malikāमॱलिका
ਸੰ. ਸੰਗ੍ਯਾ- ਚਮੇਲੀ ਦੀ ਕਿਸਮ ਦਾ ਇੱਕ ਸੁਗੰਧ ਵਾਲੇ ਫੁੱਲਾਂ ਦਾ ਪੌਧਾ. ਮੱਲੀ. Jasminum Zambac। ੨. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਰ, ਜ, ਗ, ਲ, , , , , ਅਥਵਾ ਗੁਰੁ ਲਘੁ ਕ੍ਰਮ ਨਾਲ ਅੱਠ ਅੱਖਰ. ਇਸ ਦਾ ਨਾਮ "ਸਾਮਾਨੀ" ਭੀ ਹੈ.#ਉਦਾਹਰਣ-#ਪ੍ਰਾਤ ਹੀ ਸਨਾਨਾ ਠਾਨ,#ਸ਼੍ਰੀ ਅਕਾਲ ਲਾਯ ਧ੍ਯਾਨ,#ਫੇਰ ਕੀਜਿਯੇ ਵਿਹਾਰ,#ਰੀਤਿ ਸਿੰਖ ਹੈ ਵਿਚਾਰ.#੩. ਸਵੈਯੇ ਦੀ ਇੱਕ ਜਾਤਿ. ਦੇਖੋ, ਸਵੈਯੇ ਦਾ ਰੂਪ ੨੮.
सं. संग्या- चमेली दी किसम दा इॱक सुगंध वाले फुॱलां दा पौधा. मॱली. Jasminum Zambac। २. इॱक छंद. लॱछण- चार चरण. प्रति चरण र, ज, ग, ल, , , , , अथवा गुरु लघु क्रम नाल अॱठ अॱखर. इस दा नाम "सामानी" भी है.#उदाहरण-#प्रात ही सनाना ठान,#श्री अकाल लाय ध्यान,#फेर कीजिये विहार,#रीतिसिंख है विचार.#३. सवैये दी इॱक जाति. देखो, सवैये दा रूप २८.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਦੇਖੋ, ਮੱਲਿਕਾ ੧। ੨. ਦੇਖੋ, ਸਵੈਯੇ ਦਾ ਰੂਪ ੧੬....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਸੰ. ਕਰ੍ਮ. ਕ੍ਰਿਯਾ. "ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ." (ਗਉ ਨਾਮਦੇਵ) ੨. ਸੰ. ਕ੍ਰਮ. ਡਰਾ ਭਰਨ ਦੀ ਕ੍ਰਿਯਾ. ਡਿੰਘ ਭਰਨੀ. ੩. ਤਰਤੀਬ. ਸਿਲਸਿਲਾ. ਪ੍ਰਣਾਲੀ। ੪. ਅ਼ਮਲ. ਅਭ੍ਯਾਸ. "ਮਨ ਬਚ ਕ੍ਰਮ ਹਰਿਗੁਣ ਨਹਿ ਗਾਏ." (ਧਨਾ ਮਃ ੯) ੫. ਦੇਖੋ, ਯਥਾਕ੍ਰਮ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਅਠ....
ਦੇਖੋ, ਅਖਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰਗ੍ਯਾ- (प्रातर्) ਪ੍ਰਭਾਤ. ਸਵੇਰਾ. "ਸੰਧਿਆ ਪ੍ਰਾਤ ਇਸਨਾਨ ਕਰਾਹੀ." (ਗਉ ਕਬੀਰ) ੨. ਦੇਖੋ, ਪਰਾਤ ੧. "ਆਨਹੁ ਘਰ ਤੇ ਪ੍ਰਾਤ ਮਹਾਨਾ ××× ਤਿਸ ਮੇ ਸਿੱਖਨ ਚਰਨ ਪਖਾਰੇ." (ਗੁਪ੍ਰਸੂ) ੩. ਵਿ- ਪ੍ਰਾਪ੍ਤ ਦੀ ਥਾਂ ਭੀ ਪ੍ਰਾਤ ਸ਼ਬਦ ਆਇਆ ਹੈ. "ਮਨੋ ਰਵਿ ਅਸ੍ਤ ਕੋ ਪ੍ਰਾਤ ਭਯੋ ਹੈ." (ਕ੍ਰਿਸਨਾਵ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਸੰ. ਸੰਗ੍ਯਾ ਤਮੁਣ ਘੁੰਮਣਾ। ੨. ਲੀਲਾ. ਖੇਲ। ੩. ਮੈਥੁਨ. ਸੰਭੋਗ। ੪. ਬੁੱਧਮਤ ਦੇ ਗ੍ਰੰਥਾਂ ਅਨੁਸਾਰ ਸਾਧੂਆਂ ਦੇ ਰਹਿਣ ਦਾ ਆਸ਼੍ਰਮ। ੫. ਬਿਹਾਰ ਦੇਸ਼, ਜਿਸ ਦਾ ਨਾਮ ਬੁੱਧਮਤ ਦੇ "ਵਿਹਾਰ" ਬਹੁਤੇ ਹੋਣ ਕਰਕੇ ਪ੍ਰਸਿੱਧ ਹੋਇਆ. ਦੇਖੋ, ਬਿਹਾਰ ੧....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਦੇਖੋ, ਬਿਚਾਰ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....