rājārāmaराजाराम
ਕਈ ਲੇਖਕਾਂ ਨੇ ਰਾਜਾ ਰਾਮਰਾਇ ਦਾ ਇਹ ਨਾਮ ਲਿਖ ਦਿੱਤਾ ਹੈ. ਦੇਖੋ, ਰਤਨਰਾਯ। ੨. ਇੱਕ ਖਤ੍ਰੀ ਸਿੱਖ, ਜੋ ਦਿੱਲੀ ਵਿੱਚ ਮਾਲੀ ਅਹੁਦੇਦਾਰ ਸੀ. ਇਹ ਮਾਤਾ ਸੁੰਦਰੀ ਜੀ ਦੀ ਤਨ ਮਨ ਧਨ ਤੋਂ ਸੇਵਾ ਕਰਦਾ ਰਿਹਾ। ੩. ਗਿਆਨੀਆਂ ਦਾ ਕਲਪਿਆ ਹੋਇਆ ਇੱਕ ਬਨਾਰਸ ਦਾ ਹਲਵਾਈ। ੪. ਮਰਹਟਾਪਤਿ ਸ਼ਿਵਾ ਜੀ ਦੇ ਨਾਬਾਲਗ ਪੋਤੇ ਸਾਹੋ ਜੀ ਦਾ ਚਾਚਾ ਅਤੇ ਸਰਪਰਸ੍ਤ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੇਵਕ ਰਾਜਪੂਤ, ਜੋ ਗੁਰੂ ਸਾਹਿਬ ਦੀ ਚਿਤਾ ਵਿੱਚ ਜਲਕੇ ਭਸਮ ਹੋਗਿਆ. ਦੇਖੋ, ਦਬਿਸਤਾਨੇ ਮਜਾਹਬ। ੬. ਸਭ ਦੇ ਪ੍ਰਕਾਸ਼ਣ ਵਾਲਾ ਪ੍ਰਕਾਸ਼ਰੂਪ ਕਰਤਾਰ. "ਰਾਜਾਰਾਮੁ ਮਉਲਿਆ ਅਨਤਭਾਇ." (ਬਸੰ ਕਬੀਰ) ੭. ਇੱਕ ਸਾਰਸ੍ਵਤ ਬ੍ਰਾਹਮਣ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ, ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਭਾਈ ਰਾਜਾਰਾਮ ਦੀ ਔਲਾਦ ਹੁਣ ਪਿੰਡ ਸੰਧਮਾ (ਜਿਲਾ ਜਲੰਧਰ) ਵਿੱਚ ਵਸਦੀ ਹੈ.
कई लेखकां ने राजा रामराइ दा इह नाम लिख दिॱता है. देखो, रतनराय। २. इॱक खत्री सिॱख, जो दिॱली विॱच माली अहुदेदार सी. इह माता सुंदरी जी दी तन मन धन तों सेवा करदा रिहा। ३. गिआनीआं दा कलपिआ होइआ इॱक बनारस दा हलवाई। ४. मरहटापति शिवा जी दे नाबालग पोते साहो जी दा चाचा अते सरपरस्त। ५. श्री गुरू हरिगोबिंद साहिब जी दा सेवक राजपूत, जो गुरू साहिब दी चिता विॱच जलके भसम होगिआ. देखो, दबिसताने मजाहब। ६. सभ दे प्रकाशण वाला प्रकाशरूप करतार. "राजारामु मउलिआ अनतभाइ." (बसं कबीर) ७. इॱक सारस्वत ब्राहमण, जो गुरू अमरदास जी दा सिॱख होके जाती अभिमान तों छुटकारा पा, आतमग्यानी होइआ. इस नूं गुरू साहिब ने प्रचारक दी मंजी बखशी. भाई राजाराम दी औलाद हुण पिंड संधमा (जिला जलंधर) विॱच वसदी है.
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਰਾਜਾਰੂਪ ਕਰਤਾਰ. "ਅੰਤਰਿ ਰਾਮਰਾਇ ਪ੍ਰਗਟੇ ਆਇ." (ਭੈਰ ਮਃ ੫) ੨. ਦੇਖੋ, ਰਾਮਰਾਇ ਬਾਬਾ। ੩. ਦੇਖੋ, ਰਤਨਰਾਯ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਸ੍ਵਰਣਮਤੀ ਦੇ ਉਦਰ ਤੋਂ ਰਾਜਾ ਰਾਮਰਾਇ ਦਾ ਪੁਤ੍ਰ, ਆਸਾਮ ਦਾ ਰਈਸ, ਜਿਸ ਦਾ ਜਨਮ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਵਰਦਾਨ ਦ੍ਵਾਰਾ ਹੋਇਆ ਸੀ. ਇਹ ਸੰਮਤ ੧੭੩੫ ਵਿੱਚ ਪੰਚਕਲਾ ਸ਼ਸਤ੍ਰ, ਸੰਦਲ ਦੀ ਕਲਦਾਰ ਚੌਕੀ, ਪੰਜ ਘੋੜੇ, ਪ੍ਰਸਾਦੀ ਹਾਥੀ, ਆਦਿਕ ਭੇਟਾ ਲੈਕੇ ਆਨੰਦਪੁਰ ਕਲਗੀਧਰ ਜੀ ਦੇ ਦਰਬਾਰ ਹਾਜਿਰ ਹੋਇਆ ਅਤੇ ਸਿੱਖ ਬਣਿਆ....
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੇਖੋ, ਸਵੈਯੇ ਦਾ ਰੂਪ ੧੬। ੨. ਪਿੰਗਲ- ਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ "ਸੁੰਦਰੀ" ਹੈ ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ "ਦ੍ਰੁਤਵਿਲੰਬਿਤਾ" ਭੀ ਹੈ.#ਉਦਾਹਰਣ-#ਦੁਖਭਰੀ ਜਗ ਆਸਨ ਤ੍ਯਾਗਰੀ,#ਜਪ ਹਰੀ ਗੁਰੁਪਾਦਨ ਲਾਗਰੀ. xxx#(ਅ) ਰਾਮਚੰਦ੍ਰਿਕਾ ਵਿੱਚ "ਮੋਦਕ" ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ-#ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,#ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,#ਆਪਨਪੌ ਜੁ ਤਜ੍ਯੋ ਜਗਬੰਦਹਿ,#ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.#ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ-#ਸੂਪਨਖਾ ਇਹ ਭਾਂਤ ਸੁਨੀ ਜਬ,#ਧਾਯ ਚਲੀ ਅਵਿਲੰਬ ਤ੍ਰਿਯਾ ਤਬ,#ਕਾਮ ਅਰੂਪ ਕਲੇਵਰ ਜਾਨਿਯ,#ਰੂਪ ਸਰੂਪ ਤਿਹੂ ਪੁਰ ਮਾਨਿਯ.#(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਉਦਾਹਰਣ-#ਭਟ ਹੁੰਕੇ ਧੁੰਕੇ ਬੰਕਾਰੇ,#ਰਣ ਬੱਜੇ ਗੱਜੇ ਨੱਗਾਰੇ,#ਰਣ ਹੁੱਲ ਕਲੋਲੰ ਹੁੱਲਾਲੰ,#ਢਲਹੱਲੰ ਢਾਲੰ ਉੱਛਾਲੰ.#੩. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora । ੪. ਦੇਖੋ, ਸੁੰਦਰੀ ਮਾਤਾ। ੫. ਵਿ- ਸੋਹਣੀ. ਸੁੰਦਰਤਾ ਵਾਲੀ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. ਵਾਰਾਣਸੀ. ਵਰਣਾ ਅਤੇ ਅਸਿ ਨਦੀਆਂ ਪੁਰ ਆਬਾਦ ਸ਼ਹਿਰ, ਜੋ ਹਿੰਦੂਆਂ ਦਾ ਪ੍ਰਧਾਨ ਤੀਰਥ ਹੈ.¹ ਕਾਸ਼ੀ. ਕਿਤਨੇ ਵਿਦ੍ਵਾਨ ਅਰਥ ਕਰਦੇ ਹਨ- ਵਰ- ਅਨਸ੍ (ਜਲ). ਪਵਿਤ੍ਰ ਜਲਵਾਲੀ ਪੁਰੀ. "ਬਨਾਰਸਿ ਅਸਿ ਬਸਤਾ." (ਗੌਂਡ ਨਾਮਦੇਵ) ਦੇਖੋ, ਕਾਸ਼ੀ। ੨. ਵ੍ਰਿਜ ਭੂਮਿ ਦਾ ਬਰਸਾਨਾ ਗ੍ਰਾਮ. "ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ਇਸ ਸ਼ਬਦ ਵਿੱਚ ਜਿਗ੍ਯਾਸੂ ਗੋਪੀ ਹੈ, ਕਰਤਾਰ ਕ੍ਰਿਸਨ ਹੈ, ਬਰਸਾਨਾ ਅੰਤਹਕਰਣ ਅਤੇ ਬ੍ਰਿੰਦਾਬਨ ਸ਼ਰੀਰ ਹੈ....
ਵਿ- ਹਲਵਾ (ਕੜਾਹ) ਬਣਾਉਣ ਵਾਲਾ. ਦੇਖੋ, ਹਲਵਾ....
ਸੰ. ਸ਼ਿਵਾ. ਸੰਗ੍ਯਾ- ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. "ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ." (ਚੰਡੀ ੧) ੨. ਪਾਰਬ੍ਰਹਮ ਦੀ ਸ਼ਕਤਿ. ਦੇਖੋ, ਸ਼ਿਵ. "ਦੇਹ ਸਿਵਾ ਵਰ ਮੋਹਿ ਅਬੈ." (ਚੰਡੀ ੧) ੩. ਹਰੀ ਦੁੱਬ। ੪. ਗਿਦੜੀ. "ਸਿਵਾ ਅਸਿਵਾ ਪੁਕਾਰਤ ਭਈ." (ਗੁਪ੍ਰਸੂ) ੫. ਹਲਦੀ। ੬. ਮੁਕਤਿ। ੭. ਹਰੜ. ੮. ਵਿ- ਸੁਖ ਦੇਣ ਵਾਲੀ. ੯. ਪ੍ਰਾ. ਸੰਗ੍ਯਾ- ਚਿਤਾ. ਸ਼ਵ ਦਾਹ ਦੀ ਥਾਂ। ੧੦. ਅ਼. [سِوا] ਕ੍ਰਿ. ਵਿ- ਬਗੈਰ. ਬਿਨਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [سرپرست] ਵਿ- ਸਿਰ ਤੇ ਹੱਥ ਰੱਖਣ ਵਾਲਾ. ਪ੍ਰਤਿਪਾਲਕ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਦੇਖੋ, ਚਿਖਾ। ੨. ਦੇਖੋ, ਚਿੱਤਾ....
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਅਨੇਕ ਪ੍ਰਕਾਰ ਨਾਲ. "ਰਾਜਾ ਰਾਮ ਮਉਲਿਆ ਅਨਤਭਾਇ." (ਬਸੰ ਕਬੀਰ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਸਾਰਸੁਤ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ." (ਵਾਰ ਮਾਝ ਮਃ ੧) ੨. ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ." (ਸੋਰ ਰਵਿਦਾਸ) ੩. ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ." (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫) ੪. ਸੰ. ਸੰਗ੍ਯਾ- ਚਮੇਲੀ। ੫. ਮਾਲਤੀ। ੬. ਡਿੰਗ. ਹਾਥੀ। ੭. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੮. ਅ਼. [ذاتی] ਜਾਤੀ. ਵਿ- ਆਪਣਾ. ਨਿਜਕਾ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਸੰਗ੍ਯਾ- ਮੁਕਤਿ. ਰਿਹਾਈ. ਬੰਧਨ ਦਾ ਅਭਾਵ. "ਇਨ ਤੇ ਕਹਹੁ, ਕਵਨ ਛੁਟਕਾਰ." (ਸੁਖਮਨੀ) "ਬਿਨ ਹਰਿਭਜਨ ਨਹੀ ਛੁਟਕਾਰਾ." (ਬਾਵਨ)...
ਸੰਗ੍ਯਾ- ਬ੍ਰਹਮਗ੍ਯਾਨੀ। ੨. ਸ੍ਵਰੂਪ ਦਾ ਗ੍ਯਾਤਾ....
ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ...
ਛੋਟਾ ਮੰਜਾ. ਦੇਖੋ, ਮੰਚ। ੨. ਗੁਰਦ੍ਵਾਰੇ ਦਾ ਉਹ ਥੜਾ (ਚਬੂਤਰਾ), ਜੋ ਗੁਰੂ ਸਾਹਿਬ ਦੇ ਬੈਠਣ ਦੀ ਥਾਂ ਸਨਮਾਨ ਵਾਸਤੇ ਬਣਾਇਆ ਹੈ। ੩. ਮਹੰਤ ਦੀ ਗੱਦੀ. ਸ਼੍ਰੀ ਗੁਰੂ ਅਮਰਦੇਵ ਜੀ ਨੇ ੨੨ ਧਰਮਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ. ਇਸੇ ਨੂੰ ਇਤਿਹਾਸਕਾਰਾਂ ਨੇ ਬਾਈ ਮੰਜੀਆਂ ਬਖ਼ਸ਼ਣ ਦਾ ਪ੍ਰਸੰਗ ਲਿਖਿਆ ਹੈ. ਦੇਖੋ, ਬਾਈ ਮੰਜੀਆਂ। ੪. ਸੰ. मञ्जी. ਮੰਜਰੀ. ਸਿੱਟਾ. ਬੱਲੀ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਕਈ ਲੇਖਕਾਂ ਨੇ ਰਾਜਾ ਰਾਮਰਾਇ ਦਾ ਇਹ ਨਾਮ ਲਿਖ ਦਿੱਤਾ ਹੈ. ਦੇਖੋ, ਰਤਨਰਾਯ। ੨. ਇੱਕ ਖਤ੍ਰੀ ਸਿੱਖ, ਜੋ ਦਿੱਲੀ ਵਿੱਚ ਮਾਲੀ ਅਹੁਦੇਦਾਰ ਸੀ. ਇਹ ਮਾਤਾ ਸੁੰਦਰੀ ਜੀ ਦੀ ਤਨ ਮਨ ਧਨ ਤੋਂ ਸੇਵਾ ਕਰਦਾ ਰਿਹਾ। ੩. ਗਿਆਨੀਆਂ ਦਾ ਕਲਪਿਆ ਹੋਇਆ ਇੱਕ ਬਨਾਰਸ ਦਾ ਹਲਵਾਈ। ੪. ਮਰਹਟਾਪਤਿ ਸ਼ਿਵਾ ਜੀ ਦੇ ਨਾਬਾਲਗ ਪੋਤੇ ਸਾਹੋ ਜੀ ਦਾ ਚਾਚਾ ਅਤੇ ਸਰਪਰਸ੍ਤ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੇਵਕ ਰਾਜਪੂਤ, ਜੋ ਗੁਰੂ ਸਾਹਿਬ ਦੀ ਚਿਤਾ ਵਿੱਚ ਜਲਕੇ ਭਸਮ ਹੋਗਿਆ. ਦੇਖੋ, ਦਬਿਸਤਾਨੇ ਮਜਾਹਬ। ੬. ਸਭ ਦੇ ਪ੍ਰਕਾਸ਼ਣ ਵਾਲਾ ਪ੍ਰਕਾਸ਼ਰੂਪ ਕਰਤਾਰ. "ਰਾਜਾਰਾਮੁ ਮਉਲਿਆ ਅਨਤਭਾਇ." (ਬਸੰ ਕਬੀਰ) ੭. ਇੱਕ ਸਾਰਸ੍ਵਤ ਬ੍ਰਾਹਮਣ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ, ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਭਾਈ ਰਾਜਾਰਾਮ ਦੀ ਔਲਾਦ ਹੁਣ ਪਿੰਡ ਸੰਧਮਾ (ਜਿਲਾ ਜਲੰਧਰ) ਵਿੱਚ ਵਸਦੀ ਹੈ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ....