mānoमानो
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)
देखो, मान. "किआ कीचै कूड़ा मानो." (सूही छंत मः ५) २. मंनो. जाणो. तसलीम करो. "मानो सभ सुख नउ निधि तांकै." (बिला कबीर) ३. मन. अंतहकरण. "अविगत सिउ मानिआमानो." (मारू मः ५) ४. क्रि. वि- जाणीओ. गोया. जनु. "मानो महा प्रिथु लैकै कमान, सु भूधर भूमि ते न्यारे करे हैं." (चंडी १)
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਕੀਜੈ. ਕਰੀਜੈ. ਕਰੋ. ਦੇਖੋ, "ਸੁਧੁਕੀਚੇ." "ਹਰਿਰਸੁ ਕੀਚੈ ਜੀਉ." (ਮਾਝ ਮਃ ੪)...
ਸੰਗ੍ਯਾ- ਕਤਵਾਰ. ਸੰਬਰਣ। ੩. ਵਿ- ਝੂਠਾ. ਕੂਟ ਸਹਿਤ. "ਕੂੜਾ ਲਾਲਚੁ ਛੋਡੀਐ." (ਆਸਾ ਅਃ ਮਃ ੧)...
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸਮਝੋ. ਮਾਲੂਮ ਕਰੋ। ੨. ਵਿ- ਜਾਣਨ ਵਾਲਾ. ਗ੍ਯਾਤਾ. "ਆਪੇ ਜਾਣੈ ਜਾਣੋ." (ਵਡ ਮਃ ੧. ਅਲਾਹਣੀ)...
ਅ਼. [تسلیِم] ਸੰਗ੍ਯਾ- ਪ੍ਰਣਾਮ. ਸਲਾਮ। ੨. ਸ੍ਵੀਕਾਰ. ਅੰਗੀਕਾਰ. ਹਾਮੀ. ਇਸ ਦਾ ਮੂਲ ਸਲਮ (ਅੰਗੀਕਾਰ) ਹੈ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਸੰ. ਸੰਗ੍ਯਾ- ਖ਼ਜ਼ਾਨਾ. ਕੋਸ਼. "ਨਿਧਿ ਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫) ੨. ਦੱਬਿਆ- ਹੋਇਆ ਧਨ। ੩. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। ੪. ਨੌਂ ਗਿਣਤੀ ਦਾ ਬੋਧਕ, ਕ੍ਯੋਂ ਕਿ ਨਿਧਿ ਨੌ ਹਨ। ੫. ਸਮੁੰਦਰ। ੬. ਘਰ. ਨਿਵਾਸਸ੍ਥਾਨ. "ਗੁਣਨਿਧਿ ਗਾਇਆ." (ਆਸਾ ਛੰਤ ਮਃ ੫)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. अन्तः करण. ਸੰਗ੍ਯਾ- ਅੰਤਰ ਦੀ ਇੰਦ੍ਰੀ (ਇੰਦ੍ਰਿਯ) ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦ੍ਰੀਆਂ ਕਾਰਜ ਕਰਦੀਆਂ ਹਨ. ਇਸ ਦੇ ਚਾਰ ਭੇਦ ਹਨ-#੧. ਮਨ, ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ.#੨. ਬੁੱਧਿ, ਜਿਸਤੋਂ ਵਿਚਾਰ ਅਤੇ ਨਿਸ਼ਚਾ ਹੁੰਦਾ ਹੈ.#੩. ਚਿੱਤ, ਜਿਸ ਕਰਕੇ ਸ੍ਮਰਣ (ਚੇਤਾ) ਹੁੰਦਾ ਹੈ.#੪. ਅਹੰਕਾਰ, ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ. ਮਮਤ੍ਵ. ਮਮਤਾ. ਸਤਿਗੁਰੂ ਨਾਨਕ ਦੇਵ ਨੇ ਜਪੁ ਜੀ ਵਿੱਚ ਇਨ੍ਹਾਂ ਦਾ ਜਿਕਰ ਕੀਤਾ ਹੈ- "ਤਿਥੈ ਘੜੀਐ ਸੁਰਤਿ (ਚਿੱਤ) ਮਤਿ (ਮਮਤ੍ਵ- ਅਹੰਕਾਰ) ਮਨਿ, ਬੁਧਿ."...
ਸੰ. ਵਿ- ਅਨਿਰਵਚਨੀਯ. ਜੋ ਬਿਆਨ ਨਾ ਕੀਤਾ ਜਾ ਸਕੇ। ੨. ਅਵਿਨਾਸ਼ੀ. ਨਿੱਤ. "ਤਤੁ ਅਵਿਗਤੁ ਧਿਆਇਆ." (ਗੂਜ ਅਃ ਮਃ ੧) ੩. ਦੇਖੋ, ਅਵਗਤ। ੪. ਦੇਖੋ, ਗਤਿ ਅਵਿਗਤਿ। ੫. ਦੇਖੋ, ਵਿਗਤ....
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਫ਼ਾ. [گویا] ਵਿ- ਕਥਨ ਕਰਤਾ। ੨. ਕ੍ਰਿ. ਵਿ- ਮਾਨੋ. ਜਾਣੀਓਂ. ਜਨੁ। ੩. ਸੰਗ੍ਯਾ- ਭਾਈ ਨੰਦ ਲਾਲ ਜੀ ਦੀ ਚਾਪ (ਤਖੱਲੁਸ). "ਹਰਫ਼ੇ ਗ਼ੈਰ ਅਜ਼ ਹਕ਼ ਨ ਯਾਇਦ ਹੇਚਗਾਹ, ਬਰ ਲਬੇ ਗੋਯਾ." (ਦੀਵਾਨ ਗੋਯਾ)...
ਸੰ. जन ਧਾ ਉਤਪੰਨ ਕਰਨਾ, ਜਣਨਾ, ਪੈਦਾ ਕਰਨਾ। ੨. ਵਿ- ਉਤਪੰਨ. ਪੈਦਾ ਹੋਇਆ। ੩. ਸੰਗ੍ਯਾ- ਲੋਕ. "ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ." (ਵਾਰ ਗਉ ੧. ਮਃ ੪) ੪. ਸਮੂਹ. ਸਮੁਦਾਯ. "ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ." (ਅਨੰਦੁ) ੫. ਭਗਤ. ਸਾਧੁ. "ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿ." (ਵਾਰ ਬਿਲਾ ਮਃ ੩) ੬. ਦਾਸ. ਸੇਵਕ."ਪ੍ਰਭੁ ਤੇ ਜਨੁ ਜਾਨੀਜੈ ਜਨ ਤੇ ਸੁਆਮੀ." (ਸ੍ਰੀ ਰਵਿਦਾਸ) ੭. ਪੁਰਖ. ਪ੍ਰਾਣੀ. "ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ." (ਸੁਖਮਨੀ) ੮. ਪੁਰਾਣਾਂ ਅਨੁਸਾਰ ਉੱਪਰਲੇ ਸੱਤ ਲੋਕਾਂ ਵਿੱਚੋਂ ਪੰਜਵਾਂ ਲੋਕ, ਜਿਸ ਵਿੱਚ ਬ੍ਰਹਮਾ ਦੇ ਪੁਤ੍ਰ ਸਨਕਾਦਿ ਅਤੇ ਮਹਾਨ ਯੋਗੀ ਰਹਿੰਦੇ ਹਨ। ੯. ਫ਼ਾ. [زن] ਜ਼ਨ. ਭਾਰਯਾ. ਜੋਰੂ. ਵਹੁਟੀ. "ਜਨ ਪਿਸਰ ਪਦਰ ਬਿਰਾਦਰਾ." (ਤਿਲੰ ਮਃ ੧) ੧੦. ਇਸਤ੍ਰੀ. ਨਾਰੀ. "ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ." (ਵਾਰ ਰਾਮ ੩) ੧੧. ਮਾਰ. ਪ੍ਰਹਾਰ. ਇਹ ਅਮਰ ਹੈ ਜ਼ਦਨ ਦਾ. "ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼." (ਜਫਰ) ੧੨. ਪ੍ਰਤ੍ਯ- ਮਾਰਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਤੇਗ਼ਜ਼ਨ। ੧੩. ਜੌਨ (ਚਾਂਦਨੀ ਦੇ ਅਰਥ ਵਿੱਚ ਭੀ ਜਨ ਸ਼ਬਦ ਆਇਆ ਹੈ. ) "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ ਜਨ ਕੀਅਉ ਪ੍ਰਗਾਸ." (ਸਵੈਯੇ ਮਃ ੪. ਕੇ) ਪਹਿਲੇ ਗੁਰੂ ਨਾਨਕ ਚੰਦ੍ਰਮਾਰੂਪ ਹੋਏ, ਤਾਰਾਰੂਪ ਮਨੁੱਖਾਂ ਵਿੱਚ ਆਪਣੀ ਜਨ (ਜੌਨ) ਦਾ ਪ੍ਰਕਾਸ਼ ਕੀਤਾ. ਇਸ ਥਾਂ ਤਾਰਨ ਸ਼ਬਦ ਸ਼ਲੇਸ ਹੈ. ਤਾਰਾਗਣ (ਨਕ੍ਸ਼੍ਤ੍ਰ) ਅਤੇ ਤਾਰਣ (ਉੱਧਾਰਣ). ੧੪. ਜਾਣਨ ਲਈ ਭੀ ਜਨ ਸ਼ਬਦ ਆਇਆ ਹੈ, ਯਥਾ- "ਆਦਿ ਅੰਤ ਜਿਨ ਜਨਲਯੋ." (ਗੁਰੁਸੋਭਾ) ਜਿਸ ਨੇ ਜਾਣ ਲੀਤਾ। ੧੫. ਦੇਖੋ, ਜੱਨ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਸੰ. पृथु. ਵਿ- ਚੌੜਾ. ਵਿਸ੍ਤਾਰ ਵਾਲਾ. "ਪ੍ਰਿਥੁ ਨਿਤੰਬ ਜਿਨ ਕੀ ਛਬਿ ਕੋ ਨਾ." (ਨਾਪ੍ਰ) ੨. ਵਡਾ. ਮਹਾਨ। ੩. ਚਤੁਰ. ਪ੍ਰਵੀਣ। ੪. ਅਗਿਣਤ. ਅਸੰਖ੍ਯ। ੫. ਸੰਗ੍ਯਾ- ਵੇਣ ਦਾ ਪੁਤ੍ਰ ਇੱਕ ਰਾਜਾ, ਜਿਸ ਦਾ ਹਾਲ ਰਿਗਵੇਦ ਵਿੱਚ ਦੇਖੀਦਾ ਹੈ. ਪ੍ਰਿਥੁ ਇੱਕ ਵੇਦਮੰਤ੍ਰ ਦਾ ਕਰਤਾ ਭੀ ਹੈ. ਅਥਰਵ ਵੇਦ ਵਿੱਚ ਲਿਖਿਆ ਹੈ ਕਿ ਮਨੁ ਵੈਵਸ੍ਵਤ ਇਸ ਦਾ ਵਡੇਰਾ ਸੀ ਅਤੇ ਪ੍ਰਿਥਿਵੀ ਇਸ ਦਾ ਭਾਂਡਾ ਸੀ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾ ਰਾਜਾ ਪ੍ਰਿਥੁ ਹੋਇਆ. ਪੁਰਾਣਾ ਵਿੱਚ ਦੱਸਿਆ ਹੈ ਕਿ ਪ੍ਰਿਥੁ ਵੇਣ ਦਾ ਪੁਤ੍ਰ ਅਤੇ ਅੰਗ ਦਾ ਪੋਤਾ ਸੀ ਅਰ ਇਸ ਦੇ ਨਾਮ ਤੋਂ ਧਰਤੀ ਦੀ ਪ੍ਰਿਥਵੀ ਸੰਗ੍ਯਾ ਹੋਈ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਰਿਖੀਆਂ ਨੇ ਵੇਣ ਨੂੰ ਪ੍ਰਿਥਿਵੀ ਦਾ ਰਾਜਾ ਬਣਾਇਆ, ਪਰ ਉਹ ਵਡਾ ਅਧਰਮੀ ਸੀ, ਉਸ ਨੇ ਪੂਜਾ ਹਵਨ ਆਦਿ ਬੰਦ ਕਰ ਦਿੱਤੇ. ਧਰਮ ਦੀ ਹਾਨਿ ਹੁੰਦੀ ਦੇਖਕੇ ਪਵਿਤ੍ਰ ਰਿਖੀਆਂ ਨੇ ਕੁਸ਼ਾ ਦੇ ਤੀਲੇ ਮਾਰ ਮਾਰਕੇ ਵੇਣ ਨੂੰ ਮਾਰ ਦਿੱਤਾ. ਜਦ ਕੋਈ ਰਾਜਾ ਨਾ ਰਿਹਾ, ਤਾਂ ਲੁੱਟ ਮਾਰ ਹੋਣ ਲੱਗੀ. ਇਸ ਪੁਰ ਰਿਖੀਆਂ ਨੇ ਏਕਤ੍ਰ ਹੋਕੇ ਮੋਏ ਹੋਏ ਰਾਜੇ ਦਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਇੱਕ ਛੋਟੇ ਜੇਹੇ ਆਕਾਰ ਦਾ ਆਦਮੀ ਨਿਕਲਿਆ, ਜਿਸ ਦਾ ਮੂੰਹ ਚੌੜਾ ਰੰਗ ਕਾਲਾ ਅਤੇ ਸ਼ਕਲ ਭਿਆਨਕ ਸੀ, ਜਿਸ ਤੋਂ ਨਿਸਾਦ ਜਾਤਿ ਪ੍ਰਗਟ ਹੋਈ ਫੇਰ ਰਿਖੀਆਂ ਨੇ ਉਸ ਦਾ ਸੱਜਾ ਪੱਟ ਮਲਣਾ ਆਰੰਭ ਕੀਤਾ, ਤਾਂ ਉਸ ਵਿੱਚੋਂ ਪ੍ਰਿਥੁ ਜਨਮਿਆ. ਇਹ ਬਾਲਕ ਅਗਨਿ ਸਮਾਨ ਚਮਕਦਾ ਸੀ. ਇਸ ਦੇ ਉਤਪੰਨ ਹੋਣ ਨਾਲ ਸਭ ਪ੍ਰਸੰਨ ਹੋਏ ਅਤੇ ਵੇਣ ਨਰਕ ਵਿੱਚੋਂ ਨਿਕਲਕੇ ਸ੍ਵਰਗ ਵਿੱਚ ਜਾ ਪੁੱਜਾ. ਜਦ ਪ੍ਰਿਥੁ ਨੇ ਸਾਰਾ ਰਾਜ ਭਾਗ ਸਾਂਭਲਿਆ, ਤਾਂ ਵੇਖਿਆ ਕਿ ਪ੍ਰਿਥਿਵੀ ਜੰਗਲਾਂ ਅਤੇ ਪਹਾੜਾਂ ਨਾਲ ਭਰੀ ਪਈ ਹੈ. ਇਸ ਨੇ ਜੰਗਲ ਸਾਫ ਕੀਤੇ ਅਤੇ ਆਪਣੀ ਕਮਾਣ ਨਾਲ ਪਰਵਤਾਂ ਨੂੰ ਧਕੇਲਕੇ ਕਿਨਾਰੇ ਕੀਤਾ. ਜਿਸ ਤੋਂ ਜ਼ਮੀਨ ਖੇਤੀ ਲਈ ਸਾਫ ਹੋਈ. "ਮਾਨੋ ਮਹਾ ਪ੍ਰਿਥੁ ਲੈਕੇ ਕਮਾਨ ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧) ੬. ਮਹਾਦੇਵ. ਸ਼ਿਵ। ੭. ਅਗਨਿ। ੮. ਵਿਸਨੁ....
ਫ਼ਾ. [کمان] ਸੰਗ੍ਯਾ- ਖ਼ਮ- ਆਨ. ਖ਼ਮ (ਟੇਢ) ਵਾਲਾ ਸ਼ਸ਼ਤ੍ਰ. ਧਨੁਖ. ਕਾਰਮੁਕ। ੨. ਕਮਾਇਆ. ਕੀਤਾ. "ਦੁਇ ਮਾਸ ਰਾਜ ਕਮਾਨ." (ਗ੍ਯਾਨ) "ਨਾਨਕ ਕਿਰਤ ਕਮਾਨ." (ਬਾਵਨ) ੩. ਅੰ. Command. ਹੁਕਮ. ਆਗ੍ਯਾ....
ਭੂ (ਪ੍ਰਿਥਿਵੀ) ਨੂੰ ਧਾਰਨ ਵਾਲਾ, ਪਹਾੜ. ਪੁਰਾਣਕਥਾ ਹੈ ਕਿ ਭੂਮਿ ਹਵਾ ਨਾਲ ਚਟਾਈ ਦੀ ਤਰਾਂ ਇਕੱਠੀ ਹੋਜਾਂਦੀ ਸੀ. ਇਸ ਲਈ ਪਹਾੜ ਮੀਰਫਰਸ਼ ਦੀ ਥਾਂ ਰੱਖਕੇ ਜ਼ਮੀਨ ਨੂੰ, ਠਹਿਰਾਇਆ. "ਭੂਧਰ ਸੇ ਜਿਨ ਕੇ ਤਨ ਭਾਰੇ." (ਚਰਿਤ੍ਰ ੧) ੨. ਵਰਾਹ ਅਵਤਾਰ, ਜੋ ਡੁੱਬੀ ਹੋਈ ਪ੍ਰਿਥਿਵੀ ਨੂੰ ਹੁੱਡਾਂ ਤੇ ਰੱਖਕੇ ਲੈਆਇਆ। ੩. ਰਾਜਾ। ੪. ਇੰਦ੍ਰ. "ਭੂਧਰ ਕੇ ਭਯ ਤੇ ਨਗ ਭਾਜੇ." (ਚੰਡੀ ੨)...
ਜਿਸ ਵਿੱਚ ਜੀਵ ਹੋਣ. ਜੀਵਾਂ ਦੇ ਨਿਵਾਸ ਦੀ ਥਾਂ. ਪ੍ਰਿਥਿਵੀ. "ਭੂਮਿ ਕੋ ਕੌਨ ਗੁਮਾਨ ਹੈ ਭੂਪਤਿ?" (ਦੱਤਾਵ) ੨. ਦੇਸ਼। ੩. ਜਗਾ. ਥਾਂ. "ਭੂਮਿ ਮਸਾਣ ਕੀ ਭਸਮ ਲਗਾਈ." (ਗੂਜ ਤ੍ਰਿਲੋਚਨ) ੪. ਘਰ। ੫. ਦਰਜਾ। ੬. ਰਸਨਾ. ਜੀਭ। ੭. ਚਿੱਤ ਦੀ ਹਾਲਤ। ੮. ਮਿੱਟੀ. "ਅਮ੍ਰਿਤੋ ਡਾਰ ਭੂਮਿ ਪਾਗਹਿ." (ਕਾਨ ਮਃ ੫) ੯. ਇੱਕ ਸੰਖ੍ਯਾ ਬੋਧਕ, ਕਿਉਂਕਿ ਜ਼ਮੀਨ ਇੱਕ ਮੰਨੀ ਹੈ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....