ropara, roparhaरोपर, रोपड़
ਰੂਪਨਗਰ. ਰੂਪਚੰਦ ਰਾਜਪੂਤ ਦਾ ਵਸਾਇਆ ਨਗਰ, ਜੋ ਜਿਲਾ ਅੰਬਾਲਾ ਵਿੱਚ ਦਰਿਆ ਸਤਲੁਜ (ਸ਼ਤਦ੍ਰਵ) ਦੇ ਕਿਨਾਰੇ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕੁਰੁਛੇਤ੍ਰ ਨੂੰ ਜਾਂਦੇ ਹੋਏ ਇੱਥੇ ਵਿਰਾਜੇ ਹਨ. ਸਰਦਾਰ ਹਰੀਸਿੰਘ ਰਈਸ ਸਿਆਲਬਾ ਨੇ ਇਸ ਨੂੰ ਸਨ ੧੭੬੩ ਵਿੱਚ ਜਿੱਤਕੇ ਆਪਣੇ ਕਬਜੇ ਕੀਤਾ. ਹਰੀਸਿੰਘ ਦੇ ਪੁਤ੍ਰ ਚੜ੍ਹਤਸਿੰਘ ਨੇ ਰੋਪੜ ਨੂੰ ਆਪਣੀ ਰਿਆਸਤ ਦਾ ਮੁੱਖਨਗਰ ਬਣਾਇਆ. ਸਨ ੧੮੩੧ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਬੈਂਟਿੰਕ ਦੀ ਧੂਮ ਧਾਮ ਨਾਲ ਮੁਲਾਕਾਤ ਹੋਈ ਸੀ. ਸਨ ੧੮੪੬ ਵਿੱਚ ਰੋਪੜ ਅੰਗ੍ਰੇਜੀ ਰਾਜ ਵਿੱਚ ਮਿਲਿਆ.#ਰੋਪੜ ਤੋਂ ਸਰਹਿੰਦ ਕਨਾਲ ਦਰਿਆ ਸਤਲੁਜ ਵਿੱਚੋਂ ਕੱਢੀ ਗਈ ਹੈ, ਜੋ ਫੂਲਕੀ ਰਿਆਸਤਾਂ ਅਤੇ ਫਿਰੋਜਪੁਰ ਆਦਿ ਜਿਲਿਆਂ ਦੀ ਜਮੀਨ ਨੂੰ ਸੈਰਾਬ ਕਰਦੀ ਹੈ. ਹੁਣ ਰੋਪੜ ਤਕ ਰੇਲ ਭੀ ਬਣ ਗਈ ਹੈ, ਜਿਸ ਦਾ ਜੱਕਸ਼ਨ ਸਰਹਿੰਦ ਹੈ. ਸਰਹਿੰਦ ਤੋਂ ਰੋਪੜ ੩੦ ਮੀਲ ਹੈ.
रूपनगर. रूपचंद राजपूत दा वसाइआ नगर, जो जिला अंबाला विॱच दरिआ सतलुज (शतद्रव) दे किनारे है. श्री गुरू गोबिंदसिंघ साहिब कुरुछेत्र नूंजांदे होए इॱथे विराजे हन. सरदार हरीसिंघ रईस सिआलबा ने इस नूं सन १७६३ विॱच जिॱतके आपणे कबजे कीता. हरीसिंघ दे पुत्र चड़्हतसिंघ ने रोपड़ नूं आपणी रिआसत दा मुॱखनगर बणाइआ. सन १८३१ विॱच इॱथे महाराजा रणजीत सिंघ अते लारड बैंटिंक दी धूम धाम नाल मुलाकात होई सी. सन १८४६ विॱच रोपड़ अंग्रेजी राज विॱच मिलिआ.#रोपड़ तों सरहिंद कनाल दरिआ सतलुज विॱचों कॱढी गई है, जो फूलकी रिआसतां अते फिरोजपुर आदि जिलिआं दी जमीन नूं सैराब करदी है. हुण रोपड़ तक रेल भी बण गई है, जिस दा जॱकशन सरहिंद है. सरहिंद तों रोपड़ ३० मील है.
ਦੇਖੋ, ਰੋਪਰ (ਰੋਪੜ)...
ਸਰਹਿੰਦ ਨਿਵਾਸੀ ਸ਼ਾਹੂਕਾਰ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਉਪਕਾਰੀ ਹੋਇਆ। ੨. ਦੇਖੋ, ਰੂਪਚੰਦ ਭਾਈ....
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਸੰ. ਆਮ੍ਰਾਲਯ. ਸੰਗ੍ਯਾ- ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪੰਜਾਬ ਦੀ ਕਮਿਸ਼ਨਰੀ ਅਤੇ ਜਿਲੇ ਦਾ ਪ੍ਰਧਾਨ ਅਸਥਾਨ ਹੈ, ਅਤੇ ਛਾਵਨੀ ਭੀ ਹੈ. ਕਾਲਕਾ ਸ਼ਿਮਲਾ ਨੂੰ ਰੇਲ ਇਸੇ ਥਾਂ ਤੋਂ ਜਾਂਦੀ ਹੈ. ਇਸ ਨਗਰ ਵਿੱਚ ਇਹ ਗੁਰੁਦ੍ਵਾਰੇ ਹਨ-#(੧) ਸ਼ਹਿਰ ਤੋਂ ਵਾਯਵੀ ਕੋਣ ਲੱਭੂ ਵਾਲੇ ਤਲਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ.#ਗੁਰੁਦ੍ਵਾਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ. ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਹੁਣ ਗੁਰੁਦ੍ਵਾਰੇ ਨਾਲ ਹੀ ਇੱਕ ਜ਼ਮੀਨ ਦਾ ਟੁਕੜਾ ਸਰਦਾਰ ਗੁਰੁਬਖ਼ਸ਼ ਸਿੰਘ ਜੀ ਨੇ ਦਿੱਤਾ ਹੈ. ਲੰਗਰ ਦਾ ਪ੍ਰਬੰਧ ਇਲਾਕੇ ਦੇ ਸਿੰਘਾਂ ਵੱਲੋਂ ਹੈ. ੧੦. ਸੱਜਣਾਂ ਦੇ ਰਹਿਣ ਦਾ ਪ੍ਰਬੰਧ ਭੀ ਹੋ ਸਕਦਾ ਹੈ. ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਈਸ਼ਾਨ ਕੋਣ ਅੱਧ ਮੀਲ ਦੇ ਕਰੀਬ ਹੈ.#(੨) ਸ਼ਹਿਰ ਵਿੱਚ ਘੁਮਾਰਾਂ ਦੇ ਮਹੱਲੇ ਪਾਸ ਧੂਮੀ ਗੁੱਜਰ ਦੇ ਮਹੱਲੇ ਅੰਦਰ ਭਾਈ ਸੁੰਦਰ ਸਿੰਘ ਪੁਜਾਰੀ ਦੇ ਘਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਛੱਤ ਅੰਦਰ ਮੰਜੀ ਸਾਹਿਬ ਹੈ. ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲਖਨੌਰ ਤੋਂ ਗੁਰੂ ਜੀ ਸੈਰ ਕਰਨ ਆਏ ਇੱਥੇ ੩. ਦਿਨ ਰਹੇ. ਇਹ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ਅੱਧ ਮੀਲ ਹੈ.#(੩) ਸ਼ਹਿਰ ਤੋਂ ਨੈਰਤ ਕੋਣ ਵੱਡੀਆਂ ਕਚਹਿਰੀਆਂ ਦੇ ਪਾਸ ਦੱਖਣ ਦੇ ਪਾਸੇ ਖੇਤਾਂ ਵਿੱਚ ਮੰਜੀ ਸਾਹਿਬ ਨਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਠਹਿਰੇ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਢਹਿ ਰਿਹਾ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਦੇ ਕ਼ਰੀਬ ਹੈ.#(੪) ਦਰਵਾਜ਼ਾ ਸਪਾਟੂ ਤੋਂ ਬਾਹਰ ਗਊਸ਼ਾਲਾ ਦੇ ਬਰਾਬਰ ਸ਼੍ਰੀ ਗੁਰੂ ਹਰਿਕ੍ਰਿਸਨ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਿੱਲੀ ਜਾਂਦੇ ਠਹਿਰੇ. ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਨਾਲ ੧੦. ਵਿੱਘੇ ਜ਼ਮੀਨ ਭੀ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ੧. ਮੀਲ ਦੇ ਕ਼ਰੀਬ ਪੱਕੀ ਸੜਕ ਹੈ.#(੫) ਸ਼ਹਿਰ ਦੇ ਪੂਰਵ ਕੈਂਥਮਾਜਰੀ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲਈ ਜਾਂਦਾ ਸਿੱਖ ਕੁਝ ਸਮਾਂ ਇੱਥੇ ਠਹਿਰਿਆ ਸੀ. ਹੁਣ ਇੱਥੇ ਸੋਹਣਾ ਗੁਰੁਦ੍ਵਾਰਾ ਬਣ ਗਿਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਵੱਲ ਕਰੀਬ ਇੱਕ ਮੀਲ ਹੈ....
ਦੇਖੋ, ਦਰਯਾ....
ਦੇਖੋ, ਸਤਦ੍ਰਵ....
ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ. ਸ਼ਤਦ੍ਰੁ. ਸਤਲੁਜ. ਪੁਰਾਣਕਥਾ ਹੈ ਕਿ ਵਸਿਸ੍ਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿੱਚ ਡੁੱਬਕੇ ਮਰਨ ਲੱਗਾ ਸੀ. ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋ ਬਚਾ ਲੀਤਾ. ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਦੇ ਪਾਸ ਦੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ ਆਨੰਦਪੁਰ ਰੋਪੜ ਫਿਰੋਜਪੁਰ ਆਦਿਕ ਥਾਈਂ ੯੦੦ ਮੀਲ ਵਹਿੰਦਾ ਹੋਇਆ ਮੁਜੱਫਰਗੜ੍ਹ ਜਿਲੇ ਵਿੱਚ ਸਿੰਧ ਨਾਲ ਜਾ ਮਿਲਦਾ ਹੈ. "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ)#ਮਹਾਰਾਜ ਰਣਜੀਤ ਸਿੰਘ ਅਤੇ ਅੰਗ੍ਰੇਜਾਂ ਦੇ ਰਾਜ ਦੀ ਹੱਦ ਸਤਲੁਜ ਸੀ. ਸਨ ੧੮੮੨ ਵਿੱਚ ਇਸ ਦਰਿਆ ਤੋਂ ਲਾਰਡ ਰਿਪਨ ਦੀ ਅਮਲਦਾਰੀ ਵਿੱਚ ਰੋਪੜ ਦੇ ਮੁਕਾਮੋਂ ਭਾਰੀ ਨਹਿਰ ਖੋਲ੍ਹੀ ਗਈ ਹੈ, ਜੋ ਮਾਲਵੇ ਨੂੰ ਸੈਰਾਬ ਕਰਦੀ ਹੈ. ਇਸ ਨਹਿਰ ਤੇ ਦੋ ਕ੍ਰੋੜ ਅੱਠਤਰ ਲੱਖ ਰੁਪਯਾ ਅੰਗ੍ਰੇਜੀ ਸਰਕਾਰ ਦਾ ਅਤੇ ਇੱਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖਰਚ ਹੋਇਆ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਕੁਰੁਕ੍ਸ਼ੇਤ੍ਰ....
ਕ੍ਰਿ. ਵਿ- ਇਸ ਥਾਂ. ਯਹਾਂ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਰੂਪਨਗਰ. ਰੂਪਚੰਦ ਰਾਜਪੂਤ ਦਾ ਵਸਾਇਆ ਨਗਰ, ਜੋ ਜਿਲਾ ਅੰਬਾਲਾ ਵਿੱਚ ਦਰਿਆ ਸਤਲੁਜ (ਸ਼ਤਦ੍ਰਵ) ਦੇ ਕਿਨਾਰੇ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਕੁਰੁਛੇਤ੍ਰ ਨੂੰ ਜਾਂਦੇ ਹੋਏ ਇੱਥੇ ਵਿਰਾਜੇ ਹਨ. ਸਰਦਾਰ ਹਰੀਸਿੰਘ ਰਈਸ ਸਿਆਲਬਾ ਨੇ ਇਸ ਨੂੰ ਸਨ ੧੭੬੩ ਵਿੱਚ ਜਿੱਤਕੇ ਆਪਣੇ ਕਬਜੇ ਕੀਤਾ. ਹਰੀਸਿੰਘ ਦੇ ਪੁਤ੍ਰ ਚੜ੍ਹਤਸਿੰਘ ਨੇ ਰੋਪੜ ਨੂੰ ਆਪਣੀ ਰਿਆਸਤ ਦਾ ਮੁੱਖਨਗਰ ਬਣਾਇਆ. ਸਨ ੧੮੩੧ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਬੈਂਟਿੰਕ ਦੀ ਧੂਮ ਧਾਮ ਨਾਲ ਮੁਲਾਕਾਤ ਹੋਈ ਸੀ. ਸਨ ੧੮੪੬ ਵਿੱਚ ਰੋਪੜ ਅੰਗ੍ਰੇਜੀ ਰਾਜ ਵਿੱਚ ਮਿਲਿਆ.#ਰੋਪੜ ਤੋਂ ਸਰਹਿੰਦ ਕਨਾਲ ਦਰਿਆ ਸਤਲੁਜ ਵਿੱਚੋਂ ਕੱਢੀ ਗਈ ਹੈ, ਜੋ ਫੂਲਕੀ ਰਿਆਸਤਾਂ ਅਤੇ ਫਿਰੋਜਪੁਰ ਆਦਿ ਜਿਲਿਆਂ ਦੀ ਜਮੀਨ ਨੂੰ ਸੈਰਾਬ ਕਰਦੀ ਹੈ. ਹੁਣ ਰੋਪੜ ਤਕ ਰੇਲ ਭੀ ਬਣ ਗਈ ਹੈ, ਜਿਸ ਦਾ ਜੱਕਸ਼ਨ ਸਰਹਿੰਦ ਹੈ. ਸਰਹਿੰਦ ਤੋਂ ਰੋਪੜ ੩੦ ਮੀਲ ਹੈ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਦੇਖੋ, ਮਹਾਰਾਜ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
Lord William Cavendish Bentinck ਇਹ ਪਹਿਲਾਂ ਮਦਰਾਸ ਦਾ ਗਵਰਨਰ ਸੀ. ਫੇਰ ਜੁਲਾਈ ੧੮੨੮ ਤੋਂ ਮਾਰਚ ੧੮੩੫ ਤਕ ਭਾਰਤ ਦਾ ਗਵਰਨਰ ਜਨਰਲ ਰਿਹਾ. ਇਸ ਨੇ ੧੮੨੯ ਵਿੱਚ ਸਤੀ ਹੋਣ ਦੀ ਰਸਮ ਹੁਕਮਨ ਬੰਦ ਕੀਤੀ.#ਬੈਂਟਿਂਕ ਦੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ੨੫ ਅਕਤੂਬਰ ਸਨ ੧੮੩੧ ਨੂੰ ਮੁਲਾਕਾਤ ਹੋਈ ਸੀ. ਇਸ ਦਾ ਦੇਹਾਂਤ ਸਨ ੧੮੩੯ ਵਿੱਚ ਹੋਇਆ ਹੈ....
ਸੰਗ੍ਯਾ- ਊਧਮ. ਸ਼ੌਰ. ਹੱਲਾ. ਕੋਲਾਹਲ। ੨. ਸ਼ੁਹਰਤ. ਪ੍ਰਸਿੱਧੀ, ਜੋ ਧੂਏਂ ਵਾਂਙ ਫੈਲ ਜਾਂਦੀ ਹੈ. "ਤਿਸ ਕੀ ਧੂਮ ਪ੍ਰਗਟ ਭੀ ਸਾਰੇ." (ਨਾਪ੍ਰ) ੩. ਸੰ. ਧੂਆਂ. "ਧੂਮ ਅਧੋਮੁਖ ਥੂਮਹੀਂ. (ਨਰਸਿੰਘਾਵ) ਮੂਧੇ ਮੂੰਹ ਲਟਕਕੇ ਧੂੰਆਂ ਪੀਂਦੇ ਹਨ। ੪. ਧੂਨੀ. ਧੂਣੀ. "ਧੂਮ ਡਰੈਂ ਤਿਹ ਕੇ ਗ੍ਰਿਹ ਸਾਮੁਹਿ." (ਕ੍ਰਿਸਨਾਵ) ਉਸ ਦੇ ਘਰ ਅੱਗੇ ਧੂਣੀ ਡਾਲੇਂਗੀ (ਪਾਵਾਂਗੀਆਂ). ੫. ਧੂਮ੍ਰਨੈਨ ਦਾ ਸੰਖੇਪ. "ਧੂਮ ਧੁਕਾਰਣ ਦਰਪ ਮੱਥੇ." (ਅਕਾਲ)...
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
[مُلاقات] ਸੰਗ੍ਯਾ- ਲਕ਼ੀ (ਮਿਲਾਪ) ਦਾ ਭਾਵ. ਮੇਲ. ਭੇਂਟ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਵਜ਼ੀਰ ਖ਼ਾਂ ਸੂਬੇ ਨੇ ਇਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਕਰਕੇ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.#ਬੰਦਾ ਬਹਾਦੁਰ ਨੇ ੧. ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜ਼ੀਰ ਖ਼ਾਂ ਨੂੰ ਮਾਰਿਆ.¹ ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ "ਗੁਰੁਮਾਰੀ" ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇ ਗੜ੍ਹ.#ਸਰਹਿੰਦ ਵਿੱਚ ਇਹ ਗੁਰੁਦ੍ਵਵਾਰੇ ਹਨ-#੧. ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.#੨. ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.#੩. ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਥੇ ਸ਼ਹੀਦ ਹੋਇਆ.#੪. ਜੋਤੀਸਰੂਪ. ਜਿਸਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.#੫. ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.#੬. ਫਤੇਗੜ੍ਹ. ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖ ਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩. ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਿਹੰਦ ਤੋਂ ਕਰੀਬ ਡੇਢ ਮੀਲ ਹੈ.#੭. ਮਾਤਾ ਗੂਜਰੀ ਜੀ ਦਾ ਬੁਰਜ, ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.#੮. ਵਿਮਾਨ ਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ....
ਪ੍ਰਿਥਿਵੀ ਦੀ ਇੱਕ ਮਿਣਤੀ. ਘੁਮਾਉਂ ਦਾ ਅੱਠਵਾਂ ਹਿੱਸਾ....
ਵਿ- ਕੰਠ (ਕਿਨਾਰੇ) ਨਾਲ ਸੰਬੰਧਿਤ। ੨. ਸੰਗ੍ਯਾ- ਕੰਠ ਪਹਿਰਨ ਦਾ ਇੱਕ ਇਸਤ੍ਰੀਆਂ ਦਾ ਭੂਸਣ। ੩. ਪਹਾੜ ਦੀ ਜੜ. ਦਾਮਨੇਕੋਹ। ੪. ਦਰਿਆ ਦੇ ਕਿਨਾਰੇ ਦੀ ਜ਼ਮੀਨ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਅੰ. Rail. ਸਰੀ. ਧਾਤੁ ਦੀ ਲੀਕ।#੨. ਹਿੰਦੁਸਤਾਨੀ ਵਿੱਚ ਰੇਲ (ਲੀਕ) ਤੇ ਚਲਣ ਵਾਲੀ ਗੱਡੀ ਅਤੇ ਟ੍ਰੇਨ ਦਾ ਨਾਉਂ ਭੀ ਰੇਲ ਹੈ. ਦੇਖੋ, ਰੇਲ ਗੱਡੀ ਅਤੇ ਰੇਲਵੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...