vishvakaramā, vishavakaramāविश्वकरमा, विशवकरमा
ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ.
सं. विश्वकर्मन्. संसार रचण वाला करतार. रिगवेद दे दो मंत्रां विॱच विश्वकरमा दा वरणन है कि इस दे हर पासे मूंह बाहां अते पैर हन. संसार रचण वेले इह आपणीआं बाहां तों कंम लैंदा है अर इस नूं सारे लोकां दा गिआन है। २. ब्रहमा। ३. सूरज। ४. इॱक दवेता, जिस नूं महाभारत अते पुराणां विॱच देवतिआं दा चीफ इंजनीअर (Chief Engineer) दॱसिआ है. इह केवल देवतिआं दे मकान ही नहीं रचदा किंतु देवतिआं दे शसत्र असत्रां नूं भी इही बणाउंदा है. स्थापत्य उपवेद, जिस विॱच दस्तकारी दे हुनर दॱसे हन, उह इसे दा रचिआ होइआ है. महाभारत विॱच इस दी बाबत इउं लिखिआ है- "देवतिआं दा पति, गहिणे घड़न वाला, वधीआ कारीगर, जिस ने कि देवतिआं दे रथ बणाए हन, जिस दे हुनर ते प्रिथिवी खड़ी है, अते जिस दी सदीव पूजा कीता जांदी है"#रामायण विॱच लिखिआ है कि विश्वकरमा अॱठवें वासु प्रभास दा पुत्र लावन्यमती (योग- सिॱधा) दे पेटों होइआ. इस दी पुत्री संजना दा विआह सूरय नालहोइआ सी, पर जद संजना सूरय दा तेज सहार न सकी, तां विश्वकरमां ने सूरय नूं आपणे खराद ते चाड़्ह के उस दा अॱठवां भाग छिॱल दिॱता, जिस तों सूरय दी तपत कम हो गई. सूरज दे छिॱलड़ तों विश्वकरमां ने विसनु दा चक्र, शिव दा त्रिशूल, कारतिकेय दी बरछी अते होर कई देवतिआं दे शसत्र बणाए. जगंनाथ दा बुत भी इसे कारीगर दी दस्तकारी दा कमाल है. देखो, जगंनाथ.
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਮੁਖ। ੨. ਚੇਹਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. किन्तु ਵ੍ਯ- ਪਰ. ਲੇਕਿਨ। ੨. ਬਲਕਿ. ਸਗੋਂ....
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਸੰ. ਸੰਗ੍ਯਾ- ਦੂਜੇ ਦਰਜੇ ਦੇ ਵੇਦ. ਵੇਦ ਜੇਹੇ ਮੰਨੇ ਪੁਸਤਕ. ਹਿੰਦੂਮਤ ਵਿੱਚ ਚਾਰ ਵੇਦਾਂ ਦੇ ਨਾਲ ਚਾਰ ਉਪਵੇਦ ਮੰਨੇ ਹਨ-#੧. ਆਯੁਰ ਵੇਦ. ਇਸ ਵਿੱਚ ਵੈਦ੍ਯ ਵਿਦ੍ਯਾ ਹੈ.#੨. ਗਾਂਧਰਵ ਵੇਦ. ਇਸ ਵਿੱਚ ਰਾਗ ਵਿਦ੍ਯਾ ਹੈ.#੩. ਧਨੁਰ ਵੇਦ. ਇਸ ਵਿੱਚ ਧਨੁਖ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ.#੪. ਸ੍ਥਾਪਤ੍ਯ ਵੇਦ. ਇਸ ਵਿੱਚ ਇਮਾਰਤ ਬਣਾਉਣ ਦੀ ਵਿਦ੍ਯਾ ਹੈ....
ਫ਼ਾ. [ہُنر] ਸੰਗ੍ਯਾ- ਕਾਰੀਗਰੀ। ੨. ਗੁਣ. "ਨਿਜ ਹੁ ਨਰਨ ਕੋ ਰਿਦੈ ਛਪਾਵੈ." (ਨਾਪ੍ਰ)...
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਵਿ- ਗੁਣ ਮੁੱਲ ਆਦਿ ਵਿੱਚ ਜੋ ਵਧਕੇ ਹੈ....
ਫ਼ਾ. [کاریگر] ਸੰਗ੍ਯਾ- ਕੰਮ ਕਰਨ ਵਾਲਾ. ਹੁਨਰਮੰਦ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਵ੍ਯ- ਸਦੈਵ. ਨਿਤ੍ਯ. ਹਮੇਸ਼ਹ. ਦੇਖੋ, ਗਨੀਵ....
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸ਼੍ਰੀ ਰਾਮ ਦੀ ਕਥਾ ਦਾ ਗ੍ਰੰਥ. ਸਭ ਤੋਂ ਪਹਿਲਾ ਰਾਮਾਯਣ, ਆਦਿ ਕਵਿ ਵਾਲਮੀਕਿ ਨੇ ਲਿਖਿਆ ਹੈ, ਜਿਸ ਦਾ ੨੪੦੦੦ ਸ਼ਲੋਕ ਅਤੇ ੬੪੭ ਸਰਗ (ਅਧ੍ਯਾਯ) ਹਨ.¹ ਇਹ ਸੱਤ ਕਾਂਡਾਂ ਵਿੱਚ ਹੈ-#(੧) ਬਾਲ ਕਾਂਡ. ਸ਼੍ਰੀ ਰਾਮ ਜੀ ਦਾ ਜਨਮ ਅਤੇ ਬਾਲਲੀਲਾ ਆਦਿਕ ਦਾ ਵਰਣਨ.#(੨) ਅਯੋਧ੍ਯਾ ਕਾਂਡ. ਦਸ਼ਰਥ ਦੀ ਰਾਜਧਾਨੀ ਦਾ ਵਰਣਨ ਅਤੇ ਰਾਮ ਨੂੰ ਵਨਵਾਸ ਤਕ ਦੀ ਕਥਾ.#(੩) ਆਰਣ੍ਯ ਕਾਂਡ. ਰਾਮ ਦੇ ਵਨਵਾਸ ਦਾ ਪ੍ਰਸੰਗ ਅਤੇ ਸੀਤਾਹਰਣ ਆਦਿ ਕਥਾ.#(੪) ਕਿਸਕਿੰਧਾ ਕਾਂਡ. ਰਾਮਚੰਦ੍ਰ ਜੀ ਦਾ ਸੁਗ੍ਰੀਵ ਦੀ ਰਾਜਧਾਨੀ ਕਿਸਕਿੰਧਾ ਪਾਸ ਰਹਿਣਾ ਅਤੇ ਸੀਤਾ ਦੇ ਖੋਜ ਦਾ ਯਤਨ.#(੫) ਸੁੰਦਰ ਕਾਂਡ. ਹਨੁਮਾਨ ਦ੍ਵਾਰਾ ਸੀਤਾ ਦਾ ਪਤਾ ਲੈਣਾ ਅਤੇ ਰਾਮਚੰਦ੍ਰ ਜੀ ਦਾ ਸੈਨਾ ਸਮੇਤ ਬਹੁਤ ਸੁੰਦਰ ਰਸਤਿਆਂ ਵਿੱਚਦੀਂ ਲੰਘਕੇ ਲੰਕਾ ਵੱਲ ਜਾਣਾ.#(੬) ਯੁੱਧ ਕਾਂਡ, ਅਥਵਾ ਲੰਕਾ ਕਾਂਡ. ਰਾਵਣ ਨਾਲ ਲੜਾਈ, ਸੀਤਾ ਨੂੰ ਵਾਪਿਸ ਲੈਕੇ ਅਯੋਧ੍ਯਾ ਵਿੱਚ ਪ੍ਰਵੇਸ਼ ਅਤੇ ਰਾਮ ਦਾ ਰਾਜਸਿੰਘਸਨ ਪੁਰ ਬੈਠਣਾ.#(੭) ਉੱਤਰ ਕਾਂਡ. ਰਾਮ ਦਾ ਅਯੋਧ੍ਯਾ ਵਿੱਚ ਨਿਵਾਸ, ਸੀਤਾ ਨੂੰ ਵਨਵਾਸ, ਲਵ ਕੁਸ਼ ਦਾ ਜਨਮ, ਅਸ਼੍ਵਮੇਧ ਯਗ੍ਯ ਦਾ ਕਰਨਾ ਅਤੇ ਸੀਤਾ ਦਾ ਫਿਰ ਮਿਲਾਪ ਹੋਣਾ ਤਥਾ ਰਾਮ ਦਾ ਪਰਿਵਾਰ ਸਮੇਤ ਦੇਵਲੋਕ ਗਮਨ.#ਪਸ਼੍ਚਿਮੀ ਵਿਦ੍ਵਾਨਾਂ ਦਾ ਖਿਆਲ ਹੈ ਕਿ ਇਹ ਰਾਮਾਯਣ ਸਨ ਈਸਵੀ ਤੋਂ ਪਹਿਲਾਂ ੪੦੦- ੨੦੦ ਵਰ੍ਹੇ ਦੇ ਅੰਦਰ ਲਿਖਿਆ ਗਿਆ ਹੈ.#ਵਾਲਮੀਕਿ ਤੋਂ ਪਿੱਛੋਂ ਵ੍ਯਾਸ ਜੀ ਨੇ ਅਧ੍ਯਾਤਮ ਰਾਮਾਯਣ ਲਿਖਿਆ, ਜੋ ਬ੍ਰਹਮਾਂਡ ਪੁਰਾਣ ਦਾ ਇੱਕ ਭਾਗ ਹੈ. ਇਸ ਦਾ ਛੰਦਾਂ ਵਿੱਚ ਭਾਈ ਗੁਲਾਬਸਿੰਘ ਜੀ ਨੇ ਸੁੰਦਰ ਹਿੰਦੀ ਉਲਥਾ ਕੀਤਾ ਹੈ.#ਹਨੁਮਾਨਨਾਟਕ ਆਦਿ ਅਨੇਕ ਰਾਮਾਯਣ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਦੀ ਗਿਣਤੀ ੩੦ ਤੋਂ ਵਧੀਕ ਹੈ. ਹਿੰਦੀ ਭਾਸਾ ਵਿੱਚ ਤੁਲਸੀਦਾਸ ਕ੍ਰਿਤ ਚੌਪਾਈ ਰਾਮਾਯਣ ਅਤੇ ਹ੍ਰਿਦਯਰਾਮ ਕ੍ਰਿਤ ਹਨੁ ਨਾਟਕ, ਬਹੁਤ ਮਨੋਹਰ ਹਨ....
ਨਿਵਾਸ. ਰਹਾਇਸ਼. "ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ." (ਵਾਰ ਆਸਾ) ੨. ਦੇਖੋ, ਬਾਸ ਅਤੇ ਵਾਸ। ੩. ਸੰ. ਵਿਸਨੁ। ੪. ਸਭ ਵਿੱਚ ਵਸਣ ਵਾਲਾ ਕਰਤਾਰ....
ਸੰ. ਪ੍ਰ- ਭਾਸ ਵਿ- ਪੂਰਣ ਪ੍ਰਭਾ ਸਹਿਤ. ਪ੍ਰਕਾਸ਼ਮਾਨ. ਚਮਤਕਾਰੀ. "ਕਥਾਣ ਕੱਥੋਂ ਪ੍ਰਭਾਸ." (ਬ੍ਰਹਮਾਵ) ੨. ਸੰਗ੍ਯਾ- ਪ੍ਰਕਾਸ਼. ਜ੍ਯੋਤਿ। ੩. ਦੱਖਣ ਵਿੱਚ ਦ੍ਵਾਰਾਵਤੀ ਪਾਸ ਸਮੁੰਦਰ ਦੇ ਕਿਨਾਰੇ ਇੱਕ ਅਸਥਾਨ, ਜਿਸ ਦਾ ਨਾਮ ਸੋਮਤੀਰਥ ਭੀ ਹੈ. ਇੱਥੇ ਯਾਦਵਵੰਸ਼ ਦੀ ਕ੍ਰਿਸਨ ਜੀ ਸਹਿਤ ਸਮਾਪਤੀ ਹੋਈ. ਦੇਖੋ, ਸੋਮਨਾਥ ਅਤੇ ਪਰਭਾਸ। ੪. ਇੱਕ ਵਸੁ ਦੇਵਤਾ. ਦੇਖੋ, ਅਸਟ ਸਾਖੀ। ੫. ਸੰ. ਪ੍ਰਭਾਸਾ. ਕਥਨ. ਉਪਦੇਸ਼....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਦੇਖੋ, ਵਿਵਾਹ....
ਦੇਖੋ, ਸੂਰਜ। ੨. ਬਾਰਾਂ ਗਿਣਤੀ ਦਾ ਬੋਧਕ, ਕਿਉਂਕਿ ਸੂਰਜ ਬਾਰਾਂ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸਹ- ਆਧਾਰ. ਓਟ. ਆਸਰਾ. ਪਨਾਹ. "ਸੰਤਸਹਾਰ ਗੁਰੂ ਰਾਮਦਾਸ." (ਸਵੈਯੇ ਮਃ ੪. ਕੇ) "ਸੰਤਸਹਾਰਤ ਸ੍ਯਾਮ ਕੇ ਪਾਇ." (ਕ੍ਰਿਸਨਾਵ) ੨. ਸੰ. (सम्- हृ) ਵਿਨਾਸ਼. ੩. ਲੈ (ਲਯ). ਲੀਨ। ੪. ਸੰਬੰਧ. ਤਅ਼ੱਲੁਕ. "ਉਲਟੀ ਲੇ ਸਕਤਿ ਸਹਾਰੰ." (ਰਾਮ ਕਬੀਰ) ਸ਼ਕਤਿ (ਮਾਇਆ) ਦੇ ਸੰਬੰਧ ਤੋਂ ਪਰਤਕੇ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਦੀ ਪੂਜਾ ਦਾ ਦਿਨ ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਭਾਦੋਂ ਦੀ ਸੰਕ੍ਰਾਂਤਿ ਹੈ....
ਅ਼. [خراط] ਫ਼ਾ. [خراد] ਸੰਗ੍ਯਾ- ਤਰਾਸ਼ਣ (ਛਿੱਲਣ) ਦੀ ਕ੍ਰਿਯਾ। ੨. ਇੱਕ ਲੁਹਾਰਾ ਅਤੇ ਤਖਾਣਾ ਯੰਤ੍ਰ, ਜਿਸ ਨਾਲ ਧਾਤੁ ਅਤੇ ਕਾਠ ਦੀਆਂ ਚੀਜ਼ਾਂ ਗੋਲ ਅਤੇ ਸੁੰਦਰ ਘੜੀਦੀਆਂ ਹਨ. Lathe....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਵਿ- ਤਪ੍ਤ. ਤਪਿਆ ਹੋਇਆ. "ਤਪਤ ਕੜਾਹਾ ਬੁਝਿਗਇਆ, ਗੁਰਿ ਸੀਤਲ ਨਾਮੁ ਦੀਓ." (ਮਾਰੂ ਮਃ ੫) ੨. ਸੰਗ੍ਯਾ- ਤਾਪ. ਦਾਹ. ਜਲਨ. "ਤਪਤ ਮਾਹਿ ਠਾਂਢਿ ਵਰਤਾਈ." (ਸੁਖਮਨੀ)...
ਦੇਖੋ, ਛਿਲਕਾ। ੨. ਖ਼ਾ. ਰੁਪਯਾ. ਰਜਤਪਣ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਤਿੰਨ ਸ਼ੂਲ (ਕੰਡੇ) ਵਾਲਾ ਇੱਕ ਸ਼ਸਤ੍ਰ. ਇਹ ਖ਼ਾਸ ਕਰਕੇ ਸ਼ਿਵ ਦਾ ਅਸਤ੍ਰ ਹੈ....
ਸੰ. ਕਾਰ੍ਤਿਕੇਯ. ਸ਼ਿਵ ਦਾ ਇੱਕ ਪੁਤ੍ਰ. ਦੇਖੋ, ਖੜਾਨਨ. ਬ੍ਰਹਮਵੈਵਰਤ ਵਿੱਚ ਲਿਖਿਆ ਹੈ ਕਿ ਸ਼ਿਵ ਦਾ ਵੀਰਜ ਪਾਰਵਤੀ ਨਾਲ ਕ੍ਰੀੜਾ ਕਰਦੇ ਪ੍ਰਿਥਿਵੀ ਪੁਰ ਡਿਗਿਆ, ਪ੍ਰਿਥਿਵੀ ਨੇ ਅਗਨਿ ਵਿੱਚ ਅਤੇ ਅਗਨਿ ਨੇ ਸਰਕੁੜੇ (ਸ਼ਰਕਾਂਡ) ਦੇ ਬੂਝੇ ਵਿੱਚ ਅਸਥਾਪਨ ਕੀਤਾ, ਜਿਸ ਤੋਂ ਛੀ ਮੂੰਹਾਂ ਵਾਲਾ ਪੁਤ੍ਰ ਪੈਦਾ ਹੋਇਆ. ਉਸ ਦਾ ਪਾਲਨ ਚੰਦ੍ਰਮਾ ਦੀ ਇਸਤਰੀ ਕ੍ਰਿੱਤਿਕਾ ਨੇ ਆਪਣੇ ਦੁੱਧ ਨਾਲ ਕੀਤਾ, ਜਿਸ ਕਾਰਣ ਇਹ ਨਾਉਂ ਪਿਆ. ਇਸ ਦਾ ਜਨਮ ਤਾਰਕਾਸੁਰ ਮਾਰਨ ਲਈ ਹੋਇਆ ਸੀ. ਇਹ ਦੇਵਤਿਆਂ ਦਾ ਸੈਨਾਨੀ ਹੈ. ਕਾਰਤਿਕੇਯ ਨੂੰ "ਤਾਰਕਾਰਿ" ਭੀ ਲਿਖਿਆ ਹੈ....
ਸੰਗ੍ਯਾ- ਛੋਟਾ ਬਰਛਾ. ਸ਼ਕ੍ਤਿ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ....
ਫ਼ਾ. [بُت] ਸੰਗ੍ਯਾ- ਮੂਰਤਿ. "ਬੁਤ ਪੂਜਿ ਪੂਜਿ ਹਿੰਦੂ ਮੂਏ." (ਸੋਰ ਕਬੀਰ) ੨. ਭਾਵ- ਮਾਸ਼ੂਕ. ਪ੍ਯਾਰਾ....
ਅ਼. [کمال] ਵਿ- ਪੂਰਣ. ਤਮਾਮ. "ਕਰੀਮੁਲ ਕਮਾਲ ਹੈ." (ਜਾਪੁ) ੨. ਸੰਗ੍ਯਾ- ਕਬੀਰ ਜੀ ਦਾ ਪੁਤ੍ਰ. "ਉਪਜਿਓ ਪੂਤ ਕਮਾਲ." (ਸ. ਕਬੀਰ) ੩. ਇੱਕ ਕਸ਼ਮੀਰੀ ਮੁਸਲਮਾਨ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਹੋਇਆ. ਇਹ ਸਤਿਗੁਰਾਂ ਦੀ ਸੇਵਾ ਵਿੱਚ ਕੀਰਤਪੁਰ ਹਾਜਿਰ ਰਿਹਾ। ੪. ਈਰਾਨ ਦੇ ਦੋ ਪ੍ਰਸਿੱਧ ਕਵੀ ਇਸ ਨਾਉਂ ਦੇ ਹੋਏ ਹਨ, ਇੱਕ ਅਫ਼ਹਾਨ ਦਾ ਵਸਨੀਕ, ਦੂਜਾ ਖ਼ਜੰਦ ਦਾ ਰਹਿਣ ਵਾਲਾ ਸੀ. ਪਹਿਲੇ ਦਾ ਦੇਹਾਂਤ ਸਨ ੬੩੯ ਹਿਜਰੀ, ਦੂਜੇ ਦਾ ੮੮੩ ਵਿੱਚ ਹੋਇਆ....