sādhhāraसाधार
ਵਿ- ਸ- ਆਧਾਰ. ਆਸ਼੍ਰਯ (ਆਸਰੇ) ਸਹਿਤ. "ਮੰਨੈ ਪਰਵਾਰੈ ਸਾਧਾਰੁ." (ਜਪੁ) "ਦੇਖਤ ਦਰਸਨ ਮਨ ਸਾਧਾਰੈ." (ਸ੍ਰੀ ਮਃ ੫) "ਮੋਹਨ ਲਾਲ ਅਨੂਪ ਸਰਬ ਸਾਧਾਰੀਆ." (ਗਉ ਅਃ ਮਃ ੫) "ਸਬਦ ਅਭਿ ਸਾਧਾਰਏ." (ਆਸਾ ਛੰਤ ਮਃ ੧) ੨. ਆਧਾਰ ਨਾਮ ਸੰਸਕ੍ਰਿਤ ਵਿੱਚ ਆਲਬਾਲ ਦਾ ਹੈ ਜੋ ਬੂਟੇ ਦੇ ਚਾਰੇ ਪਾਸੇ ਜਲ ਠਹਿਰਾਉਣ ਨੂੰ ਕਰੀਦਾ ਹੈ. ਸ- ਆਧਾਰ. ਆਲ ਬਾਲ ਸਹਿਤ. "ਸੂਕਾ ਮਨ ਸਾਧਾਰੈ." (ਸੋਰ ਮਃ ੫) ੩. ਦੇਖੋ, ਸਧਾਰ.
वि- स- आधार. आश्रय (आसरे) सहित. "मंनै परवारै साधारु." (जपु) "देखत दरसन मन साधारै." (स्री मः ५) "मोहन लाल अनूप सरब साधारीआ." (गउ अः मः ५) "सबद अभि साधारए." (आसा छंत मः १) २. आधार नाम संसक्रित विॱच आलबाल दा है जो बूटे दे चारे पासे जल ठहिराउण नूं करीदा है. स- आधार. आल बाल सहित. "सूका मन साधारै." (सोर मः ५) ३. देखो, सधार.
ਦੇਖੋ, ਅਧਾਰ. "ਨਾਮ ਤੇਰਾ ਆਧਾਰ ਮੇਰਾ." (ਗਉ ਕਬੀਰ) ੨. ਗਿਜਾ. ਭੋਜਨ. "ਜਿਨ ਪੈਦਾ ਇਸ ਤੂ ਕੀਆ ਸੋਈ ਦੇਇ ਆਧਾਰ." (ਤਿਲੰ ਮਃ ੫)...
ਦੇਖੋ, ਆਸਰ. "ਤਤ ਆਸ੍ਰਯੰ ਨਾਨਕ." (ਸਹਸ ਮਃ ੫)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਮੰਨਣ ਤੋਂ. "ਮੰਨੈ ਸਗਲ ਭਵਣ ਕੀ ਸੁਧਿ." (ਜਪੁ) ੨. ਮੰਨਦਾ ਹੈ....
ਦੇਖੋ, ਸਾਧਾਰ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਕ੍ਰਿ. ਵਿ- ਦੇਖਦੇ ਹੀ. ਦੇਖਣਸਾਰ. "ਦੇਖਤ ਦਰਸੁ ਪਾਪ ਸਭ ਨਾਸਹਿ." (ਸਾਰ ਮਃ ੫) ੨. ਦੇਖਦਾ ਹੈ. ਦੇਖੋ, ਦੇਖਣਾ। ੩. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ. "ਚਰਨ ਕਰ ਦੇਖਤ ਸੁਣਿ ਥਕੇ." (ਵਾਰ ਬਿਹਾ ਮਃ ੩) ਪੈਰ, ਹੱਥ, ਨੇਤ੍ਰ, ਕੰਨ ਥੱਕ ਗਏ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕਰਨ ਦੀ ਕ੍ਰਿਯਾ। ੫. ਗੁਮਰਾਹ ਕਰਨਾ। ੬. ਭੁਲਾਉਣਾ. ਧੋਖੇ ਵਿੱਚ ਫਸਾਉਣਾ। ੭. ਬਾਬਾ ਮੋਹਨ. ਸ਼੍ਰੀ ਗੁਰੂ ਅਮਰਦਾਸ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੩ ਵਿੱਚ ਹੋਇਆ. ਇਸੇ ਮਹਾਤਮਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੬੦ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸਨ. ਇਨ੍ਹਾਂ ਨੇ ਸਾਰੀ ਅਵਸਥਾ ਗੋਇੰਦਵਾਲ ਰਹਿਕੇ ਵਿਤਾਈ. "ਮੋਹਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ." (ਗਉ ਛੰਤ ਮਃ ੫) ਇਸ ਥਾਂ ਮੋਹਨ ਸ਼ਬਦ ਦੇ ਦੋ ਅਰਥ ਹਨ ਕਰਤਾਰ ਅਤੇ ਬਾਬਾ ਮੋਹਨ। ੮. ਅਮ੍ਰਿਤਸਰ ਨਿਵਾਸੀ ਸੁਇਨੀ ਗੋਤ ਦੇ ਖਤ੍ਰੀ ਗੁਰਮੁਖ ਦਾ ਪੁਤ੍ਰ, ਜਿਸ ਨੂੰ ਬਾਬਾ ਅਟਲ ਜੀ ਨੇ ਪ੍ਰਾਣ ਬਖਸ਼ੇ ਸਨ। ੯. ਢਾਕਾ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਦਾ ਉਪਕਾਰੀ ਸਿੱਖ। ੧੦. ਰੂਪਚੰਦ ਦਾ ਪਿਤਾ ਅਤੇ ਫੂਲ ਦਾ ਦਾਦਾ ਚੌਧਰੀ ਮੋਹਨ, ਜਿਸ ਨੇ ਆਪਣੇ ਵਡੇਰੇ ਦੇ ਨਾਮ ਪੁਰ ਮੇਹਰਾਜ ਗ੍ਰਾਮ ਵਸਾਇਆ. ਦੇਖੋ, ਬਾਹੀਆ ਅਤੇ ਮੇਹਰਾਜ। ੧੧. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਧਰਦਾੜ੍ਹ ਜ੍ਯੋਂ ਰਣ ਗਾੜ੍ਹ ਹਨਐ,#ਤ੍ਰਯ ਲੋਕ ਜੀਤ ਸਭੈ ਲਿਯੇ,#ਬਹੁ ਦਾਨ ਦੈ ਸਨਮਾਨ ਸੇਵਕ,#ਭੇਜ ਭੇਜ ਤਹਾਂ ਦਿਯੇ. ×××#(ਕਲਕੀ)#ਦੇਖੋ, "ਹਰਿਗੀਤਿਕਾ" ਦਾ ਪਹਿਲਾ ਰੂਪ.#(ਅ) ਕੇਸ਼ਵਦਾਸ ਨੇ "ਰਾਮਚੰਦ੍ਰਿਕਾ" ਵਿੱਚ ਮੋਹਨ ਦਾ ਸਰੂਪ ਦਿੱਤਾ ਹੈ-#ਪ੍ਰਤਿ ਚਰਣ ਭ, ਨ, ਜ, ਯ. , , , #ਉਦਾਹਰਣ-#ਸੁੰਦਰ ਵਪੁ ਅਤਿ ਸ਼੍ਯਾਮਲ ਸੋਹੈ,#ਦੇਖਤ ਸੁਰ ਨਰ ਕੋ ਮਨ ਮੋਹੈ. ×××#(ੲ) ਮੋਹਨ ਦਾ ਤੀਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ੧੩- ੧੦ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਜੋ ਗੁਰੁ ਗੋਪੇ ਆਪਣਾ, ਸੋ ਠੌਰ ਨ ਪਾਵੈ,#ਚੌਰਾਸੀ ਭਟਕਤਾ ਫਿਰੈ, ਮਨ ਸਾਂਤਿ ਨ ਆਵੈ. ××#ਜੇ ਤੁਕ ਦੇ ਅੰਤ ਦੀ ਥਾਂ ਵਿਚਕਾਰ ਅਨੁਪ੍ਰਾਸ ਹੋਵੇ, ਤਦ ਇਹ ੨੩ ਮਾਤ੍ਰਾ ਦਾ ਸਿਰਖਿੰਡੀ (ਸ਼੍ਰੀਖੰਡ) ਬਣ ਜਾਂਦਾ ਹੈ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. ਸੰਗ੍ਯਾ- ਉਹ ਦੇਸ਼ ਜਿੱਥੇ ਬਹੁਤ ਜਲ ਹੋਵੇ। ੨. ਭੈਂਸ. ਮੱਝ. ਮਹਿੰ। ੩. ਵਿ- ਅਨੁਪਮ. ਜਿਸ ਦੀ ਉਪਮਾ ਨਹੀਂ ਕਹੀ ਜਾ ਸਕਦੀ. ਬੇਮਿਸਾਲ. "ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ." (ਜਪੁ)...
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਸਨਮੁਖ, ਬੁਰਾ, ਮੰਦ, ਉੱਪਰ, ਪਾਸ, ਦੂਰ, ਚੁਫੇਰੇ, ਚੰਗੀ ਤਰ੍ਹਾਂ, ਬਿਨਾ, ਇੱਛਾ, ਰੁਚਿ, ਆਦਿ ਅਰਥ ਪ੍ਰਗਟ ਕਰਦਾ ਹੈ। ੨. ਗੁਰਬਾਣੀ ਵਿੱਚ "ਅਭ੍ਯੰਤਰ" ਦਾ ਸੰਖੇਪ ਭੀ ਅਭਿ ਸ਼ਬਦ ਆਇਆ ਹੈ ਜਿਸ ਦਾ ਅਰਥ ਹੈ ਅੰਦਰ, ਅੰਤਹਕਰਣ. "ਪ੍ਰੀਤਮ ਪ੍ਰੀਤਿ ਬਨੀ ਅਭਿ ਐਸੀ." (ਮਲਾ ਅਃ ਮਃ ੧)#"ਸਬਦਿ ਅਭਿ ਸਾਧਾਰਏ." (ਆਸਾ ਛੰਤ ਮਃ ੧)#"ਬਿਨ ਅਭਿ ਸਬਦ ਨ ਮਾਂਜੀਐ." (ਸ੍ਰੀ ਅਃ ਮਃ ੧)#ਸਬਦ ਬਿਨਾ ਅਭਿ (ਅੰਤਹਕਰਣ) ਸ਼ੁੱਧ ਨਹੀਂ ਹੁੰਦਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਵਿ- ਸ਼ੁਸ੍ਕ. ਖੁਸ਼ਕ. "ਜਲ ਮਹਿ ਕੇਤਾ ਰਾਖੀਐ ਅਭਿਅੰਤਰਿ ਸੂਕਾ." (ਆਸਾ ਅਃ ਮਃ ੧)#੨. ਸ਼ੂਕਾ. ਨਾਸਾਂ ਨਾਲ ਫੁੰਕਾਰੇ ਮਾਰਨ ਵਾਲਾ. ਭਾਵ- ਓਛਾ. ਅਭਿਮਾਨੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸ- ਆਧਾਰ. ਆਧਾਰ ਸਹਿਤ. "ਬਰਸੁ ਪਿਆਰੇ ਮਨਹਿ ਸਧਾਰੇ." (ਮਲਾ ਮਃ ੫) ਪ੍ਰਸੰਨ (ਖ਼ੁਸ਼) ਕਰਨ ਵਾਲੇ। ੨. ਜਿਲਾ ਲੁਦਿਆਨਾ ਦੀ ਤਸੀਲ ਜਗਰਾਉਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਦੱਖਣ ਪੰਜ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ, ਜਿਸ ਦੀ ਸੰਗ੍ਯਾ "ਗੁਰੂਸਰ" ਭੀ ਹੈ. ਗੁਰੁਦ੍ਵਾਰੇ ਨਾਲ ੨੦. ਵਿੱਘੇ ਜ਼ਮੀਨ ਹੈ. ਹਰ ਪੂਰਣਮਾਸੀ ਨੂੰ ਜੋੜ ਮੇਲਾ ਹੁੰਦਾ ਹੈ. ਇਸ ਪਿੰਡ ਦੇ ਪੰਚਾਇਤੀ ਡੇਰੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋੜਾ ਹੈ, ਜੋ ਸਤਿਗੁਰੂ ਨੇ ਪ੍ਰੇਮੇ ਸਿੱਖ ਨੂੰ ਬਖਸ਼ਿਆ ਸੀ....