mūlaमूल
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ.
क्रि. वि- बिलकुल. मूलों "ऐसा कंम मूले न कीचै, जितु अंति पछोताईऐ." (अनंदु) २. सं. संग्या- जड़. "मूल बिना साखा कतु आहै?" (भैर मः ५) ३. वपार लई पूंजी. मूलधन. "खोवै मूल लाभ नहि" पावै." (गुप्रसू) ४. असल मजमून, जिस पुर टीका टिॱपणी लिखी जावे. Text। ५. मुॱढ. आदि. भाव- करतार. "मूलि लागे से जन परवाणु। ××× डालीलागै निहफल जाई ॥" (आसा मः ३) डाली तों भाव देवी देवता अते जगत है। ६. असलियत। ७. उॱनीहवां नछत्र। ८. गाजर मूली आदिक जमीन अंदर होण वाले पदारथ। ९. सं. मूल्. धा- जड़े जाणा, द्रिड़्ह होणा, वधणा, जड़ पकड़ना। १०. देखो, मूल्य.
ਅ਼. [بِلکُل] ਕ੍ਰਿ. ਵਿ- ਪੂਰਾ ਪੂਰਾ. ਸਬ। ੨. ਨਿਰਾ. ਨਿਪਟ। ੩. ਆਦਿ ਤੋਂ ਅੰਤ ਤੀਕ....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਕ੍ਰਿ. ਵਿ- ਮੂਲੋਂ. ਬਿਲਕੁਲ. "ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ)...
ਕੀਜੈ. ਕਰੀਜੈ. ਕਰੋ. ਦੇਖੋ, "ਸੁਧੁਕੀਚੇ." "ਹਰਿਰਸੁ ਕੀਚੈ ਜੀਉ." (ਮਾਝ ਮਃ ੪)...
ਦੇਖੋ, ਜਿਤ। ੨. ਕ੍ਰਿ. ਵਿ- ਜਬਕਿ. "ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?" (ਵਾਰ ਆਸਾ) ੩. ਜਿਧਰ. ਜਿਸ ਪਾਸੇ. "ਜਿਤੁ ਕੋ ਲਾਇਆ ਤਿਤੁ ਹੀ ਲਾਗਾ." (ਆਸਾ ਕਬੀਰ) ੪. ਜਿੱਥੇ. ਜਹਾਂ. "ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?" (ਸੂਹੀ ਮਃ ੫) ੫. ਜਿਸ ਤੋਂ. ਜਿਸ ਸੇ. "ਬਧਾ ਛੁਟਹਿ ਜਿਤੁ." (ਸ੍ਰੀ ਮਃ ੧. ਪਹਰੇ) ੬. ਸਰਵ- ਜਿਸ. "ਜਿਤੁ ਦਿਹਾੜੇ ਧਨ ਵਰੀ." (ਸ. ਫਰੀਦ) "ਜਿਤੁ ਸੇਵਿਐ ਸੁਖ ਹੋਇ ਘਨਾ." (ਬਿਲਾ ਮਃ ੫)...
ਓੜਕ ਨੂੰ. "ਅੰਤਿ ਗਇਆ ਪਛੁਤਾਇ." (ਸ੍ਰੀ ਮਃ ੩) ੨. ਅੰਤ ਸਮੇਂ. ਮਰਨ ਵੇਲੇ....
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩....
ਦੇਖੋ, ਕਤ....
ਦੇਖੋ, ਆਹ ਅਤੇ ਆਹਿ. "ਜੋਗੀ ਜਤੀ ਸਿਧ ਹਰਿ ਆਹੈ." (ਗਉ ਮਃ ੫) ਚਾਹੁੰਦੇ ਹਨ....
ਦੇਖੋ, ਵ੍ਯਾਪਾਰ....
ਸੰਗ੍ਯਾ- ਧਨਪੁੰਜ. ਰਾਸ਼ਿ. ਮੂੜੀ. Capital. "ਸਉਦੇ ਕਉ ਧਾਵੈ ਬਿਨ ਪੂੰਜੀ." (ਗਉ ਮਃ ੫) ੨. ਭਾਵ- ਸੰਚਿਤ ਕਰਮ. "ਪੂੰਜੀ ਮਾਰ ਪਵੈ ਨਿਤ ਮੁਗਦਰ." (ਬਸੰ ਅਃ ਮਃ ੧)...
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। ੨. ਕ੍ਰਿ. ਵਿ- ਪੈਰੀਂ ਚਰਨੀਂ. "ਲਗਿ ਸਤਿਗੁਰਿ ਪਾਵੈ." (ਆਸਾ ਮਃ ੫)...
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
[مضموُن] ਮਜਮੂਨ. ਸੰਗ੍ਯਾ- ਜਮਨ (ਸ਼ਾਮਿਲ ਹੋਣ) ਦਾ ਭਾਵ. ਜਿਸ ਲੇਖ ਵਿੱਚ ਕਈ ਪ੍ਰਕਰਣ ਇਕੱਠੇ ਕੀਤੇ ਗਏ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....
ਸੰ. टिप्पनी ਸੰਗ੍ਯਾ- ਟੀਕਾ. ਵ੍ਯਾਖਯਾ. ਸ਼ਰਹ਼. ਗ੍ਰੰਥ ਦੇ ਹ਼ਾਸ਼ੀਏ ਤੇ ਲਿਖੀ ਸੰਖੇਪ ਕਰਕੇ ਟੀਕਾ। ੨. ਪੰਜਾਬੀ ਵਿੱਚ ਟਿੱਪੀ (ਬਿੰਦੀ) ਨੂੰ ਭੀ ਟਿੱਪਣੀ ਆਖਦੇ ਹਨ. ਦੇਖੋ, ਟਿੱਪੀ....
ਸੰਗ੍ਯਾ- ਮੂਲ. ਜੜ. "ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ." (ਮਃ ੫. ਵਾਰ ਗਉ ੧)#੨. ਆਦਿ. ਮੁੱਢ. "ਮੁੰਢਹੁ ਘੁਥਾਜਾਇ." (ਸ੍ਰੀ ਅਃ ਮਃ ੩) "ਮੁੰਢੈ ਦੀ ਖਸਲਤਿ ਨ ਗਈਆ." (ਮਃ ੩. ਵਾਰ ਬਿਹਾ) ੩. ਭਾਵ- ਕਰਤਾਰ, ਜੋ ਸਭ ਦਾ ਮੂਲ ਹੈ. "ਮੁੰਢਹੁ ਭੁਲੇ ਮੁੰਢ ਤੇ, ਕਿਥੈ ਪਾਇਨਿ ਹਥੁ?" (ਮਃ ੫. ਗਉ ਵਾਰ ੧)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਕ੍ਰਿ. ਵਿ- ਮੂਲੋਂ. ਬਿਲਕੁਲ. "ਮੰਦਾ ਮੂਲਿ ਨ ਕੀਚਈ." (ਵਾਰ ਆਸਾ) "ਫਿਰਿ ਲੇਖਾ ਮੂਲਿ ਨ ਲਾਇਆ." (ਸੋਰ ਮਃ ੫) "ਤਿਚਰੁ ਮੁਲਿ ਨ ਥੁੜੀਦੋ." (ਸਵਾ ਮਃ ੫) ੨. ਮੂਲ (ਮੁੱਢ ਨੂੰ). ਦੇਖੋ, ਮੂਲ ੫। ੩. ਦੇਖੋ, ਮੂਲੀ। ੪. ਦੇਖੋ, ਮੂਲ....
ਦੇਖੋ, ਪ੍ਰਮਾਣ। ੨. ਸੰਗ੍ਯਾ- ਜਿਸ ਨਾਲ ਪਰਿਮਾਣ (ਵਜ਼ਨ) ਜਾਣਿਆ ਜਾਵੇ, ਵੱਟਾ. "ਅਮੁਲੁ ਤੁਲੁ ਅਮੁਲੁ ਪਰਵਾਣੁ." (ਜਪੁ) ੩. ਵਿ- ਪ੍ਰਾਮਾਣਿਕ. ਮੰਨਣ ਯੋਗ੍ਯ. ਮਾਨਨੀਯ. "ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ." (ਆਸਾ ਮਃ ੫) "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ)#੪. ਅੰਗੀਕਾਰ ਕੀਤਾ. ਮਕ਼ਬੂਲ. "ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ." (ਮਾਝ ਮਃ ੫) ੫. ਪ੍ਰਮਾਣ ਦ੍ਵਾਰਾ ਸਿੱਧ. ਭਾਵ- ਪ੍ਰਤ੍ਯਕ੍ਸ਼੍. ਜਾਹਿਰ. "ਆਪੇ ਹੀ ਗੁਪਤ ਵਰਤਦਾ ਪਿਆਰਾ, ਆਪੇ ਹੀ ਪਰਵਾਣੁ." (ਸੋਰ ਮਃ ੪)...
ਪਾਈ. ਘੱਤੀ. ਡਾਲਨਾ। ੨. ਸੰਗ੍ਯਾ- ਸ਼ਾਖ਼ਾ. ਟਾਹਣੀ. ਦੇਖੋ, ਡਾਲ ੩. "ਮਲਿ ਤਖਤ ਬੈਠਾ ਸੈ ਡਾਲੀ." (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. "ਡਾਲੀ ਲਾਗੇ ਤਿਨੀ ਜਨਮੁ ਗਵਾਇਆ." (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ. ੩. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ ਅਥਵਾ ਮਿਤ੍ਰ ਨੂੰ ਅਰਪਨ ਕਰੀਦੀ ਹੈ. "ਮਾਲੀ ਰਚ ਡਾਲੀ ਕੋ ਲ੍ਯਾਏ." (ਗੁਪ੍ਰਸੂ)...
ਦੇਖੋ, ਨਿਸਫਲ. "ਨਿਹਫਲ ਧਰਮ ਤਾਹਿ ਤੁਮ ਮਾਨੋ." (ਬਿਲਾ ਮਃ ੯)#"ਨਿਹਫਲੁ ਤਿਨਕਾ ਜੀਵਿਆ." (ਵਾਰ ਗੂਜ ੧. ਮਃ ੩) ੨. ਖੱਸੀ, ਜਿਸ ਦੇ ਫਲ (ਫ਼ੋਤੇ) ਨਹੀਂ....
ਜਾਂਦਾ. "ਇਹ ਬਿਧਿ ਮਿਲਣ ਨ ਜਾਈ." (ਸੋਰ ਅਃ ਮਃ ੫) ੨. ਜਾਯ (ਥਾਂ) ਦਾ ਬਹੁਵਚਨ. ਥਾਵਾਂ. "ਸਭ ਤਿਸੈ ਕੀਆ ਜਾਈ ਜੀਉ." (ਮਾਝ ਮਃ ੫) ੩. ਪੈਦਾ ਕੀਤੀ. ਜਣੀ। ੪. ਬੇਟੀ. ਪੁਤ੍ਰੀ। ੫. ਜਾਇਅ਼. ਵ੍ਯਰਥ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਦੇਖੋ, ਨਕ੍ਸ਼੍ਤ੍ਰ....
ਸੰ. गर्जर ਗਰ੍ਜਰ. ਸੰਗ੍ਯਾ- ਮੂਲੀਜੇਹਾ ਇੱਕ ਕੰਦ, ਜੋ ਖਾਣ ਵਿੱਚ ਮਿੱਠਾ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਗਾਜਰ ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ ਇਸ ਦਾ ਗੁਰਦੇ ਤੇ ਚੰਗਾ ਅਸਰ ਹੁੰਦਾ ਹੈ. ਯਰਕਾਨ ਦੂਰ ਕਰਦੀ ਹੈ. L. Daucus Carota. ਅੰ. Carrot । ੨. ਫ਼ਾ. [گازر] ਗਾਜ਼ਰ. ਧੋਬੀ. ਰਜਕ "ਗਾਜਰ ਹੁਤੋ ਤੀਰ ਪਰ ਬਾਰੀ." (ਨਾਪ੍ਰ)...
ਸੰ. ਮੂਲਿਕਾ. ਸੰਗ੍ਯਾ- ਇੱਕ ਕੰਦ, ਜਿਸ ਦੀ ਤਰਕਾਰੀ ਬਣਦੀ ਹੈ. (radish)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਦੇਖੋ, ਦ੍ਰਿਢ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ- ਵਰ੍ਧਨ. ਵ੍ਰਿੱਧਿ ਨੂੰ ਪ੍ਰਾਪਤ ਹੋਣਾ। ੨. ਵਧ ਕਰਨਾ. ਮਾਰਨਾ....
ਕ੍ਰਿ- ਪ੍ਰਗ੍ਰਹਣ. ਗ੍ਰਹਣ ਕਰਨਾ. ਫੜਨਾ। ੨. ਦ੍ਰਿੜ੍ਹ ਨਿਸ਼ਚੇ ਕਰਨਾ. ਧਾਰਣ ਕਰਨਾ. "ਅਦ੍ਰਿਸਟੁ ਅਗੋਚਰ ਪਕੜਿਆ ਗੁਰਸਬਦੀ." (ਤੁਖਾ ਛੰਤ ਮਃ ੪)...
ਸੰ. ਸੰਗ੍ਯਾ- ਮੁੱਲ. ਕੀਮਤ। ੨. ਵਿ- ਖਰੀਦਣ ਯੋਗ੍ਯ. ਕੀਮਤ ਲਾਇਕ....