sārīसारी
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ.
वि- सरव. पूरी। २. सार रूप. "नानक इहु मति सारी जीउ." (माझ मः ५) ३. कथन (बयान) कीती. "गुरु पूरे एह गल सारी." (सोर मः ५) ४. संग्या- सार. सुध. ख़बर. "अपनी इतनी कछू न सारी." (सार मः ५) ५. देखो, सारि. "करम धरम तुम चउपड़ साजहु सति करहु तुम सारी." (बसं मः ५) "आपे पासा आपे सारी." (मारू सोलहे मः १) ६. बाजी. खेल. "सारी सिरजनहार की." (स. कबीर) ७. साड़्ही. ओढनी. "डारे सारी नील की." (चरित्र १३६) "सेत धरे सारी ब्रिखभानु की कुमारी." (क्रिसनाव) ८. साली. बहू दी भैण. "नही ससुराल सास ससुरा औ सारो सारी." (भागु क) "रामो लगत हुती गुरु सारी." (गुप्रसू) "सारीआं सारीआं आइ पिख्यो." (गुप्रसू) सभ सालीआं ने आके देखिआ। ९. सारिका. मैना.
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਆ਼ [بیان] ਸੰਗ੍ਯਾ- ਵ੍ਯਾਖ੍ਯਾਨ. ਕਥਨ. ਵਰਣਨ. ਜਿਕਰ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖਬਰ. ਸਮਾਚਾਰ। ੨. ਹੋਸ਼. ਬੁੱਧਿ. "ਸੁਧ ਜਬ ਤੇ ਹਮ ਧਰੀ." (ਚਰਿਤ੍ਰ ੨੨) ੩. ਸ਼ੁੱਧ. ਵਿ- ਸਾਫ. ਸ਼੍ਵੱਛ. "ਤਬ ਹੋਏ ਮਨ ਸੁਧ ਪਰਾਨੀ." (ਰਾਮ ਮਃ ੫) ੪. ਨਿਰਦੋਸ. "ਸੁਧੁ ਭਤਾਰੁ ਹਰਿ ਛੋਡਿਆ." (ਵਾਰ ਸੂਹੀ ਮਃ ੩) ੫. ਖ਼ਾਲਿਸ. ਨਿਰੋਲ। ੬. ਸੁਧਾ (ਅਮ੍ਰਿਤ) ਲਈ ਭੀ ਸੁਧ ਸ਼ਬਦ ਆਇਆ ਹੈ. ਦੇਖੋ, ਸੁਧਰਸ। ੭. ਸੰ. शुध ਧਾ- ਪਵਿਤ੍ਰ ਹੋਣਾ. ਪਾਕ ਹੋਣਾ....
ਅ਼. [خبر] ਸੰਗ੍ਯਾ- ਸੁਧ. ਸਮਾਚਾਰ. ਹਾਲ। ੨. ਗ੍ਯਾਨ. ਸਮਝ. ਬੋਧ। ੩. ਇੱਤ਼ਿਲਾ. ਸੂਚਨਾ. "ਮਤ ਘਾਲਹੁ ਜਮਕੀ ਖਬਰੀ." (ਬਿਲਾ ਕਬੀਰ) ੪. ਨਿਗਹਬਾਨੀ. ਨਿਗਰਾਨੀ. "ਸਿੰਚਨਹਾਰੈ ਏਕੈ ਮਾਲੀ। ਖਬਰਿ ਕਰਤੁ ਹੈ ਪਾਤ ਪਤ ਡਾਲੀ." (ਆਸਾ ਮਃ ੫)...
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ....
ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)...
ਸਾਰਕੇ. ਵਿਤਾਕੇ. ਦੇਖੋ, ਸਾਰਣਾ. "ਸਭ ਆਪਨ ਅਉਸਰ ਚਲੇ ਸਾਰਿ." (ਬਸੰ ਕਬੀਰ) ਆਪਣਾ ਵੇਲਾ ਪੂਰਾ ਕਰਕੇ ਸਭ ਚਲੇ। ੨. ਸੰ. ਸ਼ਾਰਿ. ਚੌਪੜ ਅਤੇ ਸ਼ਤਰੰਜ ਦਾ ਵਸਤ੍ਰ, ਜਿਸ ਉੱਪਰ ਨਰਦਾਂ ਅਤੇ ਮੁਹਰੇ ਰੱਖਕੇ ਖੇਡੀਦਾ ਹੈ. "ਆਪੇ ਸਾਰਿ ਆਪ ਹੀ ਪਾਸਾ." (ਸਵੈਯੇ ਮਃ ੪. ਕੇ) ੩. ਨਰਦ, ਡਾਲਨਾ ਅਤੇ ਮੁਹਰਾ। ੪. ਸੰਗੀਤ ਅਨੁਸਾਰ ਸ੍ਵਰ ਦਾ ਬੰਦ. ਧਾਤੁ ਅਥਵਾ ਤੰਦ ਦਾ ਬੰਧਨ, ਜੋ ਸਾਜ ਉੱਤੇ ਸ੍ਵਰ ਦਾ ਵਿਭਾਗ ਕਰਨ ਲਈ ਲਗਾਈਦਾ ਹੈ. ਇਸ ਨੂੰ ਸੁੰਦਰੀ ਭੀ ਆਖਦੇ ਹਨ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਸੰ. चतुष्पट ਚਤੁਸ੍ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. "ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ." (ਆਸਾ ਅਃ ਮਃ ੧) "ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ." (ਬਸੰ ਮਃ ੫) ਦੇਖੋ, ਚਉਸਰ ਅਤੇ ਪੱਕੀ ਸਾਰੀ....
ਸੰਗ੍ਯਾ- ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍ਰਹਮ. ਵਾਹਗੁਰੂ. "ਸਤਿ ਨਾਮੁ ਕਰਤਾ ਪੁਰਖੁ." (ਜਪੁ) ੨. ਸੱਚ. ਮਿਥ੍ਯਾ ਦੇ ਵਿਰੁੱਧ. "ਆਪਿ ਸਤਿ ਕੀਆ ਸਭ ਸਤਿ." (ਸੁਖਮਨੀ) ੩. ਸ਼ਰੱਧਾ. ਵਿਸ਼੍ਵਾਸ. "ਤਿਸੁ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ." (ਮਲਾ ਮਃ ੪) ੪. ਵਿ- ਸਦ. ਉੱਤਮ. "ਦੂਰ ਕਰੈ ਸਤਿ ਬੈਦ ਰੋਗ ਸੰਨਿਪਾਤ ਕੋ." (ਕ੍ਰਿਸਨਾਵ) ੫. ਸੰਗ੍ਯਾ- ਸੱਤਾ ਸ਼ਕਤਿ. "ਗੁਰੁਮਤਿ ਸਤਿ ਕਰ ਚੰਚਲ ਅਚਲ ਭਏ." (ਭਾਗੁ ਕ) ੬. ਯਥਾਰਥ ਗ੍ਯਾਨ. ਅਸਲੀਅਤ ਦੀ ਸਮਝ. "ਨਾ ਸਤਿ ਮੂਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ." (ਵਾਰ ਰਾਮ ੧. ਮਃ ੧) ੭. ਵ੍ਯ- ਯਥਾਰਥ. ਸਹੀ. ਠੀਕ. "ਜੋ ਕਿਛੁ ਕਰੇ ਸਤਿ ਕਰਿ ਮਾਨਹੁ." (ਸਾਰ ਮਃ ੪)...
ਕਰੋ. "ਕਰਹੁ ਅਨੁਗ੍ਰਹੁ ਪਾਰਬ੍ਰਹਮ." (ਆਸਾ ਮਃ ੫) ੨. ਕਰਵਾਓ. ਕਰਾਓ. "ਹਰਿ ਜੀਉ! ਤਿਨ ਕਾ ਦਰਸਨ ਨਾ ਕਰਹੁ." (ਵਾਰ ਸੋਰ ਮਃ ੪)...
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰ. ਕ੍ਸ਼੍ਵੇਲ ਅਤੇ ਖੇਲਿ. ਸੰਗ੍ਯਾ- ਖੇਡ. ਕ੍ਰੀੜਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ) ੨. ਫ਼ਾ. [خیل] ਖ਼ੈਲ. ਆਦਮੀਆਂ ਦਾ ਗਰੋਹ। ੩. ਗੋਤ. ਵੰਸ਼. "ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੯੭) ਦੇਖੋ, ਬਾਵਨ ਖੇਲ। ੪. ਦਾਸ. ਅਨੁਚਰ. ਸੇਵਕ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸਾਰ੍ਹੀ. ਓਢਨੀ. ਦੇਖੋ, ਸਾਟੀ....
ਸੰਗ੍ਯਾ- ਓਢਣ ਦੀ ਚਾਦਰ, ਸਾੜ੍ਹੀ. ਚੁੰਨੀ....
ਸੰ. नील. ਧਾ- ਰੰਗਣਾ, ਨੀਲਾ ਰੰਗਾ ਲਾਉਣਾ। ੨. ਸੰਗ੍ਯਾ- ਇੱਕ ਪੌਧਾ ਜਿਸ ਵਿੱਚੋਂ ਨੀਲਾ ਰੰਗ ਨਿਕਲਦਾ ਹੈ. Indigo । ੩. ਨੀਲ ਪੌਧੇ ਵਿੱਚੋਂ ਕੱਢਿਆ ਹੋਇਆ ਰੰਗ। ੪. ਸੱਟ ਨਾਲ ਸ਼ਰੀਰ ਪੁਰ ਪਿਆ ਨੀਲਾ ਦਾਗ। ਪ ਕਲੰਕ. ਦਾਗ. ਧੱਬਾ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ."ਜਾਮਵੰਤ ਸੁਖੇਨ ਨੀਲ." (ਰਾਮਾਵ) ੭. ਪੁਰਾਣਾਂ ਅਨੁਸਾਰ ਇਲਾਵ੍ਰਿੱਤ ਖੰਡ ਦਾ ਇੱਕ ਪਹਾੜ, ਜੋ ਰਮ੍ਯਕ ਵਰ੍ਸਦੀ ਹੱਦ ਪੁਰ ਹੈ। ੮. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੯. ਨੀਲਮ ਮਣਿ। ੧੦. ਹਜ਼ਾਰ ਅਰਬ ਸੰਖ੍ਯਾ, ੧੦੦੦੦੦੦੦੦੦੦੦੦੦। ੧੧. ਵਿਸ. ਜ਼ਹਿਰ। ੧੨. ਵਟ. ਬਰੋਟਾ. ਬੋਹੜ। ੧੩. ਵਿ- ਨੀਲਾ. ਨੀਲੇ ਰੰਗ ਦਾ. "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ) ੧੪. ਮਲੀਨ. ਘਸਮੈਲਾ. "ਨੀਲ ਅਨੀਲ ਅਗਨਿ ਇਕ ਠਾਈ." (ਗਉ ਅਃ ਮਃ ੧) ਮਲੀਨ ਅਤੇ ਸ਼ੁਭਵਾਸਨਾ ਰੂਪ ਅਗਨਿ. ਭਾਵ- ਤਾਮਸੀ ਅਤੇ ਰਜੋਗੁਣੀ ਕਰਮ ਕਰਨ ਦੀ ਵਾਸਨਾਰੂਪ ਅਗਨਿ। ੧੫. ਸੰਗ੍ਯਾ- ਇੱਕ ਛੰਦ. ਦੇਖੋ, ਬਿਸੇਖ। ੧੬. ਅ਼. [نیل] ਮਿਸਰ ਦਾ ਇੱਕ ਪ੍ਰਸਿੱਧ ਦਰਿਆ. ਦੇਖੋ, ਨੀਲਏਸ ਅਸਤ੍ਰ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰ. ਸ਼੍ਵੇਤ. ਵਿ- ਚਿੱਟਾ. ਸਫੇਦ. "ਸਿਆਹਉ ਹੋਆ ਸੇਤ." (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ੍ਵਿਤ। ੨. ਸਹਿਤ. ਸਾਥ. ਨਾਲ. "ਪ੍ਰਭ ਕੀ ਦਰਗਹ ਸੋਭਾ ਸੇਤ." (ਗਉ ਮਃ ੫) ੩. ਸੰ. ਸ਼ੈਤ੍ਯ. ਸੰਗ੍ਯਾ- ਸ਼ੀਤਲਤਾ। ੪. ਸ਼ਾਂਤਿ ਭਾਵ. "ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫. ਦੇਖੋ, ਸੇਤੁ। ਸੇਤਜ (ਸ੍ਵੇਦਜ਼) ਦਾ ਸੰਖੇਪ. "ਉਤਭੁਜ ਸੇਤ ਬਿਨਾਧਾ." (ਸਾਰ ਮਃ ੫)...
वृषभानु- ਵ੍ਰਿਸਭਾਨੁ. ਰਾਧਿਕਾ ਦਾ ਪਿਤਾ....
ਕੁਮਾਰ ਦਾ ਇਸਤ੍ਰੀ ਲਿੰਗ. ਕੁਮਾਰ ਅਵਸਥਾ ਵਾਲੀ ਕੰਨ੍ਯਾ. ਦੇਖੋ, ਕੁਮਾਰ ੧.। ੨. ਪਾਰਵਤੀ. ਦੁਰਗਾ। ੩. ਅਣਵਿਆਹੀ ਕੰਨ੍ਯਾ। ੪. ਪੁਤ੍ਰੀ. ਬੇਟੀ....
ਵਿ- ਸੱਲਨ ਵਾਲਾ. ਵੇਧਨ ਕਰਤਾ. "ਅਰਿ ਉਰ ਸਾਲੀ." (ਰਾਮਾਵ) ੨. ਸੰ. ਸ਼੍ਯਾਲੀ. ਸੰਗ੍ਯਾ- ਬਹੂ ਦੀ ਭੈਣ। ੩. ਸ਼ਾਲੀ. ਧਾਨ. ਚਾਵਲ. ਦੇਖੋ, ਸਾਲ ੧. ਅਤੇ ਸਾਲਿ....
ਵਧੂ. ਵਹੁਟੀ. "ਦਿਨ ਦਸ ਪਾਂਚ ਬਹੂ ਭਲੇ ਆਈ." (ਆਸਾ ਕਬੀਰ)...
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਸ੍ਵਸ਼ੁਰ (ਸਹੁਰੇ) ਦਾ ਆਲਯ (ਘਰ). ਵਹੁਟੀ ਦੇ ਪਿਉਕੇ. "ਸਸੁਰੈ ਪੇਈਐ ਤਿਸੁ ਕੰਤ ਕੀ." (ਮਾਝ ਮਃ ੫. ਦਿਨਰੈਣ) ਭਾਵ- ਲੋਕ ਪਰਲੋਕ ਵਿੱਚ....
ਸੰ. ਸ੍ਵਾਸ. ਸੰਗ੍ਯਾ- ਸਾਹ. ਦਮ. "ਸਾਸ ਬਿਨਾ ਜਿਉ ਦੇਹੁਰੀ." (ਕੇਦਾ ਛੰਤ ਮਃ ੫) ੨. ਸ੍ਵਰ. ਸੁਰ. "ਪੂਰੇ ਤਾਲ ਨਿਹਾਲੇ ਸਾਸ." (ਭੈਰ ਨਾਮਦੇਵ) ੩. ਸੰ. ਸ਼ਾਸਤ੍ਰ. "ਪੰਡਿਤ ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੇ." (ਮਾਰੂ ਮਃ ੧) ੪. ਸੰ. ਸ਼੍ਵਸ਼੍ਰੁ. ਸੱਸ. ਵਹੁਟੀ ਦੀ ਮਾਂ। ੫. ਸ੍ਵਾਸ ਰੋਗ. ਦਮਕਸ਼ੀ. ਦਮਾ. "ਸਨਪਾਤ ਸਾਸ ਭਗਿੰਦ੍ਰ ਜੁਰ." (ਸਲੋਹ) ਸੰਨਿਪਾਤ ਸ੍ਵਾਸ ਰੋਗ ਭਗੰਦਰ ਅਤੇ ਜ੍ਵਰ (ਤਾਪ). ੬. ਸੰ. शास् ਸ਼ਾਸ. ਧਾ- ਤਅ਼ਰੀਫ਼ ਕਰਨਾ. ਵਡਿਆਉਣਾ. ਉਪਦੇਸ਼ ਕਰਨਾ. ਹਿਤ ਦੀ ਬਾਤ ਕਹਿਣੀ. ਹੁਕਮ ਦੇਣਾ. ਦੰਡ ਦੇਣਾ. ਤਾੜਨਾ। ੭. ਸੰਗ੍ਯਾ- ਆਗ੍ਯਾ. ਹੁਕਮ। ੮. ਫ਼ਾ. [شاش] ਸ਼ਾਸ਼. ਮੂਤ੍ਰ. ਪੇਸ਼ਾਬ. ਦੇਖੋ, ਸ਼ਾਸ਼ੀਦਨ....
ਸੰ. श्वशुर ਸ਼੍ਵਸ਼ੁਰ. ਆਸ਼ੁ- ਅਸ਼. ਜੋ ਆਸ਼ੁ (ਛੇਤੀ) ਅਸ਼ੁ (ਫੈਲ ਜਾਂਦਾ ਹੈ). ਭਾਵ- ਆਦਰ ਲਾਇਕ ਹੁੰਦਾ ਹੈ. ਸਹੁਰਾ. ਵਹੁਟੀ ਦਾ ਪਿਤਾ....
ਦੇਖੋ, ਸਾਰਾ। ੨. ਸਾਲਾ. ਵਹੁਟੀ ਦਾ ਭਾਈ. "ਸਸੁਰਾ ਔ ਸਾਰੋ ਸਾਰੀ." (ਭਾਗੁ ਕ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਦੇਖੋ, ਰਾਮਕੌਰ। ੨. ਮਾਤਾ ਦਾਮੋਦਰੀ ਜੀ ਦੀ ਵਡੀ ਭੈਣ, ਜੋ ਡਰੋਲੀ ਨਿਵਾਸੀ ਭਾਈ ਸਾਂਈਂਦਾਸ ਨਾਲ ਵਿਆਹੀ ਗਈ ਸੀ. ਇਸ ਦੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਅਟਲ ਸ਼੍ਰੱਧਾ ਸੀ. "ਯਥਾ ਸ਼ਕਤਿ ਦੰਪਤੀ ਹੁਲਾਸ। ਸੇਵਤ ਰਾਮੋ ਸਾਂਈਂਦਾਸ." (ਗੁਪ੍ਰਸੂ)...
ਥੀ. ਸੀ. "ਹੁਤੀ ਜੁ ਪਿਆਸ ਪਿਊਸ ਪਿਵੰਨ ਕੀ." (ਸਵੈਯੇ ਮਃ ੪. ਕੇ)....
ਸੰ. सारिका¹ ਸੰਗ੍ਯਾ- ਮੈਨਾ. "ਚੋਂਚ ਪਸਾਰ ਰਹੇ ਸਿਸੁ ਸਾਰਿਕ ਜੈਸੇ." (ਚੰਡੀ ੧) "ਇਹ ਵਤਸ ਸਾਰਿਕਾ ਮੁਖ ਪਸਾਰ." (ਗੁਪ੍ਰਸੂ) ੨. ਦੂਤੀ. ਵਿਚੋਲਨ....
ਸੰਗ੍ਯਾ- ਸਾਰਿਕਾ. ਗੁਟਾਰ ਜਾਤਿ ਦੀ ਇੱਕ ਚਿੜੀ, ਜੋ ਮਨੁੱਖ ਦੀ ਬੋਲੀ ਦੀ ਨਕਲ ਕਰਨ ਵਿੱਚ ਪ੍ਰਸਿੱਧ ਹੈ। ੨. ਦੇਖੋ, ਮੇਨਾ ੨। ੩. ਰਾਜਾ ਰਸਾਲੂ ਦੀ ਇੱਕ ਰਾਣੀ। ੪. ਦੇਖੋ, ਮੇਨਕਾ ੧....