phalagūफलगू
ਸੰ. फल्गु. ਸੰਗ੍ਯਾ- ਬਿਹਾਰ ਦੇਸ਼ ਦੀ ਇੱਕ ਨਦੀ, ਜਿਸ ਦੇ ਕਿਨਾਰੇ ਗਯਾ ਤੀਰਥ ਹੈ. ਵਾਯੁਪੁਰਾਣ ਅਤੇ ਅਤ੍ਰਿ ਸਿਮ੍ਰਿਤਿ ਵਿੱਚ ਇਸ ਦਾ ਵਡਾ ਮਹਾਤਮ ਹੈ. ਇਸ ਦਾ ਨਾਮ "ਲੀਲਾਜਾਨ" ਭੀ ਲਿਖਿਆ ਹੈ। ੨. ਇਸ ਨਾਮ ਦਾ ਇੱਕ ਤੀਰਥ ਪੰਜਾਬ ਅੰਦਰ ਕੁਰੁਕ੍ਸ਼ੇਤ੍ਰ ਭੂਮਿ ਵਿੱਚ ਪਹੋਏ ਪਾਸ ਹੈ. ਇੱਥੇ ਭੀ ਗਯਾ ਵਾਂਗ ਲੋਕ ਪਿਤਰਾਂ ਨਿਮਿੱਤ ਪਿੰਡਦਾਨ ਕਰਦੇ ਹਨ। ੩. ਗੁਲਾਲ. ਲਾਲ ਰੰਗ ਦਾ ਚੂਰਣ, ਜੋ ਹੋਲੀ ਖੇਡਣ ਸਮੇਂ ਵਰਤੀਦਾ ਹੈ। ੪. ਵਿ- ਅਸਾਰ. ਤੱਤ ਤੋਂ ਖਾਲੀ। ੫. ਛੋਟਾ। ੬. ਵ੍ਯਰਥ. ਨਿਰਰਥਕ। ੭. ਸਾਧਾਰਣ. ਮਾਮੂਲੀ। ੮. ਲਾਲ. ਸੁਰਖ਼। ੯. ਕਮਜ਼ੋਰ.
सं. फल्गु. संग्या- बिहार देश दी इॱक नदी, जिस दे किनारे गया तीरथ है. वायुपुराण अते अत्रि सिम्रिति विॱच इस दा वडा महातम है. इस दा नाम "लीलाजान" भी लिखिआ है। २. इस नाम दा इॱक तीरथ पंजाब अंदर कुरुक्शेत्र भूमि विॱच पहोए पास है. इॱथे भी गया वांग लोक पितरां निमिॱत पिंडदान करदे हन। ३. गुलाल. लाल रंग दा चूरण, जो होली खेडण समें वरतीदा है। ४. वि- असार. तॱत तों खाली। ५. छोटा। ६. व्यरथ. निररथक। ७. साधारण. मामूली। ८. लाल. सुरख़। ९. कमज़ोर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪਟਨੇ ਦਾ ਇਲਾਕਾ. ਮਗਧ ਦੇਸ਼. ਇਸ ਦਾ ਇਹ ਨਾਮ ਬੁੱਧਮਤ ਦੇ ਬਹੁਤੇ 'ਵਿਹਾਰ' (ਆਸ਼੍ਰਮ) ਹੋਣ ਕਰਕੇ ਹੋਇਆ ਹੈ. ਹੁਣ ਇਸ ਇਲਾਕੇ ਵਿੱਚ ਉਡੀਸਾ ਅਤੇ ਛੋਟਾ ਨਾਗਪੁਰ ਭੀ ਸ਼ਾਮਿਲ ਹੈ. ਬਿਹਾਰ ਦਾ ਰਕਬਾ ੮੩, ੦੦੦ ਵਰਗ ਮੀਲ ਅਤੇ ਆਬਾਦੀ ੩੫, ੦੦੦, ੦੦੦ ਹੈ. ਪ੍ਰਧਾਨ ਸ਼ਹਿਰ ਪਟਨਾ ਹੈ। ੨. ਰੀਵਾ ਰਿਆਸਤ ਵਿੱਚ ਵਹਿਣ ਵਾਲਾ ਇੱਕ ਦਰਿਆ। ੩. ਸੰ. ਵ੍ਯਵਹਾਰ. ਦੇਖੋ, ਬਿਉਹਾਰ। ੪. ਦੇਖੋ, ਵਿਹਾਰ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚੋਂ ਇੱਕ ਪੁਰੀ, ਜੋ ਬਿਹਾਰ ਦੇਸ਼ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਹੈ. ਇਸ ਥਾਂ ਪਿਤਰਾਂ ਦੀ ਗਤੀ ਲਈ ਹਿੰਦੂ ਪਿੰਡਦਾਨ ਕਰਦੇ ਹਨ. ਸ੍ਰੀ ਗੁਰੂ ਨਾਨਕਦੇਵ ਨੇ ਇੱਥੇ ਚਰਣ ਪਾਏ ਅਤੇ ਅਕਾਲੀ ਧਰਮ ਦਾ ਉਪਦੇਸ਼ ਕੀਤਾ ਹੈ. ਆਸਾ ਰਾਗ ਦਾ ਸ਼ਬਦ "ਦੀਵਾ ਮੇਰਾ ਏਕ ਨਾਮੁ." ਇੱਥੇ ਹੀ ਉਚਾਰਿਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਭੀ ਇਸ ਥਾਂ ਪਧਾਰੇ ਹਨ. ਦੇਖੋ, ਗਯ ੭. ਅਤੇ ੮....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ....
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਮਾਹਾਤਮ੍ਯ (माहात्म्य) ਸੰਗ੍ਯਾ- ਵਡਿਆਈ. ਪ੍ਰਤਿਸ੍ਟਾ. ਮਹਾਤਮਪੁਣਾ। ੨. ਦੇਖੋ, ਮਹਾਤਮ ਮੈ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਕੁਰੁ ਰਾਜਾ ਦੇ ਨਾਉਂ ਤੋਂ ਇੱਕ ਇਲਾਕਾ, ਜੋ ਘੱਗਰ ਨਦੀ ਦੇ ਉੱਤਰ ਅਤੇ ਸਰਸ੍ਵਤੀ ਦੇ ਦੱਖਣ ਹੈ. ਇਸ ਦਾ ਪ੍ਰਮਾਣ ਬਾਰਾਂ ਯੋਜਨ ਹੈ. ਇਸ ਵਿੱਚ ੩੬੫ ਤੀਰਥ ਲਿਖੇ ਹਨ. ਕੁਰੁਕ੍ਸ਼ੇਤ੍ਰ ਦਾ ਜਿਕਰ ਰਿਗਵੇਦ ਵਿੱਚ ਭੀ ਦੇਖੀਦਾ ਹੈ. ਮਹਾਭਾਰਤ ਦੇ ਸ਼ਲ੍ਯ ਪਰਵ ਦੇ ੫੩ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਕੁਰੁ ਰਾਜਰਿਖੀ ਨੇ ਇਸ ਥਾਂ ਕਰ੍ਸਣ ਕੀਤਾ ਹੈ, ਜਿਸ ਕਾਰਣ ਕੁਰੁਕ੍ਸ਼ੇਤ੍ਰ ਨਾਉਂ ਹੋਇਆ ਹੈ. ਕਰ੍ਸਣ ਦਾ ਅਰਥ ਹਲ ਵਾਹੁਣਾ ਹੈ. ਯਗ੍ਯ ਲਈ ਜ਼ਮੀਨ ਸਾਫ ਕਰਨ ਵਾਸਤੇ ਰਾਜੇ ਆਪ ਹਲ ਵਾਹਿਆ ਕਰਦੇ ਸਨ.#ਕੌਰਵ ਪਾਂਡਵਾਂ ਦਾ ਯੁੱਧ ਇਸੇ ਥਾਂ ਹੋਇਆ ਹੈ. ਇਸ ਥਾਂ ਭਾਰਤ ਦੇ ਹੋਰ ਭੀ ਵਡੇ ਵਡੇ ਜੰਗ ਹੋਏ ਹਨ. ਕੁਰੁਕ੍ਸ਼ੇਤ੍ਰ ਹੁਣ ਈ. ਆਈ. ਰੇਲਵੇ ਦਾ ਸਟੇਸ਼ਨ ਹੈ, ਅਤੇ ਇਸ ਦਾ ਰਕਬਾ ਅੰਬਾਲਾ ਅਤੇ ਕਰਨਾਲ ਦੇ ਜਿਲੇ ਵਿੱਚ ਹੈ.#ਕੁਰੁਕ੍ਸ਼ੇਤ੍ਰਵਾਸੀ ਇਹ ਭੀ ਕਹਿੰਦੇ ਹਨ ਕਿ ਜਦ ਵਿਸਨੁ ਨੇ ਮਧੁ ਕੈਟਭ ਦੈਤ ਮਾਰੇ, ਤਦ ਉਨ੍ਹਾਂ ਦੀ ਮਿੰਜ (ਮਿੱਝ) ਸਾਰੇ ਜਲ ਪੁਰ ਫੈਲ ਗਈ, ਪਰ ੪੮ ਕੋਸ ਵਿੱਚ ਵਿਸਨੁ ਦੀ ਚੌਕੜੀ ਲਗੀ ਹੋਈ ਸੀ, ਇਸ ਕਰਕੇ ਇਸ ਥਾਂ ਮਿੰਜ ਨਹੀਂ ਆਈ, ਜਿਸ ਕਾਰਣ ਇਹ ਪਰਮ ਪਵਿਤ੍ਰ ਭੂਮਿ ਹੈ. ਕੁਰੁਕ੍ਸ਼ੇਤ੍ਰ ਦੇ ਗੁਰਦ੍ਵਾਰਿਆਂ ਬਾਬਤ ਦੇਖੋ, ਥਨੇਸਰ ਸ਼ਬਦ....
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਕ੍ਰਿ. ਵਿ- ਇਸ ਥਾਂ. ਯਹਾਂ....
ਵਾਕਰ. ਦੇਖੋ, ਵਾਗ ੨. "ਬਾਰਿਕ ਵਾਂਗੀ ਹਉ ਸਭਕਿਛੁ ਮੰਗਾ." (ਮਾਝ ਮਃ ੫) ੨. ਦੇਖੋ, ਬਾਂਗ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰਗ੍ਯਾ- ਕਾਰਣ. ਹੇਤੁ. ਸਬਬ। ੨. ਚਿੰਨ੍ਹ. ਨਿਸ਼ਾਨ। ੩. ਸ਼ਕੁਨ (ਸਗਨ)....
ਦੇਖੋ, ਗੁਲ ਲਾਲਾ। ੨. ਸੰਗ੍ਯਾ- ਗੁਲ ਲਾਲਹ ਦੇ ਰੰਗ ਦਾ ਸੰਘਾੜੇ ਆਦਿਕ ਦਾ ਰੰਗੀਨ ਆਟਾ, ਜੋ ਹੋਲੀ ਅਤੇ ਵਿਆਹ ਆਦਿਕ ਸਮੇਂ ਵਰਤੀਦਾ ਹੈ. "ਫਾਗੁਨ ਮੇ ਸਖੀ ਡਾਰ ਗੁਲਾਲ ਸਭੈ ਹਰਿ ਸੇ ਬਨ ਬੀਚ ਰਮੈ." (ਕ੍ਰਿਸਨਾਵ) ੩. ਵਿ- ਗੁਲ ਲਾਲਹ ਜੇਹਾ ਸੁਰਖ਼। ੪. ਦੇਖੋ, ਗੁਲਾਲੁ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)...
ਸੰ. ਹੋਲਾਕਾ ਅਥਵਾ ਹੋਲਿਕਾ. ਸੰਗ੍ਯਾ- ਹੋਲਿਕਾਦਹਨ. ਫੱਗੁਣ ਸੁਦੀ ੧੫. ਦਾ ਤ੍ਯੋਹਾਰ. ਦੇਖੋ, ਢੁੰਡਾ. "ਹੋਲਿ ਦਸਹਰਾ ਦਰਸਨ ਆਵਹੁ." (ਗੁਪ੍ਰਸੂ) "ਹੋਲੀ ਕੀਨੀ ਸੰਤਸੇਵ." (ਬਸੰ ਮਃ ੫)...
ਸਿੰਧੀ. ਵਿ- ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. "ਨਾ ਸੋਈਐ ਅਸਾਰ." (ਸ. ਕਬੀਰ) ੨. ਸੰ. ਸਾਰ ਰਹਿਤ. ਫੋਗ. ਫੋਕੜ। ੩. ਤੁੱਛ. ਅਦਨਾ। ੪. ਸੰਗ੍ਯਾ- ਇਰੰਡ। ੫. ਚੰਦਨ। ੬. ਅਗਰੁ। ੭. ਸੰ. ਆਸਾਰ. ਵਰਖਾ ਦੀ ਧਾਰਾ. ਬੁਛਾੜ. "ਨੈਨਹੁ ਨੀਰ ਅਸਾਰ ਬਹੈ." (ਆਸਾ ਕਬੀਰ) ੮. ਅ਼. [آثار] ਆਸਾਰ. ਅਸ਼ਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ. ਲੱਛਣ....
ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)...
ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਨਿਰਰ੍ਥਕ. ਵਿ- ਜਿਸ ਤੋਂ ਅਰ੍ਥ (ਮਤਲਬ) ਨਿਕਲਗਿਆ ਹੈ. ਬਿਨਾ ਮਤਲਬ. ਨਿਸਪ੍ਰਯੋਜਨ. ਬੇਫ਼ਾਯਦਾ....
ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਿਰ ਤੈਡਾ ਮਨ ਸਾਧਾਰਣ." (ਵਾਰ ਰਾਮ ੨. ਮਃ ੫) ੨. ਸੰ. ਸਮਾਨ. ਬਰਾਬਰ। ੩. ਆਮ. ਜੋ ਖ਼ਾਸ ਨਹੀਂ। ੪. ਮਾਮੂਲੀ। ੫. ਸਭ ਦਾ ਸਾਂਝਾ। ੬. ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਗੁਰੁਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ. ਇਸ ਦਾ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੭. ਦੇਖੋ, ਸਾਧਾਰਨ ੨....
ਅ਼. [معموُلی] ਵਿ- ਜੋ ਅ਼ਮਲ (ਵਰਤੋਂ) ਵਿੱਚ ਆਇਆ ਅਥਵਾ ਆਈ ਹੈ। ੨. ਸਾਧਾਰਣ. ਆਮ. ਸਾਮਾਨ੍ਯ....
ਫ਼ਾ. [سُرخ] ਸੁਰਖ਼. ਵਿ- ਲਾਲ. ਅਰੁਣ. ਰੱਤਾ....
ਫ਼ਾ. [کمزور] ਵਿ- ਨਿਰਬਲ....