kālīकाली
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)
संग्या- काले रंग दी देवी. कालिका."चंडी दयो विदार, स्रोण पान काली कर्यो." (चंडी १) २. हिमालय परबत तों निकली इॱक नदी। ३. दशमेश दी इॱक तोप दा नाउं। ४. इॱक सरप, जो क्रिसन जी ने जमुना तों निकालिआ. कालीय. "काली नथि किआ वडा भइआ?" (आसा मः १) ५. कल्ह. कल्य. "मत जाणहु आजि कि काली." (धना मः ४) ६. वि- स्याह. कालिमा सहित. काली. "काली कोइल तू कित गुनि काली." (सूही फरीद) ७. कलंकित. दूसित. "काली होईआ देहुरी." (सवा मः १) "चहु जुगी कलि काली कांढी." (वार सोर मः ३) ८. कालीन दा संखेप. जैसे समकालीन दी थां समकाली आखदे हन. देखो, कालीन २। ९. डिंग. अफीम. अहिफेन। १०. कालीं. काले केसां दे हुंदे. भाव- जवानी विॱच. "काली जिन्ही न राविआ धउली रावै कोइ." (स. फरीद)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. ਲੰਙਾ. ਲੰਗੜਾ। ੨. ਲੁੰਜਾ। ੩. ਰ੍ਹਿੰਨਿਆ ਹੋਇਆ। ੪. ਸੰ. ਸ਼ੋਣਿਤ (ਸ੍ਰੋਣਤ- ਲਹੂ) ਦਾ ਸੰਖੇਪ. "ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ॥" (ਚੰਡੀ ੨)...
ਸੰਗ੍ਯਾ- ਪਾਣ. ਆਬ. ਚਮਕ. ਭੜਕ। ੨. ਆਗ੍ਯਾ. "ਦੀਜੈ ਪਾਨੰ." (ਰਾਮਾਵ) ੩. ਪਾਣਿ. ਹੱਥ. "ਖਾਨ ਪਾਨ ਕਰ ਪਾਨ ਪਖਾਰੇ." (ਗੁਪ੍ਰਸੂ) ੪. ਪਾਯਨ. ਪੈਰੀਂ."ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ." (ਦੱਤਾਵ) ੫. ਪਰਾਯਣ. ਤਤਪਰ. "ਇਕ ਪਾਨ ਜਾਨ ਉਦਾਸ." (ਦੱਤਾਵ) ਇੱਕ ਪਰਾਯਣ ਹੋਇਆ। ੬. ਪ੍ਰਾਣ. ਸ੍ਵਾਸ. "ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ." (ਚਰਿਤ੍ਰ ੩੬੭) ੭. ਪਰ੍ਣ. ਪੱਤਾ. ਪਤ੍ਰ. "ਪੌਨ ਬਹੈ ਦ੍ਰਮ ਪਾਨ ਨਿਹਾਰੇ." (ਕਲਕੀ) ੮. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪) ੯. ਸੰ. ਪੀਣ ਦੀ ਕ੍ਰਿਯਾ. ਪੀਣਾ. "ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ." (ਗਉ ਥਿਤੀ ਮਃ ੫) ੧੦. ਜਲ. "ਮਿਥਿਆ ਭੋਜਨ ਪਾਨ." (ਸਾਰ ਮਃ ੫) "ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ." (ਗੁਪ੍ਰਸੂ) ੧੧. ਸ਼ਰਾਬ. "ਪਾਨ ਡਰਾਇ ਕਸੁੰਭੜੋ ਰੂਰੋ." (ਚਰਿਤ੍ਰ ੧੧੧) ਦੇਖੋ, ਕਸੁੰਭੜਾ। ੧੨. ਅੰਮ੍ਰਿਤ. "ਹਰੋਂ ਆਜ ਪਾਨੰ." (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। ੧੩. ਪੀਣ ਦਾ ਪਾਤ੍ਰ। ੧੪. ਕੂਲ੍ਹ. ਨਹਰ। ੧੫. ਰਕ੍ਸ਼ਾ. ਰਖ੍ਯਾ। ੧੬. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। ੧੭. ਜਯ. ਫ਼ਤੇ. ਜਿੱਤ।...
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਦੇਖੋ, ਹਿਮਾਚਲ....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਤੁ. [توپ] ਸੰਗ੍ਯਾ- ਬਾਰੂਦ ਨਾਲ ਚਲਾਉਣ ਦਾ ਇੱਕ ਅਸਤ੍ਰ ਜਿਸ ਨਾਲ ਗੋਲਾ ਦੂਰ ਫੈਂਕਿਆ ਜਾਂਦਾ ਹੈ. Cannon. ਦੇਖੋ, ਅਗਿਨ ਅਸਤ੍ਰ। ੨. ਫ਼ੌਜ. ਸੈਨਾ....
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਦੇਖੋ, ਜਮਨਾ....
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਕਲ੍ਯ....
ਸੰ. ਸੰਗ੍ਯਾ- ਸਵੇਰਾ. ਭੋਰ. ਤੜਕਾ। ੨. ਆਉਣ ਵਾਲਾ ਦਿਨ। ੩. ਬੀਤਿਆ ਦਿਨ। ੪. ਸ਼ਰਾਬ। ੫. ਸ਼ਰਾਬਖ਼ਾਨਾ। ੬. ਗੁਰੁਯਸ਼ ਕਰਤਾ ਇੱਕ ਭੱਟ. "ਕਬਿ ਕਲ੍ਯ ਸੁਜਸ ਗਾਵਉ ਗੁਰੁ ਨਾਨਕ." (ਸਵੈਯੇ ਮਃ ੧. ਕੇ)...
ਸੰ. ਸੰਗ੍ਯਾ- ਯੁੱਧ. ਮੁਕਾਬਲਾ. ਭੇੜ। ੨. ਯੁੱਧਭੂਮਿ. ਜੰਗ ਦਾ ਮੈਦਾਨ। ੩. ਮਾਰਗ. ਰਾਹ। ੪. ਪਛਾੜਨ ਦੀ ਕ੍ਰਿਯਾ। ੫. ਦੇਖੋ, ਆਜ੍ਯ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
कालिमन ਸੰਗ੍ਯਾ- ਕਾਲਾਪਨ. ਸ੍ਯਾਹੀ. ਸ਼੍ਯਾਮਤਾ. ਕਾਲਖ। ੨. ਕਲਫ. ਖ਼ਿਜਾਬ.#ਗਈ ਵੈ ਤਰੁਨ ਅਬ ਤਰੁਨੀ ਨ ਨੇਹ ਕਰੈ#ਤਰਨੀ ਬੈਤਰਨੀ ਔਤਰਨੀ ਅਗਮ ਗੌਨ,#ਰਹੀ ਹੈ ਨ ਬਾਕੀ ਅਬ ਨਜਰ ਜੁਬਾਕੀ ਬਾਂਕੀ#ਰਸਿਕਸਭਾ ਮੇ ਬੈਠ ਰਸਨਾ ਤੋ ਚਾਹੇਂ ਮੌਨ,#ਬੀਤੇ ਦਿਨ ਜੀ ਕੇ ਅਬ ਅਵਧਿ ਨਜੀਕੇ ਰਹੀ#ਊਜਰੇ ਭਏ ਹੈਂ ਕੇਸ ਊਜਰੇ ਬਿਸਾ ਕੇ ਭੌਨ,#ਕਾਲ ਕੀ ਬਲੀ ਪੈ ਮੁਖਕੰਜ ਕੀ ਕਲੀ ਪੈ#ਸਸਿਅੰਸ਼ੁ ਅਵਲੀ ਪੈ ਅਬ ਲੀਪੈ ਕਾਲਿਮਾ ਕੋ ਕੌਨ? ੩. ਦਾਗ਼. ਕਲੰਕ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰਗ੍ਯਾ- ਕੋਕਿਲਾ. "ਕਾਲੀ ਕੋਇਲ ਤੂ ਕਿਤੁ ਗੁਨਿ ਕਾਲੀ." (ਸੂਹੀ ਫਰੀਦ) ੨. ਗੁਰਬਾਣੀ ਵਿੱਚ ਪ੍ਰੇਮੀ ਜਿਗ੍ਯਾਸੂ ਲਈ ਕੋਇਲ ਸ਼ਬਦ ਆਇਆ ਹੈ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਹੁਣ ਅਲੀਗੜ੍ਹ ਨਾਉਂ ਹੈ. "ਕੋਇਲ ਕੋ ਉਹ ਗੜ੍ਹਾ ਕਹਾਵੈ." (ਪ੍ਰਾਪੰਪ੍ਰ) ੪. ਦੇਖੋ, ਕੋਇਲਾ....
ਕ੍ਰਿ. ਵਿ- ਕਿਧਰ. ਕੁਤ੍ਰ. ਕਹਾਂ. ਕਿੱਥੇ। ੨. ਸੰਗ੍ਯਾ- ਕੀਰਤਿ. ਯਸ਼. "ਜਿਹ ਬਰਣ ਜਾਤ ਨਹਿ ਕਿਤ ਅਨੰਤ." (ਦੱਤਾਵ) ੩. ਦੇਖੋ, ਕਿਤੁ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰਗ੍ਯਾ- ਦੇਹ. ਜਿਸਮ. ਸ਼ਰੀਰ. "ਭੈ ਸਚਿ ਰਾਤੀ ਦੇਹੁਰੀ." (ਸ੍ਰੀ ਅਃ ਮਃ ੧) ੨. ਦੇਹਲੀ. ਦਹਲੀਜ਼. "ਦੇਹੁਰੀ ਬੈਠੀ ਮਾਤਾ ਰੋਵੈ." (ਆਸਾ ਕਬੀਰ)...
ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ....
ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)...
ਸੰ. ਸੰਗ੍ਯਾ- ਪਾਪ। ੨. ਕਲਹ. ਝਗੜਾ. "ਹੇ ਕਲਿਮੂਲ ਕ੍ਰੋਧੰ." (ਸਹਸ ਮਃ ੫) ੩. ਚੌਥਾ ਯੁਗ. "ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ." x x x "ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ." (ਰਾਮ ਅਃ ਮਃ ੧) ਦੇਖੋ, ਯੁਗ। ੪. ਯੋਧਾ. ਸੂਰਮਾ। ੫. ਕਲਿਯੁਗ ਦੀ ਪ੍ਰਜਾ ਵਾਸਤੇ ਭੀ ਕਲਿ ਸ਼ਬਦ ਆਇਆ ਹੈ. "ਕਲਿ ਹੋਈ ਕੁਤੇਮੁਹੀ." (ਵਾਰ ਸਾਰ ਮਃ ੧) ੬. ਕਲਕੀ ਅਵਤਾਰ ਲਈ ਭੀ ਕਲਿ ਸ਼ਬਦ ਵਰਤਿਆ ਹੈ. "ਪੌਨ ਸਮਾਨ ਬਹੈਂ ਕਲਿਬਾਨ." (ਕਲਕੀ) ੭. ਸੰ. कल्लि ਕੱਲਿ. ਵ੍ਯ- ਆਉਣ ਵਾਲੇ ਦਿਨ ਵਿੱਚ. ਕਲ੍ਹ ਨੂੰ. "ਖੇਲਣੁ ਅਜੁ ਕਿ ਕਲਿ." (ਸ੍ਰੀ ਅਃ ਮਃ ੧)...
ਵਿਸ਼ੇਸ ਕਰਕੇ ਦੱਸਿਆ. ਦੇਖੋ, ਕਾਢਨਾ ੪। ੨. ਕਥਨ ਕੀਤਾ. "ਸੇਵਕ ਸੇਈ ਕਾਂਢਿਆ." (ਵਡ ਛੰਤ ਮਃ ੫) ੩. ਕਥਿਤ. ਕਹਿਆ ਹੋਇਆ. "ਚਹੁ ਜੁਗੀ ਕਲਿਕਾਲੀ ਕਾਂਢੀ." (ਵਾਰ ਸੋਰ ਮਃ ੩) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। ੪. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. "ਸਭ ਕਿਛੁ ਤਾਂਕਾ ਕਾਢੀਐ." (ਆਸਾ ਮਃ ੫) "ਨਾਨਕ ਆਸਕੁ ਕਾਂਢੀਐ ਸਦਹੀ ਰਹੈ ਸਮਾਇ." (ਵਾਰ ਆਸਾ ਮਃ ੨)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਤੁ. [قالین] ਸੰਗ੍ਯਾ- ਗਲੀਚਾ. ਉਭਰੀ ਹੋਈ ਉਂਨ ਅਥਵਾ ਸੂਤ ਦਾ ਬਿਛਾਉਣਾ। ੨. ਸੰ. ਕਾਲੀਨ. ਵਿ- ਸਮੇਂ ਨਾਲ ਸੰਬੰਧ ਰੱਖਣ ਵਾਲਾ. ਜਿਵੇਂ- ਸਮਕਾਲੀਨ¹ (ਹਮਅ਼ਸਰ)....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਵਿ- ਉਸੇ ਸਮੇਂ ਹੋਣ ਵਾਲਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵਿ- ਉਸੇ ਸਮੇਂ ਹੋਣ ਵਾਲਾ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍ਤੁ ਹੈ....
ਸੰ. ਸੰਗ੍ਯਾ- ਅਫ਼ੀਮ. ਅਫ਼ਯੂਨ। ੨. ਸੱਪ ਦੇ ਮੂੰਹੋਂ ਨਿਕਲੀ ਹੋਈ ਝੱਗ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਫ਼ਾ. [جوانی] ਸੰਗ੍ਯਾ- ਯੌਵਨ. ਤਰੁਣਾਈ....
ਵਿ- ਧਵਲ. ਚਿੱਟੀ। ੨. ਕ੍ਰਿ. ਵਿ- ਧੌਲਿਆਂ (ਚਿੱਟੇ ਰੋਮਾਂ ਦੇ) ਹੁੰਦਿਆਂ. ਧਵਲੀਂ. "ਕਾਲੀਂ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ." (ਸ. ਫਰੀਦ)...
ਸਰਵ- ਕੋਈ. "ਕੋਇ ਨ ਕਿਸਹੀ ਜੇਹਾ." (ਮਾਰੂ ਸੋਲਹੇ ਮਃ ੩)...