sanjamaसंजम
ਸੰ. ਸੰ- ਯਮ. ਸੰਯਮ. ਸੰਗ੍ਯਾ- ਚੰਗੀ ਤਰ੍ਹਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. "ਸੰਜਮ ਸਤ ਸੰਤੋਖ ਸੀਲ." (ਸਵੈਯੇ ਮਃ ੪. ਕੇ) ੨. ਵ੍ਰਤ. ਨਿਯਮ. "ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ." (ਗਉ ਥਿਤੀ ਮਃ ੫) ੩. ਸੰਕੋਚ. ਕ੍ਰਿਪਣਤਾ. "ਛਾਡਿ ਸਿਆਨਪ ਸੰਜਮ ਨਾਨਕ." (ਦੇਵ ਮਃ ੫) ੪. ਪੱਥ. ਪਰਹੇਜ. "ਭੈ ਕਾ ਸੰਜਮ ਜੇ ਕਰੈ ਦਾਰੂ ਭਾਉ ਲਏਇ." (ਵਾਰ ਰਾਮ ੧. ਮਃ ੩) ੫. ਰੀਤਿ. ਰਸਮ. "ਸੰਜਮ ਤੁਰਕਾ ਭਾਈ." (ਵਾਰ ਆਸਾ) ੬. ਉਪਾਯ. ਯਤਨ. "ਬਿਨ ਸੰਜਮ ਨਹੀ ਕਾਰਜ ਸਾਰ." (ਦੇਵ ਮਃ ੫) ੭. ਤਰੀਕਾ. ਢੰਗ. "ਜਿਨਾ ਨੂੰ ਮਥਨ ਦਾ ਸੰਜਮ ਹੈ, ਸੋ ਮਥਕੇ ਅਗਨਿ ਨਿਕਾਲਦੇ ਹੈਨ." (ਭਗਤਾਵਲੀ)
सं. सं- यम. संयम. संग्या- चंगी तर्हां बंन्हण दी क्रिया. मन इंद्रीआं नूं विकारां तों रोकणा. "संजम सत संतोख सील." (सवैये मः ४. के) २. व्रत. नियम. "नानक इहु संजम प्रभकिरपा पाईऐ." (गउ थिती मः ५) ३. संकोच. क्रिपणता. "छाडि सिआनप संजम नानक." (देव मः ५) ४. पॱथ. परहेज. "भै का संजम जे करै दारू भाउ लएइ." (वार राम १. मः ३) ५. रीति. रसम. "संजम तुरका भाई." (वार आसा) ६. उपाय. यतन. "बिन संजम नही कारज सार." (देव मः ५) ७.तरीका. ढंग. "जिना नूं मथन दा संजम है, सो मथके अगनि निकालदे हैन." (भगतावली)
ਦੇਖ, ਸੰਜਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਰੋਧਣ ਕਰਨਾ. ਅਟਕਾਉਣਾ. ਠਹਿਰਾਉਣਾ....
ਸੰ. ਸੰ- ਯਮ. ਸੰਯਮ. ਸੰਗ੍ਯਾ- ਚੰਗੀ ਤਰ੍ਹਾਂ ਬੰਨ੍ਹਣ ਦੀ ਕ੍ਰਿਯਾ. ਮਨ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣਾ. "ਸੰਜਮ ਸਤ ਸੰਤੋਖ ਸੀਲ." (ਸਵੈਯੇ ਮਃ ੪. ਕੇ) ੨. ਵ੍ਰਤ. ਨਿਯਮ. "ਨਾਨਕ ਇਹੁ ਸੰਜਮ ਪ੍ਰਭਕਿਰਪਾ ਪਾਈਐ." (ਗਉ ਥਿਤੀ ਮਃ ੫) ੩. ਸੰਕੋਚ. ਕ੍ਰਿਪਣਤਾ. "ਛਾਡਿ ਸਿਆਨਪ ਸੰਜਮ ਨਾਨਕ." (ਦੇਵ ਮਃ ੫) ੪. ਪੱਥ. ਪਰਹੇਜ. "ਭੈ ਕਾ ਸੰਜਮ ਜੇ ਕਰੈ ਦਾਰੂ ਭਾਉ ਲਏਇ." (ਵਾਰ ਰਾਮ ੧. ਮਃ ੩) ੫. ਰੀਤਿ. ਰਸਮ. "ਸੰਜਮ ਤੁਰਕਾ ਭਾਈ." (ਵਾਰ ਆਸਾ) ੬. ਉਪਾਯ. ਯਤਨ. "ਬਿਨ ਸੰਜਮ ਨਹੀ ਕਾਰਜ ਸਾਰ." (ਦੇਵ ਮਃ ੫) ੭. ਤਰੀਕਾ. ਢੰਗ. "ਜਿਨਾ ਨੂੰ ਮਥਨ ਦਾ ਸੰਜਮ ਹੈ, ਸੋ ਮਥਕੇ ਅਗਨਿ ਨਿਕਾਲਦੇ ਹੈਨ." (ਭਗਤਾਵਲੀ)...
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ. ੨. ਸੰਗ੍ਯਾ- ਸੁਭਾਉ। ੩. ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ.#ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ#ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,#ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ#ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,#ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ#ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ,#ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ#ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.#੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ#ਪੂਰੀ ਪਰਿਵਾਰ." (ਵਾਰ ਮਾਰੂ ੧. ਮਃ ੧) ੫. ਅਜਗਰ#ਸਰਪ। ੬. ਮਿਤ੍ਰਤਾ। ੭. ਕ੍ਰਿਤਗ੍ਯਤਾ। ੮. ਸ਼ਾਂਤਿਭਾਵ....
ਸੰਗ੍ਯਾ- ਨੇਮ (ਨਿਯਮ). ਪ੍ਰਤਿਗ੍ਯਾ. ਪ੍ਰਣ। ੨. ਆਗ੍ਯਾ. ਹੁਕਮ। ੩. ਧਰਮ ਦੀ ਰੀਤਿ। ੪. ਉਪਵਾਸ. ਭੋਜਨ ਦਾ ਖਾਸ ਸਮੇਂ ਲਈ ਤਿਆਗ. ਇਸ ਦਾ ਨਾਮ ਵ੍ਰਤ ਇਸ ਲਈ ਹੋ ਗਿਆ ਹੈ ਕਿ ਵ੍ਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ ਅੰਗੀਕਾਰ. ਨਹੀਂ ਕਰਾਂਗਾ.#ਹਿੰਦੂਮਤ ਦੇ ਵ੍ਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਤਿਥੀ ਅਰ ਮਹੀਨਾ ਐਸਾ ਨਹੀਂ, ਜਿਸ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਵ੍ਰਤ ਨਾ ਵਿਧਾਨ ਹੋਵੇ. ਬਹੁਤ ਪ੍ਰਸਿੱਧ ਏਕਾਦਸ਼ੀ ਆਦਿਕ ਵ੍ਰਤ ਹਨ. ਹੋਰ ਮਤਾਂ ਵਿੱਚ ਭੀ ਵ੍ਰਤ ਦੀ ਮਹਿਮਾ ਪਾਈ ਜਾਂਦੀ ਹੈ. ਬਾਈਬਲ ਅਰ ਕ਼ੁਰਾਨ ਵਿੱਚ ਭੀ ਅਨੇਕ ਪ੍ਰਕਾਰ ਦੇ ਵ੍ਰਤ ਲਿਖੇ ਹਨ. ਪਰ ਬਹੁਤ ਕਰਕੇ ਯਹੂਦੀਆਂ ਦੇ ੪੦ ਅਤੇ ਮੁਸਲਮਾਨਾਂ ਦੇ ੩੦ ਰੋਜ਼ੇ ਹੀ ਪ੍ਰਧਾਨ ਵ੍ਰਤ ਮੰਨੇ ਜਾਂਦੇ ਹਨ. ਇਨ੍ਹਾਂ ਵ੍ਰਤਾਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ.#ਗੁਰਮਤ ਵਿੱਚ ਐਸੇ ਵ੍ਰਤਜ਼ ਦਾ ਤਿਆਗ ਅਰ ਸਤ੍ਯ ਨਿਯਮਾਂ ਦਾ ਧਾਰਣ ਰੂਪ ਵ੍ਰਤ ਵਿਧਾਨ ਹੈ. "ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ॥" (ਮਃ ੧. ਵਾਰ ਸਾਰ) "ਅੰਨੁ ਨ ਖਹਿ ਦੇਹੀ ਦੁਖ ਦੀਜੈ। ਬਿਨੁ ਗੁਰਗਿਆਨ ਤ੍ਰਿਪਤਿ ਨਹੀ ਬੀਜੈ ॥" (ਰਾਮ ਅਃ ਮਃ ੧)#ਮੇਦੇ ਦੇ ਦੋਸ ਦੂਰ ਕਰਨ ਲਈ ਕੀਤਾ ਵ੍ਰਤ (ਉਪਵਾਸ), ਸਿੱਖਮਤ ਵਿੱਚ ਵਰਜਿਤ ਨਹੀਂ, ਅਰ ਅਲਪਅਹਾਰ ਰੂਪ ਵ੍ਰਤ ਨਿਤ੍ਯ ਲਈ ਵਿਧਾਨ ਹੈ.#"ਓਨੀ ਦੁਨੀਆ ਤੋੜੇ ਬੰਧਨਾ#ਅੰਨ ਪਾਣੀ ਥੋੜਾ ਖਾਇਆ." (ਵਾਰ ਆਸਾ)#"ਅਲਪ ਅਹਾਰ ਸੁਲਪ ਸੀ ਨਿੰਦ੍ਰਾ,#ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦)#"ਹਁਉ ਤਿਸੁ ਘੋਲਘੁਮਾਇਆ,#ਥੋੜਾ ਸਵੇਂ ਥੋੜੇ ਹੀ ਖਾਵੈ." (ਭਾਗੁ)#"ਹਮਰੇ ਗੁਰੁ ਕੇ ਸਿਖ ਹੈਂ ਜੇਈ।#ਅਲਪ ਅਹਾਰ ਵ੍ਰਤੀ ਨਿਤ ਸੇਈ।#ਕਾਮ ਕ੍ਰੋਧ ਕੋ ਸੰਯਮ ਸਦਾ।#ਪ੍ਰਭੁ ਸਿਮਰਨ ਮੇ ਲਗਾ੍ਯੋ ਰਿਦਾ."(ਗੁਪ੍ਰਸੂ)...
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਸੰ. ਸੰਗ੍ਯਾ- (ਸੰ- ਕੁਚ੍) ਸਿਕੁੜਨਾ. ਸੁੰਗੜਨਾ। ੨. ਝਿਝਕਣਾ। ੩. ਲੱਜਾ. ਸ਼ਰਮ। ੪. ਸਮੇਟਣਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ)...
ਸੰਗ੍ਯਾ- ਕੰਜੂਸੀ. ਸੂਮਪੁਣਾ. ਬਖ਼ੀਲੀ....
ਛੱਡਕੇ. ਤ੍ਯਾਗਕੇ. "ਛਾਡਿ ਸਿਆਨਪ ਬਹੁ ਚਤੁਰਾਈ." (ਬਾਵਨ) ੨. ਛੱਡਣਾ ਕ੍ਰਿਯਾ ਦਾ ਅਮਰ. ਛੱਡ. ਤ੍ਯਾਗ. "ਛਾਡਿ ਮਨ ਹਰਿਬਿਮੁਖਨ ਕੋ ਸੰਗੁ." (ਸਾਰ ਮਃ ੫)...
ਦੇਖੋ, ਸਿਆਣਪ. "ਸਿਆਨਪ ਕਾਹੂ ਕਾਮਿ ਨ ਆਤ." (ਗੂਜ ਮਃ ੫) "ਇਆਨਪ ਤੇ ਸਭ ਭਈ ਸਿਆਨਪ." (ਬਿਲਾ ਮਃ ੫)।...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਦੇਖੋ, ਪਥੁ ੨. ਅਤੇ ਪਥ੍ਯ....
ਫ਼ਾ. [پرہیز] ਸੰਗ੍ਯਾ- ਰੁਕਣ ਦਾ ਭਾਵ. ਸੰਯਮ। ੨. ਬੁਰਾਈ ਤੋਂ ਦੂਰ ਰਹਿਣ ਦਾ ਨਿਯਮ। ੩. ਪੱਥ (ਪਥ੍ਯ)....
ਵਿ- ਦਾਰਣ ਕਰਤਾ. ਵਿਦਾਰਕ. "ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਰਿਓ." (ਬੰਸ ਮਃ ੪) ਗੁਰੂ ਨੇ ਸਬਦ ਰੂਪ ਅੰਕੁਸ਼, ਜੋ ਮਸਤ ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਹੈ, ਸਿਰ ਤੇ ਰੱਖਿਆ. "ਸਭ ਅਉਖਧ ਦਾਰੂ ਲਾਇ ਜੀਉ." (ਆਸਾ ਛੰਤ ਮਃ ੪) ਰੋਗਵਿਦਾਰਕ ਸਭ ਦਵਾਈਆਂ ਇਸਤਾਮਾਲ ਕਰਕੇ। ੨. ਦੇਖੋ, ਦਾਰੁ। ੩. ਫ਼ਾ. [داروُ] ਸੰਗ੍ਯਾ- ਦਵਾ. ਔਖਧ. "ਹਰਿ ਹਰਿ ਨਾਮ ਦੀਓ ਦਾਰੂ." (ਸੋਰ ਮਃ ੫) "ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ." (ਵਾਰ ਗਉ ੧. ਮਃ ੫) ੪. ਸ਼ਰਾਬ. ਮਦਿਰਾ. "ਦੀਖਿਆ ਦਾਰੂ ਭੋਜਨ ਖਾਇ." (ਰਾਮ ਮਃ ੧) ੫. ਬਾਰੂਦ. "ਦਾਰੂ ਸੁ ਦੋਸ ਹੁਤਾਸਨ ਭਾ." (ਗੁਪ੍ਰਸੂ)...
ਸੰਗ੍ਯਾ- ਨਿਰਖ. ਮੁੱਲ। ੨. ਪ੍ਰਭਾਵ. ਅਸਰ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧) "ਨਾਰਦ ਨਾਚੈ ਕਲਿ ਕਾ ਭਾਉ." (ਆਸਾ ਮਃ ੧) ੩. ਭਾਗ. ਹਿੱਸਾ. "ਸੁਤਿਆਂ ਮਿਲੈਨ ਭਾਉ." (ਸ. ਫਰੀਦ) ੪. ਸੰ. ਭਾਵ. ਹੋਂਦ. ਹੋਣਾ. ਮੌਜੂਦਗੀ. "ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ." (ਸੋਰ ਮਃ ੪) ੫. ਦਸ਼ਾ ਹਾਲਤ "ਰਤੁਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ." (ਮਃ ੧. ਵਾਰ ਮਾਝ) ੬. ਸ਼੍ਰੱਧਾ. ਵਿਸ਼੍ਵਾਸ. "ਅਸੰਖ ਜਪ ਅਸੰਖ ਭਾਉ." (ਜਪੁ) "ਸੁਣਿਆ ਮੰਨਿਆ ਮਨਿ ਕੀਤਾ ਭਾਉ." (ਜਪੁ) "ਜੇਹਾ ਭਾਉ ਤੇਹਾ ਫਲ ਪਾਈਐ." (ਸੋਰ ਮਃ ੩) ੭. ਸੰਕਲਪ. ਖ਼ਿਆਲ. "ਨਾ ਤਿਸੁ ਭਾਉ ਨ ਭਰਮਾ." (ਸੋਰ ਮਃ ੧) ੮. ਵਾਕ ਦਾ ਸਿੱਧਾਂਤ. ਮਤਲਬ. "ਪੜਿ ਪੜਿ ਕੀਚੈ ਭਾਉ." (ਸ੍ਰੀ ਮਃ ੧) ੯. ਪ੍ਰੇਮ. ਪਿਆਰ. "ਭਾਉ ਭਗਤਿ ਨਹੀ ਸਾਧੀ." (ਰਾਮ ਕਬੀਰ) ੧੦. ਸੰ. ਭਾ. ਚਮਕ. ਦੀਪ੍ਤਿ. "ਦਾਮਿਨੀ ਅਨੇਕ ਭਾਉ ਕਰ੍ਯੋਈ ਕਰਤ ਹੈ." (ਅਕਾਲ)...
ਲੈਂਦਾ ਹੈ. "ਆਪੇ ਹੀ ਲਾਇ ਲਏਇ." (ਮਃ ੩. ਵਾਰ ਰਾਮ ੧)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਉਪਾਉ....
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਕਾਰ੍ਯ੍ਯ. ਸੰਗ੍ਯਾ- ਕੰਮ. ਧੰਧਾ. "ਕਾਰਜ ਸਗਲੇ ਸਾਧੇ." (ਸੋਰ ਮਃ ੫) ੨. ਫਲ. ਨਤੀਜਾ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਅ਼. [طریِقہ] ਸੰਗ੍ਯਾ- ਢੰਗ. ਰੀਤਿ। ੨. ਯੁਕਤਿ. ਉਪਾਯ. ਜਤਨ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਸਰਵ- ਜਿਨ੍ਹਾਂ ਨੂੰ. "ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ." (ਵਾਰ ਗਉ ੨. ਮਃ ੫) ੨. ਜਿਨ੍ਹਾਂ ਦੇ. "ਜਿਨਾ ਪਿਛੈ ਹਉ ਗਈ." (ਵਾਰ ਮਾਰੂ ੨. ਮਃ ੫) ੩. ਜਿਨ੍ਹਾਂ ਨੇ. "ਜਿਨਾ ਸਤਿਗੁਰ ਇਕਮਨਿ ਸੇਵਿਆ." (ਸਵਾ ਮਃ ੩) ੪. ਜਿੱਤਿਆ. "ਜਨਮਪਦਾਰਥ ਸੋ ਜਿਨਾ." (ਮਾਰੂ ਸੋਲਹੇ ਮਃ ੫) ੫. ਅ਼. [زِنا] ਜ਼ਿਨਾ. ਸੰਗ੍ਯਾ- ਵਿਭਚਾਰ. ਜਾਰੀ....
ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਤ੍ਰਿਤੀਯ (ਪ੍ਰਥਮ) ਪੁਰਖ ਦਾ ਬਹੁ ਵਚਨ. ਹੈਂ. "ਹੈਨਿ ਵਿਰਲੇ ਨਾਹੀ ਘਣੇ." (ਸਵਾ ਮਃ ੧) ੨. ਦੇਖੋ, ਹਾਯਨ....
ਦੇਖੋ, ਭਗਤਰਤਨਾਵਲੀ....