saraiसरै
ਦੇਖੋ, ਸਰਣਾ. "ਹਰਿ ਜੀਉ ਤੇ ਸਭੈ ਸਰੈ." (ਮਾਰੂ ਰਵਿਦਾਸ) ੨. ਦੇਖੋ, ਸ਼ਰਾ। ੩. ਵਿ- ਸ਼ਰਈ. "ਸਰੈ ਸਰੀਅਤਿ ਕਰਹਿ ਬੀਚਾਰ." (ਵਾਰ ਸ੍ਰੀ ਮਃ ੧)
देखो, सरणा. "हरि जीउ ते सभै सरै." (मारू रविदास) २. देखो, शरा। ३. वि- शरई. "सरै सरीअति करहि बीचार." (वार स्री मः १)
ਸਰਣਾਗਤ ਦਾ ਸੰਖੇਪ। ੨. ਕ੍ਰਿ- ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. "ਤੁਝ ਬਿਨ ਕਿਉ ਸਰੈ." (ਬਿਲਾ ਛੰਤ ਮਃ ੫) "ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ." (ਬਾਰਹਮਾਹਾ ਮਾਝ ਮਃ ੫)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਦੇਖੋ, ਸਭਯ. "ਕਹੁ ਰਵਿਦਾਸ ਸਭੈ ਨਹੀ ਸਮਝਸਿ." (ਰਾਮਕਲੀ) ੨. ਸਭ ਹੀ. ਸਾਰੇ. "ਸਭੈ ਘਟਿ ਰਾਮੁ ਬੋਲੈ." (ਮਾਲੀ ਨਾਮਦੇਵ) ੩. ਸਭ੍ਯ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ....
ਦੇਖੋ, ਸਰਣਾ. "ਹਰਿ ਜੀਉ ਤੇ ਸਭੈ ਸਰੈ." (ਮਾਰੂ ਰਵਿਦਾਸ) ੨. ਦੇਖੋ, ਸ਼ਰਾ। ੩. ਵਿ- ਸ਼ਰਈ. "ਸਰੈ ਸਰੀਅਤਿ ਕਰਹਿ ਬੀਚਾਰ." (ਵਾਰ ਸ੍ਰੀ ਮਃ ੧)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰਗ੍ਯਾ- ਸ਼ਰਾਬ ਦਾ ਸੰਖੇਪ.#"ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਬਾਰੁx#ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉx#ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ."#(ਸ੍ਰੀ ਮਃ ੧)#੨. ਫ਼ਾ. [سرا] ਘਰ। ੩. ਮੁਸਾਫਿਰਖਾਨਾ। ੪. ਅ਼. [شرع] ਸ਼ਰਅ਼. ਸਿੱਧਾ ਰਾਹ। ੫. ਧਰਮ ਦੀ ਮਰਯਾਦਾ. "ਸੁਣਿਐ ਸਰਾ ਗੁਣਾ ਕੇ ਗਾਹ." (ਜਪੁ)...
ਦੇਖੋ, ਸ਼ਰਯੀ। ੨. ਸਰਦਾ. ਪੂਰਾ ਹੁੰਦਾ. ਦੇਖੋ, ਸਰਣਾ....
ਦੇਖੋ, ਸਰੀਅਤ. "ਮੁਸਲਮਾਨਾ ਸਿਫਤਿ ਸਰੀਅਤਿ." (ਵਾਰ ਆਸਾ)...
ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....