dhībāna, dhībānu, dhībāna, dhīvānuदीबाण, दीबाणु, दीबान, दीवानु
ਅ਼. [دیوان] ਦੀਵਾਨ. ਸੰਗ੍ਯਾ- ਦਰਬਾਰ. ਸਭਾ. "ਜੋ ਮਿਲਿਆ ਹਰਿਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। ੨. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। ੩. ਇਨਸਾਫ਼ ਕਰਨ ਵਾਲਾ. ਹਾਕਿਮ. "ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ." (ਵਾਰ ਵਡ ਮਃ ੪) "ਦੀਬਾਨੁ ਏਕੋ ਕਲਮ ਏਕਾ." (ਵਾਰ ਆਸਾ) ੪. ਮੁਗ਼ਲ ਬਾਦਸ਼ਾਹਾਂ ਵੇਲੇ ਨਾਜਿਮ (ਸੂਬੇ) ਦਾ ਮਾਲੀ ਮੰਤ੍ਰੀ.
अ़. [دیوان] दीवान. संग्या- दरबार. सभा. "जो मिलिआ हरिदीबाण सिउ सो सभनी दीबाणी मिलिआ." (वार स्री मः ४) जो सिॱख समाज विॱच आइआ है, उह दुनीआं दे सारे समाजां दा मैंबर है। २. कचहिरी दा असथान. न्यायआलय। ३. इनसाफ़ करन वाला. हाकिम. "सो ऐसा हरि दीबान वसिआ भगता कै हिरदै." (वार वड मः ४) "दीबानु एको कलम एका." (वार आसा) ४. मुग़ल बादशाहां वेले नाजिम (सूबे) दा माली मंत्री.
ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਕਰਤਾਰ ਦਾ ਦੀਵਾਨ. ਸਿੱਖਸਮਾਜ. "ਜੋ ਮਿਲਿਆ ਹਰ ਦੀਬਾਣੁ ਸਿਉ, ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਭਾ ਦਾ ਮੈਂਬਰ ਹੈ, ਉਹ ਸਾਰੇ ਸੰਸਾਰ ਦੇ ਆਸ੍ਤਿਕ ਸਮਾਜਾਂ ਦਾ ਮੈਂਬਰ ਹੈ....
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. "ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ." (ਵਾਰ ਵਡ ਮਃ ੪) ੨. ਸਭਨਾ ਨੇ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਦੇਖੋ, ਕਚਹਰੀ ੧....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਅ਼. [انساف] ਇਨਸਾਫ਼. ਸੰਗ੍ਯਾ- ਨਿਸਫ਼ ਨਿਸਫ਼ (ਅੱਧੋ ਅੱਧ) ਕਰਨ ਦੀ ਕ੍ਰਿਯਾ. ਦੋ ਖੰਡ ਕਰਨਾ. ੨. ਸੱਚ ਤੇ ਝੂਠ ਨਿਤਾਰਨਾ. ਨ੍ਯਾਯ. ਨਿਆਂ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਅ਼. [دیوان] ਦੀਵਾਨ. ਸੰਗ੍ਯਾ- ਦਰਬਾਰ. ਸਭਾ. "ਜੋ ਮਿਲਿਆ ਹਰਿਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ." (ਵਾਰ ਸ੍ਰੀ ਮਃ ੪) ਜੋ ਸਿੱਖ ਸਮਾਜ ਵਿੱਚ ਆਇਆ ਹੈ, ਉਹ ਦੁਨੀਆਂ ਦੇ ਸਾਰੇ ਸਮਾਜਾਂ ਦਾ ਮੈਂਬਰ ਹੈ। ੨. ਕਚਹਿਰੀ ਦਾ ਅਸਥਾਨ. ਨ੍ਯਾਯਆਲਯ। ੩. ਇਨਸਾਫ਼ ਕਰਨ ਵਾਲਾ. ਹਾਕਿਮ. "ਸੋ ਐਸਾ ਹਰਿ ਦੀਬਾਨ ਵਸਿਆ ਭਗਤਾ ਕੈ ਹਿਰਦੈ." (ਵਾਰ ਵਡ ਮਃ ੪) "ਦੀਬਾਨੁ ਏਕੋ ਕਲਮ ਏਕਾ." (ਵਾਰ ਆਸਾ) ੪. ਮੁਗ਼ਲ ਬਾਦਸ਼ਾਹਾਂ ਵੇਲੇ ਨਾਜਿਮ (ਸੂਬੇ) ਦਾ ਮਾਲੀ ਮੰਤ੍ਰੀ....
ਭਗਤਲੋਕ. ਭਗਤਜਨ. "ਆਪੇ ਭਗਤਾ, ਆਪਿ ਸੁਆਮੀ." (ਗੂਜ ਮਃ ੫) ੨. ਓਹਰੀ ਗੋਤ ਦਾ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਦਾ ਸਿੱਖ ਹੋਇਆ। ੩. ਭਾਈ ਬਹਿਲੋਵੰਸ਼ੀ ਭਗਤਾ. ਜਿਸ ਨੇ ਮਾਲਵੇ ਵਿੱਚ ਭਗਤਾ ਪਿੰਡ ਵਸਾਇਆ ਹੈ. ਜੋ ਰਾਜ ਫਰੀਦਕੋਟ ਦੇ ਥਾਣਾ ਕੋਟਕਪੂਰਾ ਵਿੱਚ ਹੈ ਅਰ ਰੇਲਵੇ ਸਟੇਸ਼ਨ ਜੈਤੋਂ ਤੋਂ ੧੬. ਮੀਲ ਪੂਰਵ ਹੈ, ਰਾਮਪੁਰਾਫੂਲ ਤੋਂ ੧੨. ਮੀਲ ਉੱਤਰ ਪੱਛਮ ਹੈ. ਇੱਥੇ ਗੁਰੂ ਗੋਬਿੰਦਸਿੰਘ ਜੀ ਤਿੰਨ ਦਿਨ ਠਹਿਰੇ ਸਨ. ਉਸ ਵੇਲੇ ਭਗਤੇ ਤੇ ਪੰਜ ਪੁਤ੍ਰ (ਗੁਰਦਾਸ, ਤਾਰਾ, ਕਾਰਾ, ਮੋਹਰਾ, ਬਖਤਾ) ਸਨ. ਜਿਨ੍ਹਾਂ ਨੇ ਦਸ਼ਮੇਸ਼ ਦੀ ਪ੍ਰੇਮਭਾਵ ਨਾਲ ਸੇਵਾ ਕੀਤੀ. ਇੱਥੇ ਛੀਵੇਂ ਸਤਿਗੁਰੂ ਜੀ ਭੀ ਪਧਾਰੇ ਹਨ. ਪਿੰਡ ਦੀ ਆਬਾਦੀ ਅੰਦਰ ਗੁਰਦ੍ਵਾਰਾ ਹੈ. ਪਾਸ ਹੀ ਭਾਈਭਗਤੇ ਦਾ ਲਾਇਆ ਖੂਹ ਹੈ. ਰਿਆਸਤ ਫਰੀਦਕੋਟ ਵੱਲੋਂ ੮੮ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਪੁਜਾਰੀ ਸਿੰਘ ਹੈ. ਮਾਘੀ ਨੂੰ ਮੇਲਾ ਹੁੰਦਾ ਹੈ। ੪. ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰੇਮੀ ਸਿੱਖ। ੫. ਦੇਖੋ, ਭਗਤੂ ਭਾਈ। ੬. ਭਾਈ ਫੇਰੂ ਸੱਚੀ ਦਾੜ੍ਹੀ ਵਾਲੇ ਦਾ ਇੱਕ ਪੋਤਾ ਚੇਲਾ, ਜੋ ਵਡੀ ਕਰਨੀ ਵਾਲਾ ਸਾਧੂ ਹੋਇਆ ਹੈ....
ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. "ਏਕੋ ਜਪਿ ਏਕੋ ਸਾਲਾਹ." (ਸੁਖਮਨੀ) "ਸਤ- ਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)...
ਅ਼. [قلم] ਸੰਗ੍ਯਾ- ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ." (ਵਾਰ ਸ੍ਰੀ ਮਃ ੩) ੨. ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। ੩. ਕ਼ਲਮ ਦੇ ਆਕਾਰ ਦੀ ਕੋਈ ਵਸਤੁ। ੪. ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ." (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। ੫. ਸੰ. ਇੱਕ ਪ੍ਰਕਾਰ ਦੇ ਚਾਉਲ....
ਸੰਗ੍ਯਾ- ਇੱਕ ਸੰਖ੍ਯਾ ਬੋਧਕ ਅੰਗ ੧। ੨. ਕਰਤਾਰ. ਅਦੁਤੀ ਬ੍ਰਹਮ। ੩. ਅਨਨ੍ਯ ਉਪਾਸਕ. "ਏਕੇ ਕਉ ਸਚੁ ਏਕਾ ਜਾਣੈ." (ਸਿਧਗੋਸਟਿ) ੪. ਐਕ੍ਯ. ਏਕਤਾ. ਮਿਲਾਪ। ੫. ਵ੍ਯ- ਇੱਕ. ਕੇਵਲ. ਫ਼ਕ਼ਤ਼. "ਏਕਾ ਓਟ ਗਹੁਹਾਂ." (ਆਸਾ ਮਃ ੫) ੬. ਸੰ. एका. ਸੰਗ੍ਯਾ- ਦੁਰਗਾ. ਦੇਵੀ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਤੁ. [مُغل] ਮੁਗ਼ਲ. ਵਿ- ਸਾਦਾਦਿਲ. ਭੋਲਾ. ਸਿੱਧਾ ਸਾਦਾ। ੨. ਸੰਗ੍ਯਾ- ਤਾਤਾਰ ਦੀ ਇੱਕ ਸ਼ੂਰਵੀਰ ਜਾਤਿ, ਜੋ ਪਹਿਲਾਂ ਆਤਿਸ਼ਪਰਸ੍ਤ ਸੀ ਅਤੇ ਫੇਰ ਇਸਲਾਮ ਮਤ ਵਿੱਚ ਆਈ. ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆਕੇ ਭੀ ਕਈ ਮੁਗਲ ਚਿਰ ਤੀਕ ਮੁਸਲਮਾਨ ਨਹੀਂ ਹੋਏ ਸਨ. ਜਲਾਲੁੱਦੀਨ ਫ਼ੀਰੋਜ਼ ਖ਼ਲਜੀ ਨੇ, ਜੋ ਦਿੱਲੀ ਦੇ ਤਖ਼ਤ ਪੁਰ ਸਨ ੧੨੯੦ ਤੋਂ ੯੬ ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ. ਦਿੱਲੀ ਪਾਸ ਜੋ ਮੁਗ਼ਲਪੁਰਾ ਹੈ, ਇਹ ਉਸੀ ਸਮੇਂ ਬਣਾਇਆ ਗਿਆ ਸੀ. ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤੇ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕ਼ਾਇਮ ਕਰਨ ਵਾਲਾ ਹੋਇਆ. ਦਿੱਲੀ ਦੇ ਤਖਤ ਪੁਰ ੧੫. ਮੁਗਲ ਬਾਦਸ਼ਾਹ ਬੈਠੇ ਹਨ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ. "ਮੁਗਲ ਪਠਾਣਾ ਭਈ ਲੜਾਈ." (ਆਸਾ ਮਃ ੧)...
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)...