿਤ. ਬੇਵਾ. ਰੰਡੀ. ਦੇਖੋ, ਪੁਨਰਵਿਵਾਹ, ਪੌਨਰਭਵ ਅਤੇ ਬਿਧਵਾ....
ਸੰ. अम्बालिका. ਸੰਗ੍ਯਾ- ਮਾਤਾ. "ਕਿ ਅੰਬਾਲਿਕਾ ਛੈ." (ਦੱਤਾਵ) ੨. ਕਾਸ਼ੀ ਦੇ ਰਾਜਾ ਇੰਦ੍ਰਦ੍ਯੁਮਨ ਦੀ ਪੁਤ੍ਰੀ, ਜੋ ਅੰਬਾ ਦੀ ਛੋਟੀ ਭੈਣ ਸੀ, ਜਿਸ ਨੂੰ ਭੀਸਮਪਿਤਾਮਾ ਆਪਣੇ ਭਾਈ ਵਿਚਿਤ੍ਰਵੀਰਯ ਵਾਸਤੇ ਖੋਹ ਲੈ ਆਇਆ ਸੀ. ਵਿਚਿਤ੍ਰਵੀਰਯ ਦੇ ਮਰਣ ਪੁਰ ਵ੍ਯਾਸ ਨੇ ਇਸ ਨਾਲ ਨਿਯੋਗ ਕਰਕੇ ਪਾਂਡੁ ਉਤਪੰਨ ਕੀਤਾ, ਜਿਸ ਦੀ ਸੰਤਾਨ ਪਾਂਡਵ ਹੋਏ.#ਅੰਬਿ. ਆਂਬ (ਆਮ੍ਰ) ਉੱਪਰ. ਅੰਬ ਤੇ. "ਕੋਇਲ ਹੋਵਾਂ ਅੰਬਿ ਬਸਾਂ." (ਗਉ ਮਃ ੧)...
ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)...
ਵਿ- ਪੀਲਾ. ਜ਼ਰਦ, "ਕਰ ਹੇਰ ਕੁਵੰਡਹਿਂ ਤੁੰਡਹਿ ਪੰਡੁ ਭਗੇ." (ਨਾਪ੍ਰ) ਪੀਲਾ ਮੂੰਹ ਕਰਕੇ ਨੱਠੇ।#੨. ਸੰਗ੍ਯਾ- ਰਾਜਾ ਪਾਂਡੁ. ਦੇਖੋ, ਪਾਂਡਵ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਪਾਂਡੂ ਰਾਜਾ ਦਾ ਵੰਸ਼, ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ.:-ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿ ਗਈਆਂ. ਇਸ ਪਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚ ਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਹੋਗਿਆ, ਇਸ ਕਰਕੇ ਉਸਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ.#ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰ ਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰ ਜਾਵੇਗਾ.#ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤ਼ੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ੍ਟਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀ ਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋ ਗਈ ਅਰ ਧ੍ਰਿਤਰਾਸ੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ. ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍ਥ (ਦਿੱਲੀ) ਸੀ. "ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ." (ਵਾਰ ਰਾਮ ੧. ਮਃ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸਨਦੇਵ ਰਹਿਂਦੇ ਸਨ। ੨. ਜੇਹਲਮ ਨਦੀ ਕਿਨਾਰੇ ਦਾ ਦੇਸ਼। ੩. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ....