sēsanāgaसेसनाग
ਸੰ. ਸ਼ੇਸਨਾਗ. ਸੰਗ੍ਯਾ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ. ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ ੧੦੦੦ ਸਿਰ ਹਨ, ਜੋ ਵਿਸਨੁ ਭਗਵਾਨ ਉੱਤੇ ਛਾਇਆ ਕਰਦੇ ਹਨ. ਕਈ ਕਹਿੰਦੇ ਹਨ ਕਿ ਸੱਤ ਪਾਤਾਲ ਇਸ ਦੇ ਸਿਰ ਤੇ ਹਨ. ਵਿਸਨੁ ਪੁਰਾਣ ਲਿਖਦਾ ਹੈ ਕਿ ਜਦ ਕਦੀ ਏਹ ਉਬਾਸੀ ਲੈਂਦਾ ਹੈ ਤਾਂ ਭੂਚਾਲ ਆ ਜਾਂਦਾ ਹੈ. ਹਰ ਇੱਕ ਕਲਪ (ਅਥਵਾ ੪੩੨੦੦੦੦੦੦੦ ਵਰ੍ਹਿਆਂ) ਦੇ ਅੰਤ ਵਿੱਚ ਇਹ ਮੂੰਹ ਵਿੱਚੋਂ ਅਗਨਿ ਕਢਦਾ ਹੈ, ਜਿਸ ਨਾਲ ਸਾਰੇ ਲੋਕ ਭਸਮ ਹੋ ਜਾਂਦੇ ਹਨ. ਇਸ ਦਾ ਰੂਪ ਇਉਂ ਦੱਸਿਆ ਹੈ- "ਊਦਾ ਰੰਗ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਤੇ ਦੂਸਰੇ ਵਿੱਚ ਚੱਟੂ." ਇਸ ਨੂੰ ਅਨੰਤ ਭੀ ਆਖਦੇ ਹਨ. ਇਸ ਦੀ ਇਸਤ੍ਰੀ ਦਾ ਨਾਉਂ "ਅਨੰਤ ਸ਼ੀਰ੍ਸਾ" ਹੈ. ਕਈ ਇਸ ਨੂੰ ਵਾਸੁਕਿ ਹੀ ਮੰਨਦੇ ਹਨ, ਪਰ ਕਈ ਉਸ ਤੋਂ ਵੱਖਰਾ ਸਮਝਦੇ ਹਨ. ਪੁਰਾਣਾਂ ਵਿੱਚ ਇਸ ਨੂੰ ਕਸ਼੍ਯਪ ਅਤੇ ਕਦ੍ਰ ਦਾ ਪੁਤ੍ਰ ਕਰਕੇ ਮੰਨਿਆ ਹੈ ਅਤੇ ਬਲਰਾਮ ਨੂੰ ਇਸ ਦਾ ਅਵਤਾਰ ਦੱਸਿਆ ਹੈ. ਇਸ ਦੀ ਕੁੰਜ ਨੂੰ ਮਣਿਦ੍ਵੀਪ ਅਤੇ ਇਸ ਦੇ ਘਰ ਨੂੰ ਮਣਿਭਿੱਤਿ ਜਾਂ ਮਣਿਮੰਡਪ ਆਖਦੇ ਹਨ.
सं. शेसनाग. संग्या- नागवंश अते पाताल दा राजा. पुराणां विॱच कथा है कि इस दे १००० सिर हन, जो विसनु भगवान उॱते छाइआ करदे हन. कई कहिंदे हन कि सॱत पाताल इस दे सिर ते हन. विसनु पुराण लिखदा है कि जद कदी एह उबासी लैंदा है तां भूचाल आ जांदा है. हर इॱक कलप (अथवा ४३२००००००० वर्हिआं) दे अंत विॱच इह मूंह विॱचों अगनि कढदा है, जिस नाल सारे लोक भसम हो जांदे हन. इस दा रूप इउं दॱसिआ है- "ऊदा रंग, गल विॱच चिॱटी माला, इॱक हॱथ विॱच हल ते दूसरे विॱच चॱटू." इस नूं अनंत भी आखदे हन. इस दी इसत्री दा नाउं "अनंत शीर्सा" है. कई इस नूं वासुकि ही मंनदे हन, पर कई उस तों वॱखरा समझदे हन. पुराणां विॱच इस नूं कश्यप अते कद्र दा पुत्र करके मंनिआ है अते बलराम नूं इस दा अवतार दॱसिआ है. इस दी कुंज नूं मणिद्वीप अते इस दे घर नूं मणिभिॱति जां मणिमंडप आखदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਨਾਗ ਉਪਾਸਕ ਛਤ੍ਰੀਆਂ ਦੀ ਕੁਲ. ਦੇਖੋ, ਤਕ੍ਸ਼੍ਕ। ੨. ਦੇਖੋ, ਨਾਗਕੁਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਪ੍ਰਿਥਿਵੀ ਦੇ ਹੇਠਲਾ ਲੋਕ। ੨. ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. "ਪਾਤਾਲ ਪੁਰੀਆ ਲੋਅ ਆਕਾਰਾ." (ਮਾਰੂ ਸੋਲਹੇ ਮਃ ੩) ਦੇਖੋ, ਸਪਤ ਪਾਤਾਲ। ੩. ਦੇਖੋ, ਸਵੈਯੇ ਦਾ ਰੂਪ ੨੭....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਸੰ. ਛਾਯਾ. ਸੰਗ੍ਯਾ- ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ ਛਾਉਂ. ਸਾਯਹ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ." (ਟੋਡੀ ਮਃ ੫) ੨. ਰਖ੍ਯਾ (ਰਕ੍ਸ਼ਾ) "ਛਾਇਆ ਪ੍ਰਭਿ ਛਤ੍ਰਪਤਿ ਕੀਨੀ." (ਸੂਹੀ ਛੰਤ ਮਃ ੫) ੩. ਅਵਿਦ੍ਯਾ. "ਹਉ ਵਿਚਿ ਮਾਇਆ ਹਉ ਵਿੱਚ ਛਾਇਆ." (ਵਾਰ ਆਸਾ) "ਛਾਇਆ ਛੂਛੀ ਜਗਤ ਭੁਲਾਨਾ." (ਓਅੰਕਾਰ) ੪. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. "ਆਪੇ ਮਾਇਆ ਆਪੇ ਛਾਇਆ." (ਮਾਝ ਅਃ ਮਃ ੩) ੫. ਅਸਰ. ਤਾਸੀਰ. "ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ." (ਗੁਪ੍ਰਸੂ) ੬. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀ ਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ "ਛਾਯਾ" ਸੂਰਜ ਦੇ ਘਰ ਛੱਡਕੇ ਚਲੀ ਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.#ਦਿਨਪਤਿ ਜਬੈ ਤ੍ਰਾਸ ਉਪਜਾਯੋ,#ਛਾਯਾ ਸਾਚ ਵ੍ਰਿਤਾਂਤ ਬਤਾਯੋ,#ਤੁਮਦਾਰਾ ਗਮਨੀ ਪਿਤ ਓਰ,#ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)#ਦੇਖੋ, ਸੰਗ੍ਯਾ। ੭. ਭੂਤ ਪ੍ਰੇਤ ਦਾ ਆਵੇਸ਼. "ਭੇਵ ਲਖੋ ਕਿ ਪਰੀ ਤਿਂਹ ਛਾਯਾ." (ਨਾਪ੍ਰ) ੮. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। ੯. ਸਮਾਨਤਾ. ਮਿਸਾਲ। ੧੦. ਕਿਸੇ ਗ੍ਰੰਥ ਅਥਵਾ ਕਾਵ੍ਯ ਦੇ ਭਾਵ ਦੀ ਝਲਕ। ੧੧. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. "ਨਿੰਦਕ ਕੈ ਮੁਖਿ ਛਾਇਆ." (ਸੋਰ ਮਃ ੫) ੧੨. ਵਿ- ਆਛਾਦਿਤ. ਢਕਿਆ ਹੋਇਆ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫. )੧੩ ਛੱਤਿਆ ਹੋਇਆ. "ਊਚੇ ਮੰਦਰ ਸੁੰਦਰ ਛਾਇਆ." (ਗਉ ਮਃ ੫) ੧੪. ਫੈਲਿਆ. ਵਿਸਤੀਰਣ. "ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ." (ਸੂਹੀ ਛੰਤ ਮਃ ੫)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰਗ੍ਯਾ- ਜੰਭਾਈ. ਉਵਾਸ ਲੈਣਾ. ਅਵਾਸੀ. ਕਿਤਨਿਆਂ ਦਾ ਖਿਆਲ ਹੈ ਕਿ ਇਸ ਸ਼ਬਦ ਦਾ ਮੂਲ ਅ਼. [عبس] ਅ਼ਬਸ ਹੈ, ਜਿਸ ਦਾ ਅਰਥ ਹੈ ਤਿਉੜੀ ਪਾਉਣੀ. ਦੇਖੋ, ਅਵਾਸੀ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਪ੍ਰਿਥਿਵੀ ਦਾ ਕੰਬਣਾ. ਜ਼ਲਜ਼ਲਾ. Earth- quake ਸ਼ੱਕੁਲਅਰਜ਼. ਭੰਭ. ਪਦਾਰਥਵਿਦ੍ਯਾ ਦੇ ਜਾਣਨ ਵਾਲੇ ਮੰਨਦੇ ਹਨ ਕਿ ਭੂਗਰਭ ਦੀ ਅਗਨੀ ਦੇ ਸੰਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉਠਦੇ ਹਨ, ਅਰ ਫੈਲਕੇ ਬਾਹਰ ਨਿਕਲਣ ਨੂੰ ਰਾਹ ਲਭਦੇ ਹੋਏ ਧੱਕਾ ਮਾਰਦੇ ਹਨ. ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਪ੍ਰਿਥਿਵੀ ਦਾ ਉੱਪਰਲਾ ਭਾਗ ਭੀ ਕੰਬ ਉਠਦਾ ਹੈ.#ਭੂਚਾਲ ਕਦੇ ਪ੍ਰਿਥਿਵੀ ਦੇ ਥੋੜੇ ਹਿੱਸੇ ਵਿੱਚ ਅਰ ਕਦੇ ਬਹੁਤੇ ਵਿੱਚ ਹੁੰਦਾ ਹੈ, ਜਿਨ੍ਹਾਂ ਦੇਸ਼ਾਂ ਵਿੱਚ ਜ੍ਵਾਲਾਮੁਖੀ ਪਹਾੜ ਬਹੁਤ ਹਨ, ਉਨ੍ਹਾਂ ਵਿੱਚ ਭੂਕੰਪ ਬਹੁਤ ਹੋਇਆ ਕਰਦੇ ਹਨ.#ਭੂਚਾਲਾਂ ਨਾਲ ਕਦੇ ਕਦੇ ਜ਼ਮੀਨ ਵਿੱਚ ਵਡੇ- ਵਡੇ ਛੇਕ ਹੋ ਜਾਂਦੇ ਹਨ. ਕਈ ਜਮੀਨ ਦੇ ਟੁਕੜੇ ਪਾਣੀ ਵਿੱਚ ਗਰਕ ਹੋ ਜਾਂਦੇ ਅਤੇ ਕਈ ਪਾਣੀ ਵਿੱਚੋਂ ਉਭਰਕੇ ਬਾਹਰ ਆ ਜਾਂਦੇ ਹਨ.#ਭੂਚਾਲ ਵਿਦ੍ਯਾ (Seismology) ਦੇ ਪੰਡਿਤਾਂ ਨੇ ਇੱਕ ਆਲਾ (seismograph) ਬਣਾਇਆ ਹੈ, ਜਿਸ ਤੋਂ ਭੂਚਾਲਾਂ ਦੇ ਆਉਣ ਦਾ ਸਮਾ ਦਿਸ਼ਾ ਅਤੇ ਫਾਸਲਾ ਮਲੂਮ ਹੋ ਜਾਂਦਾ ਹੈ.#ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਸ਼ੇਸਨਾਗ ਜਦ ਅਵਾਸੀ (ਜੰਭਾਈ) ਲੈਂਦਾ ਹੈ, ਤਦ ਭੁਚਾਲ ਹੁੰਦਾ ਹੈ. ਵਾਲਮੀਕ ਰਾਮਾਯਣ ਕਾਂਡ ੧. ਅਃ ੪੦ ਵਿੱਚ ਲੇਖ ਹੈ ਕਿ ਜਦ ਸ਼ੇਸਨਾਗ ਥੱਕਕੇ ਆਪਣਾ ਸਿਰ ਹਿਲਾਉਂਦਾ ਹੈ, ਤਦ ਭੂਕੰਪ ਹੋਇਆ ਕਰਦਾ ਹੈ. "ਰਾਜੀ ਬਿਰਾਜੀ ਭੂਕੰਪ." (ਭਾਗੁਕ) ਦੇਖੋ, ਰਾਜੀ....
ਸੰ. कल्प ਸੰਗ੍ਯਾ- ਵਿਧਿ. ਕਰਨ ਯੋਗ੍ਯ ਕਰਮ। ੨. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦੇ ਮੌਕੇ ਅਤੇ ਫਲ ਵਰਣਨ ਕੀਤੇ ਹਨ। ੩. ਪੁਰਾਣਾਂ ਅਨੁਸਾਰ ਬ੍ਰਹਮਾ ਦਾ ਇੱਕ ਦਿਨ, ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ. ਮੱਕੇ ਦੀ ਗੋਸਟਿ ਵਿੱਚ ਕਲਪ ਦੀ ਇੱਕ ਅਣੋਖੀ ਕਲਪਨਾ ਹੈ ਕਿ ਕਲਪਬਿਰਛ ਦਾ ਇੱਕ ਪੱਤਾ ਝੜਨ ਤੋਂ ਕਲਪ, ਅਤੇ ਸਾਰੇ ਪੱਤੇ ਝੜਨ ਤੋਂ ਮਹਾਕਲਪ (ਅਰਥਾਤ ਪ੍ਰਲੈ) ਹੁੰਦੀ ਹੈ। ੪. ਕਲਪਵ੍ਰਿਕ੍ਸ਼੍ (ਬਿਰਛ) ੫. ਕਲਪਨਾ ਦਾ ਸੰਖੇਪ. "ਅੰਤਰਿ ਕਲਪ ਭਵਾਈਐ ਜੋਨੀ." (ਪ੍ਰਭਾ ਅਃ ਮਃ ੫) "ਰੋਵੇ ਪੂਤ ਨ ਕਲਪੈ ਮਾਈ." (ਆਸਾ ਮਃ ੧) ੬. ਸਿੰਧੀ. ਕਲਪੁ. ਸੰਸਾ. ਸ਼ੱਕ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਮੁਖ। ੨. ਚੇਹਰਾ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਵਿ- ਬੈਂਗਣੀ ਰੰਗਾ. ਕਾਲਾ ਅਤੇ ਲਾਲ ਮਿਲਿਆ ਹੋਇਆ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਇੱਕ ਨਾਗ. ਦੇਖੋ, ਬਾਸਕ ੩....
ਕਸ਼੍ਯ (ਸ਼ਰਾਬ) ਪੀਣ ਵਾਲਾ. ਦੇਖੋ, ਕੱਸਪ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. ਸੰਗ੍ਯਾ- ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ। ੨. ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ। ੩. ਦੇਖੋ, ਕੁੰਚ ੨. "ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ." (ਕ੍ਰਿਸਨਾਵ) ੪. ਫ਼ਾ. [کُنج] ਕੋਨਾ. ਗੋਸ਼ਾ. ਕਿਨਾਰਾ. ਗੁੱਠ। ੫. ਤੰਗ ਗਲੀ....
ਦੇਖੋ, ਸੇਸਨਾਗ....
ਦੇਖੋ, ਸੇਸਨਾਗ। ੨. ਰਤਨਾਂ ਨਾਲ ਜੜੀ ਕੰਧ ਅਤੇ ਗੁੰਬਜ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਦੇਖੋ, ਸੇਸਨਾਗ। ੨. ਰਤਨਾਂ ਨਾਲ ਜੜੀ ਕੰਧ ਅਤੇ ਗੁੰਬਜ....