padhāradhaपदारथ
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.
सं. पदार्थ. संग्या- पद दा अरथ. तुक अते शबद दा भाव। २. किसे दरशन (शासत्र) दा मंनिआ होइआ विसय, जैसे वैशेसिक दरशन अनुसार द्रव्य. गुण, करम, सामान्य, विशेस अते समवाय, इह छी पदारथ हन. गौतम दे (न्याय) मत अनुसार सोलां पदारथ. देखो, खटशासत्र। ३. पुराणां अनुसार धरम, अरथ, काम अते मोक्श्। ४. चीज़. वसतु। ५. धन। ६. श्री गुरू रामदास जी दा इॱक प्रेमी सिॱख.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਖਟ ਸ਼ਾਸਤ੍ਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. ਸੰਗ੍ਯਾ- ਤੁੱਲਤਾ ਦਾ ਭਾਵ. ਦੇਖੋ, ਪੂਰੀਅਲੇ। ੨. ਤੁੱਲਤਾ ਮਿਲਾਉਣ ਵਾਲਾ ਧਰਮ. ਜੈਸੇ- ਮੁਖ ਚੰਦ੍ਰਮਾ ਜੇਹਾ ਰੌਸ਼ਨ ਹੈ, ਇੱਥੇ ਰੌਸ਼ਨ ਸਾਮਾਨ੍ਯ ਹੈ। ੩. ਜਾਤਿ ਵਿੱਚ ਰਹਿਣ ਵਾਲਾ ਸਾਧਾਰਣ ਧਰਮ, ਜੈਸੇ- ਆਦਮੀ ਵਿੱਚ ਆਦਮੀਯਤ, ਬ੍ਰਾਹਮਣ ਵਿੱਚ ਬ੍ਰਾਹਮਣਤ੍ਵ, ਛਤ੍ਰੀ ਵਿੱਚ ਛਤ੍ਰੀਪਨ ਆਦਿ। ੪. ਵਿ- ਮਾਮੂਲੀ. ਆਮ। ੫. ਸੰਗ੍ਯਾ- ਇੱਕ ਅਰਥਾਲੰਕਾਰ. ਜਿਸ ਥਾਂ ਤੁੱਲ ਰੂਪ ਗੁਣ ਆਦਿਕ ਵਾਲੇ ਪਦਾਰਥਾਂ ਦੀ ਸਮਾਨਤਾ ਹੋਵੇ, ਪਰ ਮੀਲਿਤ ਦੀ ਤਰਾਂ ਅਭੇਦਤਾ ਨਾ ਹੋਵੇ, ਕਿੰਤੁ ਭੇਦ ਬਣਿਆ ਰਹੇ, ਐਸਾ ਵਰਣਨ "ਸਾਮਾਨ੍ਯ" ਅਲੰਕਾਰ ਹੈ.#ਉਦਾਹਰਣ-#ਸੇਤ ਸਾਜ ਸਾਜ ਚਲੀ ਸਾਂਵਰੇ ਕੀ ਪ੍ਰੀਤਿ ਕਾਜ#ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹਨਐਗਈ.#(ਕ੍ਰਿਸਨਾਵ)#ਬੈਠਾ ਚਮਕੌਰ ਦੀ ਅਟਾਰੀ ਭਾਈ ਸੰਤ ਸਿੰਘ#ਬਾਣ ਵਰਖਾਵੈ ਵੈਰੀ ਜਾਨੈ ਦਸ਼ਮੇਸ਼ ਹੈ.¹...
ਸੰ. ਸੰਗ੍ਯਾ- (समअव) ਮੇਲ. ਸੰਯੋਗ। ੨. ਸਮੁਦਾਇ. ਸਮੂਹ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਗੋਤਮ ਵੰਸ਼ ਵਿੱਚ ਹੋਣ ਵਾਲਾ. ਗੋਤਮ ਨਾਲ ਹੈ ਜਿਸ ਦਾ ਸੰਬੰਧ. ਦੇਖੋ ਗੌਤਮ। ੨. ਮਹਾਤਮਾ ਬੁੱਧ, ਜਿਸ ਦੀ ਮਾਤਾ ਮਾਯਾਦੇਵੀ ਪੁਤ੍ਰ ਜਣਨ ਤੋਂ ਸੱਤਵੇਂ ਦਿਨ ਮਰ ਗਈ ਸੀ, ਇਸ ਲਈ ਬੁੱਧ ਨੂੰ ਮਤੇਈ ਗੋਤਮੀ ਨੇ ਪਾਲਿਆ, ਜਿਸ ਕਾਰਣ ਨਾਮ ਗੌਤਮ ਹੋਇਆ. ਦੇਖੋ, ਬੁਧ। ੩. ਦੇਖੋ, ਗੋਤਮ ੪....
ਸੰ. ਸੰਗ੍ਯਾ- ਯੋਗ੍ਯ ਬਾਤ. ਨੀਤਿ. ਇਨਸਾਫ਼। (ਅ) ਗੌਤਮ ਦਾ ਰਚਿਆ ਸ਼ਾਸਤ੍ਰ, ਜਿਸ ਦੀ ਦਰਸ਼ਨਾਂ ਵਿੱਚ ਗਿਣਤੀ ਹੈ. ਦੇਖੋ, ਖਟ ਸ਼ਾਸਤ੍ਰ.#(ੲ) ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਨ, ਇਨ੍ਹਾਂ ਪੰਜਾਂ ਅੰਗਾਂ ਵਾਲਾ ਵਾਕ.#(I) ਪਰਵਤ ਅਗਨਿ ਵਾਲਾ ਹੈ- ਪ੍ਰਤਿਗ੍ਯਾ.#(II) ਧੂੰਏਂ ਵਾਲਾ ਹੋਣ ਕਰਕੇ- ਹੇਤੁ.#(III) ਧੂੰਏਂ ਵਾਲਾ ਜਰੂਰ ਅੱਗ ਸਹਿਤ ਹੁੰਦਾ ਹੈ, ਜਿਸ ਤਰਾਂ ਰਸੋਈ ਘਰ- ਉਦਾਹਰਣ.#(IV) ਨੇਮ ਨਾਲ ਅੱਗ ਸਾਥ ਰਹਿਣ ਵਾਲੇ ਧੂੰਏਂ ਹੇਤੁ ਵਾਲਾ ਇਹ ਪਰਵਤ ਹੈ- ਉਪਨਯ.#(V) ਇਸ ਲਈ ਬਿਨਾ ਸੰਸੇ ਇਹ ਪਹਾੜ ਅੱਗ ਵਾਲਾ ਹੈ- ਨਿਗਮਨ.#(ਸ) ਦ੍ਰਿਸ੍ਟਾਂਤ ਵਾਕ੍ਯ. ਮਿਸਾਲ. ਕਹਾਵਤ. ਨ੍ਯਾਯਵਾਕਯ ਸਾਰੀਆਂ ਬੋਲੀਆਂ ਵਿੱਚ ਵਰਤੇਜਾਂਦੇ ਹਨ, ਅਰ ਇਹ ਅਨੰਤ ਹਨ. ਅਸੀਂ ਇੱਥੇ ਉਹ ਲਿਖਦੇ ਹਾਂ ਜੋ ਬਹੁਤ ਪ੍ਰਸਿੱਧ ਅਤੇ ਜਾਂਦਾ ਵਰਤੇ ਜਾਂਦੇ ਹਨ-#ਉਸ੍ਟ੍ਰ ਲਗੁੜ ਨ੍ਯਾਯ. ਉੱਠ ਉੱਤੇ ਲੱਦੀਆਂ ਲੱਕੜਾਂ ਵਿੱਚੋਂ ਇੱਕ ਡੰਡਾ ਲੈਕੇ ਜਿਵੇਂ ਉੱਠ ਨੂੰ ਸਿੱਧਾ ਕਰ ਲਈਦਾ ਹੈ. ਤਿਵੇਂ ਕਿਸੇ ਦੀ ਗੱਲ ਨੂੰ ਆਪਣੇ ਪੱਖ ਦੀ ਪੁਸ੍ਟੀ ਲਈ ਵਰਤੀਏ.#(੨) ਊਖਰ ਵਰਖਾ ਨ੍ਯਾਯ. ਜਿਵੇਂ ਕੱਲਰ ਵਿੱਚ ਮੀਂਹ ਕੁਝ ਫਲ ਨਹੀਂ ਦਿੰਦਾ, ਤਿਵੇਂ ਜਿਸ ਥਾਂ ਉਪਦੇਸ਼ ਆਦਿ ਦਾ ਕੁਝ ਅਸਰ ਨਾ ਹੋਵੇ.#(੩) ਅਗਨਿ ਧੂਮ ਨ੍ਯਾਯ. ਧੂੰਆਂ ਕਾਰਯ ਦੇਖਕੇ ਜਿਸ ਤਰਾਂ ਕਾਰਣਰੂਪ ਅਗਨਿ ਦਾ ਗ੍ਯਾਨ ਹੁੰਦਾ ਹੈ, ਇਸੇ ਤਰਾਂ ਕਾਰਯ ਦ੍ਵਾਰਾ ਕਾਰਣ ਜਾਣ ਲੈਣਾ.#(੪) ਅਰਣ੍ਯ ਰੋਦਨ ਨ੍ਯਾਯ. ਜੰਗਲ ਵਿੱਚ ਰੋਣਾ ਜੈਸੇ ਨਿਸਫਲ ਹੈ, ਉਸੇ ਤਰਾਂ ਜਿਸ ਥਾਂ ਕੋਈ ਗੱਲ ਸੁਣਨ ਵਾਲਾ ਨਾ ਹੋਵੇ ਅਤੇ ਵ੍ਯਾਖ੍ਯਾਨ ਕਰਤਾ ਵ੍ਰਿਥਾ ਸਿਰ ਖਪਾਵੇ.#(੫) ਅੰਧਗਜ ਨ੍ਯਾਯ. ਕਈ ਅੰਨ੍ਹਿਆਂ ਨੇ ਹਾਥੀ ਟੋਹਕੇ ਦੇਖਿਆ, ਪੂਛ ਟਟੋਲਣ ਵਾਲੇ ਨੇ ਹਾਥੀ ਰੱਸੇ ਜੇਹਾ, ਟੰਗ ਟਟੋਲਣ ਵਾਲੇ ਨੇ ਬਮਲੇ ਜੇਹਾ, ਕੰਨ ਸਪਰਸ਼ ਕਰਨ ਵਾਲੇ ਨੇ ਛੱਜ ਜੇਹਾ ਦੱਸਿਆ. ਇਸੇ ਤਰਾਂ ਜਿੱਥੇ ਬਾਤ ਦੀ ਅਸਲੀਯਤ ਜਾਣੇ ਬਿਨਾ ਲੋਕ ਆਪਣੀ ਅਟਕਲ ਨਾਲ ਕਲਪਣਾ ਕਰਨ, ਉੱਥੇ ਇਹ ਕਹਾਵਤ ਕਹੀ ਜਾਂਦੀ ਹੈ.#(੬) ਅੰਧ ਪਰੰਪਰਾ ਨ੍ਯਾਯ. ਬਿਨਾ ਸੋਚੇ, ਇੱਕ ਨੂੰ ਕੰਮ ਕਰਦੇ ਦੇਖਕੇ ਉਸੇ ਤਰਾਂ ਕਰਨ ਲਗਣਾ, ਵਿਚਾਰ ਬਿਨਾ ਪੁਰਾਣੀ ਲੀਹ ਤੇ ਤੁਰੇ ਜਾਣਾ.#(੭) ਅੰਧ ਪੰਗੁ ਨ੍ਯਾਯ. ਅੰਨ੍ਹਾ ਦੇਖ ਨਹੀਂ ਸਕਦਾ, ਪਿੰਗਲਾ ਚਲ ਨਹੀਂ ਸਕਦਾ, ਪਰ ਜੇ ਅੰਨ੍ਹਾ ਪਿੰਗਲੇ ਨੂੰ ਚੁੱਕ ਲਵੇ, ਤਦ ਜਿੱਥੇ ਚਾਹੁਣ ਪਹੁਚ ਸਕਦੇ ਹਨ. ਇਸੇ ਤਰਾਂ ਇੱਕ ਇੱਕ ਕਾਰਯ ਨੂੰ ਕਰਨ ਵਾਲੇ ਜਿੱਥੇ ਪਰਸਪਰ ਸਹਾਈ ਹੋਣ, ਉੱਥੇ ਇਹ ਨ੍ਯਾਯ ਵਰਤੀਦਾ ਹੈ.#(੮) ਏਕਾਕ੍ਸ਼ੀ ਤ੍ਰਿਣ ਨ੍ਯਾਯ. ਇੱਕ ਅੱਖੋਂ ਕਾਣਾ ਸੀ ਦੂਜੀ ਵਿੱਚ ਤਿਨਕਾ ਪੈਗਿਆ, ਇਸੇ ਤਰਾਂ ਪਹਿਲਾਂ ਹੀ ਕਿਸੇ ਗੱਲ ਵਿੱਚ ਕਮਜ਼ੋਰੀ ਹੋਵੇ, ਉੱਤੋਂ ਹੋਰ ਵਿਘਨ ਆ ਪਵੇ, ਤਦ ਉਸ ਮੌਕੇ ਇਹ ਕਹਾਵਤ ਵਰਤੀਦੀ ਹੈ.#(੯) ਸ਼ਮਸ਼੍ਰ ਕੰਟਕ ਨ੍ਯਾਯ. ਦਾੜੀ ਮੁੱਛ ਜੋ ਮੁਨਾਉਂਦੇ ਹਨ ਉਨ੍ਹਾਂ ਦੇ ਰੋਮ ਕੰਡੇ ਜੇਹੇ ਤਿੱਖੇ ਉਗਦੇ ਹਨ, ਅਜੇਹੇ ਲੋਕ ਜਦ ਬੱਚਿਆਂ ਨੂੰ ਪ੍ਯਾਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੇ ਹੋਏ ਬੱਚੇ ਰੋ ਉਠਦੇ ਹਨ. ਜੋ ਪ੍ਯਾਰ ਦਿਖਾਕੇ ਦੁਖ ਦੇਵੇ ਉਸ ਲਈ ਇਹ ਕਹਾਵਤ ਵਰਤੀਦੀ ਹੈ.#(੧੦) ਸਮੁਦ੍ਰ ਵਰਖਾ ਨ੍ਯਾਯ. ਜੈਸੇ ਸਮੁਦ੍ਰ ਵਿੱਚ ਮੀਂਹ ਉਪਕਾਰੀ ਨਹੀਂ ਦਿਸਦਾ, ਤੈਸੇ ਜਿਸ ਥਾਂ ਕਿਸੇ ਗੱਲ ਦੀ ਜਰੂਰਤ ਨਾ ਹੋਵੇ ਉਸ ਥਾਂ ਇਹ ਨ੍ਯਾਯ ਕਿਹਾ ਜਾਂਦਾ ਹੈ.#(੧੧) ਸਿੰਘਾਵਲੋਕਨ ਨ੍ਯਾਯ. ਜੈਸੇ ਸ਼ੇਰ ਸ਼ਿਕਾਰ ਨੂੰ ਮਾਰਕੇ ਜਦ ਅੱਗੇ ਵਧਦਾ ਹੈ, ਤਦ ਫਿਰ ਫਿਰ ਪਿੱਛੇ ਵੇਖਦਾ ਹੈ, ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧ੍ਯਾਨ ਦੇਣਾ.#(੧੨) ਸੁੰਦੋਪਸੁੰਦ ਨ੍ਯਾਯ. ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਿਲੋਤੱਮਾ ਅਪਸਰਾ ਨੂੰ ਵਰਣਾ ਚਾਹੁੰਦੇ ਸਨ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਬਲੀ ਸਾਬਤ ਹੋਵੇਗਾ ਮੈ ਉਸ ਨੂੰ ਵਰਾਂਗੀ. ਇਸ ਪੁਰ ਆਪੋ ਵਿੱਚੀ ਵਿੱਚੀ ਲੜਕੇ ਕਟ ਮੋਏ. ਇਸੇ ਤਰਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁਚੇ, ਉਸ ਥਾਂ ਇਹ ਕਹਾਵਤ ਵਰਤੀਦੀ ਹੈ.#(੧੩) ਸੂਚੀ ਕਟਾਹ ਨ੍ਯਾਯ. ਲੁਹਾਰ ਨੂੰ ਇੱਕ ਨੇ ਕੜਾਹਾ ਬਣਾਉਣ ਲਈ ਆਖਿਆ, ਦੂਜੇ ਨੇ ਆਕੇ ਸੂਈ ਬਣਾਉਣ ਲਈ ਕਿਹਾ. ਲੁਹਾਰ ਨ ਪਹਿਲਾਂ ਸੂਈ ਬਣਾਕੇ ਫੇਰ ਕੜਾਹਾ ਬਣਾਉਣਾ ਆਰੰਭਿਆ. ਇਸੇ ਤਰਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫੇਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ.#(੧੪) ਸ੍ਥਾਲੀ ਤੰਡੁਲ ਨ੍ਯਾਯ. ਵਲਟੋਹੀ ਵਿੱਚੋਂ ਇੱਕ ਚਾਉਲ ਦੇਖਣ ਤੋਂ ਜਿਵੇਂ ਸਾਰੀ ਦੇਗ ਦੇ ਰਿੱਝੇ ਚਾਉਲਾਂ ਦਾ ਪਤਾ ਲਗਦਾ ਹੈ, ਤਿਵੇਂ ਕਿਸੇ ਇੱਕ ਬਾਤ ਦੇ ਗ੍ਯਾਨ ਤੋਂ ਸਾਰਾ ਹਾਲ ਜਾਣਲੈਣਾ.#(੧੫) ਸ੍ਥੂਣਾ ਨਿਖਨਨ ਨ੍ਯਾਯ. ਜੈਸੇ ਥੰਮ੍ਹੀ ਨੂੰ ਗੱਡਣ ਵੇਲ ਦ੍ਰਿੜ੍ਹ ਕਰਣ ਲਈ ਤੋਕੇ ਬਾਰ ਬਾਰ ਹਿਲਾਕੇ ਦੇਖੀਦਾ ਹੈ, ਤੈਸੇ ਆਪਣੇ ਪੱਖ ਦੀ ਯੁਕਤੀ ਉਕਤੀ ਨਾਲ ਦ੍ਰਿੜ੍ਹਤਾ ਕਰਨੀ.#(੧੬) ਕਦਲੀ ਫਲ ਨ੍ਯਾਯ. ਕੇਲਾ ਕੱਟੇ ਤੋਂ ਹੀ ਜਾਦਾ ਫਲਦਾ ਹੈ, ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ.#(੧੭) ਕਰ ਕੰਕਨ ਨ੍ਯਾਯ. ਕੰਕਨ ਕਹਿਣ ਤੋਂ ਹੀ ਕਰ (ਹੱਥ) ਦਾ ਗਹਿਣਾ ਜਾਣਿਆ ਜਾਂਦਾ ਹੈ, ਇਸ ਲਈ ਕਰ ਸ਼ਬਦ ਨਿਸਫਲ ਹੈ, ਪਰ ਐਸਾ ਬੋਲਿਆ- ਜਾਂਦਾ ਹੈ. ਇਸੇ ਤਰਾਂ ਜਿੱਥੇ ਬਾਤ ਨੂੰ ਸਪਸ੍ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ, ਉਸ ਥਾਂ ਇਹ ਨ੍ਯਾਯ ਵਰਤੀਦਾ ਹੈ.#(੧੮) ਕਾਕਤਾਲੀਯ ਨ੍ਯਾਯ. ਤਾਲ ਬਿਰਛ ਪੁਰ ਕਾਉਂ ਬੈਠਾ ਸੀ, ਉਸ ਦੇ ਉਡਾਉਣ ਲਈ ਤਾਲੀ ਵਜਾਈ, ਜਿਸ ਤੋਂ ਕਾਉਂ ਉਡ ਗਿਆ ਅਰ ਕਾਉਂ ਦੇ ਉਡਮ ਦੀ ਹਰਕਤ ਤੋਂ ਜੋ ਬਹੁਤ ਪੱਕਾ ਫਲ ਸੀ, ਉਹ ਸ਼ਾਖਾ ਤੋਂ ਟੁੱਟਕੇ ਡਿਗ ਪਿਆ. ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ, ਪਰ ਇੱਕ ਸਮੇਂ ਵਿੱਚ ਹੋਜਾਣ, ਤਦ ਇਹ ਕਹਾਵਤ ਵਰਤੀਦੀ ਹੈ.#(੧੯) ਕੂਪ ਮੰਡੂਕ ਨ੍ਯਾਯ. ਸਮੁੰਦਰ ਦਾ ਡੱਡੂ ਕਿਸੇ ਖੂਹ ਵਿੱਚ ਡਿੱਗ ਪਿਆ, ਖੂਹ ਦੇ ਡੱਡੂ ਨੇ ਪੁੱਛਿਆ ਤੇਰਾ ਸਮੁੰਦਰ ਕਿਤਨਾ ਵਡਾ ਹੈ, ਉਸ ਨੇ ਆਖਿਆ ਬਹੁਤ ਵਡਾ ਹੈ. ਕੂਏ ਦੇ ਡੱਡੂ ਨੇ ਕਿਹਾ ਕਿ ਕੀ ਇਸ ਖੂਹ ਜਿੰਨਾ ਹੈ? ਸਮੁੰਦਰ ਦੇ ਮੇਂਡਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿੱਥੇ ਇਹ ਤੁੱਛ ਖੂਹ ਅਰ ਕਿੱਥੇ ਮਹਾਨ ਸਮੁੰਦਰ! ਇਸ ਪੁਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈਂ, ਇਸ ਖੂਹ ਤੋਂ ਵਡਾ ਸਮੁੰਦਰ ਕਿਸ ਤਰਾਂ ਹੋ ਸਕਦਾ ਹੈ? ਇਸੇ ਤਰਾਂ ਜਿੱਥੇ ਥੋੜੇ ਗ੍ਯਾਨ ਵਾਲਾ ਵਡੇ ਗ੍ਯਾਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ, ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ.#(੨੦) ਕੈਮੁਤਿੱਕ ਨ੍ਯਾਯ. ਜਿਸ ਨੇ ਵਡਾ ਕੰਮ ਕਰ ਲਿਆ ਉਸ ਨੇ ਛੋਟਾ ਕਰਨ ਵਿੱਚ ਕੀ ਕਠਿਨਾਈ ਹੈ. ਐਸੀ ਕਹਾਵਤ ਜਿਸ ਥਾਂ ਆਖੀਏ, ਇਹ ਕੈਮੁਤਿੱਕ ਨ੍ਯਾਯ ਹੈ.#(੨੧) ਕੰਠ ਚਾਮੀਕਰ ਨ੍ਯਾਯ. ਕਿਸੇ ਦੇ ਗਲ ਗਹਿਣਾ ਹੋਵੇ, ਪਰ ਉਸ ਨੂੰ ਭ੍ਰਮ ਹੋਜਾਵੇ ਕਿ ਖੋਇਆ ਗਿਆ ਹੈ ਅਰ ਢੂੰਡਦਾ ਵ੍ਯਾਕੁਲ ਹੋਜਾਵੇ. ਇਸੇ ਤਰਾਂ ਵਸ੍ਤੁ ਦੇ ਪਾਸ ਹੋਣ ਪਰ ਜੋ ਅਗ੍ਯਾਨ ਕਰਕੇ ਨਾ ਹੋਣੀ ਸਮਝੇ, ਉਸ ਥਾਂ ਇਹ ਨ੍ਯਾਯ ਆਖੀਦਾ ਹੈ.#(੨੨) ਗੱਡੂਰਿ ਪ੍ਰਵਾਹ ਨ੍ਯਾਯ. ਦੇਖੋ, ਭੇਡਚਾਲ.#(੨੩) ਗੁੜ ਔਖਧ ਨ੍ਯਾਯ. ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇਕੇ ਪਿਆਈਦੀ ਹੈ, ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚਿ ਦਿਵਾਕੇ ਤਿਆਰ ਕਰਨਾ.#(੨੪) ਘਟ ਦੀਪਕ ਨ੍ਯਾਯ. ਘੜੇ ਦਾ ਦੀਵਾ ਅੰਦਰ ਹੀ ਰੌਸ਼ਨੀ ਕਰਦਾ ਹੈ, ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦ੍ਯਾ ਆਦਿ ਨਾਲ ਲਾਭ ਨਹੀਂ ਪਹੁਚਾਉਂਦਾ, ਉਸ ਲਈ ਇਹ ਕਹਾਵਤ ਹੈ.#(੨੫) ਘਣ ਅੱਖਰਨ੍ਯਾਯ, ਘੁਣਾਕ੍ਸ਼੍ਰ ਨ੍ਯਾਯ. ਜੈਸੇ ਲੱਕੜ ਦਾ ਕੀੜਾ (ਘੁਣਾ) ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣਜਾਂਦੀ ਹੈ. ਇਸੇ ਤਰਾਂ ਕੋਈ ਕੰਮ ਬਿਨਾ ਧ੍ਯਾਨ ਸੁਤੇ ਹੀ ਹੋਜਾਵੇ, ਉੱਥੇ ਇਹ ਦ੍ਰਿਸ੍ਟਾਂਤ ਵਰਤੀਦਾ ਹੈ.#(੨੬) ਜਲ ਤਰੰਗਨ੍ਯਾਯ. ਤਰੰਗ ਨਾਮ ਜੁਦਾ ਹੋਣ ਪੁਰ ਭੀ ਉਹ ਜਲ ਤੋਂ ਭਿੰਨ ਨਹੀਂ. ਐਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨ੍ਯਾਯ ਵਰਤੀਦਾ ਹੈ.#(੨੭) ਜਲ ਤੂੰਬੀ ਨ੍ਯਾਯ. ਕਿਸੇ ਨੇ ਤੂੰਬੀ ਪਾਣੀ ਵਿੱਚ ਲੁਕੋਈ, ਉਹ ਝਟ ਉੱਪਰ ਆਗਈ. ਇਸੇ ਤਰਾਂ ਜੋ ਗੱਲ ਲੁੱਕ ਨਹੀਂ ਸਕਦੀ, ਉਸ ਦੇ ਲੁਕੋਣ ਦਾ ਯਤਨ ਕਰਨਾ.#(੨੮) ਤਿਲਤੰਡੁਲ ਨ੍ਯਾਯ. ਤਿਲ ਅਤੇ ਚਾਵਲ ਮਿਲਾਕੇ ਰੱਖਣ ਪੁਰ ਭੀ ਜੁਦੇ ਭਾਸਦੇ ਹਨ, ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ.#(੨੯) ਦੇਹਲੀ ਦੀਪਕ ਨ੍ਯਾਯ. ਦੇਹਲੀ ਉੱਪਰ ਰੱਖਿਆ ਦੀਵਾ ਅਤੇ ਬਾਹਰ ਰੌਸ਼ਨੀ ਕਰਦਾ ਹੈ, ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀਂ ਪਾਸੀਂ ਅਰਥ ਸਿੱਧ ਕਰੇ, ਤਦ ਇਹ ਨ੍ਯਾਯ ਬੋਲੀਦਾ ਹੈ.#(੩੦) ਦੰਡ ਚਕ੍ਰ ਨ੍ਯਾਯ. ਜੈਸੇ ਘੜਾ ਬਣਾਉਣ ਲਈਂ ਚੱਕ ਡੰਡਾ ਆਦਿ ਅਨੇਕ ਸਾਮਾਨ ਸਹਾਇਕ ਹੁੰਦੇ ਹਨ, ਤੈਸੇ ਜੋ ਬਾਤ ਅਨੇਕ ਕਾਰਣਾਂ ਤੋਂ ਸਿੱਧ ਹੋਵੇ ਉੱਥੇ ਇਹ ਮਿਸਾਲ ਆਉਂਦੀ ਹੈ.#(੩੧) ਪਿਸ੍ਟ ਪੇਸਣ ਨ੍ਯਾਯ. ਪੀਠੇ ਨੂੰ ਪੀਹਣਾ. ਨਿਰਰਥਕ ਹੈ, ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ. ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ.#(੩੨) ਮੰਡੂਕ ਤੋਲਨ ਨ੍ਯਾਯ. ਕੋਈ ਬਾਣੀਆਂ ਡੱਡੂ ਨੂੰ ਸਾਮਾਨ ਵਾਲੇ ਪਲੜੇ ਵਿੱਚ ਰੱਖਕੇ ਵਸਤੂ ਤੋਲਦਾ ਸੀ ਤਾਕਿ ਵਸਤੁ ਘੱਟ ਦਿੱਤੀਜਾਵੇ. ਡੱਡੂ ਟੱਪਕੇ ਬਾਹਰ ਚਲਾਗਿਆ ਜਿਸ ਤੋਂ ਵਸਤੁ ਦਾ ਵਜਨ ਘਟ ਗਿਆ, ਇਸੇਤਰਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋਜਾਂਦੀ ਹੈ.#ਅਥਵਾ- ਜੈਸੇ ਡੱਡੂ ਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ, ਕ੍ਯੋਂਕਿ ਉਹ ਨਿਚਲੇ ਹੋਕੇ ਨਹੀਂ ਬੈਠਦੇ. ਇੱਕ ਨੂੰ ਬੈਠਾਓ ਚਾਰ ਕੁੱਦਕੇ ਬਾਹਰ ਹੋ ਜਾਂਦੇ ਹਨ. ਇਸੇ ਤਰਾਂ ਆਪਮੁਹਾਰੀ ਮੂਰਖਮੰਡਲੀ ਤੋਂ ਕੋਈ ਕਾਰਯ ਸਿੱਧਾ ਨਹੀਂ ਹੁੰਦਾ.#(੩੩) ਮ੍ਰਿਗ ਕਸਤੂਰੀ ਨ੍ਯਾਯ. ਕਸਤੂਰੀ ਮ੍ਰਿਗ ਦੀ ਨਾਭਿ ਵਿੱਚ ਹੈ, ਪਰ ਭਾਲਦਾ ਹੈ ਜੰਗਲ ਵਿੱਚ. ਇਸੇ ਤਰਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ.#(੩੪) ਰੱਜੂ ਸਰਪ ਨ੍ਯਾਯ. ਜਦ ਤੀਕ ਯਥਾਰਥ ਗ੍ਯਾਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ. ਇਸੇ ਤਰਾਂ ਬ੍ਰਹਮਗ੍ਯਾਨ ਬਿਨਾ ਦ੍ਰਿਸ਼੍ਯ ਜਗਤ ਨੂੰ ਸਤ੍ਯ ਜਾਣਦਾ ਹੈ. ਕਿਸੇ ਵਸ੍ਤੁ ਦੀ ਅਸਲੀਅਤ ਸਮਝੇ ਬਿਨਾ ਭ੍ਰਮ ਦੂਰ ਨਹੀਂ ਹੁੰਦਾ.#(੩੫) ਲੋਹ ਚੁੰਬਕ ਨ੍ਯਾਯ. ਲੋਹਾ ਜੜ੍ਹ ਹੋਣ ਪੁਰ ਭੀ ਚੁੰਬਕ ਦੇ ਖਿੱਚਣ ਤੋਂ ਉਸ ਪਾਸ ਜਾਂਦਾ ਹੈ, ਤੈਸੇ ਕ੍ਰਿਯਾ ਰਹਿਤ ਪੁਰੁਸ ਪ੍ਰਕ੍ਰਿਤਿ ਦੇ ਸੰਯੋਗ ਕਰਕੇ ਚੇਸ੍ਟਾ ਕਰਦਾ ਹੈ. ਇਹ ਨ੍ਯਾਯ ਸਾਂਖ੍ਯ ਵਾਲੇ ਵਰਤਦੇ ਹਨ.#(੩੬) ਵਾਰਿਧਿ ਟਿੱਟਭ ਨ੍ਯਾਯ. ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਰਾ ਟਟੀਹਰੀ ਦੇ ਆਂਡੇ ਡੋਬਲਏ. ਟਟੀਹਰੀ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ. ਅੰਤ ਨੂੰ ਗਰੁੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲੱਜਿਤ ਕਰਕੇ ਆਂਡੇ ਹਾਸਿਲ ਕੀਤੇ. ਇਸ ਦਾ ਭਾਵ ਹੈ ਕਿ ਪੁਰੁਸਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ.#(੩੭) ਵਿਲ (ਵਿਲ੍ਵ) ਖਲ੍ਵਾਟ ਨ੍ਯਾਯ. ਧੁੱਪ ਨਾਲ ਵ੍ਯਾਕੁਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਬਿਰਛ ਹੇਠ ਗਿਆ. ਉਸ ਥਾਂ ਬਿਲ ਦਾ ਫਲ ਟੁੱਟਕੇ ਟੋਟਣ ਵਿੱਚ ਲੱਗਾ. ਜਿੱਥੇ ਸੁਖ ਦਾ ਸਾਧਨ ਕਰਦੇ ਦੁਖ ਖੜਾ ਹੋ ਜਾਵੇ, ਉਸ ਥਾਂ ਇਹ ਕਹਾਵਤ ਆਖੀਦੀ ਹੈ.#(੩੮) ਵੀਜਾਂਕੁਰ ਨ੍ਯਾਯ. ਵੀਜ ਤੋਂ ਅੰਕੁਰ ਹੈ ਜਾਂ ਅੰਕੁਰ ਤੋਂ ਵੀਜ. ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ, ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ੍ਯਪ੍ਰਵਾਹ ਦੇ ਦਿਸ੍ਟਾਂਤ ਵਿੱਚ ਵੇਦਾਂਤੀ ਇਹ ਨ੍ਯਾਯ ਵਰਤਦੇ ਹਨ। (ਹ) ਕ੍ਰਿ. ਵਿ- ਨਾਯ. ਨਿਵਾਕੇ. ਝੁਕਾਕੇ. ਨੀਵਾਂ ਕਰਕੇ. "ਮੁਖ ਨ੍ਯਾਯ ਖਿਸਾਯ ਚਲ੍ਯੋ." (ਕ੍ਰਿਸ਼ਨਾਵ)...
ਸੰ. षट्शास्त्र ਸਟ੍ਸ਼ਾਸ੍ਤ੍ਰ. ਹਿੰਦੂਮਤ ਦੇ ਛੀ ਮੁੱਖ ਸ਼ਾਸਤ੍ਰ. "ਖਟੁ ਸਾਸਤ ਵਿਚਰਤ ਮੁਖਿ ਗਿਆਨਾ." (ਮਾਝ ਮਃ ੫) "ਖਟ ਸਾਸਤ੍ਰ ਸਿਮ੍ਰਿਤਿ ਵਖਿਆਨ." (ਸੁਖਮਨੀ) ਹਿਤ ਦੀ ਸਿਖ੍ਯਾ ਦੇਣ ਵਾਲੇ ਪੁਸਤਕ ਦਾ ਨਾਉਂ ਸ਼ਾਸਤ੍ਰ ਹੈ, ਪਰ ਖਾਸ ਕਰਕੇ ਖਟ ਸ਼ਾਸਤ੍ਰਾਂ ਵਾਸਤੇ ਏਹ ਪਦ ਵਰਤਿਆ ਜਾਂਦਾ ਹੈ. ਖਟ ਸ਼ਾਸਤ੍ਰ ਇਹ ਹਨ-#(੧) ਵੈਸ਼ੇਸਿਕ- ਇਸ ਸ਼ਾਸਤ੍ਰ ਦਾ ਕਰਤਾ ਕਣਾਦ ਮੁਨਿ ਹੈ, ਜਿਸ ਨੇ ਛੀ ਪਦਾਰਥ ਮੰਨੇ ਹਨ.#ੳ. ਦ੍ਰਵ੍ਯ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ. )#ਅ. ਗੁਣ (ਰੂਪ, ਰਸ, ਗੰਧ, ਸਪਰਸ, ਸੰਖ੍ਯਾ, ਪਰਿਮਾਣ, ਪ੍ਰਥਕਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤ੍ਵ, ਗੁਰੁਤ੍ਵ, ਦ੍ਰਵਤ੍ਵ, ਸ੍ਨੇਹ, ਸ਼ਬਦ, ਬੁੱਧਿ, ਸੁਖ, ਦੁੱਖ, ਇੱਛਾ, ਦੇਸ, ਪ੍ਰਯਤਨ, ਧਰਮ, ਅਧਰਮ ਸੰਸਕਾਰ).#ੲ. ਕਰਮ. (ਉਤਕ੍ਸ਼ੇਪਣ, ਅਪਕ੍ਸ਼ੇਪਣ, ਆਕੁੰਚਨ, ਪ੍ਰਸਾਰਣ, ਗਮਨ. )#ਸ. ਸਾਮਾਨਯ (ਜਾਤਿ). ਪਰ ਅਤੇ ਅਪਰ.#ਹ. ਵਿਸ਼ੇਸ. ਜਿਤਨੇ ਨਿਤ੍ਯ ਦ੍ਰਵ੍ਯ ਹਨ ਉਨ੍ਹਾਂ ਨੂੰ ਜੁਦੇ ਜੁਦੇ ਰੱਖਣ ਵਾਲੇ ਉਤਨੇ ਵਿਸ਼ੇਸ ਪਦਾਰਥ ਹਨ.#ਕ. ਸਮਵਾਯ (ਉਪਾਦਾਨ ਕਾਰਣ ਅਤੇ ਕਾਰਯ ਦਾ ਪਰਸਪਰ ਸੰਬੰਧ).#ਏਹ ਛੀ ਪਦਾਰਥ ਨਿਤ੍ਯ ਅਤੇ ਅਨਿਤ੍ਯ ਹਨ. ਪ੍ਰਿਥਿਵੀ, ਜਲ, ਅਗਨਿ ਅਤੇ ਪਵਨ ਪਰਮਾਣੂ ਰੂਪ ਨਿੱਤ, ਅਤੇ ਸਥੂਲ ਰੂਪ ਅਨਿੱਤ ਹਨ. ਗੁਣ ਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਨਿਤ੍ਯ ਹਨ ਅਤੇ ਅਨਿਤ੍ਯ ਦ੍ਰਵ੍ਯ ਵਿੱਚ ਰਹਿਣ ਵਾਲੇ ਅਨਿਤ੍ਯ ਹਨ. ਅਰ ਕਰਮ ਸਭ ਅਨਿਤ੍ਯ ਹਨ. ਸਾਮਾਨ੍ਯ ਵਿਸ਼ੇਸ ਸਮਵਾਯ ਏਹ ਤਿੰਨੇ ਨਿਤ੍ਯ ਹਨ. ਜੀਵਾਤਮਾ ਸਭ ਸ਼ਰੀਰਾਂ ਵਿੱਚ ਭਿੰਨ ਭਿੰਨ ਹਨ. ਪਰਮਾਤਮਾ ਜੀਵਾਤਮਾਂ ਤੋਂ ਜੁਦਾ ਹੈ. ਪਰਮਾਣੂਆਂ ਤੋਂ ਈਸ਼੍ਵਰ ਦੀ ਇੱਛਾ ਅਨੁਸਾਰ ਸ੍ਰਿਸਟੀ ਦੀ ਰਚਨਾ ਹੋਈ ਹੈ. ਛੀ ਪਦਾਰਥਾਂ ਦੇ ਪੂਰਣ ਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ. ਨਵੇਂ ਵੈਸ਼ੇਸਿਕਮਤ ਵਾਲਿਆਂ ਨੇ ਅਭਾਵ ਨੂੰ ਭੀ ਪਦਾਰਥ ਮੰਨਿਆਂ ਹੈ. ਇਸ ਤਰਾਂ ਵੈਸ਼ੇਸਿਕਮਤ ਦੇ ਸੱਤ ਪਦਾਰਥ ਹੁੰਦੇ ਹਨ.#੨. ਨ੍ਯਾਯ. ਇਸ ਸ਼ਾਸਤ੍ਰ ਦਾ ਕਰਤਾ ਗੋਤਮ ਰਿਸੀ ਹੈ. ਨ੍ਯਾਯਮਤ ਵਿੱਚ ਸੋਲਾਂ ਪਦਾਰਥ ਮੰਨੇ ਹਨ-#ੳ. ਪ੍ਰਮਾਣ (ਪ੍ਰਤ੍ਯਕ੍ਸ਼, ਅਨੁਮਾਨ, ਉਪਮਾਨ, ਸ਼ਬਦ)#ਅ. ਪ੍ਰਮੇਯ (ਆਤਮਾ, ਸ਼ਰੀਰ, ਇੰਦ੍ਰਿਯ, ਅਰਥ, ਬੁੱਧੀ, ਮਨ, ਪ੍ਰਵ੍ਰਿੱਤੀ, ਦੋਸ, ਪ੍ਰੇਤ੍ਯਭਾਵ, ਫਲ, ਦੁੱਖ, ਮੁਕਤਿ)#ੲ. ਸੰਸ਼ਯ. (ਦੋ ਕੋਟਿ ਵਾਲਾ ਗਿਆਨ, ਅਰਥਾਤ ਜਿਸ ਵਿੱਚ ਇੱਕ ਕੋਟਿ ਦਾ ਨਿਸ਼ਚਯ ਨਾ ਹੋਵੇ)#ਸ. ਪ੍ਰਯੋਜਨ. (ਜਿਸ ਮਤਲਬ ਨੂੰ ਲੈ ਕੇ ਕਰਮ ਵਿੱਚ ਪ੍ਰਵਿਰਤੀ ਹੁੰਦੀ ਹੈ.#ਹ. ਦ੍ਰਿਸ੍ਟਾਂਤ. (ਮਿਸਾਲ- ਨਜੀਰ)#ਕ. ਸਿੱਧਾਂਤ. (ਨਤੀਜਾ)#ਖ. ਅਵਯਵ. (ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ, ਨਿਗਮਨ. )#ਗ. ਤਰਕ (ਯੁਕਤਿ).#ਘ. ਨਿਰਣਯ. ਫੈਸਲਾ.#ਙ. ਵਾਦ (ਜਿੱਤ ਹਾਰ ਦਾ ਖ਼ਿਆਲ ਛੱਡਕੇ ਯਥਾਰਥ ਗ੍ਯਾਨ ਵਾਸਤੇ ਚਰਚਾ)#ਚ. ਜਲਪ (ਜਿੱਤਣ ਦਾ ਖ਼ਿਆਲ ਰੱਖਕੇ ਚਰਚਾ).#ਛ. ਵਿਤੰਡਾ (ਕੇਵਲ ਦੂਜੇ ਦੇ ਪੱਖ ਡੇਗਣ ਵਾਸਤੇ ਛਲ, ਕਪਟ, ਈਰਖਾ, ਹਠ ਨਾਲ ਮਿਲੀ ਚਰਚਾ).#ਜ. ਹੇਤ੍ਵਾਭਾਸ (ਸਵ੍ਯਭਿਚਾਰ, ਵਿਰੁੱਧ, ਪ੍ਰਕਰਣਸਮ,² ਸਾਧ੍ਯਸਮ³ ਕਾਲਾਤੀਤ⁴).#ਝ. ਛਲ. ਦੂਸਰੇ ਅਰਧ ਨੂੰ ਅੱਗੇ ਰੱਖਕੇ ਪ੍ਰਤਿਵਾਦੀ ਦੇ ਵਚਨ ਦਾ ਖੰਡਨ ਕਰਨਾ.#ਞ. ਜਾਤਿ (ਅਸਦ ਉੱਤਰ) ਪ੍ਰਤਿਵੰਧੀ ਉੱਤਰ.#ਟ. ਨਿਗ੍ਰਹ ਸ੍ਥਾਨ⁵ (ਅਰਥਾਤ- ਮਾਕੂਲ ਜਵਾਬ ਨਾ ਫੁਰਨਾ, ਜਾਂ ਉਲਟਾ ਫੁਰਨਾ, ਜਿਸ ਤੋਂ ਹਾਰ ਹੋ ਜਾਵੇ).#ਇਨ੍ਹਾਂ ਸੋਲ੍ਹਾਂ ਪਦਾਰਥਾਂ ਦੇ ਤਤ੍ਵਗ੍ਯਾਨ ਤੋਂ ਮੁਕਤੀ ਦੀ ਪ੍ਰਾਪਤੀ ਮੰਨੀ ਹੈ, ਜੋ ਦੁੱਖ ਦਾ ਅਤ੍ਯੰਤ ਨਾਸ਼ਰੂਪ ਹੈ. ਜੀਵਾਤਮਾ ਪਰਮਾਤਮਾ ਤੋਂ ਭਿੰਨ ਹੈ ਅਤੇ ਅਭੇਦਤਾ ਨੂੰ ਪ੍ਰਾਪਤ ਨਹੀਂ ਹੁੰਦਾ. ਪ੍ਰਮਾਣੂਆਂ ਦੇ ਇਕੱਠ ਤੋਂ ਸਥੂਲ ਪਦਾਰਥਾਂ ਦੀ ਰਚਨਾ ਹੋਈ ਹੈ.#(੩) ਸਾਂਖ੍ਯ. ਇਸ ਦਰਸ਼ਨ ਦਾ ਕਰਤਾ ਕਪਲ ਮੁਨਿ ਹੈ. ਸਾਂਖ੍ਯਮਤ ਅਨੁਸਾਰ ਪੱਚੀ ਤਤ੍ਵ ਹਨ-#ੳ. ਪ੍ਰਕ੍ਰਿਤਿ (ਕੁਦਰਤ- Nature, ਜਿਸ ਤੋਂ ਸਭ ਵਸਤੂਆਂ ਬਣੀਆਂ ਹਨ ਅਤੇ ਜੋ ਆਪ ਕਿਸੇ ਤੋਂ ਨਹੀਂ ਬਣੀ, ਅਰ ਜੋ ਸਤ ਰਜ ਤਮ ਤਿੰਨ ਗੁਣਾਂ ਦੀ ਸਮ ਅਵਸਥਾਰੂਪ ਹੈ).#ਅ. ਮਹੱਤਤ੍ਵ (ਗੁਣਾਂ ਵਿੱਚ ਬਿਖਮਤਾ ਹੋਣ ਕਰਕੇ ਪ੍ਰਕ੍ਰਿਤਿ ਦੇ ਕ੍ਸ਼ੋਭਕਾਰਣ ਜੋ ਤੱਤ ਉਪਜਿਆ ਅਰ ਜੋ ਸਰੀਰ ਵਿੱਚ ਬੁੱਧੀ ਰੂਪ ਕਰਕੇ ਇਸਤਿਥ ਹੈ).#ੲ. ਅਹੰਕਾਰ (ਜਿਸ ਦਾ ਰੂਪ "ਹੌਮੈ" ਹੈ).#ਸ. ਪੰਜ ਤਨਮਾਤ੍ਰ (ਰੂਪ, ਰਸ, ਗੰਧ, ਸਪਰਸ਼, ਸ਼ਬਦ).#ਹ. ਗ੍ਯਾਰਾਂ ਇੰਦ੍ਰੀਆਂ (ਪੰਜ ਗ੍ਯਾਨਇੰਦ੍ਰੀਆਂ, ਪੰਜ ਕਰਮਇੰਦ੍ਰੀਆਂ ਇੱਕ ਮਨ).#ਕ. ਪੰਜ ਮਹਾਭੂਤ (ਪ੍ਰਿਥਿਵੀ, ਜਲ, ਅਗਨਿ, ਪਵਨ, ਆਕਾਸ਼)#ਖ. ਪੁਰੁਸ (ਚੇਤਨ ਸ਼ਕਤੀ).#ਸਾਂਖ੍ਯਮਤ ਅਨੁਸਾਰ ਜਗਤ ਨਿਤ੍ਯ ਹੈ ਅਤੇ ਪਰਿਣਾਮਰੂਪ ਪ੍ਰਵਾਹ ਨਾਲ ਸਦਾ ਬਦਲਦਾ ਰਹਿੰਦਾ ਹੈ.#ਪ੍ਰਕ੍ਰਿਤਿ ਨੂੰ ਪੁਰੁਸ ਦੀ, ਪੁਰੁਸ ਨੂੰ ਪ੍ਰਕ੍ਰਿਤਿ ਦੀ ਸਹਾਇਤਾ ਦੀ ਜਰੂਰਤ ਹੈ, ਇਕੱਲੇ ਦੋਵੇਂ ਨਿਸਫਲ ਹਨ.#ਜੀਵਾਤਮਾ ਪ੍ਰਤਿਸ਼ਰੀਰ ਭਿੰਨ ਭਿੰਨ ਹਨ.#ਬੁੱਧੀ, ਅਹੰਕਾਰ, ਗ੍ਯਾਰਾਂ ਇੰਦ੍ਰੀਆਂ ਪੰਜਤਨਮਾਤ੍ਰ, ਇਨ੍ਹਾਂ ਦਾ ਸਮੁਦਾਯ ਸੂਖਮ (ਲਿੰਗ) ਸ਼ਰੀਰ ਹੈ, ਜੋ ਕਰਮ ਅਤੇ ਗ੍ਯਾਨ ਦਾ ਆਸਰਾਰੂਪ ਹੈ. ਸਥੂਲ ਸ਼ਰੀਰ ਦੇ ਨਾਸ਼ ਹੋਣ ਤੋਂ ਇਸ ਦਾ ਨਾਸ਼ ਨਹੀਂ ਹੁੰਦਾ. ਸੂਖਮ ਸ਼ਰੀਰ ਕਰਮ ਅਤੇ ਗ੍ਯਾਨਵਾਸਨਾ ਕਰਕੇ ਪ੍ਰੇਰਿਆ ਹੋਇਆ ਇੱਕ ਸ਼ਰੀਰ ਤੋਂ ਵਿਛੜਕੇ ਦੂਜੀ ਦੇਹ ਵਿੱਚ ਪ੍ਰਵੇਸ਼ ਕਰਦਾ ਹੈ. ਲਿੰਗ ਸ਼ਰੀਰ ਦਾ ਪ੍ਰਲੈ ਤੀਕ ਨਾਸ਼ ਨਹੀਂ ਹੁੰਦਾ, ਪ੍ਰਲੈ ਸਮੇਂ ਪ੍ਰਕ੍ਰਿਤਿ ਵਿੱਚ ਲੈ ਹੋ ਜਾਂਦਾ ਹੈ. ਸ੍ਰਿਸ੍ਟਿ ਦੀ ਉਤਪੱਤੀ ਵੇਲੇ ਫੇਰ ਨਵੇਂ ਸਿਰੇ ਉਪਜਦਾ ਹੈ.#ਜਦ ਪੁਰਖ ਵਿਵੇਕ ਨਾਲ ਆਪਣੇ ਆਪ ਨੂੰ ਪ੍ਰਕ੍ਰਿਤਿ ਅਤੇ ਉਸ ਦੇ ਕਾਰਜਾਂ ਤੋਂ ਭਿੰਨ ਦੇਖਦਾ ਹੈ, ਤਦ ਬੁੱਧੀ ਕਰਕੇ ਪ੍ਰਾਪਤ ਹੋਏ ਸੰਤਾਪਾਂ ਤੋਂ ਦੁਖੀ ਨਹੀਂ ਹੁੰਦਾ. ਇਸੇ ਭਿੰਨਤਾ ਦਾ ਨਾਉਂ ਮੁਕਤੀ ਹੈ.#(੪) ਪਾਤੰਜਲ ਅਥਵਾ ਯੋਗਦਰਸ਼ਨ. ਇਸ ਦਾ ਪ੍ਰਚਾਰ ਕਰਨ ਵਾਲਾ ਪਤੰਜਲੀ ਰਿਖੀ ਹੈ. ਇਸ ਸ਼ਾਸ੍ਤ੍ਰ ਦਾ ਸਿੱਧਾਂਤ ਇਹ ਹੈ ਕਿ ਦ੍ਰਸ੍ਟਾ ਅਤੇ ਦ੍ਰਿਸ਼੍ਯ ਦੋ ਪਦਾਰਥ ਹਨ. ਪੁਰਖ ਦ੍ਰਸ੍ਟਾ ਹੈ ਅਤੇ ਬਾਕੀ ਪ੍ਰਕ੍ਰਿਤਿਰੂਪ ਵਿਸ਼੍ਵ ਸਭ ਦ੍ਰਿਸ਼੍ਯ ਹੈ.#ਪ੍ਰਕ੍ਰਿਤਿ ਜਗਤ ਦਾ ਉਪਾਦਾਨ ਅਤੇ ਈਸ਼੍ਵਰ ਨਿਮਿੱਤ ਕਾਰਣ ਹੈ. ਚਿੱਤ ਦੀਆਂ ਵ੍ਰਿੱਤੀਆਂ ਜਿਸ ਵੇਲੇ ਰੁਕ ਜਾਂਦੀਆਂ ਹਨ, ਤਦ ਹੋਰ ਦ੍ਰਿਸ਼੍ਯ ਨਾ ਹੋਣ ਕਰਕੇ ਦ੍ਰਸ੍ਟਾ ਦੀ ਆਪਣੇ ਸਰੂਪ ਵਿੱਚ ਇਸਥਿਤੀ ਹੁੰਦੀ ਹੈ. ਚਿੱਤਵ੍ਰਿੱਤੀ ਦੇ ਰੋਕਣ ਦਾ ਸਾਧਨ ਵੈਰਾਗ ਅਤੇ ਅਭ੍ਯਾਸ ਹੈ, ਜਿਸ ਤੋਂ ਚਿੱਤ ਪੂਰਣ ਏਕਾਗ੍ਰਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਸੇ ਦਾ ਨਾਉਂ ਯੋਗ ਹੈ.#ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤ੍ਯਾਹਾਰ, ਧਾਰਣਾ, ਧ੍ਯਾਨ ਅਤੇ ਸਮਾਧਿ ਕਰਕੇ ਅੰਤਹਕਰਣ ਦੀ ਮਲੀਨਤਾ ਮਿਟ ਜਾਂਦੀ ਹੈ. ਪ੍ਰਕ੍ਰਿਤਿ ਅਤੇ ਪੁਰੁਸ ਨੂੰ ਭਿੰਨ ਭਿੰਨ ਜਾਣਕੇ ਗ੍ਯਾਨ ਦਾ ਪ੍ਰਕਾਸ਼ ਹੁੰਦਾ ਹੈ, ਅਰ ਆਤਮਾ ਪ੍ਰਕ੍ਰਿਤਿ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਪ੍ਰਕ੍ਰਿਤਿ ਤੋਂ ਭਿੰਨ ਜਾਣਦਾ ਹੋਇਆ ਮੁਕਤਿ ਨੂੰ ਪ੍ਰਾਪਤ ਹੁੰਦਾ ਹੈ.#(੫) ਮੀਮਾਸਾਂ. ਜੈਮਿਨੀ ਰਿਖੀ ਇਸ ਦਰਸ਼ਨ ਦਾ ਕਰਤਾ ਹੈ, ਜੋ ਧਰਮ ਦਾ ਪੂਰਣ ਗ੍ਯਾਨ ਹੀ ਮੁਕਤਿ ਦਾ ਸਾਧਨ ਮੰਨਦਾ ਹੈ. ਯਗ੍ਯ ਆਦਿਕ ਵੇਦ ਦੇ ਦੱਸੇ ਹੋਏ ਕਰਮ ਕਰਨੇ ਹੀ ਧਰਮ ਹੈ. ਕਰਮਾਂ ਦੇ ਪ੍ਰਭਾਵ ਕਰਕੇ ਹੀ ਜੀਵ ਦੇਵਤਾ ਅਵਤਾਰ ਆਦਿਕ ਉੱਚ ਪਦਵੀਆਂ ਲਭਦੇ ਹਨ ਅਤੇ ਸੁਰਗ ਆਦਿਕ ਲੋਕਾਂ ਦੇ ਆਨੰਦ ਭੋਗਦੇ ਹਨ.#(੬) ਵੇਦਾਂਤ. ਇਸ ਦਰਸ਼ਨ ਦੇ ਆਚਾਰ੍ਯ ਵੇਦਵ੍ਯਾਸ ਜੀ ਹਨ. ਵੇਦਾਂਤਮਤ ਅਨੁਸਾਰ ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦ੍ਵਾਰਾ ਸਭ ਕੁਝ ਬ੍ਰਹਮ ਤੋਂ ਉਪਜਿਆ ਹੈ ਅਤੇ ਉਸੇ ਵਿੱਚ ਲੈ ਹੋਵੇਗਾ. ਸ਼ੁੱਧ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ ਈਸ਼੍ਵਰ, ਅਤੇ ਮਲੀਨ ਮਾਇਆ ਵਿੱਚ ਪ੍ਰਤਿਬਿੰਬ ਜੀਵ ਹੈ. ਜੀਵ ਅਵਿਨਾਸ਼ੀ ਅਤੇ ਇੱਕ ਹੈ, ਪਰ ਉਪਾਧੀਭੇਦ ਕਰਕੇ ਭਿੰਨ ਭਿੰਨ ਭਾਸਦਾ ਹੈ. ਉਪਾਧੀਭੇਦ ਮਿਟਾਉਣ ਤੋਂ ਸ਼ੁੱਧ ਬ੍ਰਹਮ ਨਾਲ ਅਭੇਦਤਾ ਹੁੰਦੀ ਹੈ, ਬ੍ਰਹਮਗ੍ਯਾਨ ਦ੍ਵਾਰਾ ਭੇਦਭਾਵ ਮਿਟਕੇ ਸ੍ਵਰੂਪ ਵਿੱਚ ਬ੍ਰਹਮ ਦਾ ਸਾਕ੍ਸ਼ਾਤਕਾਰ ਹੀ ਮੁਕ੍ਤਿ (ਕੈਵਲ੍ਯ ਮੋਕ੍ਸ਼) ਹੈ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਮੁਕ੍ਤਿ. ਛਟਕਾਰਾ ਰਿਹਾਈ ਨਿਰਬੰਧਤਾ...
ਫ਼ਾ. [چیِز] ਸੰਗ੍ਯਾ- ਵਸਤੁ. ਪਦਾਰਥ. ਦ੍ਰਵ੍ਯ. "ਏਕੁ ਚੀਜੁ ਮੁਝੈ ਦੇਹਿ, ਅਵਰ ਜਹਰ- ਚੀਜ ਨ ਭਾਇਆ." (ਵਾਰ ਮਲਾ ਮਃ ੧) ੨. ਭੋਜਨ. ਅੰਨ. ਅਹਾਰ. "ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ." (ਵਾਰ ਮਾਝ ਮਃ ੨) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ ਇਹ ਹੈ ਕਿ ਜਿਵੇਂ ਸਮੁੰਦਰ ਨੂੰ ਜਲਦਾਨ ਹੈ, ਤਿਵੇਂ ਪ੍ਰਿਥਿਵੀ ਨੂੰ ਅੰਨਦਾਨ ਹੈ। ੩. ਚੋਜ (ਖੇਲ- ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. "ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ." (ਵਾਰ ਆਸਾ)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਭੰਡਾਰੀ ਗੋਤ੍ਰ ਦਾ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਆਤਮਗ੍ਯਾਨੀ ਸਿੱਖ। ੨. ਦੇਖੋ, ਰਾਮਦਾਸ ਸਤਿਗੁਰੂ। ੩. ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਤੀਕ ਸ਼੍ਰੀ ਗੁਰੂ ਨਾਨਕਦੇਵ ਦੇ ਗੱਦੀਨਸ਼ੀਨਾਂ ਲਈ ਮੁਗਲ ਬਾਦਸ਼ਾਹਾਂ ਦਾ ਥਾਪਿਆ ਹੋਇਆ ਸ਼ਬਦ. "ਰਾਮਦਾਸ ਦਿੱਲੀ ਮਹਿ ਆਇ." (ਗੁਵਿ ੧੦) ੪. ਰਾਮ ਦਾ ਦਾਸ. ਕਰਤਾਰ ਦਾ ਸੇਵਕ। ੫. ਦੇਵਮੰਦਿਰਾਂ ਵਿੱਚ ਕੀਰਤਨ ਕਰਨ ਵਾਲਾ ਭਗਤੀਆ. "ਘੂੰਘਰ ਬਾਂਧਿ ਭਏ ਰਾਮਦਾਸਾ." (ਮਾਰੂ ਮਃ ੫) ੬. ਰਾਮਚੰਦ੍ਰ ਜੀ ਦਾ ਉਪਾਸਕ. ਬੈਰਾਗੀ ਸਾਧੁ. "ਜੋਗੀ ਜਤੀ ਬੈਸਨੋ ਰਾਮਦਾਸ." (ਗੌਂਡ ਮਃ ੫) ੭. ਦਬਿਸਤਾਨੇ ਮਜਾਹਬ ਅਨੁਸਾਰ ਗੁਰੂ ਦੇ ਮਸੰਦਾਂ ਦੀ ਪਦਵੀ ਭੀ ਰਾਮਦਾਸ ਸੀ। ੮. ਛਤ੍ਰਪਤਿ ਸ਼ਿਵਾ ਜੀ ਦਾ ਗੁਰੂ ਮਹਾਤਮਾ ਰਾਮਦਾਸ, ਜਿਸ ਦਾ ਵਿਸ਼ੇਸਣ "ਸਮਰ੍ਥ" ਸੀ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...