turhaतुड़
ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਵਾਯਵੀ ਕੋਣ ਹੈ. ਇਸ ਪਿੰਡ ਦੀ ਆਬਾਦੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ#ਇੱਕ ਵਾਰ ਅਜੇਹੀ ਔੜ ਲੱਗੀ ਕਿ ਵਰਖਾ ਦੀ ਬੂੰਦ ਨਾ ਡਿਗੀ. ਸਾਰੇ ਲੋਕ ਕੱਠੇ ਹੋਕੇ ਦਾਦੂ ਨਾਮਕ ਤਪੇ ਪਾਸ (ਜੋ ਖਡੂਰ ਵਿੱਚ ਹੀ ਵਸਦਾ ਸੀ) ਗਏ, ਅਤੇ ਵਰਖਾ ਲਈ ਬੇਨਤੀ ਕੀਤੀ. ਉਸ ਨੇ ਕਿਹਾ ਕਿ ਜਦ ਤਾਈਂ ਗੁਰੂ ਅੰਗਦ ਜੀ ਖਡੂਰ ਵਸਦੇ ਹਨ, ਤਦ ਤੀਕ ਵਰਖਾ ਨਹੀਂ ਪਵੇਗੀ. ਜੇ ਉਹ ਇੱਥੋਂ ਚਲੇ ਜਾਣ, ਤਾਂ ਵਰਖਾ ਹੋਵੇਗੀ. ਇਹ ਬਾਤ ਲੋਕਾਂ ਨੇ ਗੁਰੂ ਜੀ ਪਾਸ ਜਾ ਕਹੀ, ਤਾਂ ਰਾਤ ਨੂੰ ਸਤਿਗੁਰੂ ਇਕੱਲੇ ਹੀ ਖਡੂਰ ਸਾਹਿਬ ਤੋਂ ਚੱਲਕੇ ਇੱਥੇ ਆ ਗਏ. ਇਸ ਥਾਂ ਤੋਂ ਪਿੰਡ "ਛਾਪਰੀ" ਦੀ ਸੰਗਤਿ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਈ. ਉੱਥੇ ਕੁਝ ਸਮਾਂ ਗੁਰੂ ਜੀ ਰਹੇ. ਫਿਰ ਭਰੋਵਾਲ ਪਿੰਡ ਹੁੰਦੇ ਹੋਏ ਖਡੂਰ ਵਾਸੀਆਂ ਦੀ ਪਸ਼ਚਾਤਾਪ ਸਹਿਤ ਕੀਤੀ ਹੋਈ ਅਰਜੋਈ ਮੰਨਕੇ ਮੁੜ ਖਡੂਰ ਸਾਹਿਬ ਚਰਨ ਪਾਏ.#ਪਹਿਲਾਂ ਇੱਥੇ ਸਾਧਾਰਨ ਅਸਥਾਨ ਸੀ. ੨੦- ੨੨ ਸਾਲ ਤੋਂ ਭਾਈ ਨੱਥਾਸਿੰਘ ਜੀ ਪੁਜਾਰੀ ਦੀ ਪ੍ਰੇਰਣਾ ਨਾਲ ਬਹੁਤ ਸੁੰਦਰ ਦਰਬਾਰ ਬਣ ਗਿਆ ਹੈ. ਨਿੱਤ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਵਿੱਘੇ ਜ਼ਮੀਨ ਸਰਦਾਰ ਜਗਤਸਿੰਘ ਨੰਬਰਦਾਰ ਅਤੇ ਸਰਦਾਰ ਮੰਗਲਸਿੰਘ ਚੰਦਨਸਿੰਘ ਨੇ ਦਿੱਤੀ ਹੋਈ ਹੈ। ੨. ਤ੍ਰੁਟਿ. ਘਾਟਾ. ਕਮੀ.
जिला अंम्रितसर, तसील तरनतारन, थाणा सरहाली दा इॱक पिंड, जो रेलवे सटेशन तरनतारन तों दस मील वायवी कोण है. इस पिंड दी आबादी दे विॱच श्री गुरू अंगद साहिब जी दा गुरद्वारा है#इॱक वार अजेही औड़ लॱगी कि वरखा दी बूंद ना डिगी. सारे लोक कॱठे होके दादू नामक तपे पास (जो खडूर विॱच ही वसदा सी) गए, अते वरखा लई बेनती कीती. उस ने किहा कि जद ताईं गुरू अंगद जी खडूर वसदे हन, तद तीक वरखा नहीं पवेगी. जे उह इॱथों चले जाण, तां वरखा होवेगी. इह बात लोकां ने गुरू जी पास जा कही, तां रात नूं सतिगुरू इकॱले ही खडूर साहिब तों चॱलके इॱथे आ गए. इस थां तों पिंड "छापरी" दी संगति गुरू जी नूं आपणे पिंड लै आई. उॱथे कुझ समां गुरू जी रहे. फिर भरोवाल पिंड हुंदे होए खडूर वासीआं दी पशचाताप सहित कीती होई अरजोई मंनके मुड़ खडूर साहिब चरन पाए.#पहिलां इॱथे साधारन असथान सी. २०- २२ साल तों भाई नॱथासिंघ जी पुजारी दी प्रेरणा नाल बहुत सुंदर दरबार बण गिआ है. निॱत श्री गुरू ग्रंथसाहिब जी दा प्रकाश हुंदा है. दस विॱघे ज़मीन सरदार जगतसिंघ नंबरदार अते सरदार मंगलसिंघ चंदनसिंघ ने दिॱती होई है। २. त्रुटि. घाटा. कमी.
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਦੇਖੋ, ਅਮ੍ਰਿਤਸਰ। ੨. ਸਤਸੰਗ. ਸਾਧੁ ਸਮਾਜ. "ਅੰਮ੍ਰਿਤਸਰੁ ਸਿਫਤੀ ਦਾ ਘਰੁ." (ਸਵਾ ਮਃ ੩) ੩. ਮੁਕਿਤ ਦਾ ਸਰੋਵਰ. "ਸਤਿਗੁਰੁ ਹੈ ਅੰਮ੍ਰਿਤਸਰ ਸਾਚਾ." (ਮਾਝ ਅਃ ਮਃ ੩) ੪. ਆਤਮਗ੍ਯਾਨ। ੫. ਆਤਮ ਸ੍ਵਰੂਪ. "ਕਾਇਆ ਅੰਦਰਿ ਅਮ੍ਰਿਤਸਰ ਸਾਚਾ." (ਮਾਰੂ ਸੋਲਹੇ ਮਃ ੩)...
ਦੇਖੋ, ਤਹਸੀਲ....
ਦੇਖੋ, ਤਰਣਤਾਰਣ। ੨. ਜਿਲਾ ਅਮ੍ਰਿਤਸਰ ਵਿੱਚ ਸ਼ਹਿਰ ਅਮ੍ਰਿਤਸਰ ਤੋਂ ੧੪. ਮੀਲ ਉੱਤਰ ਇੱਕ ਗੁਰਧਾਮ. ਰੇਲਵੇ ਸਟੇਸ਼ਨ ਖ਼ਾਸ ਤਰਨਤਾਰਨ ਹੈ. ਗੁਰੂ ਅਰਜਨ ਸਾਹਿਬ ਨੇ ਪਿੰਡ ਖਾਰਾ ਅਤੇ ਪਲਾਸੂਰ ਦੀ ਜ਼ਮੀਨ ਇੱਕ ਲੱਖ ਸਤਵੰਜਾ ਹਜ਼ਾਰ ਨੂੰ ਖ਼ਰੀਦਕੇ ਤਰਨਤਾਰਨ ਤਾਲ ੧੭. ਵੈਸਾਖ ਸੰਮਤ ੧੬੪੭ ਨੂੰ ਖੁਦਵਾਇਆ.¹ ਸੰਮਤ ੧੬੫੩ ਵਿੱਚ ਨਗਰ ਆਬਾਦ ਕੀਤਾ ਅਤੇ ਤਾਲ ਨੂੰ ਪੱਕਾ ਕਰਨ ਤਥਾ ਧਰਮਮੰਦਿਰ ਰਚਣ ਲਈ ਆਵੇ ਲਗਵਾਏ. ਨੂਰੁੱਦੀਨ ਦੇ ਪੁੱਤ ਅਮੀਰੁੱਦੀਨ ਨੇ ਜਬਰਨ ਇੱਟਾਂ ਖੋਹਕੇ ਸਰਾਇ ਨੂੰ ਲਾ ਲਈਆਂ ਅਤੇ ਆਪਣੇ ਮਕਾਨ ਬਣਵਾਏ.² ਸੰਮਤ ੧੮੨੩ ਵਿੱਚ ਸਰਦਾਰ ਜੱਸਾ ਸਿਘ ਰਾਮਗੜ੍ਹੀਏ ਨੇ ਇਹ ਇ਼ਮਾਰਤਾਂ ਢਾਹਕੇ ਤਾਲ ਦੇ ਦੋ ਪਾਸੇ ਬਣਵਾਏ ਅਤੇ ਦੋ ਪਾਸੇ ਮਹਾਰਾਜਾ ਰਣਜੀਤਸਿੰਘ ਨੇ ਮੋਤੀਰਾਮ ਕਾਰਕੁਨ ਦੀ ਮਾਰਫਤ ਪੱਕੇ ਬਣਵਾਏ. ਕੌਰ ਨੌਨਿਹਾਲ ਸਿੰਘ ਨੇ ਪਰਿਕ੍ਰਮਾ ਪੱਕੀ ਕਰਵਾਈ ਅਤੇ ਮੁਨਾਰਾ ਬਣਵਾਇਆ. ਸਰੋਵਰ ਦੇ ਕਿਨਾਰੇ ਸੁੰਦਰ ਹਰਿਮੰਦਿਰ ਬਣਿਆ ਹੋਇਆ ਹੈ.#ਗੁਰੂ ਅਰਜਨਦੇਵ ਦਾ ਜਾਰੀ ਕੀਤਾ ਇਸ ਥਾਂ ਕੁਸ੍ਠੀਆਂ ਦਾ ਆਸ਼੍ਰਮ ਹੈ, ਇਸੇ ਕਾਰਨ ਤਰਨਤਾਰਨ ਦੇ ਨਾਮ ਨਾਲ "ਦੂਖਨਿਵਾਰਣ" ਵਿਸ਼ੇਸਣ ਲਾਇਆ ਜਾਂਦਾ ਹੈ.³ ਇਸ ਗੁਰਦ੍ਵਾਰੇ ਨੂੰ ਸਿੱਖ ਰਾਜ ਸਮੇਂ ਦੀ (੪੬੬੪) ਸਲਾਨਾ ਜਾਗੀਰ ਹੈ ਅਤੇ ੨. ਦੁਕਾਨਾਂ ਗੁਰਦ੍ਵਾਰੇ ਦੀ ਮਾਲਕੀਯਤ ਹਨ. ਕ਼ਰੀਬ ਚਾਲੀ ਹਜ਼ਾਰ ਰੁਪਯਾ ਸਾਲ ਵਿੱਚ ਪੂਜਾ ਦੀ ਆਮਦਨ ਹੈ#ਪਰਿਕ੍ਰਮਾ ਵਿੱਚ ਇੱਕ ਅਸਥਾਨ ਮੰਜੀਸਾਹਿਬ ਨਾਮ ਦਾ ਹੈ. ਇਸ ਥਾਂ ਗੁਰੂ ਅਰਜਨਦੇਵ ਵਿਰਾਜਕੇ ਤਾਲ ਦੀ ਰਚਨਾ ਕਰਵਾਉਂਦੇ, ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀਵਾਨ ਲਾਉਂਦੇ ਰਹੇ ਹਨ. ਸ਼ਹਿਰ ਤੋਂ ਇੱਕ ਫਰਲਾਂਗ ਦੱਖਣ ਗੁਰੂ ਅਰਜਨ ਜੀ ਦਾ ਲਗਵਾਇਆ "ਗੁਰੂ ਕਾ ਖੂਹ" ਹੈ. ਇੱਥੇ ਭੀ ਗੁਰੂ ਸਾਹਿਬ ਦੇ ਵਿਰਾਜਣ ਦੀ ਥਾਂ ਮੰਜੀਸਾਹਿਬ ਹੈ. ਗੁਰੂ ਜੀ ਵੱਲੋਂ ਮਾਤਾ ਜੀ ਦੇ ਨਾਮ ਤੇ ਲਵਾਇਆ "ਬੀਬੀ ਭਾਨੀ ਵਾਲਾ ਖੂਹ" ਭੀ ਪਵਿਤ੍ਰ ਅਸਥਾਨ ਹੈ.#ਹਰ ਅਮਾਵਸ੍ਯਾ (ਮੌਸ) ਨੂੰ ਮੇਲਾ ਹੁੰਦਾ ਹੈ, ਪਰ ਭਾਦੋਂ ਬਦੀ ੩੦ ਨੂੰ ਭਾਰੀ ਉਤਸਵ ਮਨਾਇਆ ਜਾਂਦਾ ਹੈ....
ਅਸਥਾਨ. ਥਾਂ. ਜਗਾ. ਠਹਿਰਨ ਦਾ ਠਿਕਾਣਾ। ੨. ਪੋਲੀਸ (Police) ਦੇ ਠਹਿਰਨ ਦੀ ਵਡੀ ਚੌਕੀ, ਜਿੱਥੇ ਥਾਣੇਦਾਰ ਰਹਿਂਦਾ ਹੈ....
ਜਿਲਾ ਅੰਮ੍ਰਿਤਸਰ ਵਿੱਚ ਇੱਕ ਪਿੰਡ, ਜਿਸ ਥਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਚੁਬੱਚਾ ਸਾਹਿਬ ਨਾਮ ਤੋਂ ਪ੍ਰਸਿੱਧ ਹੈ. ਦੇਖੋ, ਚੁਬੱਚਾ ਸਾਹਿਬ ੨....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਉਪਦਿਸ਼ਾ, ਦਿਸ਼ਾ ਅਤੇ ਬਾਇਵ....
ਸੰ. ਸੰਗ੍ਯਾ- ਕੂਣਾ. ਗੋਸ਼ਾ. ਕਿਨਾਰਾ। ੨. ਦੋ ਦਿਸ਼ਾ ਦੇ ਮੱਧ ਦੀ ਦਿਸ਼ਾ. ਉਪਦਿਸ਼ਾ. ਦੇਖੋ, ਦਿਸ਼ਾ। ੩. ਸਾਰੰਗੀ ਦਾ ਬਾਲਦਾਰ ਕਮਾਨਚਾ. ਗਜ਼। ੪. ਤਲਵਾਰ ਆਦਿਕ ਸ਼ਸਤ੍ਰਾਂ ਦੀ ਧਾਰ। ੫. ਢੋਲ ਦਾ ਡੱਗਾ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਗੁਰਦੁਆਰਾ ੩....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਦੇਖੋ, ਬਰਖਾ....
ਸੰਗ੍ਯਾ- ਬਿੰਦੁ. ਤੁਬਕਾ. ਕ਼ਤ਼ਰਾ. ਕਣੀ. "ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?" (ਵਾਰ ਜੈਤ) ੨. ਭਾਵ- ਵੀਰਯ. ਮਣੀ. ਸ਼ੁਕ੍ਰ. "ਰਕਤ ਬੂੰਦ ਕਾ ਗਾਰਾ." (ਸੋਰ ਰਵਿਦਾਸ)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਇਸ ਮਹਾਤਮਾ ਸਾਧੂ ਦਾ ਜਨਮ ਅਹਮਦਾਬਾਦ (ਗੁਜਰਾਤ) ਵਿੱਚ ਪੀਂਜੇ ਦੇ ਘਰ ਹੋਇਆ. ਵਿਵੇਕੀ ਕਬੀਰਪੰਥੀ ਸੰਤਾਂ ਦੀ ਸੰਗਤਿ ਦ੍ਵਾਰਾ ਗ੍ਯਾਨ ਦੀ ਪ੍ਰਾਪਤੀ ਹੋਈ. ਦਾਦੂ ਜੀ ਦਾ ਵਡਾ ਡੇਰਾ ਪਿੰਡ ਨਾਰਾਯਣੇ ਜੈਪੁਰ ਰਾਜ ਵਿੱਚ ਹੈ, ਜੋ ਫੁਲੇਰਾ ਸਟੇਸ਼ਨ (ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਲਵੇ ਦੀ ਛੋਟੀ ਲੈਨ) ਤੋਂ ਤਿੰਨ ਮੀਲ ਹੈ. ਇਸ ਨੂੰ ਦਾਦੂਦ੍ਵਾਰਾ ਆਖਦੇ ਹਨ. ਇੱਥੇ ਦਾਦੂ ਜੀ ਦਾ ਦੇਹਾਂਤ ਸੰਮਤ ੧੬੬੦ ਵਿੱਚ ਹੋਇਆ ਹੈ. ਦਾਦੂ ਜੀ ਨੇ ਅਨੇਕ ਸ਼ਬਦ ਸਲੋਕ ਰਚੇ ਹਨ, ਜਿਨ੍ਹਾਂ ਨੂੰ ਸਾਧੂ ਪ੍ਰੇਮ ਨਾਲ ਪੜ੍ਹਦੇ ਹਨ.#ਦੱਖਣ ਨੂੰ ਜਾਂਦੇ ਹੋਏ ਦਸਵੇਂ ਪਾਤਸ਼ਾਹ ਸੰਮਤ ੧੭੬੪ ਵਿੱਚ ਇਸ ਥਾਂ ਪਧਾਰੇ ਹਨ. ਉਸ ਸਮੇਂ ਦਾਦੂਦ੍ਵਾਰੇ ਦਾ ਮਹੰਤ ਜੈਤਰਾਮ ਸੀ. ਕਲਗੀਧਰ ਨੇ ਫਰਮਾਇਆ- ਮਹੰਤ ਜੀ! ਕੋਈ ਦਾਦੂ ਜੀ ਦਾ ਵਚਨ ਸੁਣਾਓ. ਜੈਤਰਾਮ ਨੇ ਸਲੋਕ ਪੜ੍ਹਿਆ-#"ਦਾਦੂ ਦਾਵਾ ਦੂਰਿ ਕਰ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੇ ਈਂਟ ਢਿਮ ਲੀਜੈ ਸੀਸ ਚਢਾਇ."#ਗੁਰੂ ਸਾਹਿਬ ਨੇ ਫ਼ਰਮਾਇਆ- ਮਹੰਤ ਜੀ! ਹੁਣ ਇਸ ਪਾਠ ਨੂੰ ਇਉਂ ਪੜ੍ਹੋ-#"ਦਾਦੂ ਦਾਵਾ ਰੱਖਕੇ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੈ ਈਂਟ ਢਿਮ ਪਾਥਰ ਹਨੈ ਰਿਸਾਇ."#ਇਤਿਹਾਸ ਵਿੱਚ ਇਹ ਕਥਾ ਭੀ ਹੈ ਕਿ ਗੁਰੂ ਸਾਹਿਬ ਨੇ ਕਮਾਣ ਦੇ ਗੋਸ਼ੇ ਨਾਲ ਦਾਦੂ ਜੀ ਦੀ ਸਮਾਧਿ ਨੂੰ ਪ੍ਰਣਾਮ ਕੀਤਾ, ਜਿਸ ਪੁਰ ਖ਼ਾਲਸੇ ਨੇ ਮੜ੍ਹੀ ਨੂੰ ਨਮਸਕਾਰ ਕਰਨ ਦੇ ਅਪਰਾਧ ਵਿੱਚ ਦਸ਼ਮੇਸ਼ ਨੂੰ ਤਨਖਾਹੀਆ ਠਹਿਰਾਇਆ. ਕਲਗੀਧਰ ਨੇ ਫ਼ਰਮਾਇਆ ਕਿ ਅਸੀਂ ਇਹ ਕਰਮ ਖ਼ਾਲਸੇ ਦੀ ਪਰੀਕ੍ਸ਼ਾ ਲਈ ਹੀ ਕੀਤਾ ਸੀ, ਅਤੇ ਪ੍ਰਸੰਨਤਾ ਨਾਲ ਧਰਮਦੰਡ (ਤਨਖਾਹ) ਦੇਕੇ ਅੱਗੋਂ ਨੂੰ ਸ਼ੁਭ ਰੀਤ ਤੋਰੀ.#ਦਾਦੂ ਜੀ ਦੇ ਸਿੱਖਾਂ ਨੂੰ ਦਾਦੂਪੰਥੀ ਆਖਦੇ ਹਨ. ਇਸ ਮਤ ਵਿੱਚ ਸਾਧੂ ਨਿਸ਼ਚਲਦਾਸ ਵਡਾ ਪੰਡਿਤ ਹੋਇਆ ਹੈ, ਜਿਸ ਨੇ ਯੁਕ੍ਤਿਪ੍ਰਕਾਸ਼. ਵਿਚਾਰਸਾਗਰ, ਵ੍ਰਿੱਤਿਪੂਭਾਕਰ ਆਦਿ ਗ੍ਰੰਥ ਰਚੇ ਹਨ. ਨਿਸ਼ਚਲਦਾਸ ਦਾ ਜਨਮ ਪਿੰਡ ਧਣਾਨਾ (ਪੰਜਾਬ) ਵਿੱਚ ਸੰਮਤ ੧੮੪੯ ਵਿੱਚ ਅਤੇ ਦੇਹਾਂਤ ਸੰਮਤ ੧੯੧੯ ਵਿੱਚ ਦਿੱਲੀ ਹੋਇਆ। ੨. ਖਡੂਰ ਨਿਵਾਸੀ ਇੱਕ ਤਪਾ. ਦੇਖੋ, ਤੁੜ। ੩. ਪੰਡੋਰੀ ਨਿਵਾਸੀ ਇੱਕ ਧਰਮਾਤਮਾ ਸਾਧੂ, ਜਿਸ ਨੇ ਮੀਰਮੰਨੂੰ ਦੇ ਆਤ੍ਯਾਚਾਰ ਤੋਂ ਸਰਦਾਰ ਮਤਾਬਸਿੰਘ ਮੀਰਾਂਕੋਟੀਏ ਦੀ ਸਿੰਘਣੀ ਆਪਣੇ ਮਕਾਨ ਵਿੱਚ ਲੁਕੋਕੇ ਬਚਾਈ ਸੀ....
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਜਿਲਾ ਅਮ੍ਰਿਤਸਰ, ਥਾਣਾ ਵੈਰੋਵਾਲ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਨਿਵਾਸ ਅਸਥਾਨ, ਜੋ ਤਰਨਤਾਰਨ ਰੇਲਵੇ ਸਟੇਸ਼ਨ ਤੋਂ ਵਾਯਵੀ ਕੋਣ ੧੦. ਮੀਲ ਹੈ. "ਸਨੇ ਸਨੇ ਆਵਤਭਏ ਗ੍ਰਾਮ ਖਡੂਰ ਅਵਾਸ." (ਨਾਪ੍ਰ)#ਇਸ ਨਗਰ ਵਿੱਚ ਗੁਰੂ ਅੰਗਦ ਦੇਵ ਜੀ ਦਾ ਦੇਹਰਾ ਹੈ ਅਤੇ ਗੁਰੂ ਅਮਰਦੇਵ ਇੱਥੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ, ਅਰ ਗੁਰੂ ਨਾਨਕ ਸਾਹਿਬ ਜੀ ਨੇ ਭੀ ਇਸ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ. ਆਬਾਦੀ ਦੇ ਅੰਦਰ ਹੀ ਗੁਰੂ ਅੰਗਦ ਦੇਵ ਦਾ ਗੁਰਦ੍ਵਾਰਾ ਹੈ, ਜੋ ਸੁੰਦਰ ਬਣਿਆ ਹੋਇਆ ਹੈ. ਇਸ ਦਰਬਾਰ ਦੀ ਪਰਿਕ੍ਰਮਾ ਵਿੱਚ ਹੀ ਉਸ ਕਿੱਲੇ ਦਾ ਕਰੀਰ ਹੈ, ਜਿਸ ਨਾਲ ਗੁਰੂ ਅਮਰ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਨਾਨ ਲਈ ਜਲ ਦੀ ਗਾਗਰ ਲੈਆਉਂਦੇ ਠੋਕਰ ਖਾਕੇ ਡਿਗ ਪਏ ਸਨ. ਗੁਰਦ੍ਵਾਰੇ ਨੂੰ ਛੱਬੀ ਸੌ ਰੁਪਯਾ ਸਾਲਾਨਾ ਜਾਗੀਰ ਹੈ. ਇਸ ਥਾਂ ਇਹ ਗੁਰਦ੍ਵਾਰੇ ਹਨ-#(੧) ਤਪਿਆਨਾ ਸਾਹਿਬ. ਆਬਾਦੀ ਤੋਂ ਇੱਕ ਫਰਲਾਂਗ ਉੱਤਰ ਪੂਰਵ ਗੁਰੂ ਅੰਗਦ ਦੇਵ ਜੀ ਦੇ ਤਪ ਦਾ ਅਸਥਾਨ. ਇਸ ਪਾਸ ਇੱਕ ਤਾਲ ਹੈ, ਜਿਸ ਦੇ ਕਿਨਾਰੇ ਭਾਈ ਬਾਲੇ ਦੀ ਸਮਾਧਿ ਹੈ.#(੨) ਥੜਾ ਸਾਹਿਬ. ਉਹ ਚਬੂਤਰਾ ਹੈ ਜਿਸ ਪੁਰ ਸੇਵਾ ਤੋਂ ਵੇਲ੍ਹ ਮਿਲਣ ਤੇ ਗੁਰੂ ਅਮਰ ਦੇਵ ਜੀ ਪਾਠ ਕੀਤਾ ਕਰਦੇ ਸਨ.#(੩) ਦੇਹਰਾ ਸ਼੍ਰੀ ਗੁਰੂ ਅੰਗਦ ਸਾਹਿਬ.#(੪) ਮੱਲ ਅਖਾੜਾ. ਆਬਾਦੀ ਦੇ ਪਾਸ ਹੀ ਪੱਛਮ ਵੱਲ ਗੁਰੂ ਅੰਗਦਦੇਵ ਜੀ ਦਾ ਉਹ ਥਾਂ, ਜਿੱਥੇ ਬੈਠਕੇ ਪਿੰਡ ਦੇ ਬਾਲਕਾਂ ਨੂੰ ਮੱਲਯੁੱਧ ਦੀ ਸਿਖ੍ਯਾ ਦਿਆ ਕਰਦੇ ਸਨ. ਦੇਖੋ, ਨਕਸ਼ਾ ਗੋਇੰਦਵਾਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਵਿਨਯ. ਪ੍ਰਾਰਥਨਾ। ੩. ਨੰਮ੍ਰਤਾ. ਹਲੀਮੀ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)...
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਕ੍ਰਿ. ਵਿ- ਇਸ ਥਾਂ. ਯਹਾਂ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਛਪਰੀ. ਫੂਸ ਦੀ ਕੁਟੀ. ਛੰਨ. "ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ." (ਸੂਹੀ ਮਃ ੫) ੨. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦਾ ਇੱਕ ਪਿੰਡ, ਜਿੱਥੇ ਹੇਮੇ ਪ੍ਰੇਮੀ ਦੀ ਛਪਰੀ ਵਿੱਚ ਗੁਰੂ ਅਰਜਨਦੇਵ ਜੀ ਨੇ ਨਿਵਾਸ ਕੀਤਾ ਅਤੇ ਉੱਪਰ ਲਿਖਿਆ ਸ਼ਬਦ ਉਚਾਰਿਆ.#ਇਸ ਥਾਂ ਗੁਰੂ ਅੰਗਦਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਭੀ ਚਰਣ ਪਏ ਹਨ, ਅਰ ਗੁਰੂ ਹਰਿਗੋਬਿੰਦ ਸਾਹਿਬ ਭੀ ਪਧਾਰੇ ਹਨ. ੧੪. ਘੁਮਾਉਂ ਜ਼ਮੀਨ ਪਿੰਡ ਖਾਨਛਾਪਰੀ, ਖਾਨਰਜਾਦਾ ਅਤੇ ਚੱਕ ਮਹਿਰਾ ਵਿੱਚ ਹੈ. ਰੇਲਵੇ ਸਟੇਸ਼ਨ ਤਰਨਤਾਰਨ ਤੋਂ ਛਾਪਰੀ ੧੦. ਮੀਲ ਵਾਯਵੀ ਕੋਣ ਹੈ....
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਵ੍ਯ- ਪੁਨਃ ਦੋਬਾਰਾ. ਬਾਰ ਬਾਰ. ਬਹੁਰ....
ਦੇਖੋ, ਗੁਰੂਆਣਾ ੨....
ਸੰ. ਪਸ੍ਚਾਤਾੱਪ. ਸੰਗ੍ਯਾ- ਕੋਈ ਕੰਮ ਕਰਕੇ ਪਿੱਛੋਂ ਤਪਣ ਦੀ ਕ੍ਰਿਯਾ. ਪਛਤਾਵਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਪ੍ਰਾਰਥਨਾ. ਦੇਖੋ, ਅਰਜ. "ਅਵਿ ਲੋਕੋ ਮਮ ਦਿਸ ਅਰਜੋਈ." (ਗੁਪ੍ਰਸੂ)...
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ....
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਦੇਖੋ, ਸਾਧਾਰਣ। ੨. ਮੈਹਿਤਪੁਰ (ਜਿਲਾ ਜਲੰਧਰ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਅੰਗਦ ਸਾਹਿਬ ਦਾ ਸਿੱਖ ਹੋਇਆ. ਇਹ ਪ੍ਰਚਾਰ ਦੀ ਸੇਵਾ ਭੀ ਕਰਦਾ ਸੀ. ਸਾਧਾਰਨ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਭੀ ਹਾਜਿਰ ਰਿਹਾ ਹੈ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ....
ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਦੇਖੋ, ਨਿਤ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਵਿ- ਮਨੁੱਖਾਂ ਖੇਤਾਂ ਅਤੇ ਵਸਤਾਂ ਦਾ ਨੰਬਰ (ਸ਼ੁਮਾਰ) ਰੱਖਣ ਵਾਲਾ। ੨. ਸੰਗ੍ਯਾ- ਪਿੰਡ ਦਾ ਚੋਧਰੀ ਲੰਬਰਦਾਰ....
ਸੰ. ਸੰਗ੍ਯਾ- ਤੋਟਾ. ਘਾਟਾ. ਕਮੀ। ੨. ਭੁੱਲ. ਖ਼ਤਾ। ੩. ਬਚਨਭੰਗ. ਵਾਯਦੇ ਖ਼ਿਲਾਫ਼ੀ। ੪. ਸੰਸ਼ਾ. ਸੰਦੇਹ। ੫. ਚਾਰ ਕ੍ਸ਼੍ਣ ਭਰ ਵੇਲਾ। ੬. ਛੋਟੀ ਇਲਾਇਚੀ। ੭. ਤ੍ਰਸਰੇਣੁ....
ਸੰਗ੍ਯਾ- ਕਮੀ. ਤੋਟਾ। ੨. ਪਹਾੜੀ ਰਸਤਾ. ਘੱਟ. "ਘਾਟਾ ਰੋਕਲੇਹੁ ਦਿਨ ਠਾਢੇ." (ਗੁਪ੍ਰਸੂ) ੩. ਦੇਖੋ, ਘਾਠਾ....
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....