harītakīहरीतकी
ਸੰ. ਸੰਗ੍ਯਾ- ਹਰੜ. L. Terminalia Chebula. "ਗਨ ਜੋਕ ਹਰੀਤਕੀ ਔਰ ਮਦੰ." (ਸਮੁਦ੍ਰ ਮਥਨ) ਹਰੜ ਦੀ ਤਾਸੀਰ ਗਰਮ ਖੁਸ਼ਕ ਹੈ. ਵੈਦ੍ਯਕ ਗ੍ਰੰਥਾਂ ਵਿੱਚ ਇਸ ਨੂੰ ਕਬਜੀ, ਖਾਂਸੀ, ਸੰਗ੍ਰਹਣੀ, ਬਵਾਸੀਰ, ਵਿਖਮਜ੍ਵਰ, ਅਫਾਰਾ ਆਦਿਕ ਰੋਗ ਨਾਸ਼ ਕਰਨ ਵਾਲੀ ਲਿਖਿਆ ਹੈ.
सं. संग्या- हरड़. L. Terminalia Chebula. "गन जोक हरीतकी और मदं."(समुद्र मथन) हरड़ दी तासीर गरम खुशक है. वैद्यक ग्रंथां विॱच इस नूं कबजी, खांसी, संग्रहणी, बवासीर, विखमज्वर, अफारा आदिक रोग नाश करन वाली लिखिआ है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ....
ਸੰ. ਜਲੌਕਾ (leech). ਸੰਗ੍ਯਾ- ਪਾਣੀ ਅਤੇ ਨਮੀ ਵਿੱਚ ਰਹਿਣ ਵਾਲਾ ਇੱਕ ਕੀੜਾ, ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ. ਇਹ ਸ਼ਰੀਰ ਨਾਲ ਚਿਮਟਕੇ ਲਹੂ ਚੂਸ ਲੈਂਦਾ ਹੈ. ਬਹੁਤ ਲੋਕ योऽ हं. ਗੰਦਾ ਲਹੂ ਕੱਢਣ ਲਈ ਜੋਕਾਂ ਲਗਵਾਉਂਦੇ ਹਨ. ਇਸ ਦੇ ਨਾਮ ਰਕ੍ਤਪਾ, ਵਮਨੀ, ਵੇਧਿਨੀ ਆਦਿ ਭੀ ਹਨ. "ਜਿਉ ਕੁਸਟੀ ਤਨਿ ਜੋਕ." (ਸਾਰ ਸੂਰਦਾਸ) ਭਾਵ ਬਹੁਤ ਗੰਦਾ ਲਹੂ ਜੋਕ ਨੂੰ ਮਿਲਦਾ ਹੈ....
ਸੰ. ਸੰਗ੍ਯਾ- ਹਰੜ. L. Terminalia Chebula. "ਗਨ ਜੋਕ ਹਰੀਤਕੀ ਔਰ ਮਦੰ." (ਸਮੁਦ੍ਰ ਮਥਨ) ਹਰੜ ਦੀ ਤਾਸੀਰ ਗਰਮ ਖੁਸ਼ਕ ਹੈ. ਵੈਦ੍ਯਕ ਗ੍ਰੰਥਾਂ ਵਿੱਚ ਇਸ ਨੂੰ ਕਬਜੀ, ਖਾਂਸੀ, ਸੰਗ੍ਰਹਣੀ, ਬਵਾਸੀਰ, ਵਿਖਮਜ੍ਵਰ, ਅਫਾਰਾ ਆਦਿਕ ਰੋਗ ਨਾਸ਼ ਕਰਨ ਵਾਲੀ ਲਿਖਿਆ ਹੈ....
ਸੰ- ਸੰਗ੍ਯਾ- ਸਮੁ- ਉਂਦ. ਜੋ ਚੰਗੀ ਤਰਾਂ ਉਂਦ (ਗਿੱਲਾ) ਕਰੇ, ਸੋ ਸਮੁਦ੍ਰ ਹੈ. ਸਾਗਰ. ਜਲਨਿਧਿ. ਉਦਧਿ. ਸਿੰਧੁ, ਪਯੋਧਿ. ਨੀਰਧਿ. ਰਤਨਾਕਰ. ਇਹ ਉਹ ਜਲ ਦਾ ਪੁੰਜ ਹੈ ਜਿਸ ਨੇ ਸਾਰੀ ਪ੍ਰਿਥਿਵੀ ਦਾ ਤਕਰੀਬਨ ੩/੫ ਵਾਂ ਹਿੱਸਾ ਰੋਕਿਆ ਹੋਇਆ ਹੈ. ਵਿਦ੍ਵਾਨਾਂ ਨੇ ਇਸਦੇ ਪੰਜ ਭਾਗ ਕਲਪ ਲਏ ਹਨ-#(ੳ) ਪਹਿਲਾ ਭਾਗ, ਜੋ ਅਮਰੀਕਾ ਤੋਂ ਯੂਰਪ ਅਤੇ ਅਫਰੀਕਾ ਦੇ ਮੱਧ ਤੀਕ ਫੈਲਿਆ ਹੋਇਆ ਹੈ ਇਸਦੀ ਏਟਲਾਂਟਿਕ¹ (Atlantic) ਸੰਗ੍ਯਾ ਹੈ.#(ਅ) ਅਮਰੀਕਾ ਅਤੇ ਏਸ਼ੀਆ ਦੇ ਮੱਧ ਦਾ ਸਮੁੰਦਰ ਪੈਸਿਫਿਕ² (Pacific) ਸੱਦੀਦਾ ਹੈ.#(ੲ) ਜੋ ਅਫਰੀਕਾ ਤੋਂ ਭਾਰਤ ਅਤੇ ਆਸਟ੍ਰੇਲੀਆ ਤਕ ਵਿਸਤਾਰ ਰਖਦਾ ਹੈ ਉਹ ਇੰਡੀਅਨ ਓਸ਼ਨ (Indian Ocean)³ ਆਖੀਦਾ ਹੈ.#(ਸ) ਜੋ ਏਸ਼ੀਆ ਯੂਰਪ ਅਤੇ ਅਮਰੀਕਾ ਦੇ ਉੱਤਰ ਅਰ ਉੱਤਰੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਆਰਕਟਿਕ⁴ (Arctic) ਸਮੁੰਦਰ ਹੈ.#(ਹ) ਜੋ ਦੱਖਣੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਏਂਟਾਰਟਿਕ⁵ (Antartic) ਸਾਗਰ ਹੈ.#ਜੇ ਵਿਚਾਰ ਨਾਲ ਵੇਖਿਆ ਜਾਵੇ ਤਾਂ ਦੱਖਣੀ ਅਤੇ ਉੱਤਰ ਦੇ ਹੀ ਸਮੁੰਦਰ ਹਨ, ਬਾਕੀ ਤਿੰਨ ਇਨ੍ਹਾਂ ਦੋਹਾਂ ਵਿੱਚ ਹੀ ਸਮਾਏ ਹੋਏ ਹਨ.#ਸਮੁੰਦਰ ਦੇ ਛੋਟੇ ਛੋਟੇ ਹਿੱਸੇ ਜੋ ਖੁਸ਼ਕੀ ਦੇ ਅੰਦਰ ਚਲੇ ਗਏ ਹਨ ਉਨਾਂ ਦੀ ਖਾਡੀ ਸੰਗ੍ਯਾ ਹੈ, ਜਿਵੇਂ ਬੰਗਾਲ ਦੀ ਖਾਡੀ. ਸਮੁੰਦਰ ਦੀ ਡੁੰਘਿਆਈ ਹਰ ਥਾਂ ਇੱਕੋ ਜੇਹੀ ਨਹੀਂ, ਪਰ ਵੱਧ ਤੋਂ ਵੱਧ ਤੀਸ ਹਜਾਰ ਫੁੱਟ ਡੂੰਘਾ ਹੈ. ਸਮੁੰਦਰ ਦੀ ਲਹਿਰਾਂ ਦਾ ਰੁੱਤਾਂ ਉੱਤੇ ਬਹੁਤ ਅਸਰ ਹੁੰਦਾ ਹੈ. ਇਸ ਦਾ ਪਾਣੀ ਭੂਗੋਲ ਦੀ ਅਕ੍ਸ਼੍ ਅੰਸ਼ਾਂ ਅਨੁਸਾਰ ਕਿਤੇ ਘੱਟ ਤੱਤਾ ਕਿਤੇ ਵੱਧ ਅਤੇ ਕਿਤੇ ਬਹੁਤ ਠੰਢਾ ਹੈ. ਧ੍ਰੁਵਾਂ ਦੇ ਆਸ ਪਾਸ ਦਾ ਸਮੁੰਦਰ ਬਹੁਤ ਹੀ ਠੰਡਾ ਹੈ. ਪਰ ਗੁਣ ਦੇ ਵਿਚਾਰ ਨਾਲ ਹਰ ਥਾਂ ਦਾ ਪਾਣੀ ਇਕੋ ਜੇਹਾ ਹੈ. ਵਿਦ੍ਵਾਨਾਂ ਨੇ ਇਸ ਦੇ ਜਲ ਵਿੱਚ ਉਂਨੀ ਤੱਤ ਵੱਖ ਵੱਖ ਮੰਨੇ ਹਨ, ਜਿਨਾਂ ਵਿੱਚੋਂ ਖਾਰ (ਲੂਣ) ਪ੍ਰਧਾਨ ਹੈ, ਸਮੁੰਦਰ ਦੇ ਪਾਣੀ ਦਾ ਦਾਬ ਹਰ ੩੩ ਫੁਟ ਦੀ ਗਹਿਰਾਈ ਤੇ ੭. ੧/੨ ਸੇਰ ਫੀ ਮੁਰੱਬਾ ਇੰਚ ਦੇ ਹਿਸਾਬ ਵਧਦੀ ਜਾਂਦੀ ਹੈ, ਇਸ ਤਰਾਂ ੧੨੦੦੦ ਫੁੱਟ ਦੀ ਗਹਿਰਾਈ ਤੇ ਪਾਣੀ ਦੀ ਦਾਬ ੭੦ ਮਣ ਫੀ ਮੁਰੱਬਾ ਇੰਚ ਹੈ.#ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਸਮੁੰਦਰ ਦੇ ਪਾਣੀ ਵਿੱਚ ੩੩੦ ਫੁੱਟ ਦੀ ਡੂੰਘ ਤਕ ਚੰਗਾ ਪੈਂਦਾ ਹੈ, ਫੇਰ ਘਟਣ ਲਗਦਾ ਹੈ ਅਰ ੫੫੮੦ ਤੋਂ ਅੱਗੇ ਪੂਰਾ ਅੰਧੇਰਾ ਹੁੰਦਾ ਹੈ.#ਚੰਦ੍ਰਮਾ ਦੇ ਘਟਣ ਵਧਣ ਦਾ ਸਮੁੰਦਰ ਦੇ ਜਲ ਤੇ ਬਹੁਤ ਅਸਰ ਹੁੰਦਾ ਹੈ. ਦੇਖੋ, ਜ੍ਵਾਰਭਾਟਾ.#ਇਸ ਸਮੇਂ ਸਾਗਰਵਿਦ੍ਯ (Oceanography) ਵਿੱਚ ਅਪਾਰ ਤਰੱਕੀ ਹੋਈ ਹੈ ਅਤੇ ਅਜਿਹੇ ਯੰਤ੍ਰ ਬਣਾਏ ਗਏ ਹਨ ਜਿਨ੍ਹਾਂ ਤੋਂ ਸਮੁੰਦਰ ਦੀ ਗਹਿਰਾਈ, ਖਾਰ ਦੀ ਅਧਿਕਤਾ, ਤਰੰਗਾਂ ਦੀ ਚਾਲ, ਤਾਪ ਆਦਿਕ ਦਾ ਪੂਰਾ ਗ੍ਯਾਨ ਹੁੰਦਾ ਹੈ.#ਪੁਰਾਣਾਂ ਵਿੱਚ ਸਮੁੰਦਰ ਸੱਤ ਲਿਖੇ ਹਨ. ਦੇਖੋ, ਸਪਤ ਸਾਗਰ ਅਤੇ ਇਸ ਦੀ ਉਤਪੱਤੀ ਦਾ ਨਿਰਣਾ ਦੇਖੋ, ਸਗਰ ਸ਼ਬਦ ਵਿੱਚ. "ਖਾਰ ਸਮੁਦ੍ਰ ਢੰਢੋਲੀਐ" (ਮਾਰੂ ਅਃ ਮਃ ੧) ੨. ਸੱਤ ਦੀ ਗਿਣਤੀ ਦਾ ਬੋਧਕ ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੩. ਨਿਘੰਟੁ ਵਿੱਚ ਸਮੁਦ੍ਰ ਦਾ ਅਰਥ ਆਕਾਸ਼ ਭੀ ਕੀਤਾ ਹੈ।#੪. ਖ਼ਾ- ਦੁੱਧ। ੫. ਵਿ- ਮੁਦ੍ਰਾ (ਮੁਹਰਛਾਪ) ਸਹਿਤ। ੬. ਰੁਪਯੇ ਪੈਸੇ ਵਾਲਾ. ਧਨੀ....
ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਵੈਦ੍ਯ ਲਈ ਰਚਿਆ ਗ੍ਰੰਥ. ਆਯੁਰਵੇਦ. ਹਕੀਮੀ ਵਿਦ੍ਯਾ ਅਤੇ ਉਸ ਦਾ ਗ੍ਰੰਤ. ਤ਼ਿੱਬ....
ਇੱਕ ਰੋਗ. ਸੰ. काश ਅਤੇ काम [سُعال] ਸੁਆ਼ਲ. Cough. ਖੰਘ. ਇਹ ਰੋਗ ਬਹੁਤ ਖਟਿਆਈਆਂ ਦੇ ਸੇਵਨ, ਤੱਤੀਆਂ ਚੀਜਾਂ ਖਾਕੇ ਠੰਢਾ ਪਾਣੀ ਪੀਣ, ਧੂੰਆਂ ਅਤੇ ਧੂੜ ਨਾਸਾਂ ਦੇ ਰਾਹ ਅੰਦਰ ਜਾਣ, ਰੁੱਖੇ ਬੇਹੇ ਭੋਜਨ ਖਾਣ, ਗੰਦੇ ਥਾਂ ਰਹਿਣ ਅਤੇ ਰੇਜਸ਼ ਦੇ ਹੋਣ ਤੋਂ ਹੋਇਆ ਕਰਦਾ ਹੈ.#ਪੁਰਾਣੇ ਰੋਗਾਂ ਨਾਲ ਜਦ ਬੀਮਾਰ ਕਮਜ਼ੋਰ ਹੋ ਜਾਵੇ ਤਾਂ ਅਚਾਨਕ ਛਾਤੀ ਨੂੰ ਠੰਢ ਲਗਣ ਤੋਂ ਬੀ ਖਾਂਸੀ ਹੁੰਦੀ ਹੈ. ਜੇ ਵਿਚਾਰਕੇ ਦੇਖੀਏ ਤਾਂ ਇਹ ਸਾਰੇ ਰੋਗਾਂ ਦੀ ਜੜ੍ਹ ਹੈ. ਪੰਜਾਬੀ ਕਹਾਉਤ ਹੈ- "ਰੋਗਾਂ ਦਾ ਮੂਲ ਖਾਂਸੀ, ਝਗੜਿਆਂ ਦਾ ਮੂਲ ਹਾਂਸੀ."#ਖਾਂਸੀ ਦੇ ਰੋਗੀ ਦੇ ਕੰਠ ਤੋਂ ਅਵਾਜ਼ ਕਾਂਸੀ ਦੇ ਭੱਜੇ ਬਰਤਨ ਜੇਹੀ ਹੁੰਦੀ ਹੈ, ਛਾਤੀ ਵਿੱਚ ਖਿੱਚ ਪੈਂਦੀ ਹੈ, ਸਾਹ ਦੀਆਂ ਨਾਲੀਆਂ ਬਲਗਮ ਨਾਲ ਭਰ ਜਾਂਦੀਆਂ ਹਨ, ਗਲ ਅਤੇ ਜੀਭ ਉੱਤੇ ਕੰਡੇ ਜੇਹੇ ਹੋ ਜਾਂਦੇ ਹਨ, ਮੱਥੇ ਵਿੱਚ ਦਰਦ ਹੁੰਦਾ ਹੈ, ਭੁੱਖ ਘਟ ਜਾਂਦੀ ਹੈ. ਖਾਂਸੀ ਦੇ ਕਈ ਕਾਰਣ ਤੇ ਭੇਦ ਹਨ. ਸਿਆਣੇ ਹਕੀਮ ਦੇ ਸਲਾਹ ਨਾਲ ਇਲਾਜ ਹੋਣਾ ਚਾਹੀਏ, ਪਰ ਇਸ ਦੇ ਸਾਧਾਰਣ ਇਲਾਜ ਇਹ ਹਨ-#(੧) ਬਾਂਸੇ ਦੇ ਹਰੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾਕੇ ਚੱਟਣਾ.#(੨) ਮੁਲੱਠੀ, ਬਹੇੜੇ ਦੀ ਛਿੱਲ, ਨਸ਼ਾਸਤਾ, ਕਤੀਰਾ ਗੂੰਦ, ਮਿਸ਼ਰੀ ਸਭ ਸਮਾਨ ਤੋਲ ਦੇ ਲੈ ਕੇ ਝਾੜਬੇਰੀ ਦੇ ਬੇਰ ਜਿੱਡੀ ਗੋਲੀ ਬਣਾਕੇ ਮੂੰਹ ਵਿੱਚ ਰੱਖਕੇ ਰਸਾ ਚੂਸਣਾ.#(੩) ਅਦਰਕ ਦੇ ਰਸ ਵਿੱਚ ਸ਼ਹਿਦ ਮਿਲਾਕੇ ਚੱਟਣਾ.#(੪) ਕਾਲੀਆਂ ਮਿਰਚਾਂ, ਅਫੀਮ, ਮਿਸ਼ਰੀ, ਕੱਥ, ਕਿੱਕਰ ਦਾ ਗੂੰਦ, ਇੱਕ ਇੱਕ ਮਾਸ਼ਾ ਲੈ ਕੇ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਸਵੇਰ ਵੇਲੇ ਅਤੇ ਸੌਣ ਵੇਲੇ ਗਰਮ ਜਲ ਨਾਲ ਖਾਣੀਆਂ.¹...
ਸੰ. ਗ੍ਰਹਣੀ. [ذرب مُزمن] ਜਰਬ ਮੁਜ਼ੰਮਨ. Psilosis. ਇਸ ਰੋਗ ਦੇ ਕਾਰਣ ਅਤੀਸਾਰ ਵਾਲੇ ਹੀ ਹਨ ਇਹ ਰੋਗ ਅਕਸਰ ਅਤੀਸਾਰ ਜਾਂ ਪੇਚਿਸ਼ ਵਿਗੜਨ ਤੋਂ ਹੁੰਦਾ ਹੈ. ਸੰਗ੍ਰਹਣੀ ਦੇ ਰੋਗੀ ਨੂੰ ਅਣਪਚੀ ਮੈਲ ਝੜਦੀ ਹੈ, ਆਂਤ ਬੋਲਦੀ ਹੈ, ਮੂੰਹ ਤੋਂ ਲਾਲਾਂ ਆਉਂਦੀਆਂ ਹਨ, ਕਮਰ ਵਿੱਚ ਪੀੜ ਹੁੰਦੀ ਹੈ ਦਿਨ ਨੂੰ ਇਸ ਰੋਗ ਦਾ ਜ਼ੋਰ ਰਹਿੰਦਾ ਹੈ ਰਾਤ ਨੂੰ ਘੱਟ ਤਕਲੀਫ ਹੁੰਦੀ ਹੈ. ਜੇ ਸੰਗ੍ਰਹਣੀ ਵਾਲਾ ਚਾਲੀ ਦਿਨ ਅੰਨ ਜਲ ਛੱਡਕੇ ਕੇਵਲ ਗਊ ਅਥਵਾ ਬਕਰੀ ਦੇ ਦਹੀਂ ਦਾ ਅਧਰਿੜਕ ਅਥਵਾ ਲੱਸੀ ਥੋੜਾ ਨਮਕ, ਕਾਲੀ ਮਿਰਚਾਂ ਅਤੇ ਸੁੰਢ ਦਾ ਚੂਰਨ ਮਿਲਾਕੇ ਪੀਂਦਾ ਰਹੇ, ਤਾਂ ਕਿਸੇ ਦਵਾਈ ਸੇਵਨ ਤੋਂ ਬਿਨਾ ਹੀ ਆਰਾਮ ਹੋ ਜਾਂਦਾ ਹੈ.#ਜੋ ਦਵਾਈਆਂ ਅਤੀਸਾਰ ਵਾਸਤੇ ਫਾਇਦੇਮੰਦ ਹਨ ਉਹ ਸੰਗ੍ਰਹਣੀ ਲਈ ਵਰਤਣੀਆਂ ਚਾਹੀਏ. ਹੇਠ ਲਿਖਿਆ ਚੂਰਨ ਭੀ ਬਹੁਤ ਗੁਣਕਾਰੀ ਹੈ-#ਸ਼ੁੱਧ ਗੰਧਕ ਇੱਕ ਤੋਲਾ, ਸ਼ੁੱਧ ਪਾਰਾ ਛੀ ਮਾਸ਼ੇ, ਇਨ੍ਹਾਂ ਦੋਹਾਂ ਦੀ ਕਜਲੀ ਕਰੇ.¹ ਸੁੰਢ, ਕਾਲੀਆਂ ਮਿਰਚਾਂ, ਮੱਘਪਿੱਪਲ, ਭੁੰਨੀ ਹੋਈ ਹਿੰਗ, ਕਾਲਾ ਜੀਰਾ, ਚਿੱਟਾ ਜੀਰਾ ਇੱਕ ਇੱਕ ਤੋਲਾ ਲਵੇ, ਪੰਜੇ ਲੂਣ ਸਾਢੇ ਸੱਤ ਤੋਲੇ, ਇਨ੍ਹਾਂ ਸਾਰੀਆਂ ਦਵਾਈਆਂ ਤੋਂ ਅੱਧੀ ਭੰਗ. ਇਨ੍ਹਾਂ ਸਭਨਾਂ ਨੂੰ ਪੀਸ ਛਾਣਕੇ ਉੱਪਰ ਲਿਖੀ ਕਜਲੀ ਨਾਲ ਮਿਲਾਵੇ ਅਰ ਸੀਸੀ ਵਿੱਚ ਰੱਖੇ. ਗਊ ਦੀ ਲੱਸੀ ਨਾਲ ਇਹ ਚੂਰਨ ਤਿੰਨ ਮਾਸ਼ੇ ਰੋਜ ਖਾਵੇ. ਪਿੱਛ ਕੱਢੇ ਚਾਉਲਾਂ ਦਾ ਅਹਾਰ ਕਰੇ. "ਸੰਗ੍ਰਹਣੀ ਸੰਗ੍ਰਹ ਦੁਸਟਨ ਕਿਯ." (ਚਰਿਤ੍ਰ ੪੦੫)...
ਅ਼. [بواسیر] ਸੰ. अर्श- ਅਰ੍ਸ਼ Piles. ਇਸ ਨੂੰ ਮਵੇਸੀ (ਗੁਦਾ ਦੇ ਮਹੁਕੇ) ਭੀ ਆਖਦੇ ਹਨ. ਇਸ ਰੋਗ ਦੇ ਮੁੱਖ ਕਾਰਣ ਹਨ- ਸੁਚੇਤੇ ਦੀ ਹਾਜਤ ਰੋਕਣੀ, ਗੰਦੇ ਥਾਂ ਬੈਠਕੇ ਮਲ ਤਿਆਗਣੀ, ਬਹੁਤ ਬੈਠਕ (ਖਾਸ ਕਰਕੇ ਜ਼ਮੀਨ ਉੱਤੇ) ਕਰਨੀ, ਬਹੁਤ ਖਾਣਾ, ਕਸਰਤ ਨਾ ਕਰਨੀ, ਗਰਮਖ਼ੁਸ਼ਕ ਚੀਜਾਂ ਖਾਣੀਆਂ, ਬਾਰ ਬਾਰ ਜੁਲਾਬ ਲੈਣਾ, ਮਾਤਾ ਪਿਤਾ ਨੂੰ ਬਵਾਸੀਰ ਹੋਣੀ ਆਦਿਕ.#ਬਵਾਸੀਰ ਦੇ ਮੁੱਖ ਦੋ ਭੇਦ ਹਨ ਬਾਦੀ ਅਤੇ ਖ਼ੂਨੀ. ਜੇ ਕੇਵਲ ਮਹੁਕੇ ਗੁਦਾ ਵਿੱਚ ਹੋਰ ਚੀਸਾਂ ਪੈਣ ਅਤੇ ਕਬਜ ਰਹੇ, ਤਦ ਬਾਦੀ ਬਵਾਸੀਰ ਹੈ, ਜੋ ਮਹੁਕਿਆਂ ਤੋਂ ਜਾਂ ਅੰਦਰੋਂ ਲਹੂ ਵਗਦਾ ਹੈ, ਤਦ ਖੂਨੀ ਹੈ.#ਇਸ ਰੋਗ ਦਾ ਸਭ ਤੋਂ ਉੱਤਮ ਉਪਾਉ ਹੈ ਕਿ ਸਿਆਣੇ ਡਾਕਟਰ ਤੋਂ ਮਹੁਕੇ ਕਟਵਾ ਦਿੱਤੇ ਜਾਣ. ਸਾਧਾਰਣ ਇਲਾਜ ਇਹ ਹਨ-#(੧) ਰਸੌਂਤ, ਕਲਮੀਸ਼ੋਰਾ, ਨਿੰਮ ਦੀ ਨਮੋਲੀਆਂ ਦੀ ਗਿਰੂ, ਤਿੰਨਾਂ ਨੂੰ ਰਗੜਕੇ ਛੀ ਛੀ ਰੱਤੀ ਦੀਆਂ ਗੋਲੀਆਂ ਬਣਾਉਣੀਆਂ, ਦੋ ਗੋਲੀਆਂ ਬੇਹੇ ਜਲ ਨਾਲ ਰੋਜ ਅਮ੍ਰਿਤ ਵੇਲੇ ਖਾਣੀਆਂ.#(੨) ਹਰੜ ਦੀ ਛਿੱਲ ਗੁੜ ਮਿਲਾਕੇ ਖੱਟੀ ਲੱਸੀ ਨਾਲ ਸਵੇਰ ਵੇਲੇ ਨਿੱਤ ਖਾਣੀ.#(੩) ਮੀਚਕੇ (ਕਰੰਜੂਏ) ਦੇ ਬੀਜ ਦੀ ਗਿਰੂ ਗੁੜ ਵਿੱਚ ਮਿਲਾਕੇ ਬੇਹੇ ਜਲ ਨਾਲ ਨਿੱਤ ਖਾਣੀ.#(੪) ਕੁਚਲਾ ਪਾਣੀ ਵਿੱਚ ਘਸਾਕੇ ਮਹੁਕਿਆਂ ਤੇ ਲੇਪ ਕਰਨਾ.#(੫) ਸੱਪ ਦੀ ਕੁੰਜ ਸਾੜਕੇ ਸਰ੍ਹੋਂ ਦੇ ਤੇਲ ਵਿੱਚ ਮਿਲਾਕੇ ਲੇਪ ਕਰਨੀ.#(੬) ਡੇਮੂ (ਭਰਿੰਡਾਂ) ਦਾ ਪੁਰਾਣਾ ਖੱਖਰ ਲੈਕੇ ਉਸ ਦਾ ਧੂੰਆਂ ਮੁਹਕਿਆਂ ਨੂੰ ਦੇਣਾ.#(੭) ਮੱਸਿਆਂ ਨੂੰ ਮੁਸ਼ਕਕਪੂਰ ਦੀ ਧੂਪ ਦੇਣੀ.#(੮) ਮੀਚਕਾ, ਚਿਤ੍ਰਾ, ਸੇਂਧਾਲੂਣ, ਸੁੰਢ, ਇੰਦ੍ਰਜੌਂ, ਇਨ੍ਹਾਂ ਦਾ ਚੂਰਣ ਕਰਕੇ ਗੋਕੀ ਲੱਸੀ ਨਾਲ ਨਿੱਤ ਛਿਕਣਾ....
ਸੰ. विषमज्वर. ਵੈਦ੍ਯਕ ਅਨੁਸਾਰ ਉਹ ਤਾਪ, ਜਿਸ ਦੇ ਆਉਣ ਦਾ ਕੋਈ ਖ਼ਾਸ ਵੇਲਾ ਨਹੀਂ. ਕਦੇ ਕਮ ਹੋ ਜਾਂਦਾ ਹੈ ਕਦੇ ਬਹੁਤ. ਸ਼ਰੀਰ ਦੀ ਗਰਮੀ ਅਤੇ ਨਬਜ ਦੀ ਹਾਲਤ ਇੱਕ ਨਹੀਂ ਰਹਿਁਦੀ. ਕਿਸੇ ਮਾਮੂਲੀ ਤਾਪ ਦੇ ਵਿਗੜ ਜਾਣ ਤੋਂ, ਤਾਪ ਪਿੱਛੋਂ ਕੁਪੱਥ ਕਰਨ ਤੋਂ, ਮਰੀਜ ਦੀ ਕਮਜ਼ੋਰੀ ਪੁਰ ਜਾਂਦਾ ਕੰਮ ਕਰਨ ਤੋਂ ਅਰ ਵੇਲੇ ਸਿਰ ਖਾਣਾ ਪੀਣਾ ਨਾ ਕਰਨ ਤੋਂ ਇਹ ਰੋਗ ਹੁੰਦਾ ਹੈ. ਤੇਈਆ ਚੌਥਾਇਆ ਆਦਿ ਸਾਰੇ ਤਾਪ ਵਿਖਮਜ੍ਵਰ ਗਿਣੇ ਜਾਂਦੇ ਹਨ. ਦੇਖੋ, ਤਾਪ....
ਵਿ- ਅਫਿਰ. ਅਮੋੜ. "ਚਲੈ ਹੁਕਮ ਅਫਾਰ." (ਸ੍ਰੀ ਅਃ ਮਃ ੫) ਅਜੇਹਾ ਹੁਕਮ ਜਿਸ ਨੂੰ ਕੋਈ ਰੋਕ ਨਹੀਂ ਸਕਦਾ. "ਬਿਨ ਗੁਰੁ ਕਾਲ ਅਫਾਰ." (ਸ੍ਰੀ ਅਃ ਮਃ ੧) ਅਫਿਰ (ਅਮੇਟ) ਹੈ. "ਕਰਿਆ ਹੁਕਮ ਅਫਾਰਾ." (ਸੋਰ ਅਃ ਮਃ ੫) ੨. ਸੰ. स्फार- ਸ੍ਫਾਰ. ਵਿ- ਵਿਸਤਾਰ ਸਹਿਤ. ਫੈਲਿਆ ਹੋਇਆ। ੩. ਚੌੜਾ। ੪. ਵੱਡਾ. "ਮੋਲ ਅਫਾਰਾ ਸਚ ਵਾਪਾਰਾ." (ਵਡ ਛੰਤ ਮਃ ੩) "ਤਾ ਕੋ ਭਾਰ ਅਫਾਰ." (ਬਾਵਨ) ੫. ਤੁੰਦ. ਤੇਜ਼. "ਬਰਤਹਿ ਹੋਇ ਅਫਾਰ." (ਸ੍ਰੀ ਮਃ ੫) ੬. ਆਧਮਾਨ ਰੋਗ. [نفخ شِکم] ਨਫ਼ਖ਼ ਸ਼ਿਕਮ Flatulence. ਨਾ ਪਚਣ ਵਾਲੀ ਚੀਜ਼ਾਂ ਦਾ ਖਾਣਾ, ਬਾਦੀ ਦਾ ਜਾਦਾ ਹੋਣਾ, ਖੁਲ੍ਹਕੇ ਮੈਲ ਨਾ ਝੜਨੀ, ਮੇਦੇ ਅਤੇ ਜਿਗਰ ਵਿੱਚ ਕੋਈ ਖਰਾਬੀ ਹੋਣੀ ਆਦਿਕ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਪੇਟ ਮਸ਼ਕ ਦੀ ਤਰ੍ਹਾਂ ਫੁਲ ਜਾਂਦਾ ਹੈ, ਸਾਹ ਔਖਾ ਆਉਂਦਾ ਹੈ, ਢਿੱਡ ਵਿੱਚ ਕਦੇ ਮੁਸਮੁਸੀ ਹੁੰਦੀ ਹੈ, ਜੀ ਮਤਲਾਉਂਦਾ ਹੈ. ਜੋ ਔਖਦੀਆਂ ਸੂਲ ਰੋਗ ਦੂਰ ਕਰਦੀਆਂ ਹਨ, ਉਹ ਅਫਾਰਾ ਭੀ ਹਟਾਉਂਦੀਆਂ ਹਨ. ਇਸ ਲਈ ਸੂਲ ਰੋਗ ਵਿੱਚ ਲਿਖੀ ਦਵਾਈਆਂ ਵਰਤਣੀਆਂ ਚਾਹੀਏ. ਜੇ ਅਫਾਰਾ ਵਾਰ ਵਾਰ ਹੋਵੇ ਅਤੇ ਕਈ ਕਈ ਦਿਨ ਰਹੇ, ਤਦ ਹੇਠ ਲਿਖੀ ਗੋਲੀਆਂ ਸੇਵਨ ਕਰਨੀਆਂ ਲੋੜੀਏ:-#ਨਿਸੋਤ ਦੋ ਹਿੱਸੇ, ਮਘਾਂ ਚਾਰ ਹਿੱਸੇ, ਹਰੜ ਪੰਜ ਹਿੱਸੇ, ਇਨ੍ਹਾਂ ਦਾ ਕੁੱਟ ਛਾਣਕੇ ਚੂਰਣ ਬਣਾਕੇ ਸਭ ਦੇ ਸਮਾਨ ਗੁੜ ਮਿਲਾਕੇ ਦੋ ਦੋ ਮਾਸ਼ੇ ਦੀਆਂ ਗੋਲੀਆਂ ਕਰ ਲੈਣੀਆਂ, ਸਵੇਰ ਵੇਲੇ ਜਲ ਨਾਲ ਇੱਕ ਜਾਂ ਦੋ ਗੋਲੀਆਂ ਲੈਣ ਤੋਂ ਅਫਾਰਾ ਜਾਂਦਾ ਰਹਿੰਦਾ ਹੈ.#ਮਸਤਗੀ ਰੂਮੀ ਤਿੰਨ ਮਾਸ਼ੇ ਪੀਸਕੇ ਇੱਕ ਤੋਲਾ ਗੁਲਕੰਦ ਵਿੱਚ ਮਿਲਾਕੇ ਖਾਣੀ ਅਤੇ ਸੌਂਫ ਪੋਦੀਨੇ ਦਾ ਅਰਕ ਪੀਣਾ ਲਾਭਦਾਇਕ ਹੈ। ੭. ਅਭਿਮਾਨ ਨਾਲ ਆਦਮੀ ਦਾ ਫੁੱਲਣਾ. ਖ਼ੁਦੀ ਨਾਲ ਆਫਰਨਾ. ਹੰਕਾਰ ਨਾਲ ਆਕੜਨਾ. "ਏਕ ਮਹਲਿ ਤੂੰ ਹੋਹਿ ਅਫਾਰੋ, ਏਕ ਮਹਲਿ ਨਿਮਾਨੋ." (ਗਉ ਮਃ ੫) "ਆਕੀ ਮਰਹਿ ਅਫਾਰੀ." (ਮਾਰੂ ਮਃ ੧)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....