māhīमाही
ਕ੍ਰਿ. ਵਿ- ਮੇ. ਅੰਦਰ. "ਪ੍ਰੀਤਮ ਜਾਨਿਲੇਹੁ ਮਨ ਮਾਹੀ." (ਸੋਰ ਮਃ ੯) ੨. ਸੰਗ੍ਯਾ- ਮਾਹਿਸੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। ੩. ਰਾਂਝਾ, ਜੋ ਮਹੀਆਂ ਚਰਾਇਆ ਕਰਦਾ ਸੀ। ੪. ਪਿਆਰਾ. ਪ੍ਰੇਮੀ. ਮਿਤ੍ਰ- ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਜੱਟਾਂ ਦੀ ਇੱਕ ਜਾਤਿ। ੬. ਫ਼ਾ. [ماہی] ਮੱਛੀ.
क्रि. वि- मे. अंदर. "प्रीतम जानिलेहु मन माही." (सोर मः ९) २. संग्या- माहिसी (मैंह) चराउण वाला. मॱझां दा पाली। ३. रांझा, जो महीआं चराइआ करदा सी। ४. पिआरा. प्रेमी. मित्र- हीर रांझे नूं माही नाम तों पुकरादी सी, इस करके पिआरे अरथ विॱच माही शबद वरतिआ गिआ है. "सुणकै सॱद माही दा मेही पाणी घाहमुतोने." (दसमग्रंथ) ५. जॱटां दी इॱक जाति। ६. फ़ा. [ماہی] मॱछी.
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਦੇਖੋ, ਪ੍ਰਿਯਤਮ. "ਪ੍ਰੀਤਮ, ਜਾਨਿਲੇਹੁ ਮਨ ਮਾਹੀ." (ਸੋਰ ਮਃ ੯) "ਪ੍ਰੀਤਮ ਮੋਹਿ ਲਾਗੈ ਨਾਉ." (ਆਸਾ ਮਃ ੫)...
ਕ੍ਰਿ. ਵਿ- ਮੇ. ਅੰਦਰ. "ਪ੍ਰੀਤਮ ਜਾਨਿਲੇਹੁ ਮਨ ਮਾਹੀ." (ਸੋਰ ਮਃ ੯) ੨. ਸੰਗ੍ਯਾ- ਮਾਹਿਸੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। ੩. ਰਾਂਝਾ, ਜੋ ਮਹੀਆਂ ਚਰਾਇਆ ਕਰਦਾ ਸੀ। ੪. ਪਿਆਰਾ. ਪ੍ਰੇਮੀ. ਮਿਤ੍ਰ- ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਜੱਟਾਂ ਦੀ ਇੱਕ ਜਾਤਿ। ੬. ਫ਼ਾ. [ماہی] ਮੱਛੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮਹਿਸੀ. ਭੈਂਸ. ਮੱਝ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਪਾਲਨ ਕੀਤੀ. "ਅਨਿਕ ਜਤਨ ਕਰਿ ਕਾਇਆ ਪਾਲੀ." (ਗਉ ਕਬੀਰ) ੨. ਕ੍ਰਿ. ਵਿ- ਪੱਲੇ. ਲੜ. "ਲਾਵੈ ਆਪਨ ਪਾਲੀ." (ਧਨਾ ਮਃ ੪) ਆਪਣੇ ਲੜ ਲਾਵੈ। ੩. ਸੰਗ੍ਯਾ- ਮਗਧ ਦੇਸ਼ ਦੀ ਪੁਰਾਣੀ ਪ੍ਰਾਕ੍ਰਿਤ ਭਾਸਾ, ਜਿਸ ਦਾ ਜਨਮ ਸੰਸਕ੍ਰਿਤ ਤੋਂ ਹੋਇਆ, ਇਸ ਦਾ ਪ੍ਰਚਾਰ ਹੋਣ ਲੰਕਾ Ceylon ਵਿੱਚ ਕੁਝ ਪਾਇਆ ਜਾਂਦਾ ਹੈ. ਬੌੱਧ ਧਰਮ ਦੇ ਬਹੁਤ ਗ੍ਰੰਥ ਇਸ ਭਾਸਾ ਵਿੱਚ ਲਿਖੇ ਹੋਏ ਹਨ. ਪਾਲੀ ਦਾ ਕੋਸ਼ R. C. Chilzers ਦਾ ਬਣਾਇਆ ਉੱਤਮ ਹੈ। ੪. ਸੰ. पालिन ਵਿ- ਪਾਲਨ ਕਰਤਾ. ਪਰਵਰਿਸ਼ ਕਰਨ ਵਾਲਾ। ੫. ਸੰਗ੍ਯਾ- ਪਸ਼ੂਆਂ ਦਾ ਰਾਖਾ....
ਚਨਾਬ (ਚੰਦ੍ਰਭਾਗਾ) ਦੇ ਕਿਨਾਰੇ ਹਜ਼ਾਰਾ ਨਗਰ ਨਿਵਾਸੀ ਮੌਜੂ (ਮਹਿਰ) ਦਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਭਾਈ ਭਰਜਾਈਆਂ ਦਾ ਤੰਗ ਕੀਤਾ. ਹੀਰ ਦੇ ਘਰ ਝੰਗ ਵਿੱਚ ਕਾਮਾ ਹੋਕੇ ਰਿਹਾ. ਇਸ ਦੀ ਸੁੰਦਰਤਾ ਸਭ ਨੂੰ ਮੋਹਿਤ ਕਰ ਲੈਂਦੀ ਸੀ, ਇਸ ਲਈ ਸੁਭਾਵਿਕ ਹੀ ਹੀਰ ਨਾਲ ਪ੍ਰੀਤਿ ਹੋ ਗਈ, ਜੋ ਅੰਤ ਤੀਕ ਨਿਭੀ.#"ਚੰਦ੍ਰਭਗਾ ਸਰਤਾ ਨਿਕਟ ਰਾਂਝਨ ਨਾਮਾ ਜਾਟ।#ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰ ਖਾਟ ॥"#(ਚਰਿਤ੍ਰ ੯੮) ਰਾਂਝੇ ਦਾ ਦੇਹਾਂਤ ਸੰਮਤ ੧੫੧੦ ਵਿੱਚ ਹੋਇਆ. ਦੇਖੋ, ਹੀਰ।¹ ੨. ਰਾਂਝਾ ਪ੍ਰੇਮ ਦੀ ਅਵਧਿ ਸੀ, ਇਸ ਕਰਕੇ ਪਿਆਰੇ ਦਾ ਨਾਮ ਰਾਂਝਾ ਪ੍ਰਸਿੱਧ ਹੋ ਗਿਆ ਹੈ। ੩. ਮੁਸਲਮਾਨ ਰਾਜਪੂਤਾਂ ਦੀ ਇੱਕ ਜਾਤਿ, ਜੋ ਰਾਂਝਨ ਭੀ ਸਦਾਉਂਦੀ ਹੈ. ਇਹ ਵਿਸ਼ੇਸ ਕਰਕੇ ਸ਼ਾਹਪੁਰ ਅਤੇ ਗੁਜਰਾਤ ਦੇ ਜਿਲੇ ਪਾਈ ਜਾਂਦੀ ਹੈ. ਰਾਂਝਾ ਭੀ ਇਸੇ ਜਾਤਿ ਦਾ ਸੀ....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.¹ ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ² ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. "ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ." (ਭਾਗੁ)#ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. "ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ." (ਚਰਿਤ੍ਰ ੯੮) ਦੇਖੋ, ਰਾਂਝਾ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.#ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ#ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,#ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ#ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,#ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ#ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,#ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ#ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ. ੩. ਸੰ. ਹੀਰਾ. ਵਜ੍ਰ. "ਗੁਰਿ ਮਿਲੀਐ ਹੀਰ ਪਰਾਖਾ." (ਜੈਤ ਮਃ ੪) ੪. ਸ਼ਿਵ। ੫. ਸ਼ੇਰ। ੬. ਅਹੀਰ (ਅਭੀਰ) ਦਾ ਸੰਖੇਪ. "ਆਏ ਸਭ ਬ੍ਰਿਜ ਹੀਰ." (ਕ੍ਰਿਸਨਾਵ) ੭. ਇੱਕ ਛੰਦ, ਜਿਸ ਦੀ 'ਹੀਰਕ' ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ #ਉਦਾਹਰਣ-#ਸਤ੍ਯ ਰਹਿਤ, ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,#ਧਰ੍ਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx (ਕਲਕੀ)#(ਅ) ਗਣ ਛੰਦ ਹੀਰ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ , , , , , .#ਉਦਾਹਰਣ-#ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,#ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx 8. ਫ਼ਾ. [ہیر] ਅਗਨੀ. ਆਤਿਸ਼....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਮਿਲਾਵੇ. ਪਾਨ ਕਰਾਵੇ। ੨. ਸੰਬੋਧਨ. ਹੇ ਪ੍ਰਿਯ "ਪਿਆਰੇ, ਇਨਬਿਧਿ ਮਿਲਣੁ ਨ ਜਾਈ." (ਸੋਰ ਅਃ ਮਃ ੫) ੩. ਪਿਆਰਾ ਦਾ ਬਹੁਵਚਨ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸੰਗ੍ਯਾ- ਮਹਿਸੀ. ਭੈਂਸ. ਮੈਂਹ. ਮੱਝ. "ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ਮਾਹੀ ਦਾ ਸੱਦ ਸੁਣਕੇ ਮੱਝਾਂ ਨੇ ਪੀਣਾ ਚਰਨਾ ਛੱਡ ਦਿੱਤਾ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)...
ਤਿਆਗਦਿੱਤਾ. ਦੇਖੋ, ਮੁਤ ੩....
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....