maradhumashumārīमरदुमशुमारी
ਫ਼ਾ. [مردُمشُماری] ਸੰਗ੍ਯਾ- ਜਨ ਸੰਖ੍ਯਾ. ਦੇਸ਼ ਦੇ ਆਦਮੀਆਂ ਦੀ ਗਿਣਤੀ. ਮਨੁਸ਼੍ਯ ਗਣਨਾ. Census ਮਰਦੁਮਸ਼ੁਮਾਰੀ ਦੀ ਰੀਤਿ ਪਹਿਲਾਂ ਰੋਮ ਤੋਂ ਚੱਲੀ ਹੈ. ਇੰਗਲੈਂਡ ਵਿੱਚ ਪਹਿਲੀ ਜਨਸੰਖ੍ਯਾ ਸਨ ੧੮੦੧ ਵਿੱਚ ਹੋਈ. ਹਿੰਦੁਸਤਾਨ ਵਿੱਚ ਇਸ ਦਾ ਪ੍ਰਚਾਰ ਸਨ ੧੮੬੭ ਵਿੱਚ ਹੋਇਆ, ਪਰ ਪੂਰੇ ਨਿਯਮਾਂ ਅਨੁਸਾਰ ਮੁਰਦੁਮਸ਼ੁਮਾਰੀ ਭਾਰਤ ਵਿੱਚ ੧੭. ਫਰਵਰੀ ਸਨ ੧੮੮੧ ਨੂੰ ਹੋਈ. ਹੁਣ ਹਰ ਦਸ ਵਰ੍ਹੇ ਪਿੱਛੋਂ ਮਰਦੁਮਸ਼ੁਮਾਰੀ ਹੁੰਦੀ ਹੈ, ਜਿਸ ਵਿੱਚ ਹਰੇਕ ਨਗਰ, ਗ੍ਰਾਮ ਦੇ ਵਸਨੀਕਾਂ ਦੀ ਗਿਣਤੀ, ਨਾਮ, ਉਮਰ ਧਰਮ, ਜਾਤਿ, ਸਿਖ੍ਯਾ, ਬੋਲੀ ਅਤੇ ਪੇਸ਼ਾ ਆਦਿ ਲਿਖਿਆ ਜਾਂਦਾ ਹੈ.
फ़ा. [مردُمشُماری] संग्या- जन संख्या. देश दे आदमीआं दी गिणती. मनुश्य गणना. Census मरदुमशुमारी दी रीति पहिलां रोम तों चॱली है. इंगलैंड विॱच पहिली जनसंख्या सन १८०१ विॱच होई. हिंदुसतान विॱच इस दा प्रचार सन १८६७ विॱच होइआ, पर पूरे नियमां अनुसार मुरदुमशुमारी भारत विॱच १७. फरवरी सन १८८१ नूं होई. हुण हर दस वर्हे पिॱछों मरदुमशुमारीहुंदी है, जिस विॱच हरेक नगर, ग्राम दे वसनीकां दी गिणती, नाम, उमर धरम, जाति, सिख्या, बोली अते पेशा आदि लिखिआ जांदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਗਿਣਤੀ. ਸ਼ਮਾਰ. "ਤ੍ਰ੍ਯੋਦਸ ਦ੍ਯੋਸਹਿ ਸੰਖ੍ਯਾ ਕੀਨੀ." (ਨਾਪ੍ਰ) ਪੰਜਾਬੀ, ਸੰਸਕ੍ਰਿਤ. ਫ਼ਾਰਸੀ ਅਤੇ ਅੰਗ੍ਰੇਜ਼ੀ ਵਿੱਚ ਅੰਗਾਂ ਦੀ ਸੰਖ੍ਯਾ- (ਗਿਣਤੀ) ਇਉਂ ਹੈ:-:%ਇੱਕ ਇੱਕ ਬਿੰਦੀ ਲੱਗਣ ਤੋਂ ਅੰਗ ਦਸਗੁਣੇ ਜੋ ਹੁੰਦੇ ਹਨ, ਉਸ ਦਾ ਪ੍ਰਕਾਰ ਪੁਰਾਣੇ ਗ੍ਰੰਥਾਂ ਵਿੱਚ ਇਉਂ ਹੈ-#ਇੱਕ- ਏਕ ੧#ਦਸ- ਦਸ਼ ੧੦#ਸੌ-ਸ਼ਤ ੧੦੦#ਹਜਾਰ-ਸਹਸ੍ਰ ੧੦੦੦#ਅਯੁਤ ੧੦, ੦੦੦#ਲੱਖ-ਲਕ੍ਸ਼੍ ੧੦੦, ੦੦੦#ਪ੍ਰਯੁਤ-ਨਿਯੁਤ ੧, ੦੦੦, ੦੦੦#ਕਰੋੜ- ਕੋਟਿ ੧੦, ੦੦੦, ੦੦੦#ਅਬੁਦ ੧੦੦, ੦੦੦, ੦੦੦#ਵ੍ਰਿੰਦ ੧, ੦੦੦, ੦੦੦, ੦੦੦#ਖਰ੍ਵ ੧੦, ੦੦੦, ੦੦੦, ੦੦੦#ਨਿਖਰ੍ਵ ੧੦੦, ੦੦੦, ੦੦੦, ੦੦੦#ਪਦਮ ੧, ੦੦੦, ੦੦੦, ੦੦੦, ੦੦੦#ਸੰਖ ੧੦, ੦੦੦, ੦੦੦, ੦੦੦, ੦੦੦#ਮਹਾਪਦਮ ੧੦੦, ੦੦੦, ੦੦੦, ੦੦੦, ੦੦੦#ਸਾਗਰ ੧, ੦੦੦, ੦੦੦, ੦੦੦, ੦੦੦, ੦੦੦#ਅੰਤ੍ਯ ੧੦, ੦੦੦, ੦੦੦, ੦੦੦, ੦੦੦, ੦੦੦#ਮਧ੍ਯ ੧੦੦, ੦੦੦, ੦੦੦, ੦੦੦, ੦੦੦, ੦੦੦#ਪੂਰਵਾਰ੍ਧ ੧, ੦੦੦, ੦੦੦, ੦੦੦, ੦੦੦, ੦੦੦, ੦੦੦#ਪਰਾਰ੍ਧ ੧੦, ੦੦੦, ੦੦੦, ੦੦੦, ੦੦੦, ੦੦੦, ੦੦੦#ਇਸ ਸਮੇਂ ਸਕੂਲਾਂ ਵਿੱਚ ਜੋ ਗਿਣਤੀ ਪੜ੍ਹਾਈ ਜਾਂਦੀ ਹੈ ਉਹ ਇਉਂ ਹੈ-#ਇਕਾਈ ੧ Unit#ਦਹਾਈ ੧੦#ਸੈਂਕੜਾ ੧੦੦#ਹਜਾਰ-ਹਜ਼ਾਰ ੧੦੦੦ Thousand#ਦਸ ਹਜ਼ਾਰ ੧੦੦੦੦#ਲੱਖ ੧੦੦੦੦੦#ਦਸ ਲੱਖ ੧੦੦੦੦੦੦ Million#ਕਰੋੜ ੧੦੦੦੦੦੦੦#ਦਸ ਕਰੋੜ ੧੦੦੦੦੦੦੦੦#ਅਰਬ ੧੦੦੦੦੦੦੦੦੦#ਦਸ ਅਰਬ ੧੦੦੦੦੦੦੦੦੦੦#ਖਰਬ ੧੦੦੦੦੦੦੦੦੦੦੦#ਦਸ ਖਰਬ ੧੦੦੦੦੦੦੦੦੦੦੦੦ Billion#ਨੀਲ ੧੦੦੦੦੦੦੦੦੦੦੦੦੦#ਦਸ ਨੀਲ ੧੦੦੦੦੦੦੦੦੦੦੦੦੦੦#ਪਦਮ ੧੦੦੦੦੦੦੦੦੦੦੦੦੦੦੦#ਦਸ ਪਦਮ ੧੦੦੦੦੦੦੦੦੦੦੦੦੦੦੦੦#ਸੰਖ ੧੦੦੦੦੦੦੦੦੦੦੦੦੦੦੦੦੦#ਦਸ ਸੰਖ ੧੦੦੦੦੦੦੦੦੦੦੦੦੦੦੦੦੦੦ Trillion¹#ਕਵੀਆਂ ਨੇ ਸੰਖ੍ਯਾ (ਗਿਣਤੀ) ਦਾ ਇੱਕ ਹੋਰ ਢੰਗ ਕੱਢਿਆ ਹੈ ਜਿਸ ਦਾ ਪ੍ਰਕਾਰ ਇਹ ਹੈ ਕਿ ਜਿਤਨੀ ਸੰਖ੍ਯਾ ਬੋਧਕ ਜੋ ਪਦਾਰਥ ਅਥਵਾ ਦੇਵਤਾ ਆਦਿ ਹਨ, ਉਨ੍ਹਾਂ ਦੇ ਨਾਉਂ ਨੂੰ ਅੰਗ ਦੀ ਥਾਂ ਵਰਤਣਾ. ਜੈਸੇ-#੦ ਦੀ ਥਾਂ ਆਕਾਸ਼, ਨਭ ਆਦਿ ਸ਼ਬਦ.#੧ ਪ੍ਰਿਥਵੀ. ਚੰਦ੍ਰਮਾ. ਆਤਮਾ. ਗਣੇਸ਼ਦੰਤ. ਸੂਰਜ ਦੇ ਰਥ ਦਾ ਚਕ੍ਰ.#੨ ਨੇਤ੍ਰ. ਪਕ੍ਸ਼੍ (ਪੰਛੀ ਦੇ ਖੰਭ ਅਤੇ ਮਹੀਨੇ ਦੇ ਪੱਖ). ਭੁਜਾ. ਅਯਨ. ਸਰਪਰਸਨਾ.#੩ ਰਾਮ. ਕਾਲ. ਤਾਪ. ਗੁਣ. ਸ਼ਿਵਨੇਤ੍ਰ. ਅਗਨਿ. ਭੁਵਨ. ਸੰਧ੍ਯਾ.#੪ ਵੇਦ. ਯੁਗ. ਵਰਣ. ਆਸ਼੍ਰਮ. ਬ੍ਰਹਮਾ ਦੇ ਮੁਖ. ਵਿਸਨੁਭੁਜਾ. ਅਵਸ੍ਥਾ.#੫ ਪ੍ਯਾਰੇ.² ਪਾਂਡਵ. ਇੰਦ੍ਰਿਯ. ਕਾਮਵਾਣ. ਸ਼ਿਵਮੁਖ. ਪ੍ਰਾਣ. ਭੂਤ. ਕੋਸ਼. ਨਮਾਜ.³#੬ ਰਿਤੁ. ਰਸ. ਰਾਗ. ਭ੍ਰਮਰਪਦ. ਈਤਿ. ਸ਼ਾਸਤ੍ਰ. ਵੇਦਾਂਗ.#੭ ਮੁਨਿ. ਸ਼ਾਗਰ. ਸ੍ਵਰ. ਗਿਰਿ. ਲੋਕ. ਵਾਰ. ਭੂਮਿਕਾ.#੮ ਵਸੁ. ਸਿੱਧਿ. ਦਿੱਗਜ. ਯੋਗਅੰਗ. ਪਹਿਰ. ਨਾਗ. ਰਾਜੇ ਦੇ ਅੰਗ.#੯ ਭੂਖੰਡ. ਅੰਕ. ਨਿਧਿ. ਗ੍ਰਹ. ਭਕ੍ਤਿ.#੧੦ ਦੋਸ਼. ਦਿਸ਼ਾ. ਦਸ਼ਾ. ਅਵਤਾਰ. ਸੰਨ੍ਯਾਸੀ ਪੰਥ.#੧੧ ਰੁਦ੍ਰ.#੧੨ ਰਵਿ. ਰਾਸ਼ਿ. ਮਾਸ. ਮਿਸਲਾਂ.⁴ ਯੋਗੀ ਪੰਥ.#੧੩ ਬ੍ਰਾਹਮਣ ਧਰਮ. ਵਿਸ਼੍ਵੇਦੇਵ.#੧੪ ਲੋਕ. ਰਤਨ. ਵਿਦ੍ਯਾ. ਮਨੁ.#੧੫ ਤਿਥਿ. ਸੋਮਵੱਲੀ ਪਤ੍ਰ.#੧੬ ਕਲਾ. ਸ਼੍ਰਿੰਗਾਰ.#੧੭ ਵੈਦਿਕ ਦੇਵਤਾ.#੧੮ ਪੁਰਾਣ. ਭਾਰਤ ਪਰਵ.#੧੯ ਵਿਰਾਟ ਮੁਖ.#੨੦ ਨਖ. ਬਿਸ੍ਵੇ.#੨੧ ਮੂਰਛਨਾ.#੨੨ ਵਾਰਾਂ#੨੫ ਪ੍ਰਕ੍ਰਿਤਿ#੨੮ ਨਕ੍ਸ਼੍ਤ੍ਰ#੩੦ ਮਾਸਦਿਵਸ.#੩੨ ਦੰਤ.#੪੦ ਮੁਕਤੇ.⁵#੪੯ ਪਵਨ.#੬੪ ਕਲਾ.#ਸੰਖ੍ਯਾ ਸ਼ਬਦ ਦਾ ਅਰਥ ਚਰਚਾ ਅਰ ਵਿਚਾਰ ਭੀ ਕਈ ਥਾਂਈਂ ਆਇਆ ਹੈ. ਦਸਮਗ੍ਰੰਥ ਵਿੱਚ ਸੰਗ੍ਯਾ ਦੀ ਥਾਂ ਸੰਖ੍ਯਾ ਸ਼ਬਦ ਵਰਤਿਆ ਹੈ, ਯਥਾ- "ਸਮੈ ਸੰਤ ਪਰਹੋਤ ਸਹਾਈ। ਤਾਂ ਤੇ ਸੰਖ੍ਯਾ ਸੰਤਸਹਾਈ." (ਚੌਬੀਸਾਵ)#ਇਸ ਲਈ ਸੰਤਸਹਾਈ ਸੰਗ੍ਯਾ (ਨਾਉਂ) ਹੈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰ. ਸੰਗ੍ਯਾ- ਮਨੁੱਖ. ਆਦਮੀ. ਇਨਸਾਨ। ੨. ਪਤਿ. ਭਰਤਾ....
ਸੰ. ਸੰਗ੍ਯਾ- ਗਿਣਤੀ. ਸ਼ੁਮਾਰ। ੨. ਹਿਸਾਬ....
ਫ਼ਾ. [مردُمشُماری] ਸੰਗ੍ਯਾ- ਜਨ ਸੰਖ੍ਯਾ. ਦੇਸ਼ ਦੇ ਆਦਮੀਆਂ ਦੀ ਗਿਣਤੀ. ਮਨੁਸ਼੍ਯ ਗਣਨਾ. Census ਮਰਦੁਮਸ਼ੁਮਾਰੀ ਦੀ ਰੀਤਿ ਪਹਿਲਾਂ ਰੋਮ ਤੋਂ ਚੱਲੀ ਹੈ. ਇੰਗਲੈਂਡ ਵਿੱਚ ਪਹਿਲੀ ਜਨਸੰਖ੍ਯਾ ਸਨ ੧੮੦੧ ਵਿੱਚ ਹੋਈ. ਹਿੰਦੁਸਤਾਨ ਵਿੱਚ ਇਸ ਦਾ ਪ੍ਰਚਾਰ ਸਨ ੧੮੬੭ ਵਿੱਚ ਹੋਇਆ, ਪਰ ਪੂਰੇ ਨਿਯਮਾਂ ਅਨੁਸਾਰ ਮੁਰਦੁਮਸ਼ੁਮਾਰੀ ਭਾਰਤ ਵਿੱਚ ੧੭. ਫਰਵਰੀ ਸਨ ੧੮੮੧ ਨੂੰ ਹੋਈ. ਹੁਣ ਹਰ ਦਸ ਵਰ੍ਹੇ ਪਿੱਛੋਂ ਮਰਦੁਮਸ਼ੁਮਾਰੀ ਹੁੰਦੀ ਹੈ, ਜਿਸ ਵਿੱਚ ਹਰੇਕ ਨਗਰ, ਗ੍ਰਾਮ ਦੇ ਵਸਨੀਕਾਂ ਦੀ ਗਿਣਤੀ, ਨਾਮ, ਉਮਰ ਧਰਮ, ਜਾਤਿ, ਸਿਖ੍ਯਾ, ਬੋਲੀ ਅਤੇ ਪੇਸ਼ਾ ਆਦਿ ਲਿਖਿਆ ਜਾਂਦਾ ਹੈ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਫ਼ਾ. [اِنگلستان] ਅੰ. England. ਸੰਗ੍ਯਾ- ਅੰਗ੍ਰੇਜ਼ਾਂ ਦਾ ਦੇਸ਼. ਇਹ ਯੂਰਪ ਦੇ ਉੱਤਰ ਪੱਛਮ ਇੱਕ ਮੁਲਕ ਹੈ. ਇਸ ਦੇ ਉੱਤਰ ਸਕਾਟਲੈਂਡ, ਪੂਰਬ ਨੌਰਥ ਸੀ (North Sea) ਦੱਖਣ ਵੱਲ ਇੰਗਲਿਸ਼ ਚੈਨਲ (English Channel) ਅਤੇ ਪੱਛਮ ਵੱਲ ਆਇਰਿਸ਼ ਸੀ (Irish Sea) ਹੈ. ਇਹ ਦੇਸ਼ ਤਿਕੋਣ ਸ਼ਕਲ ਦਾ ਹੈ ਅਤੇ ਇਸ ਦਾ ਰਕਬਾ ੫੦੮੭੪ ਵਰਗ ਮੀਲ ਹੈ. ਇਸ ਦੀ ਲੰਬਾਈ ਵੱਧ ਤੋਂ ਵੱਧ ੪੨੦ ਅਤੇ ਚੌੜਾਈ ੩੬੦ ਮੀਲ ਹੈ. ਪਰ ਇਸ ਦੇ ਨਾਲ ਲਗਦੇ ਇਸ ਦੇਸ਼ ਦੇ ਰਾਜ ਦੇ ਇਲਾਕੇ- ਸਕਾਟਲੈਂਡ, ਵੇਲਜ਼ ਅਤੇ ਆਇਰਲੈਂਡ ਨੂੰ ਰਲਾਕੇ, ਜੋ ਸੰਮਿਲਿਤ ਦੇਸ਼ ਬਣਦਾ ਹੈ, ਉਸ ਦਾ ਰਕਬਾ ੧੨੧੦੨੭ ਵਰਗ ਮੀਲ ਹੈ.#ਸਨ ੧੯੧੧ ਦੀ ਮਰਦੁਮਸ਼ੁਮਾਰੀ ਅਨੁਸਾਰ ਇੰਗਲੈਂਡ ਦੀ ਵਸੋਂ ੪੭੨੬੩੫੩੦ ਮਨੁੱਖਾਂ ਦੀ ਹੈ. ਇੱਥੇ ਦੇ ਲੋਕਾਂ ਨੂੰ ਅੰਗ੍ਰੇਜ਼ ਆਖਦੇ ਹਨ, ਉਨ੍ਹਾਂ ਦਾ ਧਰਮ ਈਸਾਈ ਮਤ ਦੀ ਪ੍ਰੋਟੈਸਟੰਟ ਸ਼ਾਖ ਹੈ. ਕੁਝਕੁ ਰੋਮਨ ਕੈਥੋਲਕ ਲੋਕ ਭੀ ਹਨ, ਜਿਨ੍ਹਾਂ ਦੀ ਗਿਣਤੀ ਕੇਵਲ ੨੨ ਲੱਖ ਦੇ ਕਰੀਬ ਹੈ. ਇੰਗਲੈਂਡ ਪੰਜਾਹ ਪਰਗਨਿਆ (Counties) ਵਿੱਚ ਵੰਡਿਆ ਹੋਇਆ ਹੈ. ਰੇਲਵੇ ਲੈਨ ਦੇਸ ਵਿੱਚ ੧੬੦੦੦ ਮੀਲ ਤੋਂ ਕੁਝ ਉੱਪਰ ਫੈਲੀ ਹੋਈ ਹੈ. ਡਾਕਖਾਨਾ, ਤਾਰਘਰ, ਹਸਪਤਾਲ, ਮਦਰਸਾ, ਪੁਸਤਕਾਲੈ ਅਤੇ ਧਰਮਮੰਦਿਰ ਤੋਂ ਖਾਲੀ ਸ਼ਾਇਦ ਹੀ ਕੋਈ ਪਿੰਡ ਹੋਵੇ. ਮੁੰਢਲੀ ਵਿਦ੍ਯਾ ਮੁਫਤ ਤੇ ਲਾਜਮੀ ਹੈ, ਜਿਸ ਕਾਰਨ ਕੋਈ ਅਨਪੜ੍ਹ ਨਹੀਂ.#ਇੰਗਲੈਂਡ ਦੀ ਰਾਜਧਾਨੀ ਲੰਡਨ ਹੈ, ਜਿਸ ਦੀ ਆਬਾਦੀ ਸੱਤਰ ਲੱਖ ਹੈ. ਇਹ ਦੁਨੀਆਂ ਵਿੱਚ ਸਭ ਤੋਂ ਵਡਾ ਸ਼ਹਿਰ ਹੈ. ਇੰਗਲਿਸਤਾਨ ਨੇ ਹਿੰਦੁਸਤਾਨ ਤੇ ਜਿਸ ਤਰਾਂ ਆਪਣਾ ਰਾਜ ਪ੍ਰਤਾਪ ਜਮਾਇਆ, ਉਸ ਦਾ ਹਾਲ ਦੇਖੋ, 'ਈਸਟ ਇੰਡੀਆ ਕੰਪਨੀ' ਸ਼ਬਦ ਵਿੱਚ.#ਇੰਗਲੈਂਡ ਦੇ ਰਾਜ ਦੀ ਦੁਨੀਆਂ ਵਿੱਚ ਵਡੀ ਭਾਰੀ ਸਲਤਨਤ ਹੈ, ਜਿਸ ਉੱਤੇ ਅੱਠ ਪਹਿਰ ਸੂਰਜ ਦਾ ਪ੍ਰਕਾਸ਼ ਰਹਿੰਦਾ ਹੈ, ਅਰਥਾਤ ਕਦੇ ਸੂਰਜ ਨਹੀਂ ਡੁਬਦਾ. ਕਿਉਂਕਿ ਇਹ ਸੰਸਾਰ ਦੀ ਦੂਰ ਦੂਰ ਗੁੱਠਾਂ ਤਕ ਖਿਲਰੀ ਹੋਈ ਹੈ. ਇਸ ਦੇ ਅਧੀਨ ਯੂਰਪ, ਅਮਰੀਕਾ, ਆਸਟ੍ਰੇਲੀਆ, ਅਫਰੀਕਾ ਅਤੇ ਏਸ਼ੀਆ ਵਿੱਚ ਕਈ ਦੇਸ਼ ਹਨ, ਜਿਨ੍ਹਾਂ ਵਿੱਚੋਂ ਸਾਡਾ ਭਾਰਤ ਸਭ ਤੋਂ ਉੱਘਾ ਹੈ. ਇਸ ਸਲਤਨਤ ਨੇ ਸਾਰੀ ਧਰਤੀ ਦਾ ਚੌਥਾ ਹਿੱਸਾ ਮੱਲਿਆ ਹੋਇਆ ਹੈ ਅਤੇ ਵਸੋਂ ਦੀ ਸਾਰੀ ਆਦਮ ਗਿਣਤੀ ਦੇ ਪੰਜਵੇਂ ਹਿੱਸੇ ਦੇ ਬਰਾਬਰ ਹੈ.#ਅੰਗ੍ਰੇਜ਼ੀ ਰਾਜ ਦਾ ਸਾਰਾ ਰਕਬਾ ੧੩੯੦੯੭੮੨ ਵਰਗ ਮੀਲ ਅਤੇ ਇਸ ਦੀ ਵਸੋਂ ੪੬੦੦੯੪੦੦੦ ਮਨੁੱਖਾਂ ਦੀ ਹੈ. ਅਥਵਾ ਇਉਂ ਸਮਝੋ ਕਿ ਰਕਬੇ ਦੇ ਲਿਹਾਜ ਨਾਲ ਇੰਗਲਿਸਤਾਨ ਦਾ ਰਾਜ ਇੰਗਲੈਂਡ ਦੇ ਆਪਣੇ ਦੇਸ਼ ਕੋਲੋਂ ੨੭੩ ਗੁਣਾ ਵਡਾ ਹੈ. ਇਸ ਰਾਜ ਦੀ ਕੁੱਲ ਵਸੋਂ ਵਿੱਚੋਂ, ਗੋਰੀ ਨਸਲਦੇ ਲੋਕ ਕੇਵਲ ਪੰਜ ਕਰੋੜ ਦੇ ਲਗਪਗ ਹਨ.#ਇਸ ਦੇਸ਼ ਦਾ ਰਾਜਪ੍ਰਬੰਧ ਬਾਦਸ਼ਾਹ ਦੇ ਅਧੀਨ ਪੰਚਾਇਤੀ ਹੈ ਅਤੇ ਇਸ ਵੇਲੇ ਰਾਜਸਿੰਘਾਸਨ ਤੇ ਸ਼ਹਨਸ਼ਾਹ ਜਾਰਜ ਪੰਜਵਾਂ (George V) ਹੈ.#ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੀ ਸੰਮਿਲਿਤ ਸੰਗ੍ਯਾ- ਬ੍ਰਿਟੇਨ (Britain) ਹੈ ਅਤੇ ਇਸਦੇ ਵਸਨੀਕ ਅਥਵਾ ਇਸ ਨਾਲ ਸੰਬੰਧਿਤ ਬ੍ਰਿਟਿਸ਼ (British) ਸੱਦੀਦੇ ਹਨ....
ਦੇਖੋ, ਮਰਦੁਮਸ਼ੁਮਾਰੀ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਦੇਖੋ, ਪਿਛਹੁ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [پیشہ] ਪੇਸ਼ਹ. ਸੰਗ੍ਯਾ- ਕਸਬ. ਕਿੱਤਾ. ਕਾਰਜ। ੨. ਜੀਵਿਕਾ ਦੀ ਕਿਰਤ। ੩. ਵਿਭਚਾਰ ਦੀ ਕਿਰਤ ਲਈ ਭੀ ਪੇਸ਼ਾ ਸ਼ਬਦ ਬਹੁਤ ਲੋਕ ਵਰਤ ਲੈਂਦੇ ਹਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....