bajīdhakhānaबजीदख़ान
[بایزدخاں] ਬਾਯਜ਼ੀਦਖ਼ਾਨ. ਇਹ ਕੁਸੂਰ ਦੇ ਖਲਫ਼ਜ਼ਈ ਪਠਾਣਾਂ ਵਿੱਚੋਂ ਸੀ. ਇਸ ਨੇ ਬਹਾਦੁਰਸ਼ਾਹ ਤੋਂ ਕੁਤਬੁੱਦੀਨ ਖਿਤਾਬ ਪਾਇਆ.¹ ਇਹ ਦੁਆਬੇ ਅਤੇ ਜੰਮੂ ਦੇ ਇਲਾਕੇ ਦਾ ਹਾਕਿਮ ਰਿਹਾ. ਬੰਦਾ ਬਹਾਦੁਰ ਦੇ ਧਾਵਿਆਂ ਨੂੰ ਰੋਕਣ ਲਈ ਫ਼ਰਰੁਖ਼ਸਿਯਰ ਸ਼ਾਹ ਦਿੱਲੀ ਦੇ ਹੁਕਮ ਨਾਲ ਫੌਜ ਲੈ ਕੇ ਕਈ ਵਾਰ ਸਿੱਖਾਂ ਨਾਲ ਲੜਿਆ ਅਰ ਸਰਹਿੰਦ ਦਾ ਪ੍ਰਬੰਧ ਭੀ ਕੁਝ ਕਾਲ (ਵਜ਼ੀਰਖ਼ਾਂ ਦੀ ਮੌਤ ਪਿੱਛੋਂ) ਇਸ ਦੇ ਹੱਥ ਰਿਹਾ. ਕਈ ਲੇਖਕਾਂ ਨੇ ਭੁੱਲਕੇ ਵਜ਼ੀਰਖ਼ਾਨ ਦੀ ਥਾਂ ਵਜੀਦਖਾਨ ਲਿੱਖ ਦਿੱਤਾ ਹੈ. ਅਰ ਦੋ ਨਾਮ ਇੱਕ ਹੀ ਸਮਝ ਲਏ ਹਨ.² ਬਾਯਜ਼ੀਦਖ਼ਾਨ ਬੰਦਾ ਬਹਾਦੁਰ ਦੇ ਹੱਥੋਂ ਮਾਰਿਆ ਗਿਆ. ਕਈ ਲੇਖਕਾਂ ਨੇ ਲਿਖਿਆ ਹੈ ਕਿ ਇੱਕ ਸਿੱਖ ਨੇ ਸੰਝ ਵੇਲੇ ਖ਼ੇਮੇ ਵਿੱਚ ਬਜੀਦਖਾਂ ਨੂੰ ਕਤਲ ਕਰ ਦਿੱਤਾ. ਇਹ ਘਟਨਾ ਸੰਮਤ ੧੭੭੧ (ਸਨ ੧੭੧੪) ਦੀ ਹੈ.
[بایزدخاں] बायज़ीदख़ान. इह कुसूर दे खलफ़ज़ई पठाणां विॱचों सी. इस ने बहादुरशाह तों कुतबुॱदीन खिताब पाइआ.¹ इह दुआबे अते जंमू दे इलाके दा हाकिम रिहा. बंदा बहादुर दे धाविआं नूं रोकण लई फ़ररुख़सियर शाह दिॱली दे हुकम नाल फौज लै के कई वार सिॱखां नाल लड़िआ अर सरहिंद दा प्रबंध भी कुझ काल (वज़ीरख़ां दी मौत पिॱछों) इस दे हॱथ रिहा. कई लेखकां ने भुॱलके वज़ीरख़ान दी थां वजीदखान लिॱख दिॱता है. अर दो नाम इॱक ही समझ लए हन.² बायज़ीदख़ान बंदा बहादुर दे हॱथों मारिआ गिआ. कई लेखकां ने लिखिआ है कि इॱक सिॱख ने संझ वेले ख़ेमे विॱच बजीदखां नूं कतल कर दिॱता. इह घटना संमत १७७१ (सन १७१४) दी है.
ਦੇਖੋ, ਬਜੀਦਖ਼ਾਨ....
ਕੁਸ਼ਪੁਰ. ਲਹੌਰ ਦੇ ਜਿਲੇ ਇੱਕ ਨਗਰ, ਜੋ ਤਸੀਲ ਅਤੇ N. W. R. ਦਾ ਜਁਕਸ਼ਨ ਸਟੇਸ਼ਨ ਹੈ. ਵਿਚਿਤ੍ਰਨਾਟਕ ਵਿੱਚ ਇਸ ਨਗਰ ਦਾ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਕਰਕੇ ਵਸਾਉਣਾ ਲਿਖਿਆ ਹੈ, ਯਥਾ- "ਤਹੀ ਤਿਨੈ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." ਇਸ ਸ਼ਹਿਰ ਨੂੰ ਖਾਲਸਾਦਲ ਨੇ ਜੇਠ ਸੰਮਤ ੧੮੧੭ ਵਿੱਚ ਫਤੇ ਕਰਕੇ ਉੱਥੋਂ ਦੇ ਹਾਕਮ ਆਸਮਾਨ ਖ਼ਾਨ ਨੂੰ ਕਤਲ ਕੀਤਾ. ਸਨ ੧੮੦੭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿਘ ਦੀ ਸਹਾਇਤਾ ਨਾਲ ਕੁਸੂਰ ਦੇ ਹਾਕਿਮ ਕੁਤਬੁੱਦੀਨ ਨੂੰ ਕਤਲ ਕਰਕੇ ਸਿੱਖਰਾਜ ਨਾਲ ਕੁਸੂਰ ਦਾ ਇਲਾਕਾ ਮਿਲਾਇਆ। ੨. ਅ਼. [قُصوُر] ਕ਼ੁਸੂਰ. ਦੋਸ. ਖ਼ਤ਼ਾ. ਗੁਨਾਹ. ਅਪਰਾਧ....
[بہادرشاہ] ਔਰੰਗਜ਼ੇਬ ਦਾ ਦੂਜਾ ਪੁਤ੍ਰ. ਜਿਸ ਦਾ ਜਨਮ ਬੁਰਹਾਨਪੁਰ ੪. ਅਕਤੂਬਰ ਸਨ ੧੬੪੩ ਨੂੰ ਹੋਇਆ. ਇਸ ਦਾ ਪਹਿਲਾ ਨਾਮ ਮੁਅ਼ੱਜਮ ਅਤੇ ਸ਼ਾਹ ਆ਼ਲਮ ਸੀ. ਇਹ ਸਨ ੧੭੦੭ ਵਿੱਚ ਦਿੱਲੀ ਦੇ ਤਖਤ ਪੁਰ ਬੈਠਾ, ਅਤੇ ਆਪਣਾ ਨਾਮ ਬਹਾਦੁਰਸ਼ਾਹ ਰੱਖਿਆ. ਇਸ ਦਾ ਬਹੁਤਾ ਸਮਾਂ ਦੱਖਣੀ ਰਿਆਸਤਾਂ ਬੀਜਾਪੁਰ ਗੋਲਕੰਡਾ ਦੇ ਵਿਰੁੱਧ ਲੜਦਿਆਂ ਗੁਜਰਿਆ. ਅੰਤ ਨੂੰ ਬੰਦੇਬਹਾਦੁਰ ਦੇ ਵੇਲੇ ਸਿੱਖਾਂ ਦਾ ਜੋਰ ਵਧਦਾ ਵੇਖਕੇ ਅਤੇ ਸਰਹਿੰਦ ਦੇ ਸੂਬੇ ਵਜ਼ੀਰਖ਼ਾਂਨ ਦਾ ਮਾਰਿਆ ਜਾਣਾ ਸੁਣਕੇ ਇਹ ਪੰਜਾਬ ਵੱਲ ਆਇਆ, ਪਰ ਦੇਸ਼ ਵਿੱਚ ਸ਼ਾਂਤੀ ਨਹੀਂ ਕਰ ਸਕਿਆ. ਬਹਾਦੁਰਸ਼ਾਹ ਦਾ ਦੇਹਾਂਤ ੧੮. ਫਰਵਰੀ ਸਨ ੧੭੧੨ (ਫੱਗੁਣ ਸੰਮਤ ੧੭੬੯) ਨੂੰ ਲਹੌਰ ਹੋਇਆ.#ਬਹਾਦੁਰਸ਼ਾਹ ਦੂਜਾ. ਦਿੱਲੀ ਦਾ ਅੰਤਿਮ ਮੁਗਲ ਬਾਦਸ਼ਾਹ, ਜੋ ਲਾਲਬਾਈ ਦੇ ਉਦਰ ਤੋਂ ਅਕਬਰਸ਼ਾਹ (੨) ਦਾ ਪੁਤ੍ਰ ਸੀ ਉਸ ਦਾ ਜਨਮ ੨੪ ਅਕਤੂਬਰ ਸਨ ੧੭੭੫ ਨੂੰ ਹੋਇਆ. ਇਸ ਨੂੰ ਇਤਿਹਾਸਕਾਰਾਂ ਨੇ ਬਹਾਦੁਰਸ਼ਾਹ ਰੰਗੀਲਾ ਲਿਖਿਆ ਹੈ. ਸਨ ੧੮੫੭ ਦੇ ਗਦਰ ਵਿੱਚ ਇਸ ਦੀ ਸਾਜ਼ਿਸ਼ ਮਲੂਮ ਕਰਕੇ ਅੰਗ੍ਰੇਜ਼ੀ ਸਰਕਾਰ ਨੇ ਬਹਾਦੁਰਸ਼ਾਹ ਨੂੰ ਲੱਖ ਰੁਪਯਾ ਮਹੀਨਾ ਪੈਨਸ਼ਨ ਦੇ ਕੇ ਸਨ ੧੮੫੮ ਵਿੱਚ ਦਿੱਲੀ ਤੋਂ ਰੰਗੂਨ ਭੇਜ ਦਿੱਤਾ, ਜਿੱਥੇ ੭. ਨਵੰਬਰ ਸਨ ੧੮੬੨ ਨੂੰ ਉਸ ਦਾ ਦੇਹਾਂਤ ਹੋਇਆ. ਇਹ ਉੱਤਮ ਕਵੀ ਸੀ ਅਤੇ ਆਪਣਾ ਤਖ਼ੱਲੁਸ "ਜਫਰ" ਲਿਖਦਾ ਸੀ, ਯਥਾ- "ਜਿਸ ਕੀ ਤੁਝ ਕੋ ਜੁਸ੍ਤਜੂ ਹੈ ਵਹ ਤੁਝੀ ਮੇ ਹੈ ਜਫਰ। ਢੂੰਢਤਾ ਫਿਰ ਫਿਰਕੇ ਫਿਰ ਤੂ ਜਾਬਜਾ ਕ੍ਯਾ ਚੀਜ਼ ਹੈ?"...
[قُطب اُلدیِن] ਕ਼ੁਤ਼ਬੁੱਦੀਨ. ਵਿ- ਧਰਮ ਦਾ ਧ੍ਰੁਵ. ਜਿਸ ਦੇ ਆਸਰੇ ਧਰਮ ਹੈ। ੨. ਜਲੰਧਰ ਦਾ ਜਾਲਿਮ ਹਾਕਿਮ, ਜਿਸ ਨੇ ਸਿੱਖਾਂ ਨੂੰ ਅਸਹਿ ਕਸ੍ਟ ਦਿੱਤੇ. ਇੱਕ ਬਾਰ ਜਦਕਿ ਏਹ ਬਿਆਸ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ, ਤਦ ਬਾਘ ਸਿੰਘ ਨੇ ਅਚਾਨਕ ਆ ਫੜਿਆ ਅਤੇ ਜਿਉਂਦਾ ਹੀ ਅੱਗ ਵਿੱਚ ਫੂਕ ਦਿੱਤਾ। ੩. ਕੁਸੂਰ ਦਾ ਹਾਕਿਮ. ਦੇਖੋ, ਕੁਸੂਰ ੧.। ੪. ਦੇਖੋ, ਕ਼ੁਤ਼ਬੁੱਦੀਨ ਐਬਕ....
ਦੇਖੋ, ਖਤਾਬ....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ ਜੰਬੁ। ੨. ਇੱਕ ਪਹਾੜੀ ਰਿਆਸਤ, ਜਿਸ ਵਿੱਚ ਕਸ਼ਮੀਰ ਭੀ ਸ਼ਾਮਿਲ ਹੈ. ਜੰਮੂਰਾਜ ਦਾ ਰਕਬਾ ੮੪, ੨੫੮ ਵਰਗਮੀਲ ਅਤੇ ਆਬਾਦੀ ੩, ੩੨੦, ੫੧੮ ਹੈ. ਆਮਦਨ ਦੋ ਕ੍ਰੋੜ ਸਤਾਈ ਲੱਖ ਰੁਪਯਾ ਹੈ. ਜੰਮੂ ਅਤੇ ਕਸ਼ਮੀਰ ਦਾ ਵਰਤਮਾਨ ਮਹਾਰਾਜਾ ਸਰ ਹਰੀ ਸਿੰਘ ਹੈ, ਜੋ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੇਵਕ ਰਾਜਾ ਗੁਲਾਬ ਸਿੰਘ ਡੋਗਰੇ ਦੀ ਵੰਸ਼ ਵਿੱਚੋਂ ਹੈ. ਦੇਖੋ ਗੁਲਾਬ ਸਿੰਘ ੫। ੩. ਜੰਮੂ ਰਾਜ ਦੀ ਰਾਜਧਾਨੀ, ਜੋ ਸਿਆਲਕੋਟੋਂ ੨੫ ਮੀਲ ਹੈ. ਗੁਰੁਨਾਨਕਪ੍ਰਕਾਸ਼ ਦੇ ਲੇਖ ਅਨੁਸਾਰ ਗੁਰੂ ਨਾਨਕਦੇਵ ਇਸ ਨਗਰ ਪਧਾਰੇ ਹਨ "ਤਤ ਛਿਨ ਜੰਮੂਪੁਰ ਮਹਿਂ ਆਏ." (ਉੱਤਰਾਰਧ, ਅਃ ੩)...
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
[فرُخسیر] ਇਹ ਔਰੰਗਜ਼ੇਬ ਦਾ ਪੋਤਾ, ਬੰਗਾਲ ਦਾ ਸੂਬੇਦਾਰ ਸੀ. ਅਬਦੁੱਲਾਖ਼ਾਨ ਸੈਯਦ ਦੀ ਸਹਾਇਤਾ ਨਾਲ ਜਹਾਂਦਾਰਸ਼ਾਹ ਨੂੰ ਕਤਲ ਕਰਕੇ ਇਹ ਦਿੱਲੀ ਦੇ ਤਖ਼ਤ ਪੁਰ ਮਾਘ ਸੰਮਤ ੧੭੭੦ (ਸਨ ੧੭੧੩) ਵਿੱਚ ਬੈਠਾ. ਇਸ ਨੇ ਜੋਧਪੁਰ ਦੇ ਰਾਜਾ ਅਜੀਤ ਸਿੰਘ ਦੀ ਪੁਤ੍ਰੀ ਨਾਲ ਸਨ ੧੭੧੫ ਵਿੱਚ ਸ਼ਾਦੀ ਕੀਤੀ ਸੀ. ਇਸ ਦੇ ਸਮੇਂ ਸੰਮਤ ੧੭੭੩ ਵਿੱਚ ਬੰਦਾ ਬਹਾਦੁਰ ਸ਼ਹੀਦ ਹੋਇਆ ਅਤੇ ਇਸ ਨੇ ਸਿੱਖਾਂ ਦੇ ਮਾਰਮੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ. ਸੰਮਤ ੧੭੭੬ (੧੬ ਮਈ ਸਨ ੧੭੧੯) ਵਿੱਚ ਅਬਦੁੱਲਾਖ਼ਾਂ ਦੇ ਭਾਈ ਹੁਸੈਨਅਲੀ ਨੇ ਮਰਹਟਿਆਂ ਦੀ ਸਹਾਇਤਾ ਨਾਲ ਫ਼ਰਰੁੱਖਸਿਯਰ ਨੂੰ ਕਤਲ ਕੀਤਾ, ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ....
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਵਜ਼ੀਰ ਖ਼ਾਂ ਸੂਬੇ ਨੇ ਇਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਕਰਕੇ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.#ਬੰਦਾ ਬਹਾਦੁਰ ਨੇ ੧. ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜ਼ੀਰ ਖ਼ਾਂ ਨੂੰ ਮਾਰਿਆ.¹ ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ "ਗੁਰੁਮਾਰੀ" ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇ ਗੜ੍ਹ.#ਸਰਹਿੰਦ ਵਿੱਚ ਇਹ ਗੁਰੁਦ੍ਵਵਾਰੇ ਹਨ-#੧. ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.#੨. ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.#੩. ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਥੇ ਸ਼ਹੀਦ ਹੋਇਆ.#੪. ਜੋਤੀਸਰੂਪ. ਜਿਸਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.#੫. ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.#੬. ਫਤੇਗੜ੍ਹ. ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖ ਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩. ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਿਹੰਦ ਤੋਂ ਕਰੀਬ ਡੇਢ ਮੀਲ ਹੈ.#੭. ਮਾਤਾ ਗੂਜਰੀ ਜੀ ਦਾ ਬੁਰਜ, ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.#੮. ਵਿਮਾਨ ਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ....
ਦੇਖੋ, ਪਿਛਹੁ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸ਼ੇਖ਼ ਅਬਦੁਲਲਤੀਫ਼ ਦਾ ਪੁਤ੍ਰ ਹਕੀਮ ਆਲਿਮੁਦੀਨ, ਜਿਸ ਦਾ ਪ੍ਰਸਿੱਧ ਨਾਉਂ ਵਜ਼ੀਰਖ਼ਾਨ ਸੀ. ਇਹ ਚਿਨੋਟ ਦਾ ਵਸਨੀਕ ਸੀ. ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਦਾ ਏਤਬਾਰੀ ਅਹਿਲਕਾਰ ਸੀ ਅਤੇ ਸ਼ਾਹਜਹਾਨ ਨੇ ਸਨ ੧੬੨੮ ਵਿੱਚ ਇਸ ਨੂੰ ਲਹੌਰ ਦਾ ਗਵਰਨਰ ਥਾਪਿਆ ਸੀ. ਇਹ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਾਦਿਕ ਸੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕਰਦਾ ਰਿਹਾ ਹੈ. ਵਜ਼ੀਰਖ਼ਾਂ ਦੀ ਮਸਜਿਦ ਲਹੌਰ ਵਿੱਚ ਦਿੱਲੀ ਦਰਵਾਜੇ ਪ੍ਰਸਿੱਧ ਅਸਥਾਨ ਹੈ.¹ ਇਸ ਦੇ ਬਾਗ ਵਿੱਚ ਜੋ ਇਮਾਰਤ ਸੀ. ਉਸ ਵਿੱਚ ਹੁਣ ਪਬਲਿਕ ਲਾਇਬ੍ਰੇਰੀ ਦੇਖੀ ਜਾਂਦੀ ਹੈ. ਵਜ਼ੀਰਖ਼ਾਂ ਦਾ ਦੇਹਾਂਤ ਸਨ ੧੬੩੪ ਵਿੱਚ ਆਗਰੇ ਹੋਇਆ. ਸ਼ਾਹਜਹਾਂ ਨੇ ਇਸ ਨੂੰ ਲਹੌਰ ਤੋਂ ਬਦਲਕੇ ਆਗਰੇ ਦਾ ਸੂਬੇਦਾਰ ਕਰ ਦਿੱਤਾ ਸੀ.#"ਤਬ ਵਜੀਰਖ਼ਾਂ ਗੁਰੂ ਹਕਾਰਾ।#ਆਯੋ ਲੈਕਰ ਭੇਟ ਉਦਾਰਾ." (ਗੁਪ੍ਰਸੂ)#੨. ਕੁੰਜਪੁਰੇ ਦਾ ਵਸਨੀਕ ਸਰਹਿੰਦ ਦਾ ਸੂਬਾ, ਜਿਸ ਨੇ ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੇ ਜੁਲਮ ਨਾਲ ਪ੍ਰਾਣ ਲਏ ਸਨ. ਬੰਦਾ ਬਹਾਦੁਰ ਨੇ ੧. ਹਾੜ ਸੰਮਤ ੧੭੬੭ ਨੂੰ ਚਪੜਚਿੜੀ ਦੇ ਮੈਦਾਨ ਵਜੀਰਖ਼ਾਂ ਨੂੰ ਕਤਲ ਕਰਕੇ ਸਰਹਿੰਦ ਫਤੇ ਕੀਤੀ ਅਤੇ ਸੁਚਾਨੰਦ ਆਦਿਕ ਪਾਪੀਆਂ ਨੂੰ ਭੀ ਉਨ੍ਹਾਂ ਦੇ ਨੀਚ ਕਰਮਾਂ ਦਾ ਫਲ ਭੁਗਾਇਆ.#ਭਾਈ ਸੰਤੋਖਸਿੰਘ, ਗਿਆਨੀ ਗਿਆਨਸਿੰਘ ਆਦਿਕਾਂ ਨੇ ਇਸ ਦਾ ਨਾਉਂ ਭੁੱਲ ਨਾਲ ਵਜੀਦਖਾਨ ਲਿਖ ਦਿੱਤਾ ਹੈ. ਦੇਖੋ, ਬਜੀਦਖਾਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਬਜੀਦਖ਼ਾਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਸੰਬੋਧ. ਪੂਰਣ ਗ੍ਯਾਨ. ਸਮ੍ਯਕ ਗ੍ਯਾਨ. ਸਮ੍ਯਕ ਬੁੱਧਿ. "ਸਮਝ ਨ ਪਰੀ ਬਿਖੈ ਰਸਿ ਰਚਿਓ." (ਜੈਤ ਮਃ ੯)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰਗ੍ਯਾ- ਸੰਧ੍ਯਾ. ਸੂਰਜ ਛਿਪਣ ਦਾ ਵੇਲਾ. ਸ਼੍ਯਾਮ. ਆਥਣ....
ਅ. [قتل] ਸੰਗਯਾ- ਵਧ. ਹਤਯਾ, ਹਿੰਸਾ....
ਦੇਖੋ, ਘਟਣਾ. "ਨਹ ਬਢਨ ਘਟਨ ਤਿਲੁਸਾਰ." (ਬਾਵਨ) ੨. ਸੰ. ਕ੍ਰਿ- ਇੱਕਠਾ ਕਰਨਾ. ਜੋੜਨਾ। ੩. ਬਣਾਉਣਾ. ਰਚਣਾ। ੪. ਸੰਗ੍ਯਾ- ਹਾਦਸਾ. ਵਾਰਦਾਤ. ਜਿਵੇਂ- ਇਹ ਘਟਨਾ ਸੰਮਤ ੧੯੦੦ ਵਿੱਚ ਹੋਈ, ਆਦਿ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....