vādha, vādhuवाद, वादु
ਸੰ. वाद. ਸੰਗ੍ਯਾ- ਚਰਚਾ. ਬਹਸ. "ਵਾਦ ਵਖਾਣਹਿ, ਤਤੁ ਨ ਜਾਣਾ." (ਮਾਰੂ ਸੋਲਹੇ ਮਃ ੧) ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਪਰਿਣਾਮਵਾਦ, ਅਦ੍ਵੈਤਵਾਦ ਆਦਿ। ੩. ਝਗੜਾ. "ਵਾਦਾ ਕੀਆ ਕਰਨਿ ਕਹਾਣੀਆ." (ਵਾਰ ਮਾਰੂ ੧. ਮਃ ੩) ੪. ਫ਼ਾ. [واد] ਬੇਟਾ. ਪੁਤ੍ਰ। ੫. ਦੇਖੋ, ਬਾਦ.
सं. वाद. संग्या- चरचा. बहस. "वाद वखाणहि, ततु न जाणा." (मारू सोलहे मः १) २. किसे दरशन (शासत्र) दा निशचे कीता सिॱधांत. जिवें- परिणामवाद, अद्वैतवाद आदि। ३. झगड़ा. "वादा कीआ करनि कहाणीआ." (वार मारू १. मः ३) ४. फ़ा. [واد] बेटा. पुत्र। ५. देखो, बाद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਚਰ੍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ....
ਅ਼. [بحث] ਬਹ਼ਸ ਸੰਗ੍ਯਾ- ਵਾਦ ਚਰਚਾ. ਖੰਡਨ ਮੰਡਨ। ੨. ਤਰਕ. ਹੁੱਜਤ। ੩. ਅ਼. [بہس] ਬਹਸ. ਦਿਲੇਰੀ. ਬਹਾਦੁਰੀ....
ਸੰ. वाद. ਸੰਗ੍ਯਾ- ਚਰਚਾ. ਬਹਸ. "ਵਾਦ ਵਖਾਣਹਿ, ਤਤੁ ਨ ਜਾਣਾ." (ਮਾਰੂ ਸੋਲਹੇ ਮਃ ੧) ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਪਰਿਣਾਮਵਾਦ, ਅਦ੍ਵੈਤਵਾਦ ਆਦਿ। ੩. ਝਗੜਾ. "ਵਾਦਾ ਕੀਆ ਕਰਨਿ ਕਹਾਣੀਆ." (ਵਾਰ ਮਾਰੂ ੧. ਮਃ ੩) ੪. ਫ਼ਾ. [واد] ਬੇਟਾ. ਪੁਤ੍ਰ। ੫. ਦੇਖੋ, ਬਾਦ....
ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)...
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਕ੍ਰਿ ਵਿ- ਯਕੀਨਨ...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਦੇਖੋ, ਸਿਧਾਂਤ....
ਸੰ. ਸੰਗ੍ਯਾ- ਸਾਂਖ੍ਯ ਮਤ ਅਨੁਸਾਰ ਇਹ ਸਿੱਧਾਂਤ ਕਿ ਪ੍ਰਕ੍ਰਿਤਿ ਦੇ ਪਰਿਣਾਮ (ਰੂਪਾਂਤਰ ਹੋਣ) ਤੋਂ ਜਗਤ ਰਚਨਾ ਹੁੰਦੀ ਹੈ....
ਸੰ. ਵੇਦਾਂਤਮਤ. ਉਹ ਸਿੱਧਾਂਤ ਜਿਸ ਵਿੱਚ ਸਿੱਧ ਕੀਤਾ ਹੈ ਕਿ ਕਰਤਾਰ ਬਿਨਾ ਹੋਰ ਕੁਝ ਨਹੀਂ. . ਵਾਹਿਗੁਰੂ ਹੀ ਜਗਤ ਦਾ ਉਪਾਦਾਨ ਅਤੇ ਨਿਮਿੱਤ ਕਾਰਣ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਅ਼. [واعدہ] ਵਅ਼ਦਹ. ਪ੍ਰਣ. ਪ੍ਰਤਿਗ੍ਯਾ. ਨੇਮ....
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਕਰ੍ਣ (ਕੰਨ) ਵਿੱਚ. ਕਾਨ ਮੇ. "ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੫) ੨. ਕਰਦੇ ਹਨ. "ਮੰਨੇ ਕਾ ਬਹਿ ਕਰਨਿ ਵੀਚਾਰੁ." (ਜਪੁ) ੩. ਕੀਤੇ ਗਏ ਹਨ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਵਾਦ. ਸੰਗ੍ਯਾ- ਚਰਚਾ. ਤਰਕ. ਬਹਸ. "ਬਿਦਿਆ ਨ ਪਰਉ, ਬਾਦ ਨਹੀ ਜਾਨਉ." (ਬਿਲਾ ਕਬੀਰ) ੨. ਵਿਵਾਦ. ਝਗੜਾ. "ਅਹੰਬੁਧਿ ਪਰਬਾਦ ਨੀਤ." (ਬਿਲਾ ਮਃ ੫) ੩. ਵ੍ਯ- ਵ੍ਯਰਥ. ਫੁਜੂਲ. "ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ." (ਮਃ ੩. ਵਾਰ ਸੋਰ) "ਬਾਦ ਕਾਰਾਂ ਸਭਿ ਛੋਡੀਆਂ." (ਮਾਰੂ ਅਃ ਮਃ ੧) ੪. ਸੰ. ਵਾਦ੍ਯ. ਸੰਗ੍ਯਾ- ਬਾਜਾ. "ਗੁਰਰਸ ਗੀਤ ਬਾਦ ਨਹੀਂ ਭਾਵੈ." (ਓਅੰਕਾਰ) ੫. ਫ਼ਾ. [باد] ਵਾਯੁ. ਹਵਾ. ਵਾਤ. "ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ." (ਅਕਾਲ) ੬. ਤਖ਼ਤ ਰਾਜਸਿੰਘ ਸਨ. ਦੇਖੋ, ਬਾਦਸ਼ਾਹ। ੭. ਅਭਿਮਾਨ। ੮. ਘੋੜਾ। ੯. ਬਾਦਹ. ਸ਼ਰਾਬ। ੧੦. ਵ੍ਯ- ਹੋਵੇ. ਜਿਵੇਂ ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). ੧੧. ਅ਼. ਬਅ਼ਦ. [بعد] ਕ੍ਰਿ. ਵਿ- ਪਿੱਛੋਂ. ਪਸ਼੍ਚਾਤ....