dhīēदीए
ਦਿੱਤੇ. ਦਾਨ ਕੀਤੇ। ੨. ਦੀਆ ਦਾ ਬਹੁਵਚਨ. ਦੀਵੇ. "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧) ਮੁੱਖ (ਪ੍ਰਧਾਨ) ਦੀਪਕ.
दिॱते. दान कीते। २. दीआ दा बहुवचन. दीवे. "चंद सूरज मुखि दीए." (राम मः १) मुॱख (प्रधान) दीपक.
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਦਿੱਤਾ. "ਦੀਆ ਆਦਰੁ ਲੀਆ ਬੁਲਾਇ." (ਭੈਰ ਕਬੀਰ) ੨. ਸੰਗ੍ਯਾ- ਦੀਪਕ. ਦੀਵਾ. "ਤਿਹ ਰਾਵਨ ਘਰਿ ਦੀਆ ਨ ਬਾਤੀ." (ਆਸਾ ਕਬੀਰ)...
ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ....
ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਮੁਖ ਕਰਕੇ. ਮੁਖ ਦ੍ਵਾਰਾ. ਭਾਵ- ਕੰਠ ਤੋਂ. "ਮੁਖਿ ਬੇਦ ਚਤੁਰ ਪੜਤਾ." (ਗੌਂਡ ਨਾਮਦੇਵ) ੨. ਮੁਖ ਤੋਂ. ਮੁਖ ਸੇ. "ਮੁਖਿ ਆਵਤ ਤਾਕੈ ਦੁਰਗੰਧ." (ਸੁਖਮਨੀ) ੩. ਮਸ੍ਤਕ ਪੁਰ. ਮੱਥੇ ਉੱਤੇ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) "ਤਿਨ ਮੁਖਿ ਟਿਕੇ ਨਿਕਲਹਿ." (ਸ੍ਰੀ ਮਃ ੧) ੪. ਮੁਖ ਮੇਂ. ਮੂੰਹ ਵਿੱਚ. "ਮੁਖਿ ਝੂਠ ਬਿਭੂਖਨ ਸਾਰੰ." (ਵਾਰ ਆਸਾ) ੫. ਮੂੰਹ ਦੇ ਸੁਆਦਾਂ (ਜੁਬਾਨ ਦੇ ਰਸਾਂ) ਵਿੱਚ. "ਭਗ ਮੁਖਿ ਜਨਮ ਵਿਗੋਇਆ." (ਸ੍ਰੀ ਬੇਣੀ) ੬. ਕਾਰਣ ਕਰਕੇ. ਹੇਤੁ ਦ੍ਵਾਰਾ. "ਕਵਨ ਮੁਖਿ ਕਾਲੁ ਜੋਹਤ ਨਿਤ ਰਹੈ." (ਸਿਧਗੋਸਟਿ) ੭. ਵਿ- ਮੁਖ੍ਯ. ਪ੍ਰਧਾਨ. ਸ਼੍ਰੇਸ੍ਟ. ਉੱਤਮ. "ਮੇਲ ਗੁਰੂ ਮੁਖਿ." (ਆਸਾ ਛੰਤ ਮਃ ੪) "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧)...
ਦਿੱਤੇ. ਦਾਨ ਕੀਤੇ। ੨. ਦੀਆ ਦਾ ਬਹੁਵਚਨ. ਦੀਵੇ. "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧) ਮੁੱਖ (ਪ੍ਰਧਾਨ) ਦੀਪਕ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ....