vichitranātakaविचित्रनाटक
ਅਦਭੁਤ ਨਾਟਕ. ਅਜੀਬ ਦ੍ਰਿਸ਼੍ਯ ਕਾਵ੍ਯ। ੨. ਦਸਮਗ੍ਰੰਥ ਦਾ ਉਹ ਭਾਗ, ਜਿਸ ਵਿੱਚ ੨੪ ਅਵਤਾਰਾਂ ਦੀ ਕਥਾ ਅਤੇ ਅਨੇਕ ਐਤਿਹਾਸਿਕ ਪ੍ਰਸੰਗ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ੩. ਚੌਦਾਂ ਅਧ੍ਯਾਯ ਦਾ ਇੱਕ ਖ਼ਾਸ ਗ੍ਰੰਥ, ਜੋ ਦਸਮਗ੍ਰੰਥ ਵਿੱਚ ਦੇਖੀਦਾ ਹੈ. ਇਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਕੁਝ ਹਾਲ ਹੈ.
अदभुत नाटक. अजीब द्रिश्य काव्य। २. दसमग्रंथ दा उह भाग, जिस विॱच २४ अवतारां दी कथा अते अनेक ऐतिहासिक प्रसंग नाटक दी रीति अनुसार लिखे गए हन। ३. चौदां अध्याय दा इॱक ख़ास ग्रंथ, जो दसमग्रंथ विॱच देखीदा है. इस विॱच श्री गुरू गोबिंदसिंघ साहिब दा कुझ हाल है.
ਸੰ. अद्भुत. ਵਿ- ਅਣੋਖਾ. ਅਜੀਬ।#੨. ਹੈਰਾਨ ਕਰਨ ਵਾਲਾ। ੩. ਕਾਵ੍ਯ ਅਨੁਸਾਰ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ....
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਅ਼. [عجیِب] ਅ਼ਜੀਬ. ਵਿ- ਅਦਭੁਤ. ਅਣੋਖਾ. ਅਲੌਕਿਕ....
ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍ਤੁ। ੫. ਤਮਾਸ਼ਾ. ਨਾਟਕ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਚਉਦਹ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ....