prēāgaप्रयाग
ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ.
सं. संग्या- जिस तों चंगा यगय होवे, घोड़ा। २. उॱतम यग्य। ३. यग्य दा असथान। ४. यू. पी. विॱचगंगा जमुना दे संगम दा इॱक प्रसिॱध तीरथ, जिॱथे सरस्वती नदी दा गुपत संगम मंनिआ जांदा है. पुराणां अनुसार जद शंखासुर पासों विसनु ने वेद वापिस लिआके ब्रहमा नूं दिॱते, तद उस ने दस अश्वमेध यग्य इॱथे कीते, जिस तों नाम "प्रयाग" हो गिआ। ५. प्रयाग तीरथ तों शहर दा नाम भी प्रयाग होइआ है, जो हुण अलाहाबाद करके प्रसिॱध है.¹ प्रयाग विॱच इॱक अक्श्यवट सी, जिस तों डिगके मरना हिंदू मुकति दा साधन जाणदे सन. बादशाह जहांगीर ने इह बोहड़ कटवा दिॱता सी.² इस नगर दे महॱला अहियापुर विॱच श्री गुरू तेगबहादुर साहिब दा गुरद्वारा "पॱकी संगति" नाम तों प्रसिॱध है, जिस दा प्रबंध निरमले संतां दा अखाड़ा करदा है.#"तहीं प्रकास हमारा भयो." विचित्र नाटक दे इस वाक अनुसार दशमेश, माता दे गरभ विॱच इसे थां विराजे हन.#श्री गुरू गोबिंद सिंघ साहिब भी पटने तों पंजाब नूं आउंदे होए प्रयाग पधारे हन. प्रयाग लहौर तों ६९७, कलकॱते तों ५६० अते बंबई तों ८४४ मील है. आबादी १५५, ९७० है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਉੱਤਮ. ਸ਼੍ਰੇਸ੍ਠ. ਸਿੰਧੀ. ਦਙੋ. "ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ." (ਕਾਨ ਮਃ ੫) ੨. ਅਰੋਗ. ਨਰੋਆ। ੩. ਸੰਗ੍ਯਾ- ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਦੇਖੋ, ਜੱਗ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਦੇਖੋ, ਜਮਨਾ....
ਸੰ. ਸੰ- ਗਮ. ਸੰਗ੍ਯਾ- ਮਿਲਾਪ. ਮੇਲ. "ਸਾਧੂ ਸੰਗਮ ਹੈ ਨਿਸਤਾਰਾ." (ਗਉ ਮਃ ੫) ੨. ਦੋ ਨਦੀਆਂ ਦੇ ਮਿਲਾਪ ਦਾ ਅਸਥਾਨ। (੩ ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਸੰ. ਸੰਗ੍ਯਾ- ਜਲ ਵਾਲੀ ਤਰ ਜਮੀਨ। ੨. ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ. ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ. ੩. ਪੁਰਾਣਾਂ ਅਨੁਸਾਰ ਬ੍ਰਹਮਾ ਦੀ ਇਸਤ੍ਰੀ. ਵਿਦ੍ਯਾ ਅਤੇ ਬਾਣੀ ਦੀ ਦੇਵੀ. ਇਸ ਦਾ ਰੂਪ ਐਸਾ ਦੱਸਿਆ ਹੈ- "ਚਿੱਟਾ ਰੰਗ, ਅੰਗ ਸਜੀਲੇ, ਮਸਤਕ ਤੇ ਚੰਦ੍ਰਮਾ, ਹੱਥ ਵਿੱਚ ਵੀਣਾ, ਕਮਲ ਫੁੱਲ ਵਿੱਚ ਵਿਰਾਜਮਾਨ."#ਬੰਗਾਲ ਦੇ ਵੈਸਨਵ ਮੰਨਦੇ ਹਨ ਕਿ ਇਹ ਲੱਛਮੀ ਅਤੇ ਗੰਗਾ ਸਮਾਨ ਵਿਸਨੁ ਦੀ ਇਸਤ੍ਰੀ ਸੀ. ਇੱਕ ਵੇਰ ਤਿੰਨੇ ਆਪਸ ਵਿੱਚ ਲੜ ਪਈਆਂ, ਤਾਂ ਸਰਸ੍ਵਤੀ ਨੂੰ ਲੜਾਕੀ ਜਾਣਕੇ ਅਤੇ ਇਹ ਭੀ ਸਮਝਕੇ ਕਿ ਮੈ ਇੱਕ ਤੋਂ ਵੱਧ ਇਸਤ੍ਰੀਆਂ ਸੰਭਾਲ ਨਹੀਂ ਸਕਦਾ, ਵਿਸਨੁ ਨੇ ਸਰਸ੍ਵਤੀ ਬ੍ਰਹਮਾ ਨੂੰ ਅਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪਣੇ ਪਾਸ ਕੇਵਲ ਲੱਛਮੀ ਰੱਖ ਲਈ। ੪. ਬ੍ਰਾਹਮੀ ਬੂਟੀ। ੫. ਮਾਲਕੰਗਨੀ। ੬. ਗਊ. ੭. ਵਿ- ਗ੍ਯਾਨ ਵਾਲੀ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. गुप्त ਵਿ- ਰਕ੍ਸ਼ਿਤ. ਹ਼ਿਫ਼ਾਜਤ ਕੀਤਾ ਹੋਇਆ। ੨. ਲੁਕਿਆ ਹੋਇਆ. ਪੋਸ਼ੀਦਾ. "ਗੁਪਤ ਕਰਤਾ ਸੰਗਿ ਸੋ ਪ੍ਰਭੁ." (ਮਾਰੂ ਮਃ ੫) ੩. ਸੰਗ੍ਯਾ- ਵੈਸ਼੍ਯ ਜਾਤਿ ਦੀ ਉਪਾਧਿ. ਇਹ ਸ਼ਬਦ ਵੈਸ਼ਾਂ ਦੇ ਨਾਉਂ ਪਿੱਛੇ ਲਗਦਾ ਹੈ। ੪. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ ੩੨੦ ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਾਟਲੀਪੁਤ੍ਰ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ ੩੩੦ ਵਿੱਚ ਹੋਇਆ, ਜਿਸ ਨੇ ਪਾਟਲੀਪੁਤ੍ਰ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ.#ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸ੍ਵੀ ਮਹਾਰਾਜਾ ਸਨ ੩੮੦ ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ੍ਟ੍ਰ ਨੂੰ ਫ਼ਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ ੪੧੩ ਅਥਵਾ ੪੧੫ ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲੱਗ ਪਿਆ.#ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ ੪੫੫ ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖ਼ੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ ੫੧੦ ਵਿੱਚ ਅਖ਼ੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ ੩੨੦ ਤੋਂ ੪੫੫ ਤੀਕ ਰਿਹਾ.#ਗੁਪਤ ਸੰਮਤ ਜੋ ਸਨ ੩੨੦ ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ। ੫. ਰਾਜਾ ਦਾ ਅੰਤਹਪੁਰ. ਰਾਣੀਆਂ ਦੇ ਰਹਿਣ ਦਾ ਮਹਿਲ। ੬. ਜੇਲਖ਼ਾਨਾ. ਕੈਦੀਆਂ ਦਾ ਘਰ। ੭. ਭੂਤ ਪ੍ਰੇਤ. "ਸੰਗਤ ਗੁਪਤਨ ਕੀ ਹੈ ਜੇਤੀ। ਲਾਲੋ ਕੇ ਪਗ ਪੂਜਹਿ ਤੇਤੀ." (ਗੁਪ੍ਰਸੂ)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਸੰਖ ੭....
ਸੰ. ਸੰਗ੍ਯਾ- ਗਿਆਨ. ਇ਼ਲਮ. ਦੇਖੋ, ਵਿਦ੍ਰ ਧਾ. "ਵੇਦ ਨ ਜਾਣੈ ਵੇਦੁ ਕਿਹੁ." (ਭਾਗੁ) ੨. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਇੱਕ ਦੂਜੇ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ "ਸ੍ਰੁਤਿ" ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ "ਸ਼੍ਰੋਤ੍ਰਿਯ" ਪ੍ਰਸਿੱਧ ਹੋਇਆ.#ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ੍ਟ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.¹#ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ਅਤੇ ੧੫੩੮੨੬ ਸ਼ਬਦ ਹਨ.#ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ "ਤੈੱਤਿਰਯ"- ਦੂਜੀ ਵਾਜਸਨੇਯੀ." ਵਿਸਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ "ਵਾਜਸਨੇਯੀ" ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ.#ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.#ਅਥਰ੍ਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰ੍ਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ.#ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ "ਹੋਤ੍ਰਿ" ਯਜੁਰ ਦੇ ਮੰਤ੍ਰ ਪੜ੍ਹਨ ਵਾਲਾ "ਅਧ੍ਵਰਯੁ" ਸਾਮਵੇਦ ਦੇ ਮੰਤ੍ਰ ਗਾਉਣ ਵਾਲਾ "ਉਦਗਾਤ੍ਰਿ" ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ "ਬ੍ਰਹਮਾ" ਆਖਿਆ ਜਾਂਦਾ ਹੈ.#ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ "ਮੰਤ੍ਰ", ਦੂਜਾ "ਬ੍ਰਾਹ੍ਮਣ", ਤੀਜਾ "ਆਰਣ੍ਯਕ" ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵਿ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.² "ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ." (ਮਃ ੧. ਵਾਰ ਮਾਝ)#ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ "ਚਰਣਵ੍ਯੂਹ" ਵਿੱਚ ਪਾਇਆ ਜਾਂਦਾ ਹੈ.#ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.³ "ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧. ਵਾਰ ਮਾਝ)#ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. "ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ." (ਭਾਗੁ) ੩. ਪਾਰਬ੍ਰਹਮ. ਕਰਤਾਰ। ੪. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ....
ਫ਼ਾ. [واپِس] ਵਿ- ਹਟਿਆ ਹੋਇਆ. ਲੌਟਿਆ ਹੋਇਆ। ੨. ਕ੍ਰਿ. ਵਿ- ਪਿੱਛੇ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਉਹ ਜੱਗ, ਜਿੱਸ ਵਿੱਚ ਅਸ਼੍ਵ (ਘੋੜਾ) ਮੇਧ (ਮਾਰਿਆ) ਜਾਵੇ. ਜਿਸ ਜੱਗ ਵਿੱਚ ਘੋੜੇ ਦੀ ਕੁਰਬਾਨੀ ਹੋਵੇ. ਪੁਰਾਣੇ ਸਮੇਂ ਇਹ ਜੱਗ ਦੋ ਸੰਕਲਪ ਧਾਰ ਕੇ ਕੀਤਾ ਜਾਂਦਾ ਸੀ, ਅਰਥਾਤ- ਸਾਰੇ ਦੇਸ਼ ਵਿੱਚ ਆਪਣੀ ਹੁਕੂਮਤ ਸਿੱਧ ਕਰਨ ਲਈ, ਜਾਂ ਔਲਾਦ ਵਾਸਤੇ.#ਜੱਗ ਦੀ ਵਿਧੀ ਇਉਂ ਹੈ:-#ਇੱਕ ਚਿੱਟੇ ਰੰਗ ਦਾ ਘੋੜਾ ਵੇਦਮੰਤ੍ਰਾਂ ਨਾਲ ਅਭਿਮੰਤ੍ਰਿਤ ਕਰਕੇ ਖੁਲ੍ਹਾ ਛੱਡ ਦਿੱਤਾ ਜਾਂਦਾ ਸੀ, ਜਿਸਦੇ ਮੱਥੇ ਪੁਰ ਜੱਗ ਕਰਨ ਵਾਲੇ ਰਾਜੇ ਦਾ ਨਾਉਂ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ. ਘੋੜੇ ਦੇ ਪਿੱਛੇ ਫੌਜ ਦੇ ਸਰਦਾਰ ਫੌਜ ਲੈਕੇ ਚਲਦੇ ਸਨ. ਘੋੜਾ ਆਪਣੀ ਇੱਛਾ ਅਨੁਸਾਰ ਇੱਕ ਵਰ੍ਹਾ ਦੇਸ਼ ਦੇਸ਼ਾਂਤਰਾਂ ਵਿੱਚ ਫਿਰਦਾ ਰਹਿੰਦਾ ਸੀ. ਜੋ ਰਾਜਾ. ਘੋੜੇ ਦੇ ਸ੍ਵਾਮੀ ਦੀ ਹੁਕੂਮਤ ਮੰਨਣੀ ਪਸੰਦ ਨਹੀਂ ਕਰਦਾ ਸੀ. ਓਹ ਆਪਣੇ ਇਲਾਕੇ ਵਿੱਚ ਆਏ ਘੋੜੇ ਨੂੰ ਬੰਨ੍ਹ ਲੈਂਦਾ ਸੀ. ਇਸ ਪੁਰ ਦੋਹੀਂ ਪਾਸੀਂ ਘੋਰ ਯੁੱਧ ਛਿੜ ਪੈਂਦਾ ਸੀ. ਜੇ ਘੋੜਾ ਛੁਡਾਇਆ ਨਾ ਜਾਂਦਾ ਤਦ ਜੱਗ ਨਹੀਂ ਹੋ ਸਕਦਾ ਸੀ, ਅਤੇ ਜੇ ਘੋੜਾ ਲੈ ਲਿਆ ਜਾਂਦਾ, ਤਦ ਹਾਰੇ ਹੋਏ ਰਾਜੇ ਨੂੰ ਜੱਗ ਕਰਨ ਵਾਲੇ ਦੀ ਈਨ ਮੰਨਣੀ ਪੈਂਦੀ ਸੀ. ਇੱਕ ਸਾਲ ਦੇ ਸਫਰ ਪਿੱਛੋਂ ਘੋੜੇ ਨੂੰ ਰਾਜਧਾਨੀ ਵਿੱਚ ਵਾਪਿਸ ਲੈ ਆਉਂਦੇ ਸਨ, ਅਤੇ ਜਿਨ੍ਹਾਂ ਰਾਜਿਆਂ ਦੇ ਦੇਸ਼ ਥਾਣੀਂ ਘੋੜਾ ਬੇਰੋਕ ਫਿਰ ਆਇਆ ਹੈ, ਉਨ੍ਹਾਂ ਸਭਨਾਂ ਨੂੰ ਜੱਗ ਵਿੱਚ ਹਾਜਿਰ ਹੋਣਾ ਪੈਂਦਾ ਸੀ. ਬ੍ਰਾਹਮਣਾਂ ਦੀ ਦੱਸੀ ਵਿਧੀ ਅਨੁਸਾਰ ਇੱਕ ਭਾਰੀ ਜੱਗਮੰਡਪ ਰਚਿਆ ਜਾਂਦਾ ਸੀ, ਜਿਸ ਦੇ ਵਿਚਕਾਰ ਇੱਕ ਵੇਦੀ, ਸਵਾ ਸਵਾ ਗਜ ਚੌੜੇ ਅਤੇ ਸੱਤ ਸੱਤ ਗਜ ਲੰਮੇ ੨੧. ਖੰਭਿਆਂ ਉੱਪਰ ਰਚੀ ਜਾਂਦੀ ਸੀ. ਅਤੇ ਹਵਨ ਲਈ ੧੮. ਕੁੰਡ ਬਣਾਏ ਜਾਂਦੇ ਸਨ, ਜਿਨ੍ਹਾਂ ਵਿੱਚ ਅਨੇਕ ਪੰਛੀ ਅਤੇ ਚੁਪਾਏ ਕੱਟਕੇ ਹੋਮ ਕੀਤੇ ਜਾਂਦੇ ਸਨ, ਜਿਨ੍ਹਾਂ ਦੀ ਗੰਧ (ਬੂ) ਰਾਣੀ ਸਮੇਤ ਰਾਜਾ ਲੈਂਦਾ ਸੀ. ਅੰਤ ਨੂੰ ਵੇਦਮੰਤ੍ਰਾਂ ਦਾ ਪਾਠ ਕਰਦੇ ਹੋਏ, ਘੋੜੇ ਨੂੰ ਸਨਾਨ ਕਰਾਕੇ ਬੈਤ ਦੀ ਚਟਾਈ ਉੱਪਰ ਖੜਾ ਕਰਕੇ, ਰਾਜੇ ਤੇ ਰਾਣੀ ਦੇ ਹੱਥੋਂ, ਝਟਕਵਾਇਆ ਜਾਂਦਾ ਸੀ, ਇਸ ਵੇਲੇ ਸਭ ਪਾਸਿਓਂ ਜੈ ਜੈਕਾਰ ਦੀ ਧੁਨੀ ਮਚ ਉਠਦੀ ਸੀ.#ਜੇ ਸੰਤਾਨ ਦੀ ਇੱਛਾ ਲਈ ਅਸ਼੍ਵਮੇਧ ਕੀਤਾ ਜਾਂਦਾ, ਤਦ ਰਾਤ ਨੂੰ ਘੋੜੇ ਦੀ ਲੋਥ ਨਾਲ ਰਾਣੀ ਸੌਂਦੀ ਸੀ. ਹਿੰਦੂਆਂ ਦਾ ਨਿਸ਼ਚਾ ਸੀ ਕਿ ੧੦੦ ਅਸ਼੍ਵਮੇਧ ਜੱਗ ਕਰਨ ਨਾਲ ਇੰਦ੍ਰ ਪਦਵੀ ਪ੍ਰਾਪਤ ਹੋ ਜਾਂਦੀ ਹੈ, ਏਸੇ ਲਈ ਪੁਰਾਣਾਂ ਵਿੱਚ ਦੇਖੀਦਾ ਹੈ ਕਿ ਇੰਦ੍ਰ ਨੇ ਜੱਗਾਂ ਵਿੱਚ ਅਕਸਰ ਵਿਘਨ ਪਾਏ.#ਵਾਲਮੀਕਿ ਰਾਮਾਇਣ ਬਾਲਕਾਂਡ ਦੇ ੧੪. ਵੇਂ ਅਧ੍ਯਾਯ ਵਿੱਚ ਜਿਕਰ ਆਉਂਦਾ ਹੈ ਕਿ ਦਸ਼ਰਥ ਦੇ ਅਸ਼੍ਵਮੇਧ ਜੱਗ ਵਿੱਚ ਤਿੰਨ ਸੌ ਪਸ਼ੂ ਬਲਿਦਾਨ ਲਈ ਖੂੰਟਿਆਂ ਨਾਲ ਬੰਨ੍ਹੇ ਗਏ ਸਨ, ਅਤੇ ਘੋੜੇ ਨੂੰ ਕੌਸ਼ਲ੍ਯਾ ਆਦਿ ਰਾਣੀਆਂ ਨੇ ਖੜਗ ਨਾਲ ਝਟਕਾਇਆ ਸੀ ਅਰ ਰਾਤ ਨੂੰ ਇਸ ਨਾਲ ਸੁੱਤੀਆਂ ਸਨ।#੨. ਰਾਜਾ ਜਨਮੇਜਯ ਦਾ ਇੱਕ ਪੁੱਤ੍ਰ....
ਕ੍ਰਿ. ਵਿ- ਇਸ ਥਾਂ. ਯਹਾਂ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਦੇਖੋ, ਪ੍ਰਯਾਗ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਅਖੈਬਟ....
ਦੇਖੋ, ਮਰਣਾ....
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਸੰ. ਮੁਕ੍ਤਿ. ਸੰਗ੍ਯਾ- ਛੁਟਕਾਰਾ ਰਿਹਾਈ. ਇਸ ਦਾ ਮੂਲ ਮੁਚੁ ਧਾਤੁ ਹੈ. "ਹਉਮੈ ਪੈਖੜੁ ਤੇਰੇ ਮਨੈ ਮਾਹਿ। ਹਰਿ ਨ ਚੇਤਹਿ ਮੂੜੇ, ਮੁਕਤਿਜਾਹਿ." (ਬਸੰ ਅਃ ਮਃ ੧) ਤਾਕਿ ਛੁਟ ਜਾਵੇਂ। ੨. ਅਵਿਦ੍ਯਾ ਦੇ ਬੰਧਨਾਂ ਤੋਂ ਛੁਟਕਾਰਾ. ਕਲੇਸ਼ਾਂ ਤੋਂ ਰਿਹਾਈ. "ਮੁਕਤਿ ਪਾਈਐ ਸਾਧ ਸੰਗਤਿ." (ਧਨਾ ਮਃ ੫)#ਮਤਾਂ ਦੇ ਭੇਦ ਕਰਕੇ ਮੁਕਤਿ ਦੇ ਸਰੂਪ ਭੀ ਜੁਦੇ ਜੁਦੇ ਹਨ-#(ੳ) ਨ੍ਯਾਯ ਸ਼ਾਸਤ੍ਰ ਅਨੁਸਾਰ ਸ਼ਰੀਰ, ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸੇ, ਇੰਦ੍ਰੀਆਂ ਦੇ ਛੀ ਗ੍ਯਾਨ, ਸੁਖ ਦੁਖ, ਇਨ੍ਹਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋਜਾਣਾ ਹੈ, ਇਹ ਮੁਕਤਿ ਹੈ.#(ਅ) ਵੈਸ਼ੇਸਿਕਮਤ ਅਨੁਸਾਰ ਜੀਵਾਤਮਾ, ਨੌ ਗੁਣ (ਗ੍ਯਾਨ, ਸੁਖ, ਦੁਖ ਇੱਛਾ, ਦ੍ਵੇਸ, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ. ਵਿਚਾਰ ਅਤੇ ਅਭ੍ਯਾਸ ਨਾਲ ਨੌ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋ ਜਾਣਾ ਮੁਕਤਿ ਹੈ.#(ੲ) ਪ੍ਰਕ੍ਰਿਤਿ ਅਤੇ ਪੁਰੁਸ ਦਾ ਭਿੰਨ ਭਿੰਨ ਗ੍ਯਾਨ ਹੋਣ ਤੋਂ ਆਧ੍ਯਾਤਮਿਕ ਆਧਿਭੌਤਿਕ ਅਤੇ ਆਧਿਦੈਵਿਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰਾਂ ਹਟ ਜਾਣਾ, ਸਾਂਖ੍ਯਮਤ ਦੀ ਮੁਕਤਿ ਹੈ.#(ਸ) ਯੋਗਮਤ ਅਨੁਸਾਰ ਅਵਿਦ੍ਯਾ ਆਦਿ ਪੰਜ ਕਲੇਸ਼ਾਂ ਦਾ*¹ ਸਮਾਧਿ ਅਤੇ ਅਭ੍ਯਾਸ ਦ੍ਵਾਰਾ ਮਿਟਜਾਣਾ ਅਤੇ ਜੀਵਾਤਮਾ ਨੂੰ ਸ੍ਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ.#(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗਸੁਖ ਦੀ ਪ੍ਰਾਪਤੀ, ਮੀਮਾਂਸਾਮਤ ਦੀ ਮੁਕਤਿ ਹੈ.#(ਕ) ਆਤਮਗ੍ਯਾਨ ਦ੍ਵਾਰਾ ਅਵਿਦ੍ਯਾ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤਮਤ ਦੀ ਮੁਕਤਿ ਹੈ.#(ਖ) ਸ਼ੈਵ ਵੈਸਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ੍ਟ ਦੇਵਤਾ ਦਾ ਪੂਜਨ ਧ੍ਯਾਨ ਕਰਨ ਤੋਂ ਉਪਾਸ੍ਯ ਦੇਵਤਾ ਦੇ ਲੋਕ ਵਿੱਚ ਜਾਕੇ ਅਖੈਸੁਖ ਭੋਗਣੇ.#(ਗ) ਜੈਨਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ.#(ਘ) ਇਸਲਾਮ ਮਤ ਅਨੁਸਾਰ ਕ਼ੁਰਾਨਸ਼ਰੀਫ ਦੇ ਵਚਨਾਂ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਜਮਾਂ² ਤੇ ਪੱਕੇ ਰਹਿਣਾ, ਪੈਗੰਬਰ ਮੁਹ਼ੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕ਼ਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤਿ ਹੈ.#ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ.#(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁਤ੍ਰ ਹਜਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ. ਉਨ੍ਹਾਂ ਦਾ ਖਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ. ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ. ਜੋ ਉਸ ਤੇ ਈਮਾਨ ਲਿਆਉਣਗੇ. ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀ ਜੀਵਨ ਪ੍ਰਾਪਤ ਕਰਨਗੇ.#(ਚ) ਬੌੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ³ ਦੇ ਧਾਰਨ ਤੋਂ ਸਰਵ ਇੱਛਾ ਦਾ ਤ੍ਯਾਗ ਹੋਣ ਤੇ ਨਿਰਵਾਣਪਦ ਦੀ ਪ੍ਰਾਪਤੀ ਮੁਕਤਿ ਹੈ.#(ਛ) ਸਿੱਖਮਤ ਦੀ ਮੁਕਤੀ ਹੈ- ਗੁਰਮੁਖਾਂ ਦੀ ਸੰਗਤਿ ਦ੍ਵਾਰਾ ਨਾਮ ਦੇ ਤਤ੍ਵ ਅਤੇ ਅਭ੍ਯਾਸ ਦੇ ਪ੍ਰਕਾਰ ਨੂੰ ਜਾਣਕੇ ਸਿਰਜਨਹਾਰ ਨਾਲ ਲਿਵ ਦਾ ਜੋੜਨਾ. ਹੌਮੈ ਤ੍ਯਾਗਕੇ ਪਰੋਪਕਾਰ ਕਰਨਾ. ਅੰਤਹਕਰਣ ਨੂੰ ਅਵਿਦ੍ਯਾ ਅਤੇ ਭ੍ਰਮਜਾਲ ਤੋਂ ਸ਼ਰੀਰ ਨੂੰ ਅਪਵਿਤ੍ਰਤਾ ਤੋਂ ਪਾਕ ਰੱਖਣਾ. ਅਰਥਾਤ- ਨਾਮ ਦਾਨ ਇਸਨਾਨ ਦਾ ਸੇਲਨ ਕਰਨਾ.#ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ-#"ਕਰਮ ਧਰਮ ਕਰਿ ਮੁਕਤਿ ਮੰਗਾਹੀ।#ਮੁਕਤਿ ਪਦਾਰਥੁ ਸਬਦਿ ਸਲਾਹੀ।#ਬਿਨ ਗੁਰਸਬਦੈ ਮੁਕਤਿ ਨ ਹੋਈ,#ਪਰਪੰਚੁ ਕਰਿ ਭਰਮਾਈ ਹੇ.#(ਮਾਰੂ ਸੋਲਹੇ ਮਃ ੧)#ਮੁਕਤੇ ਸੋਈ ਭਾਲੀਅਹਿ ਜਿ ਸਚਾ ਨਾਮੁ ਸ੍ਵਮਾਲਿ.#(ਸ੍ਰੀ ਮਃ ੫)#ਤ੍ਰੈਗੁਣ ਵਖਾਣੈ ਭਰਮੁ ਨ ਜਾਇ।#ਬੰਧਨ ਨ ਤੂਟਹਿ ਮੁਕਤਿ ਨ ਪਾਇ।#ਮੁਕਤਿਦਾਤਾ ਸਤਿਗੁਰੁ ਜਗ ਮਾਹਿ। (ਗਉ ਮਃ ੩)#ਮੁਕਤਿ ਪਾਈਐ ਸਾਧਸੰਗਤਿ#ਬਿਨਸਜਾਇ ਅੰਧਾਰੁ. (ਧਨਾ ਮਃ ੫)#ਮੁਕਤਿਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ.#(ਮਲਾ ਅਃ ਮਃ ੩)#ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ।#ਮੁਕਤਿ ਭਇਆ ਜਿਸੁ ਰਿਦੈ ਵਸੇਰਾ. (ਮਾਝ ਮਃ ੫)#ਮੁਕਤਿ ਭਇਆ ਬੰਧਨ ਗੁਰਿ ਖੋਲੇ,#ਜਨ ਨਾਨਕ ਹਰਿਗੁਣ ਗਾਏ. (ਗਉ ਮਃ ੫)#ਮੁਕਤਿ ਭਏ ਸਾਧਸੰਗਤਿ ਕਰਿ,#ਤਿਨ ਕੇ ਅਵਗਨ ਸਭਿ ਪਰਹਰਿਆ.#(ਸਾਰ ਅਃ ਮਃ ੫)#ਕਹੁ ਨਾਨਕ ਗੁਰਿ ਖੋਲੇ ਕਪਾਟ।#ਮੁਕਤੁ ਭਏ ਬਿਨਸੇ ਭ੍ਰਮਥਾਟ." (ਗਉ ਮਃ ੫)#(ਜ) ਹੋਰ ਚਾਰਵਾਕ ਆਦਿ ਅਨੰਤਮਤ ਹਨ, ਜਿਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ. ਮੁਕਤਿ ਵਿਸਯ ਸਭ ਦਾ ਸਿੱਧਾਂਤ ਵਿਚਾਰੀਏ ਤਾਂ ਦੁੱਖਾਂ ਤੋਂ ਛੁਟਕਾਰਾ ਅਤੇ ਆਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।#੩. ਵਿ- ਮੁਕ੍ਤ ਦੀ ਥਾਂ ਭੀ ਮੁਕਤਿ ਸ਼ਬਦ ਆਇਆ ਹੈ. "ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ×× ਮੁਕਤਿ ਤਾਹਿ ਤੈ ਜਾਨ." (ਸਃ ਮਃ ੯) ੪. ਸੰਗ੍ਯਾ- ਮੌਕ੍ਤਿਕ (ਮੁਕ੍ਤਾ) ਮੋਤੀ. "ਮੁਕਤਿਮਾਲ ਕਨਿਕ ਲਾਲ ਹੀਰਾ." (ਜੈਤ ਮਃ ੫)...
ਸੰਗ੍ਯਾ- ਸਾਧਨ ਦੀ ਸਾਮਗ੍ਰੀ। ੨. ਨਿਮਿੱਤ ਕਾਰਣ. ਜੈਸੇ ਰੋਟੀ ਦਾ ਸਾਧਨ ਅਗਨੀ, ਅੰਨ ਆਦਿ। ੩. ਯਤਨ. ਕੋਸ਼ਿਸ਼। ੪. ਸੰਦ. ਔਜ਼ਾਰ. "ਕਾਰੀਗਰ ਨਿਜ ਸਾਧਨ ਸਾਰੇ." (ਗੁਪ੍ਰਸੂ) ੫. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. "ਸਾਧਨ ਬਿਨਉ ਕਰੈ." (ਤੁਖਾ ਬਾਰਹਮਾਹ) ਦੇਖੋ, ਸਾਧ੍ਵੀ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਫ਼ਾ. [جہانگیِر] ਵਿ- ਜਹਾਨ ਨੂੰ ਫ਼ਤੇ ਕਰਨ ਵਾਲਾ. ਸੰਸਾਰ ਨੂੰ ਕ਼ਬਜੇ ਵਿੱਚ ਲੈਣ ਵਾਲਾ।੨. ਸੰਗ੍ਯਾ- ਅਕਬਰ ਦਾ ਪੁਤ੍ਰ ਸਲੀਮ, ਜੋ ਬਿਹਾਰੀਮੱਲ ਕਛਵਾਹੇ ਦੀ ਕੰਨ੍ਯਾ ਮਰੀਅਮ ਜ਼ਮਾਨੀ ਦੇ ਉਦਰ ਤੋਂ ਸਿਕਰੀ ਦੇ ਮਕਾਮ ੩੧ ਅਗਸ੍ਤ ਸਨ ੧੫੬੯ (ਸੰਮਤ ੧੬੨੭) ਨੂੰ ਪੈਦਾ ਹੋਇਆ. ਇਹ ੨੪ ਅਕਤੂਬਰ ਸਨ ੧੬੦੫ ਨੂੰ ਦਿੱਲੀ ਦੇ ਤਖ਼ਤ ਪੁਰ ਬੈਠਾ, ਅਰ ਆਪਣਾ ਨਾਮ ਜਹਾਂਗੀਰ ਰੱਖਿਆ.¹ ਇਸਦੇ ਜ਼ਮਾਨੇ ਇੰਗਲੈਂਡ ਦੇ ਬਾਦਸ਼ਾਹ ਜੇਮਸ ੧. (James I) ਵੱਲੋਂ ਪਤ੍ਰ ਲੈ ਕੇ ਕਪਤਾਨ ਹਾਕਿਨਸ (Hawkinns) ਅਰ ਸਰ ਟਾਮਸ ਰੋ (Sir Thomas Roe) ਵਪਾਰ ਦੀ ਵ੍ਰਿੱਧੀ ਲਈ ਆਏ ਸਨ, ਜਿਸ ਦਾ ਫਲ ਸੂਰਤ ਪਾਸ ਅੰਗ੍ਰੇਜ਼ੀ ਕੋਠੀਆਂ ਅਤੇ ਕਾਰਖ਼ਾਨੇ ਕ਼ਾਇਮ ਹੋਏ।#ਇਸਦਾ ਬੇਟਾ ਖ਼ੁਸਰੋ ਤਖ਼ਤ ਦੀ ਇੱਛਾ ਕਰਕੇ ਵਿਰੋਧੀ ਹੋ ਗਿਆ ਸੀ, ਜਿਸ ਪੁਰ ਉਸ ਨੂੰ ਕੈਦ ਕੀਤਾ ਗਿਆ ਅਰ ਉਸ ਦੇ ਸੰਗੀ ਕਤਲ ਕੀਤੇ ਗਏ. ਸ਼੍ਰੀ ਗੁਰੂ ਅਰਜਨਦੇਵ ਦੇ ਵਿਰੁੱਧ ਚੰਦੂ ਆਦਿਕਾਂ ਨੂੰ ਸ਼ਕਾਇਤ ਕਰਨ ਦਾ ਇਹ ਮੌਕਾ ਮਿਲਿਆ ਕਿ ਗੁਰੂ ਸਾਹਿਬ ਨੇ ਖ਼ੁਸਰੋ ਦੇ ਹੱਕ ਦੁਆ ਮੰਗੀ ਅਤੇ ਉਸ ਨੂੰ ਰੁਪਯੇ ਦੀ ਸਹਾਇਤਾ ਦਿੱਤੀ.²#ਤਖ਼ਤ ਬੈਠਣ ਤੋਂ ਛੀ ਵਰ੍ਹੇ ਪਿੱਛੋਂ, ਇਸ ਨੇ ਨੂਰਜਹਾਂ ਨਾਲ ਸ਼ਾਦੀ ਕੀਤੀ. ਨੂਰਜਹਾਂ ਇੱਕ ਈਰਾਨ ਦੇ ਵਪਾਰੀ ਮਿਰਜ਼ਾ ਗ਼ਯਾਸ ਦੀ ਬੇਟੀ ਸੀ. ਗ਼ਯਾਸ ਅਕਬਰ ਦੇ ਜ਼ਮਾਨੇ ਸ਼ਾਹੀ ਮੁਲਾਜ਼ਮ ਹੋਇਆ ਅਰ ਆਪਣੀ ਲਯਾਕਤ ਨਾਲ ਅਹੁਦੇਦਾਰ ਬਣਿਆ. ਛੋਟੀ ਉਮਰ ਵਿੱਚ ਨੂਰਜਹਾਂ ਜਦ ਸ਼ਾਹੀ ਮਹਿਲਾਂ ਵਿੱਚ ਜਾਇਆ ਕਰਦੀ, ਤਦ ਇਸ ਦਾ ਸੁੰਦਰ ਰੂਪ ਵੇਖਕੇ ਜਹਾਂਗੀਰ ਉਸ ਉਤੇ ਮੋਹਿਤ ਹੋ ਗਿਆ ਸੀ, ਇਸ ਪੁਰ ਅਕਬਰ ਦੀ ਆਗ੍ਯਾ ਅਨੁਸਾਰ ਨੂਰਜਹਾਂ ਦਾ ਨਿਕਾਹ ਇੱਕ ਈਰਾਨੀ ਸਰਦਾਰ ਅਲੀਕੁਲੀ ਖ਼ਾਂ (ਸ਼ੇਰਅਫ਼ਗਨਖ਼ਾਂ) ਨਾਲ ਕੀਤਾ ਗਿਆ, ਜਿਸ ਨੂੰ ਅਕਬਰ ਨੇ ਬੰਗਾਲ ਵਿੱਚ ਜਾਗੀਰ ਬਖ਼ਸ਼ੀ. ਜਦ ਜਹਾਂਗੀਰ ਤਖ਼ਤ ਪੁਰ ਬੈਠਾ, ਤਦ ਸ਼ੇਰਅਫ਼ਗਨਖ਼ਾਂ ਨੂੰ ਕ਼ਤਲ ਕਰਵਾਕੇ ਨੂਰਜਹਾਂ ਨਾਲ ਵਿਆਹ ਕੀਤਾ, ਅਰ ਉਸ ਦੇ ਭਾਈ ਨੂੰ ਆਸਫ਼ਖ਼ਾਂ ਦਾ ਖਿਤਾਬ ਦੇ ਕੇ ਵਡਾ ਮੁਸ਼ੀਰ ਬਣਾਇਆ.#ਨੂਰਜਹਾਂ ਦੇ ਵਸ਼ ਵਿੱਚ ਜਹਾਂਗੀਰ ਕਠਪੁਤਲੀ ਦੀ ਤਰਾਂ ਨਾਚ ਕਰਦਾ ਸੀ, ਯਥਾ- "ਜਹਾਂਗੀਰ ਪਤਸ਼ਾਹ ਕੇ ਬੇਗਮ ਨੂਰਜਹਾਂ। ਵਸ਼ਿ ਕੀਨਾ ਪਤਿ ਆਪਨੋ ਇਹ ਰਸ ਜਹਾਂ ਤਹਾਂ." (ਚਰਿਤ੍ਰ ੪੮)#ਜਹਾਂਗੀਰ ਸ਼ਰਾਬ ਅਤੇ ਸ਼ਿਕਾਰ ਦਾ ਬਹੁਤ ਪ੍ਰੇਮੀ ਸੀ. ਸੰਮਤ ੧੬੮੪ ਵਿੱਚ ਕਸ਼ਮੀਰ ਤੋਂ ਮੁੜਦਾ ਹੋਇਆ ਦਮੇ ਰੋਗ ਦੀ ਪ੍ਰਬਲਤਾ ਕਾਰਣ (੨੮ ਅਕਤੂਬਰ ਸਨ ੧੬੨੭ ਨੂੰ) ਰਸਤੇ ਵਿੱਚ ਮਰ ਗਿਆ. ਲਹੌਰ ਪਾਸ ਸ਼ਾਹਦਰੇ ਉਸ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ. ਦੇਖੋ, ਨੂਰਜਹਾਂ....
ਸੰਗ੍ਯਾ- ਵਟ. ਬੜ. ਵਰੋਟਾ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਅ਼. [محّلہ] ਮਹ਼ੱਲਹ. ਸੰਗ੍ਯਾ- ਜਿਸ ਥਾਂ ਨੂੰ ਫਤੇ ਕਰਕੇ ਜਾ ਉਤਰੀਏ. ਹ਼ਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਖ਼ਾਲਸੇ ਨੂੰ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਚੇਤਬਦੀ ੧. ਨੂੰ ਮਸਨੂਈ ਜੰਗ ਦੇ ਅਭ੍ਯਾਸ (Maneuvre) ਦਾ ਦਿਨ ਠਹਿਰਾਇਆ. ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ. ਜੋ ਇੱਕ ਦਲ ਦਾ ਵਾਰ ਰੋਕਕੇ ਚਤੁਰਾਈ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ. ਹੁਣ ਭੀ ਪ੍ਰਧਾਨ ਗੁਰਦ੍ਵਾਰਿਆਂ ਵਿੱਚ ਮਹੱਲੇ ਦੀ ਰੀਤਿ ਕੁਝ ਬਾਕੀ ਰਹਿ ਗਈ ਦਿਖਾਈ ਦਿੰਦੀ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਗੁਰਦੁਆਰਾ ੩....
ਪੱਕਾ ਦਾ ਇਸਤ੍ਰੀ ਲਿੰਗ....
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਨਿਰਮਲਾ ਦਾ ਬਹੁਵਚਨ. ਦੇਖੋ, ਨਿਰਮਲਾ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰਸਿੰਘ, ਸੋਭਾ ਸਿੰਘ) ਨੂੰ ਬ੍ਰਾਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ "ਨਿਰਮਲੇ" ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰ ਵਾਨ ਹਨ. ਦੇਖੋ, ਅਖਾੜਾ ਅਤੇ ਧਰਮਧੁਜਾ....
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ....
ਕ੍ਰਿ. ਵਿ- ਉਸੇ ਥਾਂ. ਵਹਾਂ ਹੀ. ਉੱਥੇ ਹੀ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਵਿ- ਅਸਾਡਾ. ੨. ਫ਼ਾ. [ہمہ را] ਹਮਹ ਰਾ. ਸਭ ਤਾਈਂ. "ਹਮਾਰਾ ਏਕ ਆਸ ਵਸੇ." (ਵਾਰ ਮਾਝ ਮਃ ੧) ਸਭ ਨੂੰ ਇੱਕ ਦੀ ਆਸ ਬੱਸ ਹੈ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਸੰ. ਸੰਗ੍ਯਾ- ਬਚਨ। ੨. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). ੩. ਵਿ- ਬਗੁਲੇ ਨਾਲ ਹੈ ਜਿਸ ਦਾ ਸੰਬੰਧ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. गर्भ ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋ ਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣ ਜਾਂਦਾ ਹੈ, ਜੋ ਦਸਵੇਂ ਮਹੀਨੇ ਦੇ ਅੱਠ ਦਸ ਦਿਨ ਲੈ ਕੇ ਜਨਮਦਾ ਹੈ.#ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ। ੨. ਕੁਕ੍ਸ਼ਿ. ਕੁੱਖ। ੩. ਬੱਚਾ। ੪. ਅੰਨ। ੫. ਅਗਨਿ। ੬. ਨਦੀ ਆਦਿਕ ਦਾ ਮੱਧ ਭਾਗ। ੭. ਗੁਪਤ ਅਸਥਾਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....