bhākhaभाख
ਸੰ. ਭਕ੍ਸ਼੍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ.
सं. भक्श्. खाण दी क्रिया. खानपान. "बहु जोनी दुरगंध भाखु." (मारू मः ४) "भाखिले पंचै होइ सबूरी." (भैर कबीर) पंज विकारां नूं भक्श्ण करलै। २. भासण. कथन. देखो, भास २. "कहु कबीर अखर दुइ भाखि." (गउ कबीर) ३. भासा. बोली. "भाख सुभाख विचार न छिॱक मनाइआ." (भागु) ४. भाश्य. व्याख्या. टीका सूत्रां ते कीती व्याख्या. "कहूं भाख बाचैं, कहूं कौमदीअं." (ग्यान) किते पतंजलि दा महाभाश्य पड़्हदे हन अते किते कौमुदी नूं पड़्हदे हन.
ਸੰ. भक्ष्. ਧਾ- ਖਾਣਾ. ਭਕ੍ਸ਼੍ਣ ਕਰਨਾ। ੨. ਸੰਗ੍ਯਾ- ਖਾਣ ਪੀਣ ਦਾ ਪਦਾਰਥ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਖਾਣਾ ਪੀਣਾ। ੨. ਸੰਗ੍ਯਾ- ਖਾਣ ਪੀਣ ਦੇ ਪਦਾਰਥ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਦੇਖੋ, ਜੋਨਿ. "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ." (ਭੈਰ ਮਃ ੫) ੨. ਕਾਰਣਰੂਪ. "ਜੋਨੀ ਅਕੁਲ ਨਿਰੰਜਨ ਗਾਇਆ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਦੁਰ੍ਗਧ, ਬਦਬੂ. "ਮੁਖਿ ਆਵਤ ਤਾਂਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ." (ਸੂਹੀ ਮਃ ੪) ੪. ਵਿਸੈ ਵਿਕਾਰ. "ਭਰਿ ਜੋਬਨਿ ਲਾਗਾ ਦੁਰਗੰਧ." (ਰਾਮ ਮਃ ੫)...
ਦੇਖੋ, ਭਾਖ। ੨. ਦੇਖੋ, ਭਾਸ੍ਯ। ੩. ਦੇਖੋ, ਭਕ੍ਸ਼੍ਯ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਖਾਲੈ. ਦੇਖੋ, ਭਾਖ ੧....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਫ਼ਾ. [صبوُری] ਸਬੂਰੀ. ਸੰਗ੍ਯਾ- ਸਬਰ ਦਾ ਭਾਵ. ਸੰਤੋਖ. "ਸਿਦਕ ਸਬੂਰੀ ਸਾਦਿਕਾ." (ਵਾਰ ਸ੍ਰੀ ਮਃ ੧) "ਸਿਦਕ ਸਬੂਰੀ ਸੰਤ ਨ ਮਿਲਿਓ." (ਮਾਰੂ ਅਃ ਮਃ ੫. ਅੰਜੁਲੀਆਂ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਖਾਣਾ. ਚੱਬਣਾ. ਭੋਜਨ ਕਰਨਾ. ਅਦਨ. ਜੇਂਵਣਾ....
ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)...
ਸੰ. भास्. ਧਾ- ਚਮਕਣਾ, ਦਿਖਾਈ ਦੇਣਾ। ੨. ਸੰ. भाष्- ਭਾਸ੍. ਧਾ- ਬੋਲਣਾ। ੩. ਸੰ. ਭਾਸ. ਸੰਗ੍ਯਾ- ਚਮਕ. ਪ੍ਰਕਾਸ਼। ੪. ਵਿ- ਪ੍ਰਗਟ, ਰੌਸ਼ਨ. "ਹੋਵਤ ਪੁਰਾਣ ਤੇ ਨਾਮ ਭਾਸ." (ਮਨੁਰਾਜ) ੫. ਦੇਖੋ, ਭਾਸ੍ਯ....
ਕਥਨ ਕਰ. ਬੋਲ। ੨. ਸੰਗ੍ਯਾ- ਬਾਣੀ. ਬਾਤ. ਕਥਾ "ਸੁਕ ਸੰਗ ਰਾਜੇ ਕਹੁ ਕਹੀ." (ਕ੍ਰਿਸਨਾਵ) ੩. ਦੇਖੋ, ਕਹੁਁ....
ਸੰ. ਅਕ੍ਸ਼੍ਰ. ਸੰਗ੍ਯਾ- ਵਰਣ. ਹ਼ਰਫ਼ ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. "ਅਖਰ ਕਾ ਭੇਉ ਨ ਲਹੰਤ." (ਵਾਰ ਸਾਰ ਮਃ ੧) ੨. ਵਿ- ਜੋ ਖਰਦਾ ਨਹੀਂ. ਅਵਿਨਾਸ਼ੀ। ੩. ਸੰਗ੍ਯਾ- ਪਾਰਬ੍ਰਹਮ. ਇੱਕਰਸ ਰਹਿਣ ਵਾਲਾ ਕਰਤਾਰ.¹ "ਏ ਅਖਰ ਖਿਰਿ ਜਾਂਹਿਗੇ, ਓਇ ਅਖਰ ਇਨ ਮਹਿ ਨਾਹਿ." (ਗਉ ਕਬੀਰ, ਬਾਵਨ) ੪. ਸੰਗ੍ਯਾ- ਉਪਦੇਸ਼. "ਅਖਰ ਨਾਨਕ ਅਖਿਓ ਆਪਿ." (ਵਾਰ ਮਾਝ ਮਃ ੧) ੫. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ. "ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ." (ਸ. ਫਰੀਦ) ੬. ਨਾਮਮਾਤ੍ਰ. ਓਹ ਪਦਾਰਥ ਜੋ ਸੰਗ੍ਯਾ ਰੱਖਦੇ ਹਨ. "ਦ੍ਰਿਸਟ ਮਾਨ ਅਖਰ ਹੈ ਜੇਤਾ." (ਬਾਵਨ)...
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਭਾਸਣ ਕਰਕੇ. ਆਖਕੇ। ੨. ਭਾਖਣ ਦਾ ਅਮਰ. ਕਹੁ. ਆਖ. "ਅਖਰ ਦੁਇ ਭਾਖਿ." (ਗਉ ਕਬੀਰ)...
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਸੰ. ਭਕ੍ਸ਼੍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ....
ਸੰ. ਸੁਭਾਸਾ. ਸੰਗ੍ਯਾ- ਉੱਤਮ ਬੋਲੀ। ੨. ਅਜੇਹੀ ਗੱਲ ਬਾਤ, ਜੋ ਆਸਾਨੀ ਨਾਲ ਸਮਝੀ ਜਾ ਸਕੇ. ਜਿਸ ਵਿੱਚ ਔਖੇ ਪਦ ਨਾ ਵਰਤੇ ਜਾਣ। ੩. ਸ਼ਕੁਨਸ਼ਾਸਤ੍ਰ ਅਨੁਸਾਰ ਮੰਗਲ ਜਣਾਉਣ ਵਾਲੀ ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ)...
ਦੇਖੋ, ਬਿਚਾਰ....
ਸੰ. क्षवथु ਕ੍ਸ਼੍ਵਥੁ. [عطس] ਅ਼ਤ਼ਸ. Sneezing ਸਾਧਾਰਨ ਛਿੱਕਾਂ ਮਿਰਚ ਆਦਿਕ ਦੀ ਧਾਂਸ ਨੱਕ ਵਿੱਚ ਚੜ੍ਹਨ ਤੋਸ਼, ਸੂਰਜ ਵੱਲ ਤੱਕਣ ਤੋਂ, ਨੱਕ ਵਿੱਚ ਬੱਤੀ ਆਦਿਕ ਪਾਉਣ ਤੋਂ, ਨੱਕ ਦੀ ਕਿਨਟੀਆਂ ਵਿੱਚ ਖਾਜ ਹੋਣ ਤੋਂ ਆਇਆ ਕਰਦੀਆਂ ਹਨ, ਜੋ ਹਾਨੀਕਾਰਕ ਨਹੀ. ਜੋ ਛਿੱਕਾਂ ਦਿਮਾਗ ਦੀ ਕਮਜੋਰੀ, ਪੁਰਾਣੀ ਰੇਜ਼ਿਸ਼ (ਪੀਨਸ) ਅਤੇ ਵਾਤ ਕਫ ਦੇ ਵਿਗਾੜ ਤੋਂ ਹੁੰਦੀਆਂ ਹਨ, ਉਹ ਰੋਗਰੂਪ ਮਹਾ ਦੁਖਦਾਈ ਹਨ. ਜਿਸ ਤਰਾਂ ਫੇਫੜਿਆਂ ਵਾਸਤੇ ਖਾਂਸੀ ਦੁਖਦਾਈ ਹੈ ਇਸੇ ਤਰਾਂ ਦਿਮਾਗ ਨੂੰ ਛਿੱਕਾਂ ਨੁਕਸਾਨ ਦੇਣ ਵਾਲੀਆਂ ਹਨ, ਪਰ ਉਹ ਛਿੱਕਾਂ ਦਿਮਾਗ ਲਈ ਹਾਨੀਕਾਰਕ ਨਹੀਂ ਜੋ ਨਜਲੇ ਦੇ ਖਾਰਿਜ ਕਰਨ ਵਾਸਤੇ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਹਨ.#ਛਿੱਕਾਂ ਦਾ ਸਾਧਾਰਨ ਇਲਾਜ ਇਹ ਹੈ ਕਿ- ਸਰ੍ਹੋਂ ਦੇ ਤੇਲ, ਬਦਾਮਰੌਗਨ, ਜੈਤੂਨ ਦੇ ਤੇਲ ਅਤੇ ਕੱਦੂ ਦੇ ਤੇਲ ਦੀ ਨਸਵਾਰ ਲੈਣੀ. ਮੱਥੇ ਨੂੰ ਕੋਸੇ ਪਾਣੀ ਦੇ ਛਿੱਟੇ ਮਾਰਨੇ ਅਤੇ ਸਿਰ ਤੇ ਕੱਦੂ ਦਾ ਤੇਲ ਮਲਣਾ. ਦਿਮਾਗ ਨੂੰ ਤਾਕਤ ਦੇਣ ਵਾਲੀ ਨਰਮ ਗਿਜਾ ਖਾਣੀ. ਸਿਰ ਮੱਥੇ ਨੂੰ ਠੰਢੀ ਹਵਾ ਤੋਂ ਬਚਾਉਣਾ. ਬੀਹਦਾਣਾ ਤਿੰਨ ਮਾਸ਼ੇ, ਉਨਾਬ ਪੰਜ ਦਾਣੇ, ਸਪਿਸਤਾਂ ਨੌ ਦਾਣੇ, ਪਾਣੀ ਵਿੱਚ ਉਬਾਲਕੇ ਛਾਣਕੇ ਦੋ ਤੋਲੇ ਸ਼ਰਬਤ ਬਨਫਸ਼ਾ ਅਤੇ ਇੱਕ ਤੋਲਾ ਕੱਦੂ ਦੇ ਬੀਜਾਂ ਦਾ ਸ਼ਰਬਤ ਮਿਲਾਕੇ ਪੀਣਾ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਛਿੱਕ ਦੇ ਸ਼ੁਭ ਅਸ਼ੁਭ ਅਨੇਕ ਫਲ ਲਿਖੇ ਹਨ, ਯਥਾ ਅਗਨਿ ਕੋਣ ਵਿੱਚ ਛਿੱਕ ਹੋਣ ਤੋਂ ਸ਼ੋਕ, ਦੱਖਣ ਵਿੱਚ ਨੁਕਸਾਨ, ਪੱਛਮ ਵੱਲ ਛਿੱਕ ਹੋਣ ਤੋਂ ਮਿੱਠੇ ਅੰਨ ਦਾ ਲਾਭ, ਵਾਯਵੀ ਕੋਣ ਵਿੱਚ ਅੰਨ ਦੀ ਪ੍ਰਾਪਤੀ, ਉੱਤਰ ਵਿੱਚ ਕਲਹ, ਈਸ਼ਾਨ ਕੋਣ ਵਿੱਚ ਛਿੱਕ ਹੋਣ ਤੋਂ ਮਰਨ ਹੁੰਦਾ ਹੈ, ਇਤ੍ਯਾਦਿ. ਦੇਖੋ, ਗਰੁੜ ਜ੍ਯੋਤਿਸਚਕ੍ਰ.#ਗੁਰਮਤ ਵਿੱਚ ਛਿੱਕ ਦਾ ਸ਼ੁਭ ਅਸ਼ੁਭ ਫਲ ਨਹੀਂ ਮੰਨਿਆ. "ਭਾਖ ਸੁਭਾਖ ਵਿਚਾਰ, ਨਾ ਛਿੱਕ ਮਨਾਇਆ." (ਭਾਗੁ) ਦੇਖੋ, ਅਵਾਸੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. ਭਾਸ਼੍ਯ. ਸੰਗ੍ਯਾ- ਉਹ ਟੀਕਾਰੂਪ ਗ੍ਰੰਥ, ਜਿਸ ਵਿੱਚ ਕਿਸੇ ਸੂਤ੍ਰ ਆਦਿ ਵਾਕਾਂ ਦਾ ਖੋਲ੍ਹਕੇ ਅਰਥ ਲਿਖਿਆ ਜਾਵੇ। ੨. ਵਿਸ੍ਤਾਰ ਸਹਿਤ ਕੀਤੀ ਵ੍ਯਾਖ੍ਯਾ। ੩. ਭਾਸ੍ਯ. ਪ੍ਰਕਾਸ਼ਣ ਯੋਗ੍ਯ। ੪. ਪ੍ਰਗਟ ਕਰਨ ਲਾਇਕ....
ਸੰਗ੍ਯਾ- ਵਿ- ਆਖ੍ਯਾ, ਵਿ- ਆਖ੍ਯਾਨ. ਵਰਣਨ. ਬਯਾਨ। ੨. ਟੀਕਾ. ਸ਼ਰਹ....
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਦੇਖੋ, ਗਿਆਨ....
ਕ੍ਰਿ. ਵਿ- ਕਿਸੇ ਥਾਂ। ੨. ਵਿ- ਕਿਤਨੇ। ੩. ਸਰਵ- ਕਿਸੇ....
ਸੰ. पतञ्जलि ਯੋਗਸੂਤ੍ਰ (ਪਾਤੰਜਲ ਦਰਸ਼ਨ) ਦਾ ਕਰਤਾ ਇੱਕ ਰਿਖੀ, ਜੋ ਪਤੰਜਲ ਦੀ ਕੁਲ ਵਿੱਚ ਹੋਇਆ। ੨. ਇੱਕ ਪ੍ਰਸਿੱਧ ਮੁਨਿ. ਜਿਸ ਨੇ ਵਿਆਕਰਨ ਦੇ ਪਾਣਿਨੀਯ ਸੂਤ੍ਰਾਂ ਪੁਰ ਮਹਾਭਾਸ਼੍ਯ ਲਿਖਿਆ ਹੈ, ਇਸ ਦਾ ਜਨਮ ਗੋਣਿਕਾ ਦੇ ਉਦਰ ਤੋਂ ਗੋਨਰਦ (ਗੋਂਡਾ) ਵਿੱਚ ਹੋਇਆ. ਪੰਤਜਲਿ ਦਾ ਸਮਾਂ ਸਨ ਈਸਵੀ ਤੋਂ ੧੫੦ ਵਰ੍ਹੇ ਪਹਿਲਾਂ ਅਨੁਮਾਨ ਕੀਤਾ ਗਿਆ ਹੈ. ਸੰਸਕ੍ਰਿਤ ਦੇ ਕਈ ਕਵੀਆਂ ਨੇ ਇਹ ਲਿਖਿਆ ਹੈ ਕਿ ਪਤੰਜਲਿ ਪਾਣਿਨੀ ਦੀ ਅੰਜਲਿ (ਉਂਜਲ) ਵਿੱਚ ਛੋਟੇ ਸੱਪ ਦੇ ਆਕਾਰ ਆਸਮਾਨੋਂ ਪਤਨ ਹੋਇਆ, ਇਸ ਕਾਰਣ ਨਾਮ ਪਤੰਜਲਿ ਰੱਖਿਆ ਗਿਆ ਅਰ ਇਹ ਸ਼ੇਸਨਾਗ ਦਾ ਅਵਤਾਰ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕੁਮੁਦ (ਭੰਮੂਲਾਂ) ਨੂੰ ਆਨੰਦ ਕਰਨ ਵਾਲੀ, ਚਾਂਦਨੀ. ਚਾਂਦਨੀ ਰਾਤ ਵਿੱਚ ਕੁਮੁਦ ਬਹੁਤ ਖਿੜਦੇ ਹਨ। ੨. ਕੱਤਕ ਦੀ ਪੂਰਨਮਾਸੀ। ੩. ਵ੍ਯਾਕਰਣ ਦੇ ਆਚਾਰਯ ਪਾਣਿਨਿ ਕ੍ਰਿਤ ਅਸ੍ਟਾਧ੍ਯਾਈ ਦੇ ਆਧਾਰ ਤੇ ਭੱਟੋਜਿਦੀਕ੍ਸ਼ਿਤ ਦੀ ਬਣਾਈ ਸਿੱਧਾਂਤ ਕੌਮੁਦੀ, ਜੋ ਵ੍ਯਾਕਰਣ ਦਾ ਪ੍ਰਸਿੱਧ ਗ੍ਰੰਥ ਹੈ। ੪. ਵਰਦਰਾਜ ਭੱਟ ਦੀ ਰਚੀ ਹੋਈ ਮਧ੍ਯਸਿੱਧਾਂਤ ਕੌਮੁਦੀ. ਇਸ ਦੀ ਰਚਨਾ ਸੰਮਤ ੧੨੫੦ ਵਿੱਚ ਹੋਈ ਹੈ। ੫. ਵਰਦਰਾਜ ਭੱਟ ਕ੍ਰਿਤ ਲਘੁਸਿੱਧਾਂਤ ਕੌਮੁਦੀ. ਇਸ ਕੌਮੁਦੀ ਦਾ ਪ੍ਰਚਾਰ ਪਹਿਲੀ ਦੋਹਾਂ ਨਾਲੋਂ ਜਾਦਾ ਹੈ। ੬. ਦੇਖੋ, ਗੁਰੁਕੌਮੁਦੀ। ੭. ਕੁਮੁਦ (ਰਾਜਾ) ਦੀ ਸਭਾ। ੮. ਕੁਮੁਦ (ਵਿਸਨੁ) ਦੀ ਗਦਾ ਕੌਮੋਦਕੀ....