pirhaपिड़
ਸੰਗ੍ਯਾ- ਖਲਹਾਨ ਗਾਹੁਣ ਦੀ ਥਾਂ। ੨. ਅਖਾੜਾ. ਬਾਜੀ ਪਾਉਣ ਦਾ ਅਸਥਾਨ "ਮਾਇਆ ਕਾਰਣਿ ਪਿੜਬੰਧਿ ਨਾਚੈ." (ਮਾਝ ਅਃ ਮਃ ੩) ੩. ਬਾਜ਼ੀ. ਖੇਡ. "ਬਿਨ ਨਾਵੈ ਪਿੜ ਕਾਚੀ." (ਵਡ ਅਲਾਹਣੀ ਮਃ ੧) "ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ." (ਮਾਰੂ ਸੋਲਹੇ ਮਃ ੧) ੪. ਜੰਗਭੂਮਿ। ੫. ਜੰਗ, ਲੜਾਈ. "ਸੈ ਵਰਿਆਂ ਕੀ ਪਿੜ ਬਧੀ." (ਵਾਰ ਮਾਝ ਮਃ ੧) "ਏਕ ਵਿਸਾਰੇ ਤਾਂ ਪਿੜ ਹਾਰੇ." (ਮਾਰੂ ਸੋਲਹੇ ਮਃ ੧)
संग्या- खलहान गाहुण दी थां। २. अखाड़ा. बाजी पाउण दा असथान "माइआ कारणि पिड़बंधि नाचै." (माझ अः मः ३) ३. बाज़ी. खेड. "बिन नावै पिड़ काची." (वड अलाहणी मः १) "आपे पासा आपे सारी, आपे पिड़बांधी." (मारू सोलहे मः १) ४. जंगभूमि। ५. जंग, लड़ाई. "सै वरिआं की पिड़ बधी." (वार माझ मः १) "एक विसारे तां पिड़ हारे." (मारू सोलहे मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਖਲ ੨. ਫ਼ਾ ਖ਼ਿਰਮਨ. "ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ." (ਭੈਰ ਮਃ ੫) ਦੇਖੋ, ਖਲਿਹਾਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ....
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਕਾਰਣ (ਸਬਬ) ਨਾਲ. ਵਾਸਤੇ. ਲਈ. ਦੇਖੋ, ਕਾਰਣ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰਗ੍ਯਾ- ਖੇਲ। ੨. ਬਾਜ਼ੀ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸਨਾਨ ਕਰਦਾ ਹੈ. ਨ੍ਹਾਉਂਦਾ ਹੈ. "ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ." (ਸਾਰ ਅਃ ਮਃ ੩)#੨. ਨਾਮ. ਦੇਖੋ, ਨਾਵ ੧. "ਨਾਵੈ ਕਾ ਵਾਪਾਰੀ ਹੋਵੈ." (ਮਾਰੂ ਸੋਲਹੇ ਮਃ ੩) ੩. ਨਾਮ ਦਾ, ਦੇ. "ਹਉਮੈ ਨਾਵੈ ਨਾਲਿ ਵਿਰੋਧੁ ਹੈ." (ਵਡ ਮਃ ੩)...
ਸੰਗ੍ਯਾ- ਖਲਹਾਨ ਗਾਹੁਣ ਦੀ ਥਾਂ। ੨. ਅਖਾੜਾ. ਬਾਜੀ ਪਾਉਣ ਦਾ ਅਸਥਾਨ "ਮਾਇਆ ਕਾਰਣਿ ਪਿੜਬੰਧਿ ਨਾਚੈ." (ਮਾਝ ਅਃ ਮਃ ੩) ੩. ਬਾਜ਼ੀ. ਖੇਡ. "ਬਿਨ ਨਾਵੈ ਪਿੜ ਕਾਚੀ." (ਵਡ ਅਲਾਹਣੀ ਮਃ ੧) "ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ." (ਮਾਰੂ ਸੋਲਹੇ ਮਃ ੧) ੪. ਜੰਗਭੂਮਿ। ੫. ਜੰਗ, ਲੜਾਈ. "ਸੈ ਵਰਿਆਂ ਕੀ ਪਿੜ ਬਧੀ." (ਵਾਰ ਮਾਝ ਮਃ ੧) "ਏਕ ਵਿਸਾਰੇ ਤਾਂ ਪਿੜ ਹਾਰੇ." (ਮਾਰੂ ਸੋਲਹੇ ਮਃ ੧)...
ਕੱਚੀ. ਦੇਖੋ, ਕਾਚਾ....
ਸੰਗ੍ਯਾ- ਸ਼ਲਾਘਾ (ਉਸਤਤਿ) ਦੀ ਕਵਿਤਾ. ਉਹ ਗੀਤ ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ. ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿਕੇ ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਉਂ ਅਲਾਹਣੀ ਹੈ. ਦੇਖੋ, ਰਾਗ ਵਡਹੰਸ ਵਿੱਚ ਸਤਿਗੁਰੂ ਨਾਨਕ ਦੇਵ ਦੀ ਸਿਖ੍ਯਾ ਭਰੀ ਬਾਣੀ, ਜਿਸ ਦੀ ਪਹਿਲੀ ਤੁਕ ਹੈ-#"ਧੰਨੁ ਸਿਰੰਦਾ ਸਚਾ ਪਾਤਿਸਾਹੁ."...
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰਗ੍ਯਾ- ਝਗੜਾ। ੨. ਜੰਗ....
ਵ੍ਰਿੱਧਿ ਨੂੰ ਪ੍ਰਾਪਤ ਹੋਈ. ਵਧੀ। ੨. ਬੱਧੀ ਬੰਨ੍ਹੀ. ਆਬਾਦ ਕੀਤੀ. "ਮੈ ਬਧੀ ਸਚੁ ਧਰਮਲਾਲ ਹੈ." (ਸ੍ਰੀ ਮਃ ੫. ਪੈਪਾਇ)....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....