subhadhrāसुभद्रा
ਵਸੁਦੇਵ ਦੀ ਪੁਤ੍ਰੀ, ਕ੍ਰਿਸਨ ਜੀ ਦੀ ਭੈਣ ਅਤੇ ਅਰਜੁਨ ਦੀ ਇਸਤ੍ਰੀ. ਇਸ ਦੇ ਵਡੇ ਭਾਈ ਬਲਰਾਮ ਦੀ ਇੱਛਾ ਇਸ ਨੂੰ ਦੁਰਯੋਧਨ ਨਾਲ ਵਿਆਹੁਣ ਦੀ ਸੀ, ਪਰ ਅਰਜੁਨ ਸੁਭਦ੍ਰਾ ਨੂੰ ਕ੍ਰਿਸਨ ਜੀ ਦੀ ਸਲਾਹ ਨਾਲ ਦ੍ਵਾਰਿਕਾ ਤੋਂ ਚੁਰਾਕੇ ਲੈ ਗਿਆ. ਸੁਭਦ੍ਰਾ ਅਭਿਮਨ੍ਯੁ ਦੀ ਮਾਤਾ ਅਤੇ ਪਰੀਕ੍ਸ਼ਿਤ ਦੀ ਦਾਦੀ ਸੀ. ਜਗੰਨਾਥ ਦੇ ਮੰਦਿਰ ਵਿੱਚ ਕਈ ਲੇਖਕਾਂ ਨੇ ਭੁੱਲ ਕਰਕੇ ਸੁਭਦ੍ਰਾ ਦੀ ਮੂਰਤਿ ਦਾ ਹੋਣਾ ਲਿਖਿਆ ਹੈ, ਅਸਲ ਵਿੱਚ ਉਹ ਭਦ੍ਰਾ ਦੀ ਹੈ. ਦੇਖੋ, ਭਦ੍ਰਾ.
वसुदेव दी पुत्री, क्रिसन जी दी भैण अते अरजुन दी इसत्री. इस दे वडे भाई बलराम दी इॱछा इस नूं दुरयोधन नाल विआहुण दी सी, पर अरजुन सुभद्रा नूं क्रिसन जी दी सलाह नाल द्वारिका तों चुराके लै गिआ. सुभद्रा अभिमन्यु दी माता अते परीक्शित दी दादी सी. जगंनाथ दे मंदिर विॱच कई लेखकां ने भुॱल करके सुभद्रा दी मूरति दा होणा लिखिआ है, असल विॱच उह भद्रा दी है. देखो, भद्रा.
ਦੇਖੋ, ਬਸੁਦੇਵ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਅਰਜਨ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਦੇਖੋ, ਇਛਾ....
ਦੇਖੋ, ਦੁਰਜੋਧਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਸੁਦੇਵ ਦੀ ਪੁਤ੍ਰੀ, ਕ੍ਰਿਸਨ ਜੀ ਦੀ ਭੈਣ ਅਤੇ ਅਰਜੁਨ ਦੀ ਇਸਤ੍ਰੀ. ਇਸ ਦੇ ਵਡੇ ਭਾਈ ਬਲਰਾਮ ਦੀ ਇੱਛਾ ਇਸ ਨੂੰ ਦੁਰਯੋਧਨ ਨਾਲ ਵਿਆਹੁਣ ਦੀ ਸੀ, ਪਰ ਅਰਜੁਨ ਸੁਭਦ੍ਰਾ ਨੂੰ ਕ੍ਰਿਸਨ ਜੀ ਦੀ ਸਲਾਹ ਨਾਲ ਦ੍ਵਾਰਿਕਾ ਤੋਂ ਚੁਰਾਕੇ ਲੈ ਗਿਆ. ਸੁਭਦ੍ਰਾ ਅਭਿਮਨ੍ਯੁ ਦੀ ਮਾਤਾ ਅਤੇ ਪਰੀਕ੍ਸ਼ਿਤ ਦੀ ਦਾਦੀ ਸੀ. ਜਗੰਨਾਥ ਦੇ ਮੰਦਿਰ ਵਿੱਚ ਕਈ ਲੇਖਕਾਂ ਨੇ ਭੁੱਲ ਕਰਕੇ ਸੁਭਦ੍ਰਾ ਦੀ ਮੂਰਤਿ ਦਾ ਹੋਣਾ ਲਿਖਿਆ ਹੈ, ਅਸਲ ਵਿੱਚ ਉਹ ਭਦ੍ਰਾ ਦੀ ਹੈ. ਦੇਖੋ, ਭਦ੍ਰਾ....
ਸੰਗ੍ਯਾ- ਸ਼ਲਾਘਾ. ਤਅ਼ਰੀਫ। ੨. ਅ਼. [سلاح] ਸਲਾਹ਼. ਬਿਹਤਰੀ। ੩. ਭਾਵ- ਮੰਤ੍ਰ. ਮਸ਼ਵਰਾ....
ਦੇਖੋ, ਦ੍ਵਾਰਕਾ ਅਤੇ ਦ੍ਵਾਰਾਵਤੀ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਵਿ- ਵੈਰੀ ਦੇ ਅਭਿ (ਟਾਕਰੇ) ਲਈ ਹੋਵੇ ਮਨ੍ਯੁਃ (ਕ੍ਰੋਧ) ਜਿਸ ਨੂੰ। ੨. ਸੰਗ੍ਯਾ- ਕ੍ਰਿਸਨ ਜੀ ਦੀ ਭੈਣ ਸੁਭਦ੍ਰਾ ਦੇ ਉਦਰ ਤੋਂ ਅਰਜੁਨ ਦਾ ਪੁਤ੍ਰ, ਜਿਸ ਨੇ ਮਹਾਂਭਾਰਤ ਦੇ ਜੰਗ ਵਿੱਚ ਦੂਜੇ ਦਿਨ ਦੁਰਯੋਧਨ ਦੇ ਪੁਤ੍ਰ ਲਕ੍ਸ਼੍ਮਣ ਨੂੰ ਮਾਰਿਆ ਸੀ, ਅਤੇ ਤੇਰਵੇਂ ਦਿਨ ਆਪ ਭੀ ਵਡੀ ਵੀਰਤਾ ਵਿਖਾਕੇ ਮਰਿਆ. ਵਿਰਾਟਪਤੀ ਦੀ ਸੁਪੁਤ੍ਰੀ ਉੱਤਰਾ ਇਸ ਦੀ ਇਸਤ੍ਰੀ ਸੀ, ਜਿਸ ਤੋਂ ਰਾਜਾ ਪਰੀਕ੍ਸ਼ਿਤ (ਪਰੀਛਤ) ਪੈਦਾ ਹੋਇਆ, ਜੋ ਪਾਂਡਵਾਂ ਪਿੱਛੋਂ ਰਾਜਸਿੰਘਾਸਨ ਤੇ ਬੈਠਾ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਪਰਿ- ਈਕ੍ਸ਼੍ਹ੍ਹ. ਵਿ- ਚੰਗੀ ਤਰਾਂ ਦੇਖਣ ਵਾਲਾ. ਪਰੀਕ੍ਸ਼ਾ ਕਰਨ ਵਾਲਾ. ਪਰਖਣ ਵਾਲਾ. ਇਮਤਹਾਨ ਲੈਣ ਵਾਲਾ। ਕ੍ਸ਼੍ ਸੰਗ੍ਯਾ- ਪਰਖ. ਜਾਂਚ. ਇਮਤਹਾਨ। ੩. ਵਿ- ਚੰਗੀ ਤਰਾਂ ਦੇਖਿਆ ਹੋਇਆ. ਪਰਖਿਆ ਹੋਇਆ. ਜਾਂਚਿਆ. ਪੜਤਾਲਿਆ. ਜਿਸ ਦਾ ਇਮਤਹਾਨ ਕੀਤਾ ਗਿਆ ਹੈ. ੪. ਦੇਖੋ, ਪਰਿਕ੍ਸ਼ਿਤ....
ਸੰਗ੍ਯਾ- ਪਿਤਾ ਦੀ ਮਾਤਾ. ਪਿਤਾਮਹੀ। ੨. ਫ਼ਾ. ਦਾਦ (ਇਨਸਾਫ਼) ਚਾਹੁਣ ਵਾਲਾ. ਫਰਿਆਦੀ. "ਦਾਦੀ ਦਾਦਿ ਨ ਪਹੁਚਨਹਾਰਾ, ਚੂਪੀ ਨਿਰਨਉ ਪਾਇਆ." (ਆਸਾ ਮਃ ੫) ਜੋ ਫ਼ਰਿਆਦੀ ਵਾਵੇਲਾ ਕਰਨ ਤੋਂ ਇਨਸਾਫ ਨਹੀਂ ਪਾ ਸਕਦਾ ਸੀ, ਹੁਣ ਚੁਪਕੀਤੇ ਹੀ ਫੈਸਲਾ ਪਾਲਿਆ. ਭਾਵ- ਵਿਚਾਰ ਦੀ ਪ੍ਰਾਪਤੀ ਹੋਣ ਪੁਰ ਅਸਲ ਬਾਤ ਖ਼ਾਮੋਸ਼ੀ ਅਖ਼ਤਿਆਰ ਕਰਲਈ। ੩. ਤੂੰ ਦਿੱਤਾ. ਦੇਖੋ, ਦਾਦਨ....
ਸੰ. जगन्नाथ ਸੰਗ੍ਯਾ- ਜਗਤ ਦਾ ਸ੍ਵਾਮੀ ਕਰਤਾਰ. ਜਗਤਪਤਿ ਵਾਹਗੁਰੂ. "ਹਰਿ ਜਪਿਓ ਜਗੰਨਥਈ." (ਕਲਿ ਮਃ ੪) "ਜਗੰਨਾਥ ਸਭ ਜੰਤ੍ਰ ਉਪਾਏ." (ਨਟ ਅਃ ਮਃ ੪) "ਜਗੰਨਾਥੁ ਜਗਦੀਸੁ ਜਪਾਇਆ." (ਵਾਰ ਵਡ ਮਃ ੩) ੨. ਵਿਸਨੁ ਅਥਵਾ ਕ੍ਰਿਸਨ ਜੀ ਦੀ ਇੱਕ ਖ਼ਾਸ ਮੂਰਤਿ ਦਾ ਨਾਮ ਜਗੰਨਾਥ ਹੈ, ਜੋ ਬੰਗਾਲ ਅਤੇ ਹਿੰਦੁਸਤਾਨ ਦੇ ਕਈ ਹੋਰ ਦੇਸ਼ਾਂ ਵਿੱਚ ਪੂਜੀ ਜਾਂਦੀ ਹੈ, ਪਰ ਉੜੀਸੇ ਵਿੱਚ ਕਟਕ ਦੇ ਜਿਲੇ ਸਮੁੰਦਰ ਦੇ ਕਿਨਾਰੇ "ਪੁਰੀ" ਵਿੱਚ ਇਸ ਦੀ ਬਹੁਤ ਹੀ ਮਾਨਤਾ ਹੈ. ਕਈ ਯਾਤ੍ਰੀ ਬਾਹਰਲੇ ਦੇਸ਼ਾਂ ਤੋਂ ਓਥੇ ਜਾਂਦੇ ਹਨ. ਵਿਸ਼ੇਸਕਰਕੇ ਇਹ ਲੋਕ ਰਥਯਾਤ੍ਰਾ ਦੇ ਦਿਨਾਂ ਵਿੱਚ ਬਹੁਤ ਜਮਾ ਹੁੰਦੇ ਹਨ, ਜੋ ਹਾੜ ਸੁਦੀ ੨. ਨੂੰ ਮਨਾਈ ਜਾਂਦੀ ਹੈ. ਇਸ ਸਮੇਂ ਜਗੰਨਾਥ (ਕ੍ਰਿਸਨ ਜੀ) ਦੀ ਮੂਰਤਿ ਨੂੰ ਰਥ ਵਿੱਚ ਬੈਠਾਉਂਦੇ ਹਨ, ਜੋ ੧੬. ਪਹੀਏ ਦਾ ੪੮ ਫੁਟ ਉੱਚਾ ਹੈ. ਭਗਤ ਲੋਕ ਏਸ ਰਥ ਨੂੰ ਖਿੱਚਦੇ ਹਨ. ਜਗੰਨਾਥ ਦੇ ਰਥਨਾਲ ਦੋ ਰਥ ਹੋਰ ਹੁੰਦੇ ਹਨ. ਬਲਰਾਮ ਦਾ ਚੌਦਾਂ ਪਹੀਏ ਦਾ ੪੪ ਫੁਟ ਉੱਚਾ, ਭਦ੍ਰਾ ਦਾ ੧੨. ਪਹੀਏ ਦਾ ੪੩ ਫੁਟ ਉੱਚਾ. ਇਨ੍ਹਾਂ ਵਿੱਚ ਦੋਹਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ. ਪੁਰਾਣੇ ਸਮੇਂ ਬਹੁਤ ਲੋਕ ਰਥ ਦੇ ਪਹੀਏ ਹੇਠ ਆਕੇ ਮਰਣ ਤੋਂ ਮੁਕਤਿ ਹੋਣੀ ਮੰਨਕੇ ਪ੍ਰਾਣ ਤ੍ਯਾਗਦੇ ਸਨ.#ਸਕੰਦਪੁਰਾਣ ਵਿੱਚ ਜਗੰਨਾਥ ਦੀ ਬਾਬਤ ਇੱਕ ਅਣੋਖੀ ਕਥਾ ਹੈ ਕਿ ਜਦ ਕ੍ਰਿਸਨ ਜੀ ਨੂੰ ਸ਼ਿਕਾਰੀ "ਜਰ" ਨੇ ਮਾਰ ਦਿੱਤਾ, ਤਾਂ ਉਨ੍ਹਾਂ ਦਾ ਸ਼ਰੀਰ ਇੱਕ ਬਿਰਛ ਦੇ ਥੱਲੇ ਹੀ ਪਿਆ ਪਿਆ ਸੜਗਿਆ, ਪਰ ਕੁਝ ਕਾਲ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇੱਕ ਸੰਦੂਕ ਵਿੱਚ ਪਾ ਕੇ ਰੱਖ ਦਿੱਤਾ. ਉੜੀਸੇ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸਨੁ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁਤ ਬਣਾਕੇ ਉਹ ਅਸਥੀਆਂ ਉਸ ਵਿੱਚ ਸ੍ਥਾਪਨ ਕਰੇ. ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨਕੇ, ਵਿਸ਼੍ਵਕਰਮਾ ਦੇਵਤਿਆਂ ਦਾ ਮਿਸਤਰੀ, ਬੁਤ ਬਣਾਉਣ ਲਗ ਪਿਆ, ਪਰ ਰਾਜੇ ਨਾਲ ਇਹ ਸ਼ਰਤ਼ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤਿ ਨੂੰ ਮੁਕੰਮਲ (ਪੂਰਣ) ਹੋਈ ਬਿਨਾ ਪਹਿਲਾਂ ਹੀ ਦੇਖ ਲਵੇਗਾ, ਤਦ ਮੈਂ ਕੰਮ ਓਥੇ ਦਾ ਓਥੇ ਹੀ ਛੱਡ ਦੇਵਾਂਗਾ. ਪੰਦਰਾਂ ਦਿਨਾਂ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼੍ਵਕਰਮਾ ਪਾਸ ਜਾ ਪੁੱਜਾ. ਵਿਸ਼੍ਵਕਰਮਾ ਨੇ ਗੁੱਸੇ ਵਿੱਚ ਆ ਕੇ ਕੰਮ ਛੱਡ ਦਿੱਤਾ ਅਤੇ ਜਗੰਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ. ਰਾਜਾ ਇੰਦ੍ਰਦੁ੍ਯਮਨ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਕਿ ਉਸ ਬੁੱਤ ਨੂੰ ਅੱਖਾਂ ਅਤੇ ਆਤਮਾ ਬਖ਼ਸ਼ਕੇ ਆਪਣੇ ਹੱਥੀਂ ਪ੍ਰਤਿਸ੍ਠਾ ਕਰਕੇ ਜਗਤਮਾਨ੍ਯ ਥਾਪਿਆ.#ਇਤਿਹਾਸ ਤੋਂ ਸਿੱਧ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਵਾਇਆ ਹੈ, ਜੋ ਸਨ ੧੦੭੬ ਤੋਂ ਸਨ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ.#ਇਸ ਮੰਦਿਰ ਦਾ ਬਾਹਰ ਦਾ ਹਾਤਾ ੬੬੫ ਫੁਟ ਲੰਮਾ ੬੪੪ ਫੁਟ ਚੌੜਾ ਹੈ. ਚਾਰਦੀਵਾਰੀ ੨੪ ਫੁਟ ਦੀ ਉੱਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੀਕ ੧੯੨ ਫੁਟ ਹੈ. ਸਿਰ ਪੁਰ ਵਿਸਨੁ ਦਾ ਚਿੰਨ੍ਹ ਚਕ੍ਰ ਵਿਰਾਜਦਾ ਹੈ. ਇਸ ਮੰਦਿਰ ਤੇ ਬਹੁਤ ਮੂਰਤੀਆਂ ਨਿਰਲੱਜਤਾ ਦਾ ਨਮੂਨਾ ਹਨ, ਇਸ ਲਈ ਵਿਦ੍ਵਾਨ ਖ਼ਿਆਲ ਕਰਦੇ ਹਨ ਕਿ ਇਹ ਅਸਥਾਨ ਵਾਮਮਾਰਗੀਆਂ ਦਾ ਸੀ, ਜਿਸ ਨੂੰ ਵੈਸਨਵਾਂ ਨੇ ਆਪਣੇ ਕ਼ਬਜੇ ਕਰ ਲਿਆ ਹੈ.¹#ਜਗੰਨਾਥ ਦੇ ਭੰਡਾਰੇ ਦਾ "ਮਹਾਪ੍ਰਸਾਦ" ਯਾਤ੍ਰੀ ਲੋਕ ਬਿਨਾ ਚਾਰ ਵਰਣ ਦਾ ਵਿਚਾਰ ਕੀਤੇ ਛੂਤ ਛਾਤ ਤ੍ਯਾਗਕੇ ਲੈਂਦੇ ਹਨ.#ਇਸ ਥਾਂ ਸ਼੍ਰੀ ਗੁਰੂ ਨਾਨਕਦੇਵ ਸੰਮਤ ੧੫੬੬ ਵਿੱਚ ਸ਼ੁਭ ਉਪਦੇਸ਼ ਦੇਣ ਲਈ ਗਏ ਸਨ. "ਗਗਨਮੈ ਥਾਲ" ਧਨਾਸਰੀ ਦਾ ਸ਼ਬਦ ਇਸੇ ਥਾਂ ਉਚਰਿਆ ਹੈ. ਸਤਿਗੁਰੂ ਕੀ ਕ੍ਰਿਪਾ ਨਾਲ ਕਲਿਯੁਗ ਪੰਡਾ ਆਦਿ ਅਨੇਕ ਪਾਖੰਡੀ ਅਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ. ਗੁਰੂ ਸਾਹਿਬ ਜਿੱਥੇ ਟਿਕੇ ਸਨ ਉਸ ਜਗਾ ਦਾ ਨਾਮ "ਮੰਗੁਮਟ" ਹੈ, ਅਤੇ ਇੱਕ ਬਾਵਲੀ ਗੁਰੂ ਸਾਹਿਬ ਦੇ ਨਾਮ ਦੀ ਹੈ, ਜਿਸ ਦਾ ਜਲ ਮਿੱਠਾ ਹੈ, ਇਸ ਗੁਰਦੁਆਰੇ ਦੀ ਸੇਵਾ ਉਦਾਸੀ ਸਾਧੂ ਕਰਦੇ ਹਨ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਸੰਗ੍ਯਾ- ਕੇਕਯ ਦੇ ਰਾਜਾ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀਆਂ ਅੱਠਾਂ ਰਾਣੀਆਂ ਵਿੱਚੋਂ ਇੱਕ ਰਾਣੀ, ਜਿਸ ਦੀ ਮੂਰਤਿ ਜਗੰਨਾਥ ਦੇ ਮੰਦਿਰ ਵਿੱਚ ਹੈ. ਇਸ ਦੇ ਉਦਰ ਤੋਂ ਸੰਗ੍ਰਾਮਜਿਤ, ਵ੍ਰਿਹਤਸੇਨ. ਸ਼ੂਰ, ਪ੍ਰਹਰਣ, ਅਰਿਜਿਤ, ਜਯ, ਸੁਭਦ੍ਰ, ਰਾਮ, ਆਯੁ ਅਤੇ ਸਤ੍ਯ ਕ੍ਰਿਸਨ ਜੀ ਦੇ ਪੁਤ੍ਰ ਹੋਏ। ਕਈ ਅਞਾਣ ਲੇਖਕਾਂ ਨੇ ਜਗੰਨਾਥ ਵਿੱਚ ਸੁਭਦ੍ਰਾ ਕ੍ਰਿਸਨ ਜੀ ਦੀ ਭੈਣ ਲਿਖੀ ਹੈ, ਕਿਉਂਕਿ ਭਦ੍ਰਾ ਨਾਮ ਸੁਭਾ ਦਾ ਭੀ ਹੈ। ੨. ਆਕਾਸ਼ਗੰਗਾ. ਮੰਦਾਕਿਨੀ। ੩. ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥੀ¹ ੪. ਗਊ। ੫. ਦੁਰਗਾ। ੬. ਪ੍ਰਿਥਿਵੀ। ੭. ਜ੍ਯੋਤਿਸ ਅਨੁਸਾਰ ਸੱਤਵਾਂ ਕਰਣ. "ਥਿਤਿ ਵਾਰ ਭਦ੍ਰਾ ਭਰਮ." (ਭਾਗੁ) ੮. ਕਾਮਰੂਪ ਦੀ ਇੱਕ ਨਦੀ। ੯. ਹਰੀ ਦੁੱਬ (ਦੂਰ੍ਵਾ)...