dhusāsanaदुसासन
ਸੰ. ਦੁਃ ਸ਼ਾਸਨ. ਵਿ- ਜਿਸ ਪੁਰ ਹੁਕੂਮਤ ਕਰਨੀ ਔਖੀ ਹੋਵੇ. ਜੋ ਕਿਸੇ ਦਾ ਦਬਾਉ ਨਾ ਮੰਨੇ। ੨. ਸੰਗ੍ਯਾ- ਕੁਰੁਵੰਸ਼ੀ ਰਾਜਾ ਧ੍ਰਿਤਰਾਸ੍ਟ੍ਰ ਦਾ ਪੁਤ੍ਰ ਅਤੇ ਦੁਰਯੋਧਨ ਦਾ ਛੋਟਾ ਭਾਈ, ਜੋ ਦ੍ਰੋਪਦੀ ਨੂੰ ਰਣਵਾਸ ਵਿੱਚੋਂ ਕੇਸਾਂ ਤੋਂ ਫੜਕੇ ਸਭਾ ਵਿੱਚ ਲਿਆਇਆ ਸੀ. ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਉਹ ਇਸ ਅਪਮਾਨ ਦੇ ਬਦਲੇ ਦੁਸਾਸਨ ਦਾ ਲਹੂ ਪੀਵੇਗਾ. ਸੋ ਕੁਰੁਕ੍ਸ਼ੇਤ੍ਰ ਦੇ ਯੁੱਧ ਵਿੱਚ ਸੋਲਵੇਂ ਦਿਨ ਦੁਸਾਸਨ ਦਾ ਪੇਟ ਪਾੜਕੇ ਭੀਮ ਨੇ ਲਹੂ ਦੀਆਂ ਚੁਲੀਆਂ ਪੀਤੀਆਂ. "ਅੰਦਰ ਸਭਾ ਦੁਸਾਸਨੈ ਮੱਥੇਵਾਲ ਦ੍ਰੋਪਤੀ ਆਂਦੀ." (ਭਾਗੁ)
सं. दुः शासन. वि- जिस पुर हुकूमत करनी औखी होवे. जो किसे दा दबाउ ना मंने। २. संग्या- कुरुवंशी राजा ध्रितरास्ट्र दा पुत्र अते दुरयोधन दा छोटा भाई, जो द्रोपदी नूं रणवास विॱचों केसां तों फड़के सभा विॱच लिआइआ सी. भीमसैन ने प्रतिग्या कीती सी कि उह इस अपमान दे बदले दुसासन दा लहू पीवेगा. सो कुरुक्शेत्र दे युॱध विॱच सोलवें दिन दुसासन दा पेट पाड़के भीम ने लहू दीआं चुलीआं पीतीआं. "अंदर सभा दुसासनै मॱथेवाल द्रोपती आंदी." (भागु)
ਸੰ. ਸ਼ਾਸਨ. ਸੰਗ੍ਯਾ- ਹੁਕਮ ਦੇਣਾ. ਆਗ੍ਯਾ ਕਰਨੀ. ਦੇਖੋ, ਸਾਸ ੬। ੨. ਦੰਡ ਦੇਣਾ. ਸਜ਼ਾ ਦੇਣੀ। ੩. ਤਾੜਨਾ. ਸਜ਼ਾ. ਦੇਖੋ, ਸਾਸਨਾ. "ਅਨਿਕ ਸਾਸਨ ਤਾੜੰਤ ਜਮਦੂਤਹ." (ਸਹਸ ਮਃ ੫) "ਸਾਸਨ ਤੇ ਬਾਲਕ ਗਮ ਨ ਕਰੈ." (ਭੈਰ ਮਃ ੩) ਤਾੜਨਾ ਦੀ ਚਿੰਤਾ ਨਹੀਂ ਕਰਦਾ. "ਦੇਇ ਸਾਸਨ ਜਾਮ." (ਰਾਮ ਮਃ ੫. ਰੁਤੀ) ੪. ਸੰ. श्वसन ਸ਼੍ਵਸਨ. ਸਾਹ ਲੈਣਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅ਼. [حکوُمت] ਹ਼ੁਕੂਮਤ. ਸੰਗ੍ਯਾ- ਹੁਕਮ (ਆਗ੍ਯਾ) ਕਰਨ ਦੀ ਕ੍ਰਿਯਾ। ਬਾਦਸ਼ਾਹੀ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰਗ੍ਯਾ- ਦਾੱਬਾ. ਧਮਕੀ। ੨. ਬੋਝ। ੩. ਰੋਬਦਾਬ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦੁਰਜੋਧਨ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਦ੍ਰੋਪਦੀ. "ਦ੍ਰੋਪਦੀ ਲਜਾ ਨਿਵਾਰਿ ਉਧਾਰਣ." (ਮਾਰੂ ਸੋਲਹੇ ਮਃ ੫)...
ਰਾਣੀਆਂ ਦੇ ਵਸਣ ਦਾ ਮਹਲ. ਹਰਮ. ਅੰਤਹਪੁਰ....
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਦੇਖੋ, ਭੀਮ ੨. ਅਤੇ ਪਾਂਡਵ....
ਸੰ. ਸੰਗ੍ਯਾ- ਕਿਸੇ ਕਾਰਜ ਦੇ ਕਰਨ ਅਥਵਾ ਨਾ ਕਰਨ ਲਈ ਵਚਨ ਦੇਣਾ. ਪ੍ਰਣ ਕਰਨਾ। ੨. ਕਸਮ. ਸੌਗੰਦ। ੩. ਪ੍ਰਣ ਸਹਿਤ ਕਥਨ ਕਿ ਮੈਂ ਇਹ ਕਰਮ ਜਰੂਰ ਕਰਾਂਗਾ, ਅਥਵਾ ਜੇ ਐਸਾ ਨਾ ਕਰਾਂ, ਤਦ ਐਸਾ ਐਸਾ ××× ਸਿੱਧ ਹੋਵਾਂਗਾ. ਅਥਵਾ ਜੇ ਐਸਾ ਭੀ ਹੋਵੇ ਤਦ ਐਸਾ ਨਹੀਂ ਹੋ ਸਕੇਗਾ, ਇਤ੍ਯਾਦਿਕ ਵਰਣਨ ਜਿਸ ਕਾਵ੍ਯ ਵਿੱਚ ਹੋਵੇ, ਉੱਥੇ "ਪ੍ਰਤਿਗ੍ਯਾ" ਅਲੰਕਾਰ ਹੁੰਦਾ ਹੈ.#ਪ੍ਰਣ ਅਥਵਾ ਸੌਗੰਦ ਕੋ ਵਰਣਨ ਰਚਨਾ ਮਾਹਿ,#ਰੂਪ ਪ੍ਰਤਿਗ੍ਯਾ ਕੋ ਇਹੀ ਕਹੈਂ ਕਾਵ੍ਯ ਅਵਗਾਹਿ.#ਉਦਾਹਰਣ-#ਯੌਂ ਸੁਨਕੈ ਬਤਿਯਾਂ ਤਿਹ ਕੀ#ਹਰਿ ਕੋਪ ਕਹ੍ਯੋ ਹਮ ਯੁੱਧ ਕਰੈਂਗੇ,#ਬਾਨ ਕਮਾਨ ਗਦਾ ਗਹਿਕੈ#ਦੁਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ,#ਸੂਰ ਸਿਵਾਦਿਕ ਤੇ ਨ ਭਜੈਂ#ਹਨਹੈਂ ਤੁਮ ਕੋ, ਨਹਿਂ ਜੂਝ ਮਰੈਂਗੇ,#ਮੇਰੁ ਹਲੈ ਸੁਕ ਹੈ ਨਿਧਿਵਾਰਿ#ਤਊ ਰਨ ਕੀ ਛਿਤਿ ਤੇ ਨ ਟਰੈਂਗੇ.#(ਕ੍ਰਿਸਨਾਵ)#ਪਸ਼੍ਚਿਮ ਸੂਰ ਚੜ੍ਹੈ ਕਬਹੂੰ#ਅਰ ਗੰਗ ਬਹੀ ਉਲਟੀ ਜਿਯ ਆਵੈ,#ਜੇਠ ਕੇ ਮਾਸ ਤੁਸਾਰ ਪਰੈ#ਬਨ ਔਰ ਬਸੰਤਸਮੀਰ ਜਰਾਵੈ,#ਲੋਕ ਹਲੈ ਧ੍ਰੂਅ ਕੋ ਜਲ ਕੋ ਥਲ ਹਨਐ#ਥਲ ਕੋ ਕਬ ਹਨਐ ਜਲ ਜਾਵੈ,#ਕੰਚਨ ਕੋ ਨਗ ਪੰਖਨ ਧਾਰ ਊਡੈ,#ਖੜਗੇਸ ਨ ਪੀਠ ਦਿਖਾਵੈ.#(ਕ੍ਰਿਸਨਾਵ)#ਰਵਿ ਅਸ੍ਤਨ ਤੇ ਪੂਰਬ ਜਬੈ,#ਜੇ ਨ ਲੋਹਗੜ੍ਹ ਤੋੜੋਂ ਤਬੈ,#ਤੌ ਨਿਜ ਪਿਤ ਤੇ ਜਨਮ੍ਯੋ ਨਾਹੀਂ#ਮੁਖ ਨ ਦਿਖਾਵਹੁਁ ਰਾਜਨ ਮਾਹੀਂ. (ਗੁਪ੍ਰਸੂ)#੪. ਨ੍ਯਾਯ ਵਿੱਚ ਪੰਚਾਵਯਵ ਦਾ ਪਹਿਲਾ ਵਾਕ੍ਯ....
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ....
ਸੰ. ਦੁਃ ਸ਼ਾਸਨ. ਵਿ- ਜਿਸ ਪੁਰ ਹੁਕੂਮਤ ਕਰਨੀ ਔਖੀ ਹੋਵੇ. ਜੋ ਕਿਸੇ ਦਾ ਦਬਾਉ ਨਾ ਮੰਨੇ। ੨. ਸੰਗ੍ਯਾ- ਕੁਰੁਵੰਸ਼ੀ ਰਾਜਾ ਧ੍ਰਿਤਰਾਸ੍ਟ੍ਰ ਦਾ ਪੁਤ੍ਰ ਅਤੇ ਦੁਰਯੋਧਨ ਦਾ ਛੋਟਾ ਭਾਈ, ਜੋ ਦ੍ਰੋਪਦੀ ਨੂੰ ਰਣਵਾਸ ਵਿੱਚੋਂ ਕੇਸਾਂ ਤੋਂ ਫੜਕੇ ਸਭਾ ਵਿੱਚ ਲਿਆਇਆ ਸੀ. ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਉਹ ਇਸ ਅਪਮਾਨ ਦੇ ਬਦਲੇ ਦੁਸਾਸਨ ਦਾ ਲਹੂ ਪੀਵੇਗਾ. ਸੋ ਕੁਰੁਕ੍ਸ਼ੇਤ੍ਰ ਦੇ ਯੁੱਧ ਵਿੱਚ ਸੋਲਵੇਂ ਦਿਨ ਦੁਸਾਸਨ ਦਾ ਪੇਟ ਪਾੜਕੇ ਭੀਮ ਨੇ ਲਹੂ ਦੀਆਂ ਚੁਲੀਆਂ ਪੀਤੀਆਂ. "ਅੰਦਰ ਸਭਾ ਦੁਸਾਸਨੈ ਮੱਥੇਵਾਲ ਦ੍ਰੋਪਤੀ ਆਂਦੀ." (ਭਾਗੁ)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਕੁਰੁ ਰਾਜਾ ਦੇ ਨਾਉਂ ਤੋਂ ਇੱਕ ਇਲਾਕਾ, ਜੋ ਘੱਗਰ ਨਦੀ ਦੇ ਉੱਤਰ ਅਤੇ ਸਰਸ੍ਵਤੀ ਦੇ ਦੱਖਣ ਹੈ. ਇਸ ਦਾ ਪ੍ਰਮਾਣ ਬਾਰਾਂ ਯੋਜਨ ਹੈ. ਇਸ ਵਿੱਚ ੩੬੫ ਤੀਰਥ ਲਿਖੇ ਹਨ. ਕੁਰੁਕ੍ਸ਼ੇਤ੍ਰ ਦਾ ਜਿਕਰ ਰਿਗਵੇਦ ਵਿੱਚ ਭੀ ਦੇਖੀਦਾ ਹੈ. ਮਹਾਭਾਰਤ ਦੇ ਸ਼ਲ੍ਯ ਪਰਵ ਦੇ ੫੩ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਕੁਰੁ ਰਾਜਰਿਖੀ ਨੇ ਇਸ ਥਾਂ ਕਰ੍ਸਣ ਕੀਤਾ ਹੈ, ਜਿਸ ਕਾਰਣ ਕੁਰੁਕ੍ਸ਼ੇਤ੍ਰ ਨਾਉਂ ਹੋਇਆ ਹੈ. ਕਰ੍ਸਣ ਦਾ ਅਰਥ ਹਲ ਵਾਹੁਣਾ ਹੈ. ਯਗ੍ਯ ਲਈ ਜ਼ਮੀਨ ਸਾਫ ਕਰਨ ਵਾਸਤੇ ਰਾਜੇ ਆਪ ਹਲ ਵਾਹਿਆ ਕਰਦੇ ਸਨ.#ਕੌਰਵ ਪਾਂਡਵਾਂ ਦਾ ਯੁੱਧ ਇਸੇ ਥਾਂ ਹੋਇਆ ਹੈ. ਇਸ ਥਾਂ ਭਾਰਤ ਦੇ ਹੋਰ ਭੀ ਵਡੇ ਵਡੇ ਜੰਗ ਹੋਏ ਹਨ. ਕੁਰੁਕ੍ਸ਼ੇਤ੍ਰ ਹੁਣ ਈ. ਆਈ. ਰੇਲਵੇ ਦਾ ਸਟੇਸ਼ਨ ਹੈ, ਅਤੇ ਇਸ ਦਾ ਰਕਬਾ ਅੰਬਾਲਾ ਅਤੇ ਕਰਨਾਲ ਦੇ ਜਿਲੇ ਵਿੱਚ ਹੈ.#ਕੁਰੁਕ੍ਸ਼ੇਤ੍ਰਵਾਸੀ ਇਹ ਭੀ ਕਹਿੰਦੇ ਹਨ ਕਿ ਜਦ ਵਿਸਨੁ ਨੇ ਮਧੁ ਕੈਟਭ ਦੈਤ ਮਾਰੇ, ਤਦ ਉਨ੍ਹਾਂ ਦੀ ਮਿੰਜ (ਮਿੱਝ) ਸਾਰੇ ਜਲ ਪੁਰ ਫੈਲ ਗਈ, ਪਰ ੪੮ ਕੋਸ ਵਿੱਚ ਵਿਸਨੁ ਦੀ ਚੌਕੜੀ ਲਗੀ ਹੋਈ ਸੀ, ਇਸ ਕਰਕੇ ਇਸ ਥਾਂ ਮਿੰਜ ਨਹੀਂ ਆਈ, ਜਿਸ ਕਾਰਣ ਇਹ ਪਰਮ ਪਵਿਤ੍ਰ ਭੂਮਿ ਹੈ. ਕੁਰੁਕ੍ਸ਼ੇਤ੍ਰ ਦੇ ਗੁਰਦ੍ਵਾਰਿਆਂ ਬਾਬਤ ਦੇਖੋ, ਥਨੇਸਰ ਸ਼ਬਦ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰ. ਵਿ- ਡਰਾਉਣਾ. ਭਯਾਨਕ। ੨. ਸੰਗ੍ਯਾ- ਯੁਧਿਸ੍ਟਿਰ ਦਾ ਛੋਟਾ ਭਾਈ ਭੀਮਸੇਨ. ਦੇਖੋ, ਪਾਂਡਵ. "ਭੀਮ ਗਦਾ ਕਰ ਭੀਮ ਲਈ." (ਕ੍ਰਿਸਨਾਵ) ੩. ਦਮਯੰਤੀ ਦਾ ਪਿਤਾ ਅਤੇ ਨਲ ਦਾ ਸਹੁਰਾ ਰਾਜਾ ਭੀਮ, ਜੋ ਵਿਦਰਭ (ਬਰਾਰ) ਦਾ ਰਾਜਾ ਸੀ। ੪. ਸ਼ਿਵ। ੫. ਰਾਵਣ ਦਾ ਇੱਕ ਮੰਤ੍ਰੀ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਦੇਖੋ, ਦ੍ਰੋਪਦੀ. "ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ." (ਨਟ ਅਃ ਮਃ ੪)...
ਦੇਖੋ, ਆਦੀ ੨....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...