saruसरु
ਦੇਖੋ, ਸਰ। ੨. ਸੰਗ੍ਯਾ- ਸ੍ਵਰ. ਸੁਰ. "ਸੂਰ ਸਰੁ ਸੋਸਿਲੈ." (ਮਾਰੂ ਮਃ ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। ੩. ਸੰ. ਸ਼ਰੁ. ਕ੍ਰੋਧ। ੪. ਸ਼ਸਤ੍ਰ। ੫. ਹਿੰਸਾ. ਹਤ੍ਯਾ। ੬. ਵਿ- ਹਿੰਸਕ। ੭. ਬਹੁਤ ਪਤਲਾ.
देखो, सर। २. संग्या- स्वर. सुर. "सूर सरु सोसिलै." (मारू मः १) पिंगला नाड़ी दी स्वासां नाल रतूबत खुशक कर लै। ३. सं. शरु. क्रोध। ४. शसत्र। ५. हिंसा. हत्या। ६. वि- हिंसक। ७. बहुत पतला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. स्वर् ਵ੍ਯ- ਸ੍ਵਰਗ। ੨. ਉੱਤਮ. ਸ਼੍ਰੇਸ੍ਠ. ੩. ਸੰਗ੍ਯਾ- ਪ੍ਰਾਣ ਪਵਨ ਦਾ ਵਿਹਾਰ. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ। ੪. ਗਾਉਣ ਦੀ ਧੁਨਿ.¹ ਰਾਗ ਦੇ ਮੂਲ ਰੂਪ ਸੱਤ ਸੁਰ. ਸੜਜ. ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ.#ਰਾਗ ਦੇ, ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ, ਪਪੀਹੇ (ਚਾਤ੍ਰਕ) ਦੀ ਧੁਨਿ ਤੋਂ ਰਿਸਭ (ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ), ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ, ਕੂੰਜ ਦੀ ਧੁਨਿ ਤੋਂ ਮਧ੍ਯਮ, ਕੋਇਲ (ਕੋਕਿਲਾ) ਤੋਂ ਪੰਚਮ, ਡੱਡੂ (ਅਥਵਾ ਘੋੜੇ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਾਦ ਸੁਰ ਕਲਪਿਆ ਹੈ.²#ਜੋ ਸੁਰ ਰਿਖੀਆਂ ਨੇ ਰਾਗ ਵਿਦ੍ਯਾ ਦੇ ਆਰੰਭ ਵਿੱਚ ਥਾਪੇ, ਉਹ ਸ਼ੁੱਧ ਕਹੇ ਜਾਂਦੇ ਹਨ. ਫੇਰ ਪਿੱਛੋਂ ਕਈ ਰਾਗਾਂ ਵਾਸਤੇ ਜੋ ਨੀਵੇਂ ਅਤੇ ਉੱਚੇ ਸੁਰ ਦੀ ਲੋੜ ਪਈ ਤਾਂ ਪੰਜ ਵਿਕ੍ਰਿਤ ਸੁਰ ਬਣਾਏ. ਇਨ੍ਹਾਂ ਵਿੱਚੋਂ ਚਾਰ- ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਵਿਕਾਰੀ ਹੋਕੇ ਕੋਮਲ ਹੋ ਜਾਂਦੇ ਹਨ ਅਤੇ ਮਧ੍ਯਮ ਵਿਕ੍ਰਿਤ ਹੋਕੇ ਤੀਵ੍ਰ (ਕੜਾ) ਹੁੰਦਾ ਹੈ. ਇਸ ਹਿਸਾਬ ਅਨੁਸਾਰ ਬਾਰਾਂ (ਸੱਤ ਸ਼ੁੱਧ ਅਤੇ ਪੰਜ ਵਿਕ੍ਰਿਤ) ਸ੍ਵਰਾਂ ਤੋਂ ਸਾਰੇ ਰਾਗਾਂ ਦੇ ਠਾਟ ਬਣਦੇ ਹਨ. ਦੇਖੋ, ਠਾਟ.#ਕਈ ਅਞਾਣ ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਨੂੰ ਤੀਵ੍ਰ (ਚੜਿਆ), ਮਧ੍ਯਮ ਨੂੰ ਉਤਰਿਆ, ਸੜਜ ਅਤੇ ਪੰਚਮ ਨੂੰ ਅਚਲ ਆਖਦੇ ਹਨ, ਪਰ ਇਹ ਭੁੱਲ ਹੈ. ਅਸਲ ਵਿੱਚ ਆਪਣੀ ਥਾਂ ਇਸਥਿਤ ਇਹ ਸੱਤੇ ਸੁਰ ਸ਼ੁੱਧ ਕਹੇ ਜਾਂਦੇ ਹਨ. ਅਞਾਣਾਂ ਦੀ ਬੋਲੀ ਵਿੱਚ ਜੋ ਅਚਲ ਸੜਜ, ਚੜ੍ਹਿਆ ਰਿਸਭ, ਚੜ੍ਹਿਆ ਗਾਂਧਾਰ, ਕੋਮਲ ਮਧ੍ਯਮ, ਅਚਲ ਪੰਚਮ, ਚੜ੍ਹਿਆ ਧੈਵਤ ਅਤੇ ਨਿਸਾਦ ਹੈ, ਵਿਦ੍ਵਾਨਾਂ ਦੇ ਹਿਸਾਬ ਇਹ ਸੱਤੇ ਸ਼ੁੱਧ ਸੁਰ ਹਨ. ਬਾਕੀ ਪੰਜ ਵਿਕ੍ਰਿਤ ਸੁਰਾਂ ਬਾਬਤ ਉੱਪਰ ਚੰਗੀ ਤਰਾਂ ਦੱਸਿਆ ਗਿਆ ਹੈ.#ਸੱਤਾਂ ਸੁਰਾਂ ਦੀਆਂ ੨੨ ਸ਼੍ਰੁਤੀਆਂ ਹਨ, ਜੋ ਸੁਰਾਂ ਦੇ ਅੰਸ਼ ਆਖਣੇ ਚਾਹੀਏ. ਦੇਖੋ, ਸ਼੍ਰੁਤਿ.#ਕਈ ਅਗ੍ਯਾਨੀ ਸ਼੍ਰੁਤਿ ਨੂੰ ਮੂਰਛਨਾ ਸਮਝਦੇ ਹਨ, ਪਰ ਐਸਾ ਨਹੀਂ ਹੈ. ਮੂਰਛਨਾ ਨਾਉਂ ਠਾਟ ਦੀ ਇਸਥਿਤੀ ਦਾ ਹੈ. ਸੁਰਾਂ ਦੀਆਂ ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾ, ਅਰਥਾਤ ਇੱਕੀ ਸੁਰਾਂ ਦੀ ਇਸਥਿਤੀ ਆਲਾਪ ਲਈ ਠਹਿਰਾਈ ਗਈ ਹੈ.#ਇਸ ਗ੍ਰੰਥ ਵਿੱਚ ਲਿਖੇ ਸ਼ੁੱਧ, ਕੋਮਲ ਅਤੇ ਤੀਵ੍ਰ ਸੁਰ ਸਮਝਣ ਲਈ ਅਸੀਂ ਇਹ ਸੰਕੇਤ ਰੱਖਿਆ ਹੈ ਕਿ ਮੁਕਤੇ ਅੱਖਰ ਵਾਲਾ ਸ਼ੁੱਧ ਸੁਰ, ਕੰਨੇ ਵਾਲਾ ਕੋਮਲ ਅਤੇ ਬਿਹਾਰੀ ਵਾਲਾ ਤੀਵ੍ਰ ਹੈ. ਯਥਾ-#ਸ਼ੁੱਧ- ਸ ਰ ਗ ਮ ਪ ਧ ਨ.#ਕੋਮਲ- ਰਾ ਗਾ ਧਾ ਨਾ.#ਤੀਵ੍ਰ- ਮੀ.#ਰਾਗਾਂ ਦੇ ਬਿਆਨ ਵਿੱਚ ਗ੍ਰਹਸ੍ਵਰ, ਵਾਦੀ, ਸੰਵਾਦੀ, ਅਨੁਵਾਦੀ ਅਤੇ ਵਿਵਾਦੀ ਸ਼ਬਦ ਵਰਤੇ ਗਏ ਹਨ, ਇਸ ਲਈ ਇਨ੍ਹਾਂ ਬਾਬਤ ਭੀ ਚੰਗੀ ਤਰਾਂ ਸਮਝ ਲੈਣਾ ਚਾਹੀਏ.#ਗ੍ਰਹਸ੍ਵਰ ਉਹ ਹੈ ਜਿਸ ਵਿੱਚ ਰਾਗ ਦੇ ਆਲਾਪ ਦੀ ਸਮਾਪਤੀ ਹੋਵੇ.#ਵਾਦੀ ਅਥਵਾ ਅੰਸ਼ (ਜੀਵ) ਸ੍ਵਰ ਉਹ ਹੈ ਜੋ ਰਾਗ ਦੀ ਜਾਨ ਹੋਵੇ.#ਸੰਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ.#ਅਨੁਵਾਦੀ ਉਹ ਹੈ ਜੋ ਵਾਦੀ ਸੰਵਾਦੀ ਨੂੰ ਸਹਾਇਤਾ ਦੇ ਕੇ ਰਾਗ ਦਾ ਪੂਰਾ ਸਰੂਪ ਪ੍ਰਗਟ ਕਰ ਦੇਵੇ.#ਵਿਵਾਦੀ ਸੁਰ ਉਹ ਹੈ ਜੋ ਰਾਗ ਦੀ ਸ਼ਕਲ ਵਿਗਾੜ ਦੇਵੇ. ਇਸ ਨੂੰ ਵਰਜਿਤ ਅਤੇ ਸ਼ਤ੍ਰੁ ਸ੍ਵਰ ਭੀ ਆਖਦੇ ਹਨ।³ ੫. ਉਹ ਅੱਖਰ ਜੋ ਸੁਤੇ ਆਵਾਜ਼ ਦੇਵੇ. ਜੋ ਆਪ ਹੀ ਪ੍ਰਕਾਸ਼ੇ ਉਹ ਸ੍ਵਰ ਹੈ. ਪੰਜਾਬੀ ਵਰਣਮਾਲਾ ਵਿੱਚ ੳ ਅ ੲ ਸ੍ਵਰ ਹਨ....
ਸੰ. ਸੰਗ੍ਯਾ- ਦੇਵਤਾ."ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ਦੇਖੋ, ਸੁਰਾ। ੨. ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੩. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸ੍ਵਰ....
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਦੇਖੋ, ਸਰ। ੨. ਸੰਗ੍ਯਾ- ਸ੍ਵਰ. ਸੁਰ. "ਸੂਰ ਸਰੁ ਸੋਸਿਲੈ." (ਮਾਰੂ ਮਃ ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। ੩. ਸੰ. ਸ਼ਰੁ. ਕ੍ਰੋਧ। ੪. ਸ਼ਸਤ੍ਰ। ੫. ਹਿੰਸਾ. ਹਤ੍ਯਾ। ੬. ਵਿ- ਹਿੰਸਕ। ੭. ਬਹੁਤ ਪਤਲਾ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ....
ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਦੇਖੋ, ਸਰ। ੨. ਸੰਗ੍ਯਾ- ਸ੍ਵਰ. ਸੁਰ. "ਸੂਰ ਸਰੁ ਸੋਸਿਲੈ." (ਮਾਰੂ ਮਃ ੧) ਪਿੰਗਲਾ ਨਾੜੀ ਦੀ ਸ੍ਵਾਸਾਂ ਨਾਲ ਰਤੂਬਤ ਖੁਸ਼ਕ ਕਰ ਲੈ। ੩. ਸੰ. ਸ਼ਰੁ. ਕ੍ਰੋਧ। ੪. ਸ਼ਸਤ੍ਰ। ੫. ਹਿੰਸਾ. ਹਤ੍ਯਾ। ੬. ਵਿ- ਹਿੰਸਕ। ੭. ਬਹੁਤ ਪਤਲਾ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਦੇਖੋ, ਹਤਿਆ. "ਘੋਰ ਦੁਖ੍ਯੰ ਅਨਿਕ ਹਤ੍ਯੰ" (ਸਹਸ ਮਃ ੫)...
ਸੰ. ਵਿ- ਹਿੰਸਾ ਕਰਨ ਵਾਲਾ. ਮਾਰਨ ਵਾਲਾ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਵਾਲਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....