jholīझोली
ਸੰ. ਝੌਲਿਕ. ਸੰਗ੍ਯਾ- ਛੋਟਾ ਝੋਲਾ. ਥੈਲੀ। ੨. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. "ਮੁੰਦਾ ਸੰਤੋਖੁ ਸਰਮੁ ਪਤੁ ਝੋਲੀ." (ਜਪੁ) ੩. ਕੱਛ ਪਜਾਮੇ ਆਦਿ ਦਾ ਆਸਣ। ੪. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ.
सं. झौलिक. संग्या- छोटा झोला. थैली। २. फ़कीरां दी भिख्या मंगण दी गुथली. "मुंदा संतोखु सरमु पतु झोली." (जपु) ३. कॱछ पजामे आदि दा आसण। ४. पहिरे होए वसत्र दा पेट अॱगे दा लटकदा भाग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਹਵਾ ਦਾ ਝੋਕਾ. ਬੁੱਲਾ. "ਤੁਝੈ ਨ ਲਾਗੈ ਤਾਤਾ ਝੋਲਾ." (ਗਉਃ ੫) ੨. ਥੈਲਾ। ੩. ਪੱਠਿਆਂ ਦੀ ਇੱਕ ਬੀਮਾਰੀ, ਜਿਸ ਤੋਂ ਸ਼ਰੀਰ ਹਰ ਵੇਲੇ ਕੰਬਦਾ ਰਹਿੰਦਾ ਹੈ. ਫੇਟਾ. ਸੰ. ਕਲਾਯਖੰਜ. [ثلّ] ਸ਼ਲ. Palsy. ਇਹ ਵਾਤਦੋਸ ਤੋਂ ਪੱਠਿਆਂ ਦਾ ਰੋਗ ਹੈ. ਆਦਮੀ ਚਲਦਾ ਹੋਇਆ ਕੰਬਦਾ ਹੈ, ਪੈਰ ਠਿਕਾਣੇ ਤੇ ਨਹੀਂ ਟਿਕਦੇ, ਜੋੜ ਢਿੱਲੇ ਪੈ ਜਾਂਦੇ ਹਨ. ਇਸ ਦੇ ਕਾਰਣ ਹਨ- ਰੁੱਖਾ ਬਾਸੀ ਖਾਣਾ, ਬਹੁਤ ਸ਼ਰਾਬ ਪੀਣੀ, ਜਾਦਾ ਭੋਗ ਕਰਨਾ, ਬਹੁਤ ਜਗਾਣਾ, ਸ਼ਰੀਰ ਦੀ ਧਾਤੁ ਨਾਸ਼ ਹੋਣੀ, ਫਾਕੇ ਕੱਟਣੇ, ਪੱਠਿਆਂ ਤੇ ਸੱਟ ਵੱਜਣੀ, ਬਹੁਤ ਅਸਵਾਰੀ ਕਰਨੀ ਆਦਿ.#ਇਸ ਦਾ ਸਾਧਾਰਣ ਇਲਾਜ ਹੈ- ਇਰੰਡ ਦੇ ਬੀਜਾਂ ਦੀ ਗਿਰੂ ਪੀਸਕੇ ਗਊ ਦੇ ਦੁੱਧ ਵਿੱਚ ਰਿੰਨ੍ਹਕੇ ਖਾਣੀ.#ਰਾਇਸਨ (ਝੰਜਣ) ਦੇ ਬੀਜ ਚਾਰ ਤੋਲੇ, ਗੁੱਗਲ ਪੰਜ ਤੋਲੇ ਘੀ ਵਿੱਚ ਕੁੱਟਕੇ ਮਾਸ਼ੇ ਮਾਸ਼ੇ ਦੀਆਂ ਗੋਲੀਆਂ ਬਣਾਕੇ ਇੱਕ ਜਾਂ ਦੋ ਗਊ ਦੇ ਗਰਮ ਦੁੱਧ ਨਾਲ ਖਾਣੀਆਂ. ਨਾਰਾਯਣੀ ਤੇਲ ਦੀ ਮਾਲਿਸ਼ ਕਰਨੀ। ੪. ਵਿ- ਛਿੜਕਿਆ. ਦੇਖੋ, ਝੋਲਨਾ ੪. "ਚਰਣ ਧੋਇ ਚਰਣੋਦਕ ਝੋਲਾ." (ਭਾਗੁ)...
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਭਿਕ੍ਸ਼ਾ. ਭੀਖ. ਦੇਖੋ, ਭਿਖ ਅਤੇ ਭਿਖਿਆ. "ਇਆ ਸੁਖ ਤੇ ਭਿਖ੍ਯਾ ਭਲੀ." (ਸ. ਕਬੀਰ)...
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਸੰਗ੍ਯਾ- ਥੈਲੀ. ਝੋਲੀ. ਥੈਲਾ. ਝੋਲਾ ਬਟੂਆ....
ਸੰ. ਮੁਦ੍ਰਾ. ਸੰਗ੍ਯਾ- ਮੁਹਰਛਾਪ। ੨. ਬੰਦ ਕਰਨ ਦੀ ਕ੍ਰਿਯਾ। ੩. ਭੇਤ. ਰਾਜ਼। ੪. ਯੋਗੀਆਂ ਦੇ ਕੰਨ ਵਿੱਚ ਪਹਿਰਿਆ ਮੁੰਦਰੀ ਦੇ ਆਕਾਰ ਦਾ ਕੁੰਡਲ. "ਮੁੰਦਾ ਸੰਤੋਖੁ." (ਜਪੁ) ਸੰਤੋਖ ਦੀਆਂ ਮੁਦ੍ਰਾਂ....
ਦੇਖੋ, ਸੰਤੋਖ....
ਦੇਖੋ, ਸਰਮ. "ਸਰਮੁ ਧਰਮੁ ਦੁਇ ਛਪਿ ਖਲੋਏ." (ਤਿਲੰ ਮਃ ੧)...
ਦੇਖੋ, ਪਤ। ੨. ਪਾਤ੍ਰ. "ਪਤੁ ਵੀਚਾਰ ਗਿਆਨਮਤਿ ਡੰਡਾ." (ਆਸਾ ਮਃ ੧) ੩. ਪਤ੍ਰ. ਪੱਤਾ. "ਸਾਖਾ ਮੂਲ ਪਤੁ ਨਹੀ ਡਾਲੀ." (ਆਸਾ ਛੰਤ ਮਃ ੧)...
ਸੰ. ਝੌਲਿਕ. ਸੰਗ੍ਯਾ- ਛੋਟਾ ਝੋਲਾ. ਥੈਲੀ। ੨. ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. "ਮੁੰਦਾ ਸੰਤੋਖੁ ਸਰਮੁ ਪਤੁ ਝੋਲੀ." (ਜਪੁ) ੩. ਕੱਛ ਪਜਾਮੇ ਆਦਿ ਦਾ ਆਸਣ। ੪. ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. कच्छ ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ। ੨. ਬੰਬਈ ਹਾਤੇ ਦਾ ਇੱਕ ਦੇਸ਼, ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ, ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ। ੩. ਧੋਤੀ ਦਾ ਉਹ ਪੱਲਾ, ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ। ੪. ਦੇਖੋ, ਕੱਛਪ। ੫. ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ, ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ (ਕੱਕਾ) ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਆਸਨ. ਸੰਗ੍ਯਾ- ਸ੍ਥਿਤਿ (ਇਸਥਿਤ). ਬੈਠਕ। ੨. ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ। ੩. ਯੋਗ ਦਾ ਤੀਜਾ ਅੰਗ, ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਯੋਗਸ਼ਾਸਤ੍ਰ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਉਨ੍ਹਾਂ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ-#(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਪੁਰ, ਸੱਜੇ ਪੈਰ ਦੀ ਅੱਡੀ ਲਿੰਗ ਪੁਰ ਰੱਖਕੇ ਬੈਠਣਾ.#(ਅ) ਪਦਮਾਸਨ. ਸੱਜੇ ਪੱਟ ਤੇ ਖੱਬਾ ਪੈਰ, ਖੱਬੇ ਪੱਟ ਤੇ ਸੱਜਾ ਪੈਰ ਰੱਖਕੇ, ਪਿੱਠ ਪਿੱਛੋਂ ਦੀ ਹੱਥ ਕਰਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ. ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀ ਰੱਖਕੇ ਨੱਕ ਦੀ ਨੋਕ ਉੱਪਰ ਨਜਰ ਜਮਾਉਣੀ.#(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ, ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.#(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ "ਭਦ੍ਰਾਸਨ" ਬਣ ਜਾਂਦਾ ਹੈ. "ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ." (ਸੋਰ ਅਃ ਮਃ ੫) ੪. ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ, ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw....
ਦੇਖੋ ਪਹਰੇ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...