mahalāमहॱला
ਅ਼. [محّلہ] ਮਹ਼ੱਲਹ. ਸੰਗ੍ਯਾ- ਜਿਸ ਥਾਂ ਨੂੰ ਫਤੇ ਕਰਕੇ ਜਾ ਉਤਰੀਏ. ਹ਼ਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਖ਼ਾਲਸੇ ਨੂੰ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਚੇਤਬਦੀ ੧. ਨੂੰ ਮਸਨੂਈ ਜੰਗ ਦੇ ਅਭ੍ਯਾਸ (Maneuvre) ਦਾ ਦਿਨ ਠਹਿਰਾਇਆ. ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ. ਜੋ ਇੱਕ ਦਲ ਦਾ ਵਾਰ ਰੋਕਕੇ ਚਤੁਰਾਈ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ. ਹੁਣ ਭੀ ਪ੍ਰਧਾਨ ਗੁਰਦ੍ਵਾਰਿਆਂ ਵਿੱਚ ਮਹੱਲੇ ਦੀ ਰੀਤਿ ਕੁਝ ਬਾਕੀ ਰਹਿ ਗਈ ਦਿਖਾਈ ਦਿੰਦੀ ਹੈ.
अ़. [محّلہ] मह़ॱलह. संग्या- जिस थां नूं फते करके जा उतरीए. ह़लूल दी थां अथवा दौड़न दा असथान। २. श्री गुरू गोबिंदसिंघ जी ने ख़ालसे नूं युॱधविद्या विॱच निपुण करन लई चेतबदी १. नूं मसनूई जंग दे अभ्यास(Maneuvre) दा दिन ठहिराइआ. इस दिन इॱक थां हमले लई नियत करके दो दल बणाए जांदे सन, जिन्हां दे सरदार चुणवें सिंघ होइआ करदे. जो इॱक दल दा वार रोकके चतुराई नाल ख़ास थां पुर कबज़ा कर लैंदा, उह जिॱतिआ समझीदा सी. हुण भी प्रधान गुरद्वारिआं विॱच महॱले दी रीति कुझ बाकी रहि गई दिखाई दिंदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਅ਼. [مصنوُئی] ਵਿ- ਸਨਅ਼ (ਬਣਾਉਣ) ਦਾ ਭਾਵ ਹੈ ਜਿਸ ਵਿੱਚ. ਬਣਾਉਟੀ. ਜੋ ਅਸਲ ਨਹੀਂ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਦੇਖੋ, ਅਭਿਆਸ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਵਿ- ਨਿਯ ਦਾ ਬੱਧਾ। ੨. ਮਿਣਿਆ. ਤੋਲਿਆ। ੩. ਮੁਕ਼ੱਰਿਰ ਕੀਤਾ. ਠਹਿਰਾਇਆ। ੪. ਦੇਖੋ, ਨੀਯਤ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਚਤੁਰਤਾ. ਚਾਤੁਰ੍ਯ. "ਚਤੁਰਾਈ ਨ ਪਾਇਆ ਕਿਨੈ ਤੂ." (ਅਨੰਦੁ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....