harimandhara, harimandharu, harimandhiraहरिमंदर, हरिमंदरु, हरिमंदिर
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)
वाहगुरू दा महल. जगत. "हरिमंदर एहु जगत है." (प्रभा अः मः ३) २. मानुस देह. "हरिमंदरु एहु सरीर है." (प्रभा अः मः ३) ३. सतसंग. "हरिमंदर सोई आखीऐ जिथहु हरि जाता." (वार राम १. मः ३) ४. गुरू अरजनसाहिब जी दा रचिआ अम्रित सरोवर दे विचकार करतार दा मंदिर. "हरि जपे हरिमंदर साजिआ संत भगत गुण गावहि राम." (सूही छंत मः ५) देखो, अम्रितसर। ५. कीरतपुर विॱच छीवें सतिगुरू जी दा निवास असथान। ६. पटने दा उह मंदिर जिॱथे श्री दशमेश जी ने जनम लिआ। ७. ठाकुरद्वारा. देवालय. "काहुँ कह्यो हरिमंदर मे हरि, काहुँ मसीत के बीच प्रमान्यो." (३३ सवैये)
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਅ਼. [محل] ਮਹ਼ਲ. ਸੰਗ੍ਯਾ- ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪਾਸਾਦ। ੨. ਭਾਵ- ਅੰਤਹਕਰਣ. "ਮਹਲ ਮਹਿ ਬੈਠੇ ਅਗਮ ਅਪਾਰ." (ਮਲਾ ਮਃ ੧) ੩. ਮੌਕ਼ਅ. ਯੋਗ੍ਯ ਸਮਾਂ. "ਮਹਲੁ ਕੁਮਹਲੁ ਨ ਜਾਣਨੀ ਮੁਰਖ ਆਪਣੈ ਸੁਆਇ" (ਮਃ ੩. ਵਾਰ ਸੋਰ) ੪. ਅਸਥਾਨ. ਜਗਾ. ਥਾਂ. "ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਬਲੁ ਹੋਤਾ." (ਗਉ ਮਃ ੫) ੫. ਨਿਜਪਦ. ਨਿਰਵਾਣ. "ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ." (ਸ੍ਰੀ ਮਃ ੩) ੬. ਅਧਿਕਾਰ. ਪਦਵੀ. ਰੁਤਬਾ. "ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ." (ਬਾਵਨ) ੭. ਨਿਵਾਸ. ਇਸਥਿਤੀ. "ਹਰਿ ਮਹਲੀ ਮਹਲੁ ਪਾਇਆ." (ਮਾਰੂ ਮਃ ੫) "ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ." (ਸੋਹਿਲਾ) ੮. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ ( [حلوُل] ) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। ੯. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. "ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ." (ਮਃ ੧. ਵਾਰ ਮਾਰੂ ੧)...
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)...
ਦੇਖੋ, ਏਹ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)...
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. सत्सङ्क. ਸੰਗ੍ਯਾ- ਉੱਤਮ ਸੰਗਤ. ਨੇਕ ਸੁਹਬਤ। ੨. ਦੇਖੋ, ਸਾਧਸੰਗ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਵਿ- ਗ੍ਯਾਤਾ. ਜਾਣਨ ਵਾਲਾ. "ਜਨਮ ਜਾਤਾ ਗ੍ਯਾਨ ਗ੍ਯਾਤਾ." (ਅਕਾਲ) ੨. ਗਮਨ ਕਰਤਾ। ੩. ਜਾਣਿਆ. "ਜਿਨੀ ਘਰੁ ਜਾਤਾ ਆਪਣਾ." (ਆਸਾ ਅਃ ਮਃ ੩) "ਜਿਨਿ ਜਾਤਾ ਸੋ ਤਿਸ ਹੀ ਜੇਹਾ." (ਓਅੰਕਾਰ) ੪. ਸੰਗ੍ਯਾ- ਯਾਤ੍ਰਾ. "ਹਰਿ ਕੀਈ ਹਮਾਰੀ ਸਫਲ ਜਾਤਾ." (ਬਿਲਾ ਮਃ ੪. ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। ੫. ਸੰ. ਕਨ੍ਯਾ. ਪੁਤ੍ਰੀ। ੬. ਉਤਪੱਤਿ. ਪੈਦਾਇਸ਼....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਅਰ੍ਜਨ. ਸੰਗ੍ਯਾ- ਕਮਾਉਣਾ. ਖੱਟਣਾ. ਦੇਖੋ, ਅਜ੍ਸ ਧਾ। ੨. ਸੰਗ੍ਰਹ (ਜਮਾ) ਕਰਨਾ. "ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ" (ਪੰਪ੍ਰ) ੩. ਸੰ. ਅਜੁਨ. ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ. ਇਹ ਸਦਾਬਹਾਰ ਜਾਤੀ ਵਿੱਚੋਂ ਹੈ. ਚੇਤ ਵੈਸਾਖ ਵਿੱਚ ਇਸ ਨੂੰ ਫੁੱਲ ਆਉਂਦੇ ਹਨ. ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia- Arjuna. ੪. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਜੁਨ ਹੋਇਆ. ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-#ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?#ਬਾਇਸਵੋਂ ਅਰਜਨ ਅਵਤਾਰਾ. (ਨਰਾਵ) ੫. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ, ਸਹਸ੍ਰਵਾਹੁ ਅਤੇ ਰੇਣੁਕਾ। ੬. ਚਿੱਟੇ ਰੰਗ ਦੀ ਕਨੇਰ। ੭. ਮੋਰ। ੮. ਇੰਦ੍ਰ।#੯. ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ੍ਠਾ ੧੯. (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨ ਚੰਦ ਦੀ ਸੁਪੁਤ੍ਰੀ ਗੰਗਾ ਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਂਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.#ਗੁਰੂ ਅਰਜਨ ਸਾਹਿਬ ੨. ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁ ਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯- ੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖ ਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਠਹਿਰਾਇਆ.#ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪. (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀ ਜੋਤਿ ਸਮਾਏ. ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ.#ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯. ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧. ਮਹੀਨਾ ੧੫. ਦਿਨ ਸਾਰੀ ਉਮਰ ਭੋਗੀ.#"ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ."#ਅਤੇ- "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ." (ਸਵੈਯੇ ਮਃ ੫. ਕੇ)#੧੦ ਵਿ- ਚਿੱਟਾ. ਉੱਜਲ। ੧੧. ਨਿਰਮਲ. ਸ਼ੁੱਧ.#ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ.#ਅਰਜਨ¹ ਸੁਨਤ ਸੁ ਦਾਸਨ ਕੋ ਦਾਨ ਦੇਤ#ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,²#ਅਰਜਨ³ ਯਸ ਵਿਸਤੀਰਨ ਸੰਤੋਖ ਸਿੰਘ#ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,⁴#ਅਰਜਨ⁵ ਭਏ ਗਨ ਮੋਖਪਦ ਲਏ ਤਿਨ#ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,⁶#ਅਰਜ⁷ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ#ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.#(ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ....
ਦੇਖੋ, ਬਿਚਕਾਰ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਗਾਂਉਂਦਾ ਹੈ। ੨. ਗਾਵਹਿਂ. ਗਾਂਉਂਦੇ ਹਨ. "ਗਾਵਹਿ ਈਸਰੁ ਬਰਮਾ ਦੇਵੀ." (ਜਪੁ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗ੍ਯਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੨੧ ਵਿੱਚ ਤੁੰਗ ਗੁਮਟਾਲਾ ਸੁਲਤਾਨਵਿੰਡ ਪਿਡਾਂ ਪਾਸ ਪਹਿਲਾਂ ਇੱਕ ਤਾਲ ਖੁਦਵਾਇਆ, ਜੋ ਸ਼੍ਰੀ ਗੁਰੂ ਅਰਜਨ ਦੇਵ ਨੇ ਸੰਮਤ ੧੬੪੫ ਵਿੱਚ ਪੂਰਾ ਕੀਤਾ ਅਤੇ ਨਾਉਂ ਸੰਤੋਖਸਰ ਰੱਖਿਆ.#ਫੇਰ ਸੰਮਤ ੧੬੩੧ ਵਿੱਚ ਤੀਜੇ ਸਤਿਗੁਰੂ ਜੀ ਦੀ ਆਗ੍ਯਾ ਨਾਲ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ "ਗੁਰੂ ਕਾ ਚੱਕ" ਥਾਪਿਆ ਅਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ ਗੁਰੂ ਕੇ ਮਹਿਲ ਨਾਉਂ ਤੋਂ ਪ੍ਰਸਿੱਧ ਹਨ, ਅਤੇ ਉਸ ਦੇ ਚੜ੍ਹਦੇ ਪਾਸੇ ਦੁਖਭੰਜਨੀ ਬੇਰੀ ਪਾਸ ਸੰਮਤ ੧੬੩੪ ਵਿੱਚ ਤਾਲ ਖੁਦਵਾਇਆ, ਜੋ ਉਸਸਮੇਂ ਅਧੂਰਾ ਹੀ ਰਿਹਾ.¹#ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬੈਠਕੇ ਪਿਤਾ ਗੁਰੂ ਜੀ ਦੇ ਗ੍ਰਾਮ ਅਤੇ ਤਾਲ ਦੀ ਸੇਵਾ ਵਡੇ ਪ੍ਰੇਮ ਨਾਲ ਆਰੰਭੀ. ਚਾਰੇ ਪਾਸਿਓਂ ਵਪਾਰੀ ਅਤੇ ਸਭ ਤਰ੍ਹਾਂ ਦੇ ਕਿਰਤੀ ਬੁਲਾਕੇ ਵਸਾਏ ਅਤੇ ਨਾਉਂ "ਰਾਮਦਾਸਪੁਰ" ਰੱਖਿਆ. ਇਸ ਪਵਿੱਤ੍ਰ ਨਗਰ ਦੀ ਆਬਾਦੀ ਵਿੱਚ ਭਾਈ ਸਾਲੋ ਦੀ ਸੇਵਾ ਬਹੁਤ ਸ਼ਲਾਘਾ ਯੋਗ ਹੈ.#ਸੰਮਤ ੧੬੪੩ ਵਿੱਚ ਸਰੋਵਰ ਨੂੰ ਪੱਕਾ ਕਰਨਾ ਆਰੰਭਿਆ ਅਤੇ ਨਾਉਂ ਅਮ੍ਰਿਤਸਰ² ਰੱਖਿਆ, ਜਿਸ ਤੋਂ ਸਨੇ ਸਨੇ ਨਗਰ ਦਾ ਨਾਉਂ ਭੀ ਇਹੀ ਹੋ ਗਿਆ. ੧. ਮਾਘ ਸੰਮਤ ੧੬੪੫ ਨੂੰ ਪੰਜਵੇਂ ਸਤਿਗੁਰੂ ਨੇ ਤਾਲ ਦੇ ਮੱਧ ਹਰਮਿੰਦਿਰ ਦੀ ਨਿਉਂ ਰੱਖੀ ਅਤੇ ਉਸ ਦੀ ਇਮਾਰਤ ਪੂਰੀ ਕਰਕੇ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਥਾਪਨ ਕੀਤੇ.#ਅਮ੍ਰਿਤਸਰ ਜੀ ਵਿੱਚ ਸ਼੍ਰੀ ਹਰਿਮੰਦਿਰ ਸਭ ਗੁਰੁਦ੍ਵਾਰਿਆਂ ਵਿੱਚੋਂ ਸ਼ਿਰੋਮਣਿ ਗੁਰੁਧਾਮ ਹੈ³ ਜਿਸ ਥਾਂ ਅਖੰਡ ਕੀਰਤਨ ਹੁੰਦਾ ਹੈ. ਇਥੇ ਵੈਸਾਖੀ ਦਾ ਮੇਲਾ ਪੰਚਮ ਪਾਤਸ਼ਾਹ ਜੀ ਨੇ ਅਤੇ ਦੀਪਮਾਲਾ ਦਾ ਮੇਲਾ ਬਾਬਾ ਬੁੱਢਾ ਜੀ ਨੇ ਛੀਵੇਂ ਸਤਿਗੁਰੂ ਜੀ ਦੇ ਗਵਾਲਿਯਰ ਤੋਂ ਵਾਪਿਸ ਆਉਣ ਤੇ ਆਰੰਭ ਕੀਤਾ.#ਫੱਗੁਣ ਸੰਮਤ ੧੮੧੮ ਵਿੱਚ ਅਹਿਮਦ ਸ਼ਾਹ ਦੁੱਰਾਨੀ ਨੇ ਹਰਿਮੰਦਿਰ ਨੂੰ ਬਾਰੂਦ ਨਾਲ ਉਡਵਾਕੇ ਤਾਲ ਭਰਵਾ ਦਿੱਤਾ, ਫੇਰ ਖਾਲਸੇ ਨੇ ੧੧. ਵੈਸਾਖ ਸੰਮਤ ੧੮੨੧ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਨਿਉਂ ਰਖਵਾਈ, ਅਤੇ ਭਾਈ ਦੇਸ ਰਾਜ ਦੀ ਮਾਰਫਤ ਕੁਝ ਵਰ੍ਹਿਆਂ ਵਿੱਚ ਪਹਿਲੇ ਤੁੱਲ ਹੀ ਹਰਿਮੰਦਿਰ ਬਣਾ ਦਿੱਤਾ.#ਅਮ੍ਰਿਤ ਸਰੋਵਰ ਵਿੱਚ ਜਲ ਇੱਕ ਹਸਲੀ ਦੇ ਰਾਹੋਂ ਆਉਂਦਾ ਹੈ, ਜੋ ਸੰਤ ਪ੍ਰੀਤਮਦਾਸ ਅਤੇ ਸੰਤੋਖ ਦਾਸ ਪ੍ਰੇਮੀ ਉਦਾਸੀਆਂ ਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਸੰਮਤ ੧੮੩੮ ਵਿੱਚ ਖੁਦਵਾਈ. ਪਹਿਲਾਂ ਤਾਂ ਜਲ ਰਾਵੀ ਨਦੀ ਤੋਂ ਲਿਆਂਦਾ ਗਿਆ ਸੀ, ਪਰ ਹੁਣ ਸੰਮਤ ੧੯੨੩ ਤੋਂ ਲੈਕੇ ਬਾਰੀ ਦੁਆਬ ਵਾਲੀ ਨਹਿਰ ਵਿੱਚੋਂ ਲਿਆਕੇ ਹਸਲੀ ਵਿੱਚ ਪਾਇਆ ਜਾਂਦਾ ਹੈ.#ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੫੯ ਵਿੱਚ ਇਸ ਪਵਿਤ੍ਰ ਸ਼ਹਿਰ ਤੇ ਕਬਜਾ ਕੀਤਾ ਅਤੇ ਸੰਗਮਰਮਰ ਅਤੇ ਸੋਨੇ ਨਾਲ ਹਰਿਮੰਦਿਰ ਨੂੰ ਭੂਸਿਤ ਕੀਤਾ.#ਮਹਾਰਾਜਾ ਸਾਹਿਬ ਨੇ ਗੁਰੂ ਰਾਮਦਾਸ ਜੀ ਦੇ ਨਾਉਂ ਤੇ "ਰਾਮਬਾਗ" ਅਤੇ ਕਲਗੀਧਰ ਦੇ ਨਾਉਂ ਤੇ ਗੋਬਿੰਦਗੜ੍ਹ ਕਿਲਾ ਸਨ ੧੮੦੫- ੯ ਵਿੱਚ ਤਿਆਰ ਕਰਵਾਇਆ. ਖ਼ਾਲਸਾ ਕਾਲਿਜ ਪੰਥ ਨੇ ਸਨ ੧੮੯੨ ਵਿੱਚ ਬਣਾਇਆ, ਜੋ ਲਹੌਰ ਦੀ ਸੜਕਪੁਰ ਹੈ.⁴#ਇਹ ਪਵਿੱਤ੍ਰ ਸ਼ਹਿਰ ਲਹੌਰ ਤੋਂ ੩੩ ਮੀਲ ਪੂਰਵ ਹੈ. ਕਲਕੱਤੇ ਤੋਂ ੧੨੩੨ ਮੀਲ, ਬੰਬਈ ਤੋਂ ੧੨੬੦ ਅਤੇ ਕਰਾਚੀ ਤੋਂ ੮੧੬ ਮੀਲ ਹੈ.#ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਸ਼ਹਿਰ ਅਮ੍ਰਿਤਸਰ ਦੀ ਆਬਾਦੀ ੧੬੦੨੧੮ ਹੈ, ਜਿਸ ਵਿੱਚੋਂ ਹਿੰਦੂ ੬੫੩੧੩, ਮੁਸਲਮਾਨ ੭੧੧੮੦, ਸਿੱਖ ੨੧੪੭੪, ਈਸਾਈ ੧੪੪੬, ਬੌੱਧ ੫, ਜੈਨੀ ੭੩੮ ਅਤੇ ਪਾਰਸੀ ੫੪ ਹਨ.#ਇਸ ਗੁਰੂ ਕੀ ਨਗਰੀ ਵਿੱਚ ਚਾਰ ਹੋਰ ਪਵਿਤ੍ਰ ਤਾਲ ਹਨ:-#(ੳ) ਸੰਤੋਖ ਸਰ, ਜੋ ਪੇਸ਼ਾਵਰੀ ਸੰਤੋਖੇ ਸਿੱਖ ਦੇ ਧਨ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੪੫ ਵਿੱਚ ਬਣਵਾਇਆ. ਇੱਥੇ ਕੱਚਾ ਤਾਲ, ਜਿਸ ਦੀ ਥੋੜੀ ਹੀ ਖੁਦਾਈ ਹੋਈ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਤਿਆਰ ਕਰਵਾਇਆ ਸੀ. ਦੇਖੋ, ਗੁਰੁ ਪ੍ਰਤਾਪ ਸੂਰਯ ਰਾਸਿ ੨, ਅਃ ੧੨. ਅਤੇ ੧੩.#(ਅ) ਕੌਲਸਰ. ਜੋ ਕੌਲਾਂ ਕਰਕੇ ਪੂਰਿਤ ਢਾਬ ਦੇ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੌਲਾਂ (ਕਮਲਾ) ਦੇ ਨਾਉਂ ਤੋਂ ਸੰਮਤ ੧੬੮੪ ਵਿੱਚ ਤਿਆਰ ਕਰਵਾਇਆ.#(ੲ) ਬਿਬੇਕਸਰ. ਛੀਵੇਂ ਸਤਿਗੁਰੂ ਜੀ ਨੇ ਵਿਵੇਕੀ ਬਿਹੰਗਮਾਂ ਦੇ ਨਿਵਾਸ ਲਈ ਸ਼ਹਿਰੋਂ ਕਿਨਾਰੇ ਸੰਮਤ ੧੬੮੫ ਵਿੱਚ ਤਿਆਰ ਕਰਵਾਇਆ.#(ਸ) ਰਾਮਸਰ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੯- ੬੦ ਵਿੱਚ ਬਣਵਾਇਆ. ਇਸ ਦੇ ਕਿਨਾਰੇ ਬੈਠਕੇ ਸਤਿਗੁਰੂ ਜੀ ਨੇ ਸੁਖਮਨੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ.#ਸ਼੍ਰੀ ਅੰਮ੍ਰਿਤਸਰ ਜੀ ਵਿੱਚ ਹੋਰ ਇਹ ਗੁਰੁਦ੍ਵਾਰੇ ਅਤੇ ਪਵਿੱਤ੍ਰ ਅਸਥਾਨ ਹਨ:-#(੧) ਅਕਾਲਤਖ਼ਤ. ਦੇਖੋ, ਅਕਾਲ ਬੁੰਗਾ.#(੨) ਅਟਲ ਰਾਇ ਜੀ ਦਾ ਦੇਹਰਾ, ਜੋ ਕੌਲਸਰ ਦੇ ਕਿਨਾਰੇ ਹੈ. ਇਸ ਦੇ ਨਾਲ ੯੧ ਦੁਕਾਨਾਂ ੪੨ ਕਨਾਲ ਜ਼ਮੀਨ ਸੁਲਤਾਨਵਿੰਡ ਪਿੰਡ ਵਿੱਚ ਅਤੇ ੫੮ ਘੁਮਾਉਂ ਰੱਖ ਸ਼ਿਕਾਰਗਾਹ ਤਸੀਲ ਅਮ੍ਰਿਤਸਰ ਵਿੱਚ ਹੈ. ਦੇਖੋ, ਅਟਲ ਰਾਇ ਜੀ.#(੩) ਅਠਸਠ ਤੀਰਥ. ਦੇਖੋ, ਅਠਸਠਿ ਤੀਰਥ.#(੪) ਸਾਲੋ ਭਾਈ ਦੀ ਧਰਮਸਾਲਾ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਪਾਸ ਭਾਈ ਸਾਲੋ ਜੀ ਦਾ ਟੋਭਾ ਪ੍ਰਸਿੱਧ ਹੈ. ਇਥੇ ਭਾਈ ਸਾਹਿਬ ਦੀ ਪ੍ਰਾਚੀਨ ਧਰਮਸਾਲ ਹੈ. ਜਿਸ ਥਾਂ ਅਨੇਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਿਰਾਜਕੇ ਸੰਗਤਿ ਨੂੰ ਨਿਹਾਲ ਕੀਤਾ. ਦੇਖੋ, ਸਾਲੋ.#(੫) ਹਰਿ ਕੀ ਪਉੜੀ. ਇਹ ਹਰਿਮੰਦਿਰ ਸਾਹਿਬ ਦੇ ਪਿਛਲੇ ਪਾਸੇ ਪਉੜੀਆਂ ਵਾਲੇ ਘਾਟ ਦਾ ਨਾਉਂ ਹੈ. ਹਰਿਮੰਦਿਰ ਤਿਆਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਅਮ੍ਰਿਤ ਲੀਤਾ ਅਤੇ ਸਰੋਵਰ ਦੀ ਕਾਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿਤ੍ਰ ਕਰ ਕਮਲਾਂ ਨਾਲ ਇਥੋਂ ਹੀ ਕਾਰ ਸੇਵਾ ਆਰੰਭ ਕੀਤੀ ਸੀ.#(੬) ਗੁਰੂ ਕੇ ਮਹਲ. ਗੁਰੂ ਕੇ ਬਾਜ਼ਾਰ ਪਾਸ ਗੁਰੂ ਜੀ ਦੇ ਰਿਹਾਇਸ਼ੀ ਮਕਾਨ, ਜੋ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਏ. ਫੇਰ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਮੁਕੰਮਲ ਕੀਤਾ ਤੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਭੀ ਇਨ੍ਹਾਂ ਵਿੱਚ ਨਿਵਾਸ ਕਰਦੇ ਰਹੇ. ਗੁਰੂ ਤੇਗ ਬਹਾਦੁਰ ਜੀ ਦਾ ਇੱਥੇ ਜਨਮ ਹੋਇਆ.#ਅੰਦਰ ਮੰਜੀ ਸਾਹਿਬ ਬਣਿਆ ਹੋਇਆ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੭) ਚੁਰਸਤੀ ਅਟਾਰੀ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਦੇ ਸਿਰੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਕੇ ਮਹਿਲਾਂ ਤੋਂ ਇਹ ਗੁਰੁਦ੍ਵਾਰਾ ਨੇੜੇ ਹੈ. ਮਹਿਲਾਂ ਤੋਂ ਉੱਠਕੇ ਗੁਰੂ ਜੀ ਕਈ ਵਾਰੀ ਇੱਥੇ ਆਕੇ ਬੈਠਦੇ ਹੁੰਦੇ ਸਨ.#ਹੁਣ ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਇੱਕ ਨੁੱਕਰ ਤੇ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਹਰ ਪੰਚਮੀ ਤੇ ਏਕਮ ਸੁਦੀ ਨੂੰ ਮੇਲਾ ਹੁੰਦਾ ਹੈ.#(੮) ਟਾਹਲੀ ਸਾਹਿਬ. ਸ਼ਹਿਰ ਵਿੱਚ ਸੰਤੋਖਸਰ ਸਰੋਵਰ ਦੇ ਪਾਸ ਵਾਯਵੀ ਕੋਣ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਅਮਰ ਦਾਸ ਜੀ ਦੀ ਆਗਾ੍ਯਾ ਨਾਲ ਜਦ ਸੰਤੋਖਸਰ ਤਾਲ ਸ਼ਰੀ ਰਾਮਦਾਸ ਜੀ ਨੇ ਖੁਦਵਾਇਆ ਸੀ.⁵ ਤਦ ਇਸ ਟਾਹਲੀ ਹੇਠਾਂ ਵਿਰਾਜਿਆ ਕਰਦੇ ਸਨ. ਟਾਹਲੀ ਦਾ ਉਹ ਬਿਰਛ ਹੁਣ ਮੌਜੂਦ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਗੁਰੁਦ੍ਵਾਰੇ ਨਾਲ ਕੁਝ ਦੁਕਾਨਾਂ ਹਨ. ਅਕਾਲੀ ਸਿੰਘ ਸੇਵਾਦਾਰ ਹੈ. ੧. ਫੱਗੁਣ ਨੂੰ ਮੇਲਾ ਹੁੰਦਾ ਹੈ.#(੯) ਥੜਾ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਦੁਖਭੰਜਨੀ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ.#ਸ਼੍ਰੀ ਗੁਰੂ ਰਾਮ ਦਾਸ ਜੀ ਇੱਥੇ ਬੈਠਕੇ ਕੱਚੇ ਸਰੋਵਰ ਦੀ ਕਾਰ ਕਰਾਇਆ ਕਰਦੇ ਸਨ. ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਭੀ ਸਰੋਵਰ ਦੀ ਕਾਰ ਹੋਣ ਸਮੇਂ ਇੱਥੇ ਬੈਠਦੇ ਸਨ.#ਇਸ ਦੇ ਪੱਕਾ ਬਣਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ.#(੧੦) ਥੜਾ ਸਾਹਿਬ (੨). ਸ਼ਹਿਰ ਵਿੱਚ ਤਖਤ ਅਕਾਲ ਬੁੰਗੇ ਦੇ ਪਾਸ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਬਕਾਲੇ ਤੋਂ ਚੱਲਕੇ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਲਈ ਇੱਥੇ ਆਏ, ਅੱਗੋਂ ਪੁਜਾਰੀਆਂ ਨੇ 'ਹਰਿਮੰਦਿਰ' ਦਾ ਦਰਸ਼ਨੀ ਦਰਵਾਜ਼ਾ ਇਸ ਲਈ ਬੰਦ ਕਰ ਦਿੱਤਾ, ਕਿ ਕਿਤੇ ਹਰਿਮੰਦਿਰ ਤੇ ਕਬਜਾ ਨਾ ਕਰ ਲੈਣ.#ਇੱਥੇ ਛੋਟਾ ਜਿਹਾ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰੁਦ੍ਵਾਰੇ ਨਾਲ ਪੰਜ ਦੁਕਾਨਾਂ ਅਤੇ ੨੧. ਕਨਾਲ ਜਮੀਨ ਪਿੰਡ ਸੁਲਤਾਨਵਿੰਡ ਵਿੱਚ ਹੈ. ਮਾਘ ਸੁਦੀ ਪੂਰਣਮਾਸੀ ਨੂੰ ਮੇਲਾ ਹੁੰਦਾ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦੇ ਜੋਤੀਜੋਤਿ ਸਮਾਉਣ ਦਾ ਗੁਰਪੁਰਬ (ਗੁਰੁਪਰਵ) ਭੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ.#(੧੧) ਦਮਦਮਾ ਸਾਹਿਬ. ਸ਼ਹਿਰ ਤੋਂ ਅਗਨਿ ਕੋਣ ਮਾਲਲੰਡੀ ਦੇ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਜਿੱਥੇ ਥੜੇ ਸਾਹਿਬ ਤੋਂ ਉੱਠਕੇ ਸਤਿਗੁਰੂ ਕੁਝ ਕਾਲ ਠਹਿਰੇ ਹਨ.#ਪੱਕਾ ਗੁਰੁਦ੍ਵਾਰਾ ਬਹੁਤ ਸੁੰਦਰ ਬਣ ਰਿਹਾ ਹੈ, ਜਿਸ ਦੀ ਸੇਵਾ ਭਾਈ ਸੰਤ ਸਿੰਘ ਜੀ ਕਲੀ ਵਾਲੇ ਅਮ੍ਰਿਤਸਰ ਨੇ ਸੰਮਤ ੧੯੬੧ ਤੋਂ ਸ਼ੁਰੂ ਕੀਤੀ ਹੋਈ ਹੈ. ਪਾਸ ਪੱਕੇ ਰਿਹਾਇਸ਼ੀ ਮਕਾਨ ਹਨ.#ਜਾਗੀਰ ਜ਼ਮੀਨ ਕੁਝ ਨਹੀਂ ਹੈ. ਰੇਲ ਦੀ ਲੈਨ ਤੋਂ ੧. ਫਰਲਾਂਗ ਦੇ ਕਰੀਬ ਪੱਛਮ ਵੱਲ ਗੁਰੁਦ੍ਵਾਰਾ ਹੈ, ਜੋ ਰੇਲ ਵਿੱਚ ਬੈਠਿਆਂ ਨਜਰ ਆਉਂਦਾ ਹੈ, ਅਤੇ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਅਗਨਿ ਕੋਣ ਦੋ ਮੀਲ ਦੇ ਕਰੀਬ ਹੈ.#(੧੨) ਦਰਸ਼ਨੀ ਡਿਹੁਢੀ. ਸ਼ਹਿਰ ਦੇ ਵਿੱਚ ਗੁਰੂ ਕੇ ਬਾਜ਼ਾਰ ਦੇ ਨੇੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਇਹ ਡਿਹੁਢੀ ਰਾਮਦਾਸਪੁਰ ਦੀ ਬਨਵਾਈ ਸੀ. ਓਦੋਂ ਇਸ ਡਿਉਢੀ ਤੋਂ ਦਰਬਾਰ ਸਾਹਿਬ ਵੱਲ ਦੇ ਹਿੱਸੇ ਵਿੱਚ ਆਬਾਦੀ ਨਹੀਂ ਸੀ ਕੇਵਲ ਗੁਰੂ ਕਾ ਬਾਜ਼ਾਰ ਹੀ ਸੀ.#ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੧੩) ਦੁਖਭੰਜਨੀ ਬੇਰੀ. ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਹੈ. ਇੱਥੇ ਇੱਕ ਕੁਸ੍ਠੀ ਪਿੰਗੁਲਾ ਸਰੋਵਰ ਵਿੱਚ ਇਸਨਾਨ ਕਰਕੇ ਅਰੋਗ ਹੋਇਆ ਸੀ. ਇਸ ਗੁਰੁਦ੍ਵਾਰੇ ਨੂੰ ੨੪ ਰੁਪਯੇ ਸਲਾਨਾ ਜਾਗੀਰ ਮਹਾਰਾਜਾ ਸਾਹਿਬ ਨਾਭਾ ਵੱਲੋਂ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#(੧੪) ਪਿੱਪਲੀ ਸਾਹਿਬ. ਅਮ੍ਰਿਤਸਰ ਲਹੌਰ ਦੀ ਸੜਕ ਉਤੇ ਸ਼ਹਿਰ ਤੋਂ ਵਾਯਵੀ ਕੋਣ ਡੇਢ ਮੀਲ ਦੇ ਕ਼ਰੀਬ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਕਾਰ ਸਰੋਵਰ ਸਮੇਂ ਕਾਬੁਲ ਦੀ ਸੰਗਤ ਕਾਰ ਸੇਵਾ ਲਈ ਆਈ, ਤਾਂ ਉਨ੍ਹਾਂ ਦੇ ਸ੍ਵਾਗਤ ਲਈ ਗੁਰੂ ਜੀ ਇੱਥੇ ਆ ਗਏ. ਗੁਰੂ ਹਰਗੋਬਿੰਦ ਸਾਹਿਬ ਨੇ ਭੀ ਇੱਥੇ ਚਰਣ ਪਾਏ ਹਨ. ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਬਸੰਤ ਪੰਚਮੀ ਨੂੰ ਮੇਲਾ ਹੁੰਦਾ ਹੈ.#(੧੫) ਬੇਰ ਬਾਬਾ ਬੁੱਢਾ ਜੀ ਦੀ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਘੰਟਾ ਘਰ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰ ਹੈ. ਜਦੋਂ ਸ਼ਰੀ ਅਮ੍ਰਿਤਸਰ ਅਤੇ ਹਰਿਮੰਦਿਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਬਾਬਾ ਬੁੱਢਾ ਜੀ ਸੰਗਤ ਨੂੰ ਕਹੀਆਂ ਟੋਕਰੀਆਂ ਆਦਿ ਲੋੜਵੰਦ ਸਾਮਾਨ ਦਿੰਦੇ ਹੁੰਦੇ ਸਨ ਅਤੇ ਇਥੇ ਬੈਠਕੇ ਸਿੱਖਾਂ ਪਾਸੋਂ ਯੋਗ੍ਯ ਤਰੀਕੇ ਨਾਲ ਸੇਵਾ ਲੈਂਦੇ ਅਤੇ ਰਾਜ ਮਜ਼ਦੂਰਾਂ ਨੂੰ ਤਨਖ਼੍ਵਾਹ ਵੰਡਿਆ ਕਰਦੇ ਸਨ.#(੧੬) ਮੰਜੀ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੇ ਪਾਸ ਗੁਰੂ ਕੇ ਬਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ. ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਤਦੋਂ ਗੁਰੂ ਜੀ ਇੱਥੇ ਬੈਠਕੇ ਦੀਵਾਨ ਲਗਾਇਆ ਕਰਦੇ ਸਨ.#ਗੁਰੁਦ੍ਵਾਰਾ ਕੇਵਲ ਇੱਕ ਉੱਚੇ ਥੜੇ ਪੁਰ ਮੰਜੀ ਸਾਹਿਬ ਹੈ. ਸੰਗ ਮਰਮਰ ਦੀ ਛਤਰੀ ਕੂਪਰ ਸਾਹਿਬ ਡਿਪਟੀ ਕਮਿਸ਼ਨਰ ਨੇ ਸਨ ੧੮੫੭ ਦੇ ਗਦਰ ਪਿੱਛੋਂ ਰਾਮਬਾਗ ਤੋਂ ਲਿਆਕੇ ਭੇਟਾ ਕੀਤੀ.#(੧੭) ਲਾਚੀ ਬੇਰੀ. ਦਰਸ਼ਨੀ ਦਰਵਾਜ਼ੇ ਦੇ ਪਾਸ ਇਹ ਭਾਈ ਸਾਲੋ ਜੀ ਦੀ ਬੇਰੀ ਹੈ. ਇਸ ਨੂੰ ਲਾਚੀਆਂ ਜੇਹੇ ਬੇਰ ਲਗਦੇ ਹਨ. ਇਸੀ ਤੋਂ ਇਸ ਦਾ ਨਾਉਂ ਲਾਚੀ ਬੇਰੀ ਹੋ ਗਿਆ ਹੈ. ਭਾਈ ਸਾਲੋ ਜੀ ਇੱਥੇ ਬੈਠਕੇ ਕਾਰ ਸੇਵਾ ਕਰਵਾਇਆ ਕਰਦੇ ਸਨ. ਸਤਿਗੁਰੂ ਅਰਜਨ ਦੇਵ ਭੀ ਇਸ ਬੇਰੀ ਹੇਠ ਵਿਰਾਜਦੇ ਰਹੇ ਹਨ.⁶#(੧੮) ਲੋਹ ਗੜ੍ਹ ਕਿਲਾ. ਦਰਵਾਜੇ ਲੋਹ ਗੜ੍ਹ ਦੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਸ਼ਹਿਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਸੰਮਤ ੧੬੮੬ ਵਿੱਚ ਗੁਰੂ ਸਾਹਿਬ ਨੇ ਇੱਥੇ ਹੀ ਸ਼ਾਹੀ ਸੈਨਾ ਦਾ ਮੁਕ਼ਾਬਲਾ ਸ੍ਵੈਰਖ੍ਯਾ ਲਈ ਕੀਤਾ ਸੀ. ਹੁਣ ਭੀ ਕਿਲੇ ਦੇ ਕੁਛ ਚਿੰਨ੍ਹ ਨਜ਼ਰ ਆਉਂਦੇ ਹਨ. ਗੁਰੂ ਸਾਹਿਬ ਦੇ ਵੇਲੇ ਦੀ ਇੱਕ ਬੇਰੀ ਹੈ. ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਇਸ ਥਾਂ ਇੱਕ ਢਾਈ ਫੁੱਟ ਦਾ ਸ਼੍ਰੀ ਸਾਹਿਬ ਹੈ, ਜਿਸ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਦੱਸਿਆ ਜਾਂਦਾ ਹੈ.#(੧੯) ਸ੍ਰੀ ਅਮ੍ਰਿਤਸਰ ਜੀ ਵਿੱਚ ਕਿਲਾ ਭੰਗੀਆਂ ਗਲੀ ਠਾਕੁਰਦ੍ਵਾਰੇ ਵਾਲੀ, ਵਿੱਚ ਭਾਈ ਰਾਮ ਸਰਨ ਅਤੇ ਭਾਈ ਗ੍ਯਾਨ ਚੰਦ ਜੀ ਬ੍ਰਾਹਮਣਾਂ ਦੇ ਘਰ ਹੇਠ ਲਿਖੀਆਂ ਗੁਰੁਵਸਤੂਆਂ ਹਨ:-#ਗੁਰੂ ਹਰਿ ਰਾਇ ਸਾਹਿਬ ਜੀ ਦਾ ਆਸਾ, ਜੋ ਪੌਣੇ ਛੀ ਫੁੱਟ ਲੰਮਾ ਹੈ. ਇਹ ਇਨ੍ਹਾਂ ਬ੍ਰਾਹਮਣਾਂ ਦੇ ਬਜ਼ੁਰਗ ਭਾਈ ਹਰਾ ਨੂੰ ਗੁਰੂ ਹਰਿ ਰਾਇ ਸਾਹਿਬ ਨੇ ਬਖਸ਼ਿਆ ਸੀ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾ ਅਤੇ ਚੋਲਾ, ਜੋ ਭਾਈ ਹਰਾ ਦੇ ਪੁਤ੍ਰ, ਭਾਈ ਨੱਥੂ ਨੂੰ ਦਸ਼ਮੇਸ਼ ਨੇ ਆਨੰਦਪੁਰ ਬਖ਼ਸ਼ਿਆ....
ਜਿਲਾ ਹੁਸ਼ਿਆਰਪੁਰ ਤਸੀਲ ਊਂਨਾਂ ਥਾਣਾ ਆਨੰਦਪੁਰ ਵਿੱਚ ਪਹਾੜੀ ਇਲਾਕੇ ਸਤਲੁਜ ਦੇ ਕਿਨਾਰੇ ਇਹ ਨਗਰ ਹੈ, ਜੋ ਸੰਮਤ ੧੬੮੩ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਲੂਰ ਦੇ ਰਾਜਾ ਤਾਰਾਚੰਦ ਤੋਂ ਜ਼ਮੀਨ ਖਰੀਦਕੇ ਬਾਬਾ ਗੁਰਦਿੱਤਾ ਜੀ ਦੀ ਮਾਰਫ਼ਤ ਆਬਾਦ ਕਰਵਾਇਆ. ਇਸ ਦੇ ਵਸਣ ਦਾ ਵਰ ਸ਼੍ਰੀ ਗੁਰੂ ਨਾਨਕ ਦੇਵ ਨੇ ਹੀ ਦਿੱਤਾ ਸੀ, ਜਦੋਂ ਗੁਰੂ ਜੀ ਇੱਥੇ ਆਏ ਹੋਏ "ਚਰਣਕਮਲ" ਠਹਿਰੇ ਅਤੇ ਸਾਂਈਂ ਬੁੱਢਣਸ਼ਾਹ ਨੂੰ ਜੰਗਲ ਵਿੱਚ ਮਿਲੇ ਸਨ.#ਕੀਰਤਪੁਰ ਰੋਪੜ¹ ਤੋਂ ੧੪. ਮੀਲ, ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੩੧ ਮੀਲ ਹੈ.#ਇਸ ਪਵਿਤ੍ਰ ਨਗਰ ਵਿੱਚ ਇਹ ਗੁਰਦ੍ਵਾਰੇ ਹਨ-#(੧) ਸ਼ੀਸ਼ਮਹਲ. ਆਬਾਦੀ ਦੇ ਵਿਚਕਾਰ ਸਤਿਗੁਰਾਂ ਦੇ ਨਿਵਾਸ ਦੇ ਮਕਾਨ. ਇਨ੍ਹਾਂ ਮਹਿਲਾਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਸੰਮਤ ੧੬੯੧ ਵਿੱਚ ਆਏ ਅਤੇ ਅੰਤ ਤੀਕ ਇੱਥੇ ਹੀ ਰਹੇ. ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਹਰਿਕ੍ਰਿਸਨ ਜੀ ਦਾ ਜਨਮ ਇਨ੍ਹਾਂ ਹੀ ਮਹਿਲਾਂ ਵਿੱਚ ਹੋਇਆ ਹੈ. ਇਨ੍ਹਾਂ ਮਹਿਲਾਂ ਤੋਂ ਉੱਤਰ ਵੱਲ ਗੁਰੂ ਸਾਹਿਬਾਨ ਦੇ ਇਸਨਾਨ ਕਰਨ ਦੇ ਅਸਥਾਨ ਹਨ. ਗੁਰਦ੍ਵਾਰੇ ਦੀ ਹਾਲਤ ਪੱਕੀ ਆਮਦਨ ਨਾ ਹੋਣ ਕਰਕੇ ਹੱਛੀ ਨਹੀਂ ਹੈ.#(੨) ਹਰਿਮੰਦਿਰ ਸਾਹਿਬ. ਕੀਰਤਪੁਰ ਦੀ ਆਬਾਦੀ ਦੇ ਵਿੱਚ ਹੀ ਇਹ ਭੀ ਗੁਰੂ ਹਰਿਗੋਬਿੰਦ ਸਾਹਿਬ ਦੇ ਨਿਵਾਸ ਦਾ ਅਸਥਾਨ ਹੈ. ਗੁਰਦ੍ਵਾਰੇ ਨਾਲ ਕ਼ਰੀਬ ਪੰਜ ਘੁਮਾਉਂ ਜ਼ਮੀਨ ਹੈ.#(੩) ਖੂਹ ਗੁਰੂ ਕਾ. ਇਹ ਕੂਆ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਲਗਵਾਇਆ ਹੋਇਆ ਹੈ.#(੪) ਚਰਨਕਮਲ. ਕੀਰਤਪੁਰ ਦੇ ਪਾਸ ਹੀ ਵਾਯਵੀ ਕੋਣ ਸ਼੍ਰੀ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਹੈ. ਪਹਾੜੀਯਾਤ੍ਰਾ ਸਮੇਂ ਗੁਰੂ ਸਾਹਿਬ ਏਧਰ ਆਏ ਹਨ. ਸਾਂਈ ਬੁੱਢਣਸ਼ਾਹ ਨੂੰ ਉਪਦੇਸ਼ ਦੇ ਕੇ ਕ੍ਰਿਤਾਰਥ ਕੀਤਾ. ਦੇਖੋ, ਬੁੱਢਣਸ਼ਾਹ ਅਤੇ ਗੁਰਦਿੱਤਾ ਬਾਬਾ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਛੀ ਸੌ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ.#(੫) ਚੁੱਬਚਾ ਸਾਹਿਬ. ਸ਼ਹਿਰ ਦੇ ਵਿੱਚ ਹੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਇੱਕ ਵਡੇ ਭਾਰੀ ਚੁਬੱਚੇ ਵਿੱਚ ਘੋੜਿਆਂ ਲਈ ਦਾਣਾ ਭਿਉਂਕੇ ਸਤਿਗੁਰੂ ਜੀ ਕਈ ਵਾਰੀਂ ਆਪਣੇ ਹੱਥੀਂ ਵਰਤਾਉਂਦੇ ਹੁੰਦੇ ਸਨ, ਤਿਸ ਸਮੇਂ ਦੀ ਯਾਦਗਾਰ ਵਿੱਚ ਇਹ ਗੁਰਅਸਥਾਨ ਹੈ. ਸਾਧਾਰਣ ਗੁਰੁਦ੍ਵਾਰਾ ਬਣਿਆ ਹੋਇਆ ਹੈ, ਆਮਦਨ ਕੋਈ ਨਹੀਂ ਹੈ.#(੬) ਤਖ਼ਤ ਸਾਹਿਬ. ਕੀਰਤਪੁਰ ਦੀ ਆਬਾਦੀ ਵਿੱਚ ਹੀ ਸ੍ਰੀ ਗੁਰੂ ਹਰਿਰਾਇ ਸਾਹਿਬ ਅਤੇ ਸ਼੍ਰੀ ਗੁਰੂ ਹਰਿਕ੍ਰਿਸਨ ਜੀ ਮਹਾਰਾਜ ਨੂੰ ਗੁਰਿਆਈ ਦੇ ਤਿਲਕ ਹੋਣ ਦੀ ਯਾਦਗਾਰ ਵਿੱਚ ਗੁਰਦ੍ਵਾਰਾ ਹੈ. ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ ਕੋਈ ਸੇਵਾਦਾਰ ਨਹੀਂ ਹੈ.#(੭) ਤੀਰਮੰਜੀ ਸਾਹਿਬ. ਕੀਰਤਪੁਰ ਤੋਂ ਦੱਖਣ ਦਿਸ਼ਾ ਵੱਲ ਮੀਲ ਦੇ ਕਰੀਬ ਦੇਹਰਾ ਬਾਬਾ ਗੁਰਦਿੱਤਾ ਜੀ ਦੇ ਪਾਸ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਇੱਥੇ ਬੈਠਕੇ ਤੀਰ ਚਲਾਇਆ ਕਰਦੇ ਸਨ. ਕੇਵਲ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਹੈ. ਪੁਜਾਰੀ ਕੋਈ ਨਹੀਂ, ਨਾਂਹੀ ਕੋਈ ਆਮਦਨ ਹੈ.#(੮) ਦਮਦਮਾ ਸਾਹਿਬ. ਕੀਰਤਪੁਰ ਦੇ ਵਿਚਕਾਰ ਹਰਿਮੰਦਰ ਦੇ ਪਾਸ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਇਸ ਥਾਂ ਦੀਵਾਨ ਸਜਾਇਆ ਕਰਦੇ ਸਨ.#ਗੁਰਦ੍ਵਾਰੇ ਨਾਲ ਦੋ ਦੁਕਾਨਾਂ ਹਨ, ਜਿਨ੍ਹਾਂ ਦਾ ਕਿਰਾਇਆ ੨੫) ਰੁਪਯੇ ਸਾਲ ਆਉਂਦਾ ਹੈ.#(੯) ਦੇਹਰਾ ਬਾਬਾ ਗੁਰਦਿੱਤਾ ਜੀ. ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਇਹ ਆਲੀਸ਼ਾਨ ਇਮਾਰਤ ਹੈ. ਇਸ ਥਾਂ ਬਾਬਾ ਗੁਰਦਿੱਤਾ ਜੀ ਦਾ ਸਸਕਾਰ ਹੋਇਆ ਹੈ. ਦੇਹਰੇ ਨਾਲ ਪੰਜ ਸੌ ਘੁਮਾਉਂ ਜ਼ਮੀਨ ਹੈ. ਮੇਲਾ ਹੋਲੇ ਨੂੰ ਹੁੰਦਾ ਹੈ.#(੧੦) ਪਾਤਾਲਪੁਰੀ. ਕੀਰਤਪੁਰ ਤੋਂ ਨੈਰਤ ਕੋਣ ਦੋ ਫ਼ਰਲਾਂਗ ਦੇ ਕ਼ਰੀਬ ਸਤਲੁਜ ਕਿਨਾਰੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਦੇਹਰਾ ਹੈ.#ਸ਼੍ਰੀ ਗੁਰੂ ਹਰਿਕ੍ਰਿਸਨ ਜੀ ਦੀ ਵਿਭੂਤੀ ਭੀ ਦਿੱਲੀ ਤੋਂ ਲਿਆਕੇ ਇਥੇ ਅਸਥਾਪਨ ਕੀਤੀ ਗਈ ਹੈ.#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸਨ ਸਾਹਿਬ ਜੀ ਦੀ ਯਾਦਾਗਰ ਵਿੱਚ ਤਾਂ ਕੇਵਲ ਮੰਜੀ ਸਾਹਿਬ ਬਣੇ ਹੋਏ ਹਨ, ਪਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਦੇਹਰਾ ਵਡਾ ਉੱਚਾ ਸੁਨਹਿਰੀ ਕਲਸ਼ ਵਾਲਾ ਬਣਿਆ ਹੋਇਆ ਹੈ.#ਰਿਆਸਤ ਪਟਿਆਲਾ ਵੱਲੋਂ ਸੱਠ ਰੁਪ੍ਯੇ ਸਾਲਾਨਾ ਮਿਲਦੇ ਹਨ, ਚੜ੍ਹਾਵੇ ਦੀ ਆਮਦਨ ਇਸ ਅਸਥਾਨ ਨੂੰ ਬਹੁਤ ਹੈ.#(੧੧) ਬੁੱਢਣਸ਼ਾਹ ਜੀ ਦਾ ਤਕੀਆ. ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕ਼ਰੀਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ ਸਾਂਈ ਬੁੱਢਣਸ਼ਾਹ ਜੀ ਦਾ ਤਕੀਆ ਹੈ, ਜਿਸ ਥਾਂ ਗੁਰੂ ਨਾਨਕ ਦੇਵ ਅਤੇ ਬਾਬਾ ਗੁਰਦਿੱਤਾ ਜੀ ਦੇ ਚਰਣ ਪਏ ਹਨ.#ਤਕੀਆ ਪੱਕਾ ਬਣਿਆ ਹੋਇਆ ਹੈ, ਜਿਸ ਦੇ ਅੰਦਰ ਸਾਂਈ ਜੀ ਦੀ ਕਬਰ ਹੈ ਅਤੇ ਕਬਰ ਤੋਂ ਉੱਤਰ ਦਿਸ਼ਾ ਸਾਈਂ ਜੀ ਦੀਆਂ ਬਕਰੀਆਂ, ਕੁੱਤੇ ਅਤੇ ਸ਼ੇਰ ਦੀਆਂ ਮੜ੍ਹੀਆਂ ਬਣੀਆਂ ਹੋਈਆਂ ਹਨ. ਪੁਜਾਰੀ ਸਾਂਈ ਅੱਲਾਦਿੱਤਾ ਜੀ "ਚਰਨੌਲੀ" ਵਾਲੇ ਪ੍ਰੇਮ ਨਾਲ ਸੇਵਾ ਕਰਦੇ ਹਨ.#(੧੨) ਵਿਮਾਨਗੜ੍ਹ. ਕੀਰਤਪੁਰ ਦੇ ਵਿੱਚ ਹੀ ਉਹ ਅਸਥਾਨ ਹੈ, ਜਿੱਥੇ ਦਿੱਲੀ ਤੋਂ ਆਇਆ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸੀਸ ਟਿਕਾਇਆ ਗਿਆ ਸੀ, ਅਤੇ ਇਸ ਥਾਂ ਤੋਂ ਵਿਮਾਨ ਵਿੱਚ ਰੱਖਕੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਿ ਸਾਥ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਲੈ ਗਏ ਸਨ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਠੱਕੁਰ (ਦੇਵਤਾ) ਦਾ ਦਰਵਾਜ਼ਾ. ਦੇਵਮੰਦਿਰ। ੨. ਸ੍ਵਾਮੀ ਦਾ ਘਰ....
ਸੰਗ੍ਯਾ- ਦੇਵ- ਆਲਯ. ਦੇਵਤਾ ਦਾ ਘਰ. ਦੇਵਮੰਦਿਰ। ੨. ਸ੍ਵਰਗ....
ਦੇਖੋ, ਮਸਜਿਦ। ੨. ਮਸਜਿਦ ਵਿੱਚ. "ਕਿਆ ਮਸੀਤਿ ਸਿਰ ਨਾਏ?" (ਪ੍ਰਭਾ ਕਬੀਰ)...
ਕ੍ਰਿ. ਵਿ- ਵਿੱਚ. ਮਧ੍ਯ. ਭੀਤਰ। ੨. ਸੰਗ੍ਯਾ- ਅੰਤਰਾ. ਫ਼ਰਕ. ਭੇਦ. "ਲੋਕਨ ਪਰਕੈ ਬੀਚ ਮੇ, ਬਹੁ ਬੀਚ ਕਿਯੋ ਹੈ." (ਗੁਪ੍ਰਸੂ) ਲੋਕਾਂ ਨੇ ਵਿੱਚ ਪੈਕੇ ਬਹੁਤ ਫੁੱਟ ਪਾ ਦਿੱਤੀ। ੩. ਭਾਵ- ਵਿਰੋਧ....