tatuततु
ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)
सं. तत्त्व- तत्व. संग्या- जगत दा मूल कारण प्रिथिवी आदिक भूत. अनासिर. "पंच ततु मिलि काइआ कीनी." (गौड कबीर) २. पारब्रहम. करतार. "गुरमुखि ततु वीचारु." (स्री अः मः १) ३. सार. सारांश. "ततु गिआन तिसु मनि प्रगटाइआ."(सुखमनी) ४. मॱखण नवनीत. "जल मथै ततु लोड़ै अंध अगिआना." (मारू अः मः १) "सहजि बिलोवहु जैसे ततु न जाई." (आसा कबीर) ५. असलीअत. यथार्थता। ६. क्रि. वि- ततकाल. फ़ौरन. "जो पिरु कहै सो धन ततु मानै." (मारू सोलहे मः ५)
ਦੇਖੋ, ਤਤੁ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਅ਼. [عناصر] ਅ਼ਨਾਸਿਰ. ਉਨਸਰ (ਤਤ੍ਵ) ਦਾ ਬਹੁ ਵਚਨ. ਭੂਤ. ਪਾਨੀ, ਹਵਾ, ਖ਼ਾਕ ਅਤੇ ਅਗਨਿ....
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰ. तत्त्व- ਤਤ੍ਵ. ਸੰਗ੍ਯਾ- ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅਨਾਸਿਰ. "ਪੰਚ ਤਤੁ ਮਿਲਿ ਕਾਇਆ ਕੀਨੀ." (ਗੌਡ ਕਬੀਰ) ੨. ਪਾਰਬ੍ਰਹਮ. ਕਰਤਾਰ. "ਗੁਰਮੁਖਿ ਤਤੁ ਵੀਚਾਰੁ." (ਸ੍ਰੀ ਅਃ ਮਃ ੧) ੩. ਸਾਰ. ਸਾਰਾਂਸ਼. "ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ." (ਸੁਖਮਨੀ) ੪. ਮੱਖਣ ਨਵਨੀਤ. "ਜਲ ਮਥੈ ਤਤੁ ਲੋੜੈ ਅੰਧ ਅਗਿਆਨਾ." (ਮਾਰੂ ਅਃ ਮਃ ੧) "ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ." (ਆਸਾ ਕਬੀਰ) ੫. ਅਸਲੀਅਤ. ਯਥਾਰ੍ਥਤਾ। ੬. ਕ੍ਰਿ. ਵਿ- ਤਤਕਾਲ. ਫ਼ੌਰਨ. "ਜੋ ਪਿਰੁ ਕਹੈ ਸੋ ਧਨ ਤਤੁ ਮਾਨੈ." (ਮਾਰੂ ਸੋਲਹੇ ਮਃ ੫)...
ਮਿਲਕੇ. ਮਿਲਾਪ ਕਰਕੇ. "ਮਿਲਿ ਸਤਿਗੁਰੁ ਨਿਸਤਾਰਾ." (ਮਾਰੂ ਮਃ ੫) "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫)...
ਸੰ. ਕਾਯ. ਸੰਗ੍ਯਾ- ਦੇਹ. ਸ਼ਰੀਰ. "ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ." (ਗਉ ਮਃ ੧) "ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ." (ਭੈਰ ਕਬੀਰ)...
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਸੰਗ੍ਯਾ- ਇੱਕ ਰਾਗ, ਜੋ ਸੰਪੂਰਣਜਾਤਿ ਦਾ ਹੈ. ਇਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ. ਗਾਉਣ ਦਾ ਵੇਲਾ ਦੋਪਹਿਰ (ਮਧ੍ਯਾਨ) ਹੈ.#ਸਰਗਮ- ਸ ਰ ਮ ਮ ਪ ਧਾ ਸ ਧਾ ਨ ਪ ਮ ਗਾ ਮ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌਡ ਦਾ ਸਤਾਰਵਾਂ ਨੰਬਰ ਹੈ। ੨. ਮਧ੍ਯ ਭਾਰਤ (ਸੀ. ਪੀ. ) ਵਿੱਚ ਇੱਕ ਜਾਤਿ। ੩. ਦੇਖੋ, ਗੌੜ। ੪. ਗੁੜ ਦਾ ਬਣਿਆ ਕੋਈ ਪਦਾਰਥ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਦੇਖੋ, ਬਿਚਾਰ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੂ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਸਰਵ- ਉਸ. "ਤਿਸੁ ਊਪਰਿ ਮਨ ਕਰਿ ਤੂ ਆਸਾ." (ਗਊ ਮਃ ੫)...
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਮ੍ਰਿਕ੍ਸ਼੍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ....
ਸੰ. ਸੰਗ੍ਯਾ- ਨਵਾਂ ਕੱਢਿਆ ਹੋਇਆ ਮੱਖਣ. ਨੈਨੂ....
ਮਥਨ ਕਰਦਾ (ਰਿੜਕਦਾ) ਹੈ। ੨. ਮਸਲਦਾ (ਕੁਚਲਦਾ) ਹੈ। ੩. ਮੱਥੇ ਉੱਤੇ. "ਮਥੈ ਟਿਕੇ ਨਾਹੀ." (ਮਃ ੧. ਵਾਰ ਮਾਝ)...
ਦੇਖੋ, ਅਧੇ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਕ੍ਰਿ. ਵਿ- ਗ੍ਯਾਨ ਕਰਕੇ। ੨. ਸ੍ਵਾਭਾਵਿਕ। ੩. . ਕੁਦਰਤੀ ਤੌਰ ਪੁਰ। ੪. ਸਹਜ (ਬ੍ਰਹਮ) ਵਿੱਚ. "ਲਾਗੈ ਸਹਜਿ ਧਿਆਨੁ." (ਜਪੁ) ੪. ਸੁਸ਼ੀਲਤਾ (ਸਾਦਾਚਾਰ) ਦਾ. "ਸਹਜਿ ਸੀਗਾਰ ਕਾਮਣਿ ਕਰਿ ਆਵੈ." (ਸੂਹੀ ਅਃ ਮਃ ੧) ੫. ਸ਼ਨੇ ਸ਼ਨੇ. ਹੌਲੀ ਹੌਲੀ. "ਸਹਜਿ ਪਕੈ ਸੋ ਮੀਠਾ." (ਤੁਖਾ ਬਾਰਹਮਾਹਾ) ੬. ਧੀਰਜ ਅਤੇ ਸ਼ਾਂਤਿ ਨਾਲ. "ਸਹਜਿ ਸਹਜਿ ਗੁਣ ਰਮੈ ਕਬੀਰਾ." (ਗਉ ਕਬੀਰ) "ਬਾਬੀਹਾ ਤੂੰ ਸਹਿਜ ਬੋਲ." (ਸਵਾ ਮਃ ੩)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. तत्काल- तत्क्षण. ਕ੍ਰਿ. ਵਿ- ਉਸੇ ਵੇਲੇ. ਉਸ ਹੀ ਸਮੇਂ. ਫ਼ੌਰਨ. ਤੁਰੰਤ. "ਸਿਰ ਸਤ੍ਰਨ ਕੇ ਪਰ ਅਤ੍ਰ ਲਗੈ ਤਤਕਾਰ." (ਕ੍ਰਿਸਨਾਵ) "ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇਆਵੈ." (ਆਸਾ ਮਃ ੫) "ਸੰਤ ਉਧਾਰਉ ਤਤਖਿਣ ਤਾਲਿ." (ਗੌਂਡ ਮਃ ੫) ਦੇਖੋ, ਤਾਲਿ....
ਅ਼. [فوَرن] ਕ੍ਰਿ. ਵਿ- ਤੁਰੰਤ. ਛੇਤੀ. ਚਟਪਟ. ਝੱਟ....
ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ....
ਸੋਲਹਾ ਦਾ ਬਹੁ ਵਚਨ....