sadhhūसॱधू
ਲਹੌਰ ਨਿਵਾਸੀ ਪ੍ਰੇਮੀ ਸਿੱਖ, ਜਿਸ ਦੇ ਘਰ ਸ਼੍ਰੀ ਗੁਰੂ ਅਰਜਨ ਸਾਹਿਬ ਕੁਝ ਕਾਲ ਵਿਰਾਜੇ. ਇਸੇ ਦੇ ਘਰੋਂ ਬੁਲਾਕੇ ਚੰਦੂ ਨੇ ਸਤਿਗੁਰੂ ਨੂੰ ਜੇਲ ਵਿੱਚ ਪਾਇਆ ਸੀ. "ਸੱਧੂ ਸਿੱਖ ਸ ਭਾਰਯਾ ਪ੍ਰੇਮ ਕਰੇ ਮਨ ਮਾਹਿ." (ਗੁਪ੍ਰਸੂ) ੨. ਦੇਖੋ, ਸੁੱਧੂ.
लहौर निवासी प्रेमी सिॱख, जिस दे घर श्री गुरू अरजन साहिब कुझ काल विराजे. इसे दे घरों बुलाके चंदू ने सतिगुरूनूं जेल विॱच पाइआ सी. "सॱधू सिॱख स भारया प्रेम करे मन माहि." (गुप्रसू) २. देखो, सुॱधू.
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਅਰ੍ਜਨ. ਸੰਗ੍ਯਾ- ਕਮਾਉਣਾ. ਖੱਟਣਾ. ਦੇਖੋ, ਅਜ੍ਸ ਧਾ। ੨. ਸੰਗ੍ਰਹ (ਜਮਾ) ਕਰਨਾ. "ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ" (ਪੰਪ੍ਰ) ੩. ਸੰ. ਅਜੁਨ. ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ. ਇਹ ਸਦਾਬਹਾਰ ਜਾਤੀ ਵਿੱਚੋਂ ਹੈ. ਚੇਤ ਵੈਸਾਖ ਵਿੱਚ ਇਸ ਨੂੰ ਫੁੱਲ ਆਉਂਦੇ ਹਨ. ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia- Arjuna. ੪. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਜੁਨ ਹੋਇਆ. ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-#ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?#ਬਾਇਸਵੋਂ ਅਰਜਨ ਅਵਤਾਰਾ. (ਨਰਾਵ) ੫. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ, ਸਹਸ੍ਰਵਾਹੁ ਅਤੇ ਰੇਣੁਕਾ। ੬. ਚਿੱਟੇ ਰੰਗ ਦੀ ਕਨੇਰ। ੭. ਮੋਰ। ੮. ਇੰਦ੍ਰ।#੯. ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ੍ਠਾ ੧੯. (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨ ਚੰਦ ਦੀ ਸੁਪੁਤ੍ਰੀ ਗੰਗਾ ਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਂਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.#ਗੁਰੂ ਅਰਜਨ ਸਾਹਿਬ ੨. ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁ ਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯- ੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖ ਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਠਹਿਰਾਇਆ.#ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪. (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀ ਜੋਤਿ ਸਮਾਏ. ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ.#ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯. ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧. ਮਹੀਨਾ ੧੫. ਦਿਨ ਸਾਰੀ ਉਮਰ ਭੋਗੀ.#"ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ."#ਅਤੇ- "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ." (ਸਵੈਯੇ ਮਃ ੫. ਕੇ)#੧੦ ਵਿ- ਚਿੱਟਾ. ਉੱਜਲ। ੧੧. ਨਿਰਮਲ. ਸ਼ੁੱਧ.#ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ.#ਅਰਜਨ¹ ਸੁਨਤ ਸੁ ਦਾਸਨ ਕੋ ਦਾਨ ਦੇਤ#ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,²#ਅਰਜਨ³ ਯਸ ਵਿਸਤੀਰਨ ਸੰਤੋਖ ਸਿੰਘ#ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,⁴#ਅਰਜਨ⁵ ਭਏ ਗਨ ਮੋਖਪਦ ਲਏ ਤਿਨ#ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,⁶#ਅਰਜ⁷ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ#ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.#(ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਲਹੌਰ ਨਿਵਾਸੀ ਇੱਕ ਖਤ੍ਰੀ, ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅ਼ਹੁਦੇਦਾਰ ਸੀ. ਇਹ ਆਪਣੀ ਪੁਤ੍ਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ. ਪਰ ਦਿੱਲੀ ਦੀ ਸੰਗਤਿ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿੱਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ. ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋ ਇਨਕਾਰ ਕੀਤਾ, ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ.#ਚੰਦੂ ਨੇ ਬਹੁਤ ਜਾਲ ਰਚਕੇ ਪੰਜਵੇਂ ਸਤਿਗੁਰੂ ਜੀ ਨੂੰ ਲਹੌਰ ਬੁਲਾਇਆ ਅਤੇ ਝੂਠੀ ਊਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਅਰ ਅਨੇਕ ਅਸਹਿ ਕਸ੍ਟ ਦਿਵਾਏ, ਜਿਨ੍ਹਾਂ ਦੇ ਕਾਰਣ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ.¹#ਸੰਮਤ ੧੬੭੦ ਵਿੱਚ ਚੰਦੂ ਸਿੱਖਾਂ ਦੇ ਹੱਥੋਂ ਵਡੀ ਦੁਰਗਤਿ ਨਾਲ ਲਹੌਰ ਮੋਇਆ....
ਅੰ. Jail. ਸੰਗ੍ਯਾ- ਬੰਦੀਖ਼ਾਨਾ. ਕਾਰਾਗਰ। ੨. ਅ਼. [جاہِل] ਜਾਹਿਲ. ਮੂਰਖ. ਅਗ੍ਯਾਨੀ. "ਕੌਡੀ ਰੱਤਕ ਜੇਲ ਪਰੋਈ." (ਭਾਗੁ)...
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਲਹੌਰ ਨਿਵਾਸੀ ਪ੍ਰੇਮੀ ਸਿੱਖ, ਜਿਸ ਦੇ ਘਰ ਸ਼੍ਰੀ ਗੁਰੂ ਅਰਜਨ ਸਾਹਿਬ ਕੁਝ ਕਾਲ ਵਿਰਾਜੇ. ਇਸੇ ਦੇ ਘਰੋਂ ਬੁਲਾਕੇ ਚੰਦੂ ਨੇ ਸਤਿਗੁਰੂ ਨੂੰ ਜੇਲ ਵਿੱਚ ਪਾਇਆ ਸੀ. "ਸੱਧੂ ਸਿੱਖ ਸ ਭਾਰਯਾ ਪ੍ਰੇਮ ਕਰੇ ਮਨ ਮਾਹਿ." (ਗੁਪ੍ਰਸੂ) ੨. ਦੇਖੋ, ਸੁੱਧੂ....
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਦੇਖੋ, ਸੱਧੂ। ੨. ਬੁੱਧੂ ਘੁਮਿਆਰ ਸਿੱਖ ਦਾ ਪਿਤਾ. ਦੇਖੋ, ਬੁੱਧੂ। ੩. ਭਾਈ ਰੂਪਚੰਦ ਦੇ ਪਿਤਾ ਸਾਧੂ ਨੂੰ ਕਈ ਲੇਖਕਾਂ ਨੇ ਸੁੱਧੂ ਲਿਖ ਦਿੱਤਾ ਹੈ. ਦੇਖੋ, ਰੂਪਚੰਦ ਭਾਈ....