saḍhaurāसढौरा
ਜਿਲਾ ਅੰਬਾਲਾ ਦੀ ਤਸੀਲ ਨਰਾਇਣਗੜ੍ਹ ਦਾ ਇੱਕ ਪਿੰਡ, ਜੋ ਕਿਸੇ ਵੇਲੇ ਸਰਹਿੰਦ ਦੇ ਅਠਾਈ ਪਰਗਨਿਆਂ ਵਿੱਚੋਂ ਇੱਕ ਪਰਗਨੇ ਦਾ ਪ੍ਰਧਾਨ ਨਗਰ ਸੀ. ਇਸ ਥਾਂ ਦੇ ਰਹਿਣ ਵਾਲੇ ਸਾਈਂ ਬੁੱਧੂਸ਼ਾਹ ਨੇ ਦਸ਼ਮੇਸ਼ ਨੂੰ ਭੰਗਾਣੀ ਦੇ ਯੁੱਧ ਵਿੱਚ ਸਹਾਇਤਾ ਦਿੱਤੀ ਸੀ. ਦੇਖੋ, ਬੁੱਧੂ ਸ਼ਾਹ.#ਪੀਰ ਬੁੱਧੂ ਸ਼ਾਹ ਨੂੰ ਦੁੱਖ ਦੇਣ ਵਾਲੇ ਜ਼ਾਲਿਮਾਂ ਨੂੰ, ਸਨ ੧੭੧੦ ਵਿੱਚ ਬੰਦੇ ਬਹਾਦੁਰ ਨੇ ਸਢੌਰੇ ਤੇ ਚੜ੍ਹਾਈ ਕਰਕੇ ਕਰੜਾ ਦੰਡ ਦਿੱਤਾ ਸੀ.
जिला अंबाला दी तसील नराइणगड़्ह दा इॱक पिंड, जो किसे वेले सरहिंद दे अठाई परगनिआं विॱचों इॱक परगने दा प्रधान नगर सी. इस थां दे रहिण वाले साईं बुॱधूशाह ने दशमेश नूं भंगाणी दे युॱध विॱच सहाइता दिॱती सी. देखो, बुॱधू शाह.#पीर बुॱधू शाह नूं दुॱख देण वाले ज़ालिमां नूं, सन १७१० विॱच बंदे बहादुर ने सढौरे ते चड़्हाई करके करड़ा दंड दिॱता सी.
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਸੰ. ਆਮ੍ਰਾਲਯ. ਸੰਗ੍ਯਾ- ਇੱਕ ਨਗਰ, ਜੋ ਲੁਦਿਆਨਾ ਅਤੇ ਕਰਨਾਲ ਦੇ ਮੱਧ ਹੈ, ਜਿਸਦੇ ਪਾਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਅੰਬਾਂ ਦੇ ਬਾਗ ਸਨ. ਹੁਣ ਇਹ ਪੰਜਾਬ ਦੀ ਕਮਿਸ਼ਨਰੀ ਅਤੇ ਜਿਲੇ ਦਾ ਪ੍ਰਧਾਨ ਅਸਥਾਨ ਹੈ, ਅਤੇ ਛਾਵਨੀ ਭੀ ਹੈ. ਕਾਲਕਾ ਸ਼ਿਮਲਾ ਨੂੰ ਰੇਲ ਇਸੇ ਥਾਂ ਤੋਂ ਜਾਂਦੀ ਹੈ. ਇਸ ਨਗਰ ਵਿੱਚ ਇਹ ਗੁਰੁਦ੍ਵਾਰੇ ਹਨ-#(੧) ਸ਼ਹਿਰ ਤੋਂ ਵਾਯਵੀ ਕੋਣ ਲੱਭੂ ਵਾਲੇ ਤਲਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸੈਰ ਅਤੇ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ.#ਗੁਰੁਦ੍ਵਾਰਾ ਛੋਟਾ ਜਿਹਾ ਬਹੁਤ ਚੰਗਾ ਬਣਿਆ ਹੋਇਆ ਹੈ. ਪਾਸ ਕੁਝ ਰਿਹਾਇਸ਼ੀ ਮਕਾਨ ਹਨ. ਹੁਣ ਗੁਰੁਦ੍ਵਾਰੇ ਨਾਲ ਹੀ ਇੱਕ ਜ਼ਮੀਨ ਦਾ ਟੁਕੜਾ ਸਰਦਾਰ ਗੁਰੁਬਖ਼ਸ਼ ਸਿੰਘ ਜੀ ਨੇ ਦਿੱਤਾ ਹੈ. ਲੰਗਰ ਦਾ ਪ੍ਰਬੰਧ ਇਲਾਕੇ ਦੇ ਸਿੰਘਾਂ ਵੱਲੋਂ ਹੈ. ੧੦. ਸੱਜਣਾਂ ਦੇ ਰਹਿਣ ਦਾ ਪ੍ਰਬੰਧ ਭੀ ਹੋ ਸਕਦਾ ਹੈ. ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਈਸ਼ਾਨ ਕੋਣ ਅੱਧ ਮੀਲ ਦੇ ਕਰੀਬ ਹੈ.#(੨) ਸ਼ਹਿਰ ਵਿੱਚ ਘੁਮਾਰਾਂ ਦੇ ਮਹੱਲੇ ਪਾਸ ਧੂਮੀ ਗੁੱਜਰ ਦੇ ਮਹੱਲੇ ਅੰਦਰ ਭਾਈ ਸੁੰਦਰ ਸਿੰਘ ਪੁਜਾਰੀ ਦੇ ਘਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਛੱਤ ਅੰਦਰ ਮੰਜੀ ਸਾਹਿਬ ਹੈ. ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲਖਨੌਰ ਤੋਂ ਗੁਰੂ ਜੀ ਸੈਰ ਕਰਨ ਆਏ ਇੱਥੇ ੩. ਦਿਨ ਰਹੇ. ਇਹ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ਅੱਧ ਮੀਲ ਹੈ.#(੩) ਸ਼ਹਿਰ ਤੋਂ ਨੈਰਤ ਕੋਣ ਵੱਡੀਆਂ ਕਚਹਿਰੀਆਂ ਦੇ ਪਾਸ ਦੱਖਣ ਦੇ ਪਾਸੇ ਖੇਤਾਂ ਵਿੱਚ ਮੰਜੀ ਸਾਹਿਬ ਨਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ. ਗੁਰੂ ਜੀ ਲਖਨੌਰ ਤੋਂ ਸੈਰ ਕਰਨ ਆਏ ਇੱਥੇ ਠਹਿਰੇ. ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਢਹਿ ਰਿਹਾ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਨੈਰਤ ਕੋਣ ਅੱਧ ਮੀਲ ਦੇ ਕ਼ਰੀਬ ਹੈ.#(੪) ਦਰਵਾਜ਼ਾ ਸਪਾਟੂ ਤੋਂ ਬਾਹਰ ਗਊਸ਼ਾਲਾ ਦੇ ਬਰਾਬਰ ਸ਼੍ਰੀ ਗੁਰੂ ਹਰਿਕ੍ਰਿਸਨ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਿੱਲੀ ਜਾਂਦੇ ਠਹਿਰੇ. ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਨਾਲ ੧੦. ਵਿੱਘੇ ਜ਼ਮੀਨ ਭੀ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਦਿਸ਼ਾ ੧. ਮੀਲ ਦੇ ਕ਼ਰੀਬ ਪੱਕੀ ਸੜਕ ਹੈ.#(੫) ਸ਼ਹਿਰ ਦੇ ਪੂਰਵ ਕੈਂਥਮਾਜਰੀ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲਈ ਜਾਂਦਾ ਸਿੱਖ ਕੁਝ ਸਮਾਂ ਇੱਥੇ ਠਹਿਰਿਆ ਸੀ. ਹੁਣ ਇੱਥੇ ਸੋਹਣਾ ਗੁਰੁਦ੍ਵਾਰਾ ਬਣ ਗਿਆ ਹੈ. ਇਹ ਗੁਰੁਦ੍ਵਾਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ਪੂਰਵ ਵੱਲ ਕਰੀਬ ਇੱਕ ਮੀਲ ਹੈ....
ਦੇਖੋ, ਤਹਸੀਲ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਵਜ਼ੀਰ ਖ਼ਾਂ ਸੂਬੇ ਨੇ ਇਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਕਰਕੇ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.#ਬੰਦਾ ਬਹਾਦੁਰ ਨੇ ੧. ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜ਼ੀਰ ਖ਼ਾਂ ਨੂੰ ਮਾਰਿਆ.¹ ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ "ਗੁਰੁਮਾਰੀ" ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇ ਗੜ੍ਹ.#ਸਰਹਿੰਦ ਵਿੱਚ ਇਹ ਗੁਰੁਦ੍ਵਵਾਰੇ ਹਨ-#੧. ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.#੨. ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.#੩. ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਥੇ ਸ਼ਹੀਦ ਹੋਇਆ.#੪. ਜੋਤੀਸਰੂਪ. ਜਿਸਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.#੫. ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.#੬. ਫਤੇਗੜ੍ਹ. ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖ ਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩. ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਿਹੰਦ ਤੋਂ ਕਰੀਬ ਡੇਢ ਮੀਲ ਹੈ.#੭. ਮਾਤਾ ਗੂਜਰੀ ਜੀ ਦਾ ਬੁਰਜ, ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.#੮. ਵਿਮਾਨ ਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸਢੌਰਾ (ਜਿਲਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੰਦੀਨ ਸੀ. ਇਸ ਨੇ ਗੁਰੂ ਗੋਬਿੰਦਸਿੰਘ ਜੀ ਪਾਸ ਸਿਫਾਰਿਸ਼ ਕਰਕੇ ਪੰਜ ਸੌ ਪਠਾਣ ਨੌਕਰ ਰਖਵਾਏ ਸਨ. ਜਿਨ੍ਹਾਂ ਦੇ ਚਾਰ ਮੁੱਖ ਸਰਦਾਰ, ਕਾਲਾ ਖ਼ਾਨ, ਭੀਕਨਖ਼ਾਨ, ਨਿਜਾਬਤਖ਼ਾਨ ਅਤੇ ਹਯਾਤ ਖ਼ਾਨ ਸਨ. ਇਨ੍ਹਾਂ ਵਿੱਚੋਂ ਕਾਲਾਖ਼ਾਨ ਨਮਕਹਰਾਮ ਨਹੀਂ ਹੋਇਆ, ਬਾਕੀ ਤਿੰਨ ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇ ਛੱਡ ਗਏ.#ਜਦ ਪਠਾਣ ਸਰਦਾਰ ਨਮਕਹਰਾਮ ਹੋਕੇ ਵੈਰੀਆਂ ਨਾਲ ਮਿਲ ਗਏ, ਤਦ ਬੁੱਧੂਸ਼ਾਹ ਆਪਣੇ ਚਾਰ ਪੁਤ੍ਰ ਅਤੇ ਸੱਤ ਸੌ ਮੁਰੀਦ ਲੈ ਕੇ ਦਸ਼ਮੇਸ਼ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿੱਚ ਪੁੱਜਾ, ਜਿੱਥੇ ਇਸ ਦੇ ਦੋ ਪੁਤ੍ਰ ਅਤੇ ਬਹੁਤ ਮੁਰੀਦ ਸ਼ਹੀਦ ਹੋਏ, ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਲਗ ਰਹੇ ਸਨ, ਅਰ ਛੋਟੀ ਕ੍ਰਿਪਾਨ ਬੁੱਧੂਸ਼ਾਹ ਨੂੰ ਹੁਕਮਨਾਮੇ ਸਮੇਤ ਬਖ਼ਸ਼ੀ. ਨਾਭਾਪਤਿ ਮਹਾਰਾਜਾ ਭਰਪੂਰਸਿੰਘ ਨੇ ਬੁੱਧੂਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਾਗੀਰ ਦੇਕੇ ਇਹ ਵਸਤਾਂ ਲੈ ਲਈਆਂ, ਜੋ ਹੁਣ ਨਾਭਾ ਰਿਆਸਤ ਦੇ ਗੁਰਦ੍ਵਾਰੇ "ਸਿਰੇਪਾਉ" ਵਿੱਚ ਮਾਨ ਨਾਲ ਰੱਖੀਆਂ ਹੋਈਆਂ ਹਨ. ਦੇਖੋ, ਨਾਭਾ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਸਹਾਇਤਾ ਦੇਣ ਦਾ ਅਪਰਾਧ ਲਾਕੇ ਸਰਦਾਰ ਆਸਮਾਨਖ਼ਾਨ ਹਾਕਮ ਸਢੌਰਾ ਨੇ ਬੁੱਧੂਸ਼ਾਹ ਨੂੰ ਕਤਲ ਕਰਵਾ ਦਿੱਤਾ. ਇਸ ਵਾਸਤੇ ਬੰਦਾਬਹਾਦੁਰ ਨੇ ਸੰਮਤ ੧੭੬੬ ਵਿੱਚ ਸਢੌਰਾ ਫਤੇ ਕਰਕੇ ਆਸਮਾਨਖ਼ਾਨ ਨੂੰ ਫਾਂਸੀ ਲਟਕਾਇਆ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਇਹ ਸੁੱਧੂ ਦਾ ਪੁਤ੍ਰ ਲਹੌਰ ਦਾ ਘੁਮਿਆਰ ਸਿੱਖ ਸੀ. ਇਸ ਨੇ ਇੱਕ ਵਾਰ ਬਹੁਤ ਵਡਾ ਪਚਾਵਾ ਤਿਆਰ ਕਰਕੇ ਗੁਰੂ ਅਰਜਨਦੇਵ ਜੀ ਦੇ ਹਜੂਰ ਅਰਦਾਸ ਕਰਾਈ ਕਿ ਆਵਾ ਪੱਕਾ ਨਿਕਲੇ. ਸੰਗਤਿ ਨੇ ਜਦ ਪ੍ਰਸਾਦ ਛਕਕੇ ਅਰਦਾਸ ਕੀਤੀ, ਤਦ ਭਾਈ ਲੱਖੂ ਨੇ ਜੋ ਪ੍ਰਸਾਦ ਵਰਤੋ ਪਿੱਛੋਂ ਆਇਆ ਸੀ, ਆਖਿਆ ਕਿ ਪਚਾਵਾ ਪਿੱਲਾ ਰਹੇਗਾ. ਜਦ ਇੱਟਾਂ ਪਿੱਲੀਆਂ ਨਿਕਲੀਆਂ, ਤਦ ਬੁੱਧੂ ਨੇ ਸਤਿਗੁਰਾਂ ਦੇ ਹਜੂਰ ਬੇਨਤੀ ਕੀਤੀ. ਸਤਿਗੁਰਾਂ ਨੇ ਫਰਮਾਇਆ ਕਿ ਪ੍ਰੇਮੀ ਸਿੱਖ ਦਾ ਵਚਨ ਅਟਲ ਹੈ. ਪਰ ਤੇਰੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ. ਸੋ ਲਹੌਰ ਵਿੱਚ ਬਰਸਾਤ ਦੀ ਰੁੱਤੇ ਮਹਿਂਗੇ ਮੁੱਲ ਵਿਕ ਗਈਆਂ. ਇਹ ਆਵਾ ਲਹੌਰ ਤੋਂ ਤਿੰਨ ਮੀਲ ਪੁਰ ਸ਼ਾਲਾਮਾਰ ਦੀ ਸੜਕ ਤੋਂ ਦੱਖਣ ਵੱਲ ਸੀ, ਜਿੱਥੇ ਹੁਣ ਸ਼ਾਹੀ ਸੜਕ ਪਾਸ ਦੇਸੀ ਈਸਾਈਆਂ ਦਾ ਕਬਰਿਸਤਾਨ ਹੈ. ਇਸ ਆਵੇ ਪੁਰ ਮਹਾਰਾਜਾ ਰਣਜੀਤਸਿੰਘ ਜੀ ਦੇ ਇਟੇਲੀਅਨ ਜਨਰਲ Avitabile ਅਵੀਤਾਬੀਲ¹ ਨੇ ਆਪਣੀ ਕੋਠੀ ਬਣਵਾਈ ਸੀ, ਜਿਸ ਦਾ ਹੁਣ ਕੋਈ ਨਿਸ਼ਾਨ ਨਹੀਂ ਦੇਖੀਦਾ.#ਬੁੱਧੂ ਦਾ ਪਿਤਾ ਸੁੱਧੂ, ਸ਼ਾਹੀ ਘੁਮਿਆਰ ਸੀ, ਜੋ ਸਰਕਾਰੀ ਇਮਾਰਤਾਂ ਲਈ ਇੱਟਾਂ ਪਕਾਇਆ ਕਰਦਾ ਸੀ. ਖਾਸ ਕਰਕੇ ਨੂਰਜਹਾਂ ਦੇ ਭਾਈ ਅੱਬੁਲਹਸਨ (ਆਸਫ਼ਜਾਹ) ਦੇ ਮਹਿਲ ਲਈ ਸੁੱਧੂ ਨੇ ਲਹੌਰ ਬਹੁਤ ਆਵੇ ਲਗਾਏ ਸਨ। ੨. ਸੁਲਤਾਨਪੁਰ ਨਿਵਾਸੀ ਇੱਕ ਛੀਂਬਾ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਆਤਮਗਿਆਨੀ ਹੋਇਆ। ੩. ਦੇਖੋ, ਬਾਜਕ। ੪. ਦੇਖੋ, ਬੁੱਧੂਸ਼ਾਹ। ੫. ਪੰਜਾਬੀ ਵਿੱਚ ਵ੍ਯੰਗ ਨਾਲ ਮੂਰਖ ਨੂੰ ਭੀ ਬੁੱਧੂ ਆਖਦੇ ਹਨ....
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)...
ਸੰ. दण्ड्. ਧਾ- ਤਾੜਨਾ, ਜੁਰਮਾਨਾ ਕਰਨਾ। ੨. ਸੰਗ੍ਯਾ- ਡੰਡਾ. ਸੋਟਾ। ੩. ਸਜ਼ਾ। ੪. ਜੁਰਮਾਨਾ। ੫. ਚਾਰ ਹੱਥ ਦੀ ਲੰਬਾਈ। ੬. ਸੱਠ ਪਲ ਦਾ ਸਮਾਂ ਇੱਕ ਘੜੀ. "ਪਰਸਾਦ ਛਕਕੈ ਏਕ ਦੰਡ ਵਿਰਾਜ." (ਪੰਪ੍ਰ) ੭. ਯਮ। ੮. ਟਾਹਣਾ. ਕਾਂਡ। ੯. ਦੇਖੋ, ਤ੍ਰਿਦੰਡ....