tunburuतुंबुरु
ਸੰ. तुम्बुरु. ਸੰਗ੍ਯਾ- ਇੰਦ੍ਰ ਦੀ ਸਭਾ ਦਾ ਇੱਕ ਗਵੈਯਾ, ਜੋ ਗੰਧਰਵ ਜਾਤਿ ਦਾ ਹੈ. ਇਸ ਨੇ ਬ੍ਰਹ੍ਮਾ ਤੋਂ ਸੰਗੀਤ ਵਿਦ੍ਯਾ ਸਿੱਖੀ. ਵਿਸਨੁ ਭਗਵਾਨ ਇਸ ਦਾ ਗਾਯਨ ਵਡੇ ਪ੍ਰੇਮ ਨਾਲ ਸੁਣਦੇ ਹਨ. ਚੇਤ ਦੇ ਮਹੀਨੇ ਇਹ ਸੂਰਜ ਦੇ ਰਥ ਨਾਲ ਰਹਿਂਦਾ ਹੈ. ਅਦਭੁਤ ਰਾਮਾਯਣ ਵਿੱਚ ਜਿਕਰ ਹੈ ਕਿ ਨਾਰਦ ਦੇ ਗਾਉਣ ਤੋਂ ਰਾਗ ਰਾਗਿਣੀਆਂ ਦੇ ਅੰਗ ਭੰਗ ਹੋ ਗਏ ਸਨ, ਜੋ ਤੁੰਬੁਰੁ ਦੇ ਗਾਉਣ ਤੋਂ (ਉਨ੍ਹਾਂ ਦੇ ਅੰਗ) ਫੇਰ ਠੀਕ ਹੋਏ। ੨. ਧਣੀਆ। ੩. ਤੇਜਬਲ.
सं. तुम्बुरु. संग्या- इंद्र दी सभा दा इॱक गवैया, जो गंधरव जाति दा है. इस ने ब्रह्मा तों संगीतविद्या सिॱखी. विसनु भगवान इस दा गायन वडे प्रेम नाल सुणदे हन. चेत दे महीने इह सूरज दे रथ नाल रहिंदा है. अदभुत रामायण विॱच जिकर है कि नारद दे गाउण तों राग रागिणीआं दे अंग भंग हो गए सन, जो तुंबुरु दे गाउण तों (उन्हां दे अंग) फेर ठीक होए। २. धणीआ। ३. तेजबल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਗਾਇਨ ਕਰੈਯਾ. ਗਾਇਕ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਸੰ- ਗੀਤ. ਸੰਗ੍ਯਾ- ਨ੍ਰਿਤ੍ਯ, ਗਾਯਨ ਅਤੇ ਬਜਾਉਣਾ. ਇਨ੍ਹਾਂ ਤਿੰਨਾਂ ਦਾ ਸਮੁਦਾਯ। ੨. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। ੩. ਵਿ- ਚੰਗੀ ਤਰਾਂ ਗਾਇਆ ਹੋਇਆ। ੪. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ) ੫. ਸੰਗਤਿ ਦ੍ਵਾਰਾ. "ਸੁਖ ਗਰਧਭ ਭਸਮ ਸੰਗੀਤ." (ਧਨਾ ਮਃ ੫)...
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਦੇਖੋ, ਗਾਇਨ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. चेत् ਵ੍ਯ- ਯਦਿ ਅਗਰ. ਜੇ। ੨. ਸ਼ਾਯਦ। ੩. ਸੰ. चेतस् ਸੰਗ੍ਯਾ- ਚਿੱਤ. ਦਿਲ. "ਭੇਤ ਚੇਤ ਹਰਿ ਕਿਸੈ ਨ ਮਿਲਿਓ." (ਸ੍ਰੀ ਮਃ ੧. ਪਹਿਰੇ) ੪. ਆਤਮਾ। ੫. ਗ੍ਯਾਨ. ਬੋਧ। ੬. ਵਿ- ਚੇਤਨਤਾ ਸਹਿਤ. ਸਾਵਧਾਨ. "ਘਟਿ ਏਕ ਬਿਖੈ ਰਿਪੁ ਚੇਤ ਭਯੋ. " (ਰੁਦ੍ਰਾਵ) ੭. ਚੇਤ ਦਾ ਮਹੀਨਾ. ਦੇਖੋ, ਚੈਤ੍ਰ। ੮. ਦੇਖੋ, ਚੇਤਾਈ। ੯. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. अद्भुत. ਵਿ- ਅਣੋਖਾ. ਅਜੀਬ।#੨. ਹੈਰਾਨ ਕਰਨ ਵਾਲਾ। ੩. ਕਾਵ੍ਯ ਅਨੁਸਾਰ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ....
ਸ਼੍ਰੀ ਰਾਮ ਦੀ ਕਥਾ ਦਾ ਗ੍ਰੰਥ. ਸਭ ਤੋਂ ਪਹਿਲਾ ਰਾਮਾਯਣ, ਆਦਿ ਕਵਿ ਵਾਲਮੀਕਿ ਨੇ ਲਿਖਿਆ ਹੈ, ਜਿਸ ਦਾ ੨੪੦੦੦ ਸ਼ਲੋਕ ਅਤੇ ੬੪੭ ਸਰਗ (ਅਧ੍ਯਾਯ) ਹਨ.¹ ਇਹ ਸੱਤ ਕਾਂਡਾਂ ਵਿੱਚ ਹੈ-#(੧) ਬਾਲ ਕਾਂਡ. ਸ਼੍ਰੀ ਰਾਮ ਜੀ ਦਾ ਜਨਮ ਅਤੇ ਬਾਲਲੀਲਾ ਆਦਿਕ ਦਾ ਵਰਣਨ.#(੨) ਅਯੋਧ੍ਯਾ ਕਾਂਡ. ਦਸ਼ਰਥ ਦੀ ਰਾਜਧਾਨੀ ਦਾ ਵਰਣਨ ਅਤੇ ਰਾਮ ਨੂੰ ਵਨਵਾਸ ਤਕ ਦੀ ਕਥਾ.#(੩) ਆਰਣ੍ਯ ਕਾਂਡ. ਰਾਮ ਦੇ ਵਨਵਾਸ ਦਾ ਪ੍ਰਸੰਗ ਅਤੇ ਸੀਤਾਹਰਣ ਆਦਿ ਕਥਾ.#(੪) ਕਿਸਕਿੰਧਾ ਕਾਂਡ. ਰਾਮਚੰਦ੍ਰ ਜੀ ਦਾ ਸੁਗ੍ਰੀਵ ਦੀ ਰਾਜਧਾਨੀ ਕਿਸਕਿੰਧਾ ਪਾਸ ਰਹਿਣਾ ਅਤੇ ਸੀਤਾ ਦੇ ਖੋਜ ਦਾ ਯਤਨ.#(੫) ਸੁੰਦਰ ਕਾਂਡ. ਹਨੁਮਾਨ ਦ੍ਵਾਰਾ ਸੀਤਾ ਦਾ ਪਤਾ ਲੈਣਾ ਅਤੇ ਰਾਮਚੰਦ੍ਰ ਜੀ ਦਾ ਸੈਨਾ ਸਮੇਤ ਬਹੁਤ ਸੁੰਦਰ ਰਸਤਿਆਂ ਵਿੱਚਦੀਂ ਲੰਘਕੇ ਲੰਕਾ ਵੱਲ ਜਾਣਾ.#(੬) ਯੁੱਧ ਕਾਂਡ, ਅਥਵਾ ਲੰਕਾ ਕਾਂਡ. ਰਾਵਣ ਨਾਲ ਲੜਾਈ, ਸੀਤਾ ਨੂੰ ਵਾਪਿਸ ਲੈਕੇ ਅਯੋਧ੍ਯਾ ਵਿੱਚ ਪ੍ਰਵੇਸ਼ ਅਤੇ ਰਾਮ ਦਾ ਰਾਜਸਿੰਘਸਨ ਪੁਰ ਬੈਠਣਾ.#(੭) ਉੱਤਰ ਕਾਂਡ. ਰਾਮ ਦਾ ਅਯੋਧ੍ਯਾ ਵਿੱਚ ਨਿਵਾਸ, ਸੀਤਾ ਨੂੰ ਵਨਵਾਸ, ਲਵ ਕੁਸ਼ ਦਾ ਜਨਮ, ਅਸ਼੍ਵਮੇਧ ਯਗ੍ਯ ਦਾ ਕਰਨਾ ਅਤੇ ਸੀਤਾ ਦਾ ਫਿਰ ਮਿਲਾਪ ਹੋਣਾ ਤਥਾ ਰਾਮ ਦਾ ਪਰਿਵਾਰ ਸਮੇਤ ਦੇਵਲੋਕ ਗਮਨ.#ਪਸ਼੍ਚਿਮੀ ਵਿਦ੍ਵਾਨਾਂ ਦਾ ਖਿਆਲ ਹੈ ਕਿ ਇਹ ਰਾਮਾਯਣ ਸਨ ਈਸਵੀ ਤੋਂ ਪਹਿਲਾਂ ੪੦੦- ੨੦੦ ਵਰ੍ਹੇ ਦੇ ਅੰਦਰ ਲਿਖਿਆ ਗਿਆ ਹੈ.#ਵਾਲਮੀਕਿ ਤੋਂ ਪਿੱਛੋਂ ਵ੍ਯਾਸ ਜੀ ਨੇ ਅਧ੍ਯਾਤਮ ਰਾਮਾਯਣ ਲਿਖਿਆ, ਜੋ ਬ੍ਰਹਮਾਂਡ ਪੁਰਾਣ ਦਾ ਇੱਕ ਭਾਗ ਹੈ. ਇਸ ਦਾ ਛੰਦਾਂ ਵਿੱਚ ਭਾਈ ਗੁਲਾਬਸਿੰਘ ਜੀ ਨੇ ਸੁੰਦਰ ਹਿੰਦੀ ਉਲਥਾ ਕੀਤਾ ਹੈ.#ਹਨੁਮਾਨਨਾਟਕ ਆਦਿ ਅਨੇਕ ਰਾਮਾਯਣ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਦੀ ਗਿਣਤੀ ੩੦ ਤੋਂ ਵਧੀਕ ਹੈ. ਹਿੰਦੀ ਭਾਸਾ ਵਿੱਚ ਤੁਲਸੀਦਾਸ ਕ੍ਰਿਤ ਚੌਪਾਈ ਰਾਮਾਯਣ ਅਤੇ ਹ੍ਰਿਦਯਰਾਮ ਕ੍ਰਿਤ ਹਨੁ ਨਾਟਕ, ਬਹੁਤ ਮਨੋਹਰ ਹਨ....
ਇੱਕ. ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕ੍ਸ਼੍ ਦੀ ਸ੍ਰਿਸ੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼੍ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼੍ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼੍ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼੍ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ "ਬ੍ਰਾਮ੍ਹ" ਅਤੇ "ਦੇਵਬ੍ਰਹਮਾ" ਆਖਦੇ ਹਨ. ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਇੱਕ ਵਾਰ ਪਾਤਾਲ ਵਿੱਚ ਭੀ ਗਿਆ, ਅਤੇ ਉੱਥੋਂ ਦਾ ਹਾਲ ਦੇਖਕੇ ਵਡਾ ਪ੍ਰਸੰਨ ਹੋਇਆ.#ਇਸ ਦਾ ਕ੍ਰਿਸਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਵਿਸਨੁ ਦਾ ਅਵਤਾਰ ਹੋਣਾ ਦੱਸਿਆ ਸੀ ਅਤੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.#ਨਾਰਦ ਦੇ ਰਚੇਹੋਏ ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ ਅਤੇ ਕ੍ਰਿਸਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੂਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. "ਨਾਰਦ ਮੁਨਿ ਜਨ ਸੁਕ ਬਿਆਸ." (ਗਉ ਥਿਤੀ ਮਃ ੫)#੨. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰ ਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ, "ਨਾਰਦ, ਕਰੇ ਖੁਆਰੀ." (ਬਸੰ ਅਃ ਮਃ ੧)#੩. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ-#"ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ."#"ਨਾਰਦੁ ਨਾਚੈ ਕਾਲਿਕਾ ਭਾਉ." (ਆਸਾ ਮਃ ੧)...
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਸੰ. तुम्बुरु. ਸੰਗ੍ਯਾ- ਇੰਦ੍ਰ ਦੀ ਸਭਾ ਦਾ ਇੱਕ ਗਵੈਯਾ, ਜੋ ਗੰਧਰਵ ਜਾਤਿ ਦਾ ਹੈ. ਇਸ ਨੇ ਬ੍ਰਹ੍ਮਾ ਤੋਂ ਸੰਗੀਤ ਵਿਦ੍ਯਾ ਸਿੱਖੀ. ਵਿਸਨੁ ਭਗਵਾਨ ਇਸ ਦਾ ਗਾਯਨ ਵਡੇ ਪ੍ਰੇਮ ਨਾਲ ਸੁਣਦੇ ਹਨ. ਚੇਤ ਦੇ ਮਹੀਨੇ ਇਹ ਸੂਰਜ ਦੇ ਰਥ ਨਾਲ ਰਹਿਂਦਾ ਹੈ. ਅਦਭੁਤ ਰਾਮਾਯਣ ਵਿੱਚ ਜਿਕਰ ਹੈ ਕਿ ਨਾਰਦ ਦੇ ਗਾਉਣ ਤੋਂ ਰਾਗ ਰਾਗਿਣੀਆਂ ਦੇ ਅੰਗ ਭੰਗ ਹੋ ਗਏ ਸਨ, ਜੋ ਤੁੰਬੁਰੁ ਦੇ ਗਾਉਣ ਤੋਂ (ਉਨ੍ਹਾਂ ਦੇ ਅੰਗ) ਫੇਰ ਠੀਕ ਹੋਏ। ੨. ਧਣੀਆ। ੩. ਤੇਜਬਲ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਵਿ- ਸਹੀ. ਯਥਾਰਥ. ਦੁਰੁਸ੍ਤ। ੨. ਉਚਿਤ. ਯੋਗ੍ਯ. ਮਨਾਸਿਬ....
ਦੇਖੋ, ਧਨੀਆ....
ਸੰ. ਤੇਜੋਵਤ. ਸੰਗ੍ਯਾ- ਇਕ ਕੰਡੇਦਾਰ ਝਾੜ, ਜਿਸ ਦੀ ਲਕੜੀ ਕਾਲੀ ਮਿਰਚ ਜੇਹੀ ਚਰਪਰੀ ਹੁੰਦੀ ਹੈ. ਇਹ ਪਹਾੜਾਂ ਵਿੱਚ ਵਿਸ਼ੇਸ ਪਾਇਆ ਜਾਂਦਾ ਹੈ. ਇਸ ਦੀ ਦਾਤਣ ਬਹੁਤ ਲੋਕ ਕਰਦੇ ਹਨ ਅਤੇ ਸਰਦਾਈ ਘੋਟਣ ਲਈ ਸੋਟੇ ਬਣਾਉਂਦੇ ਹਨ. ਦੰਦਾਂ ਦੀ ਪੀੜ ਦੂਰ ਕਰਨ ਵਾਸਤੇ ਇਸ ਦੀ ਛਿੱਲ ਦਾ ਚੱਬਣਾ ਬਹੁਤ ਗੁਣਕਾਰੀ ਹੈ. ਇਸ ਦਾ ਨਾਮ "ਤਿਮਰ" ਭੀ ਹੈ. L. Scinzapsus officinalis....