mānasinghaमानसिंघ
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਨ ਸੇਵਕ ਭਾਈ ਮਾਨ ਸਿੰਘ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪਸੂਰਜ ਵਿੱਚ ਨਿਹੰਗਪੰਥ ਦਾ ਬਾਨੀ ਮੰਨਿਆ ਹੈ. ਇਹ ਆਨੰਦਪੁਰ ਤੋਂ ਚਮਕੌਰ, ਅਤੇ ਉਸ ਥਾਂ ਤੇ ਦਸ਼ਮੇਸ਼ ਨਾਲ ਮਾਲਵੇ ਅਤੇ ਦੱਖਣ ਦੀ ਯਾਤ੍ਰਾ ਵਿੱਚ ਸਾਥ ਰਿਹਾ. ਨਰਮਦਾ ਦੇ ਕਿਨਾਰੇ ਇੱਕ ਮਤਾਂਧ ਮੁਸਲਮਾਨ ਦੇ ਹੱਥੋਂ ਗੋਲੀ ਨਾਲ ਮਾਰਿਆ ਗਿਆ। ੨. ਜੈਪੁਰ ਪਤਿ ਭਗਵਾਨਦਾਸ (ਅਕਬਰ ਦੇ ਸਾਲੇ) ਦਾ ਭਤੀਜਾ, ਜੋ ਭਗਵਾਨਦਾਸ ਨੇ ਮੁਤਬੰਨਾ ਬਣਾਇਆ ਸੀ. ਭਗਵਾਨ ਦਾਸ ਪਿੱਛੋਂ ਇਹ ਜੈਪੁਰ ਦੀ ਗੱਦੀ ਪੁਰ ਬੈਠਾ. ਅਕਬਰ ਨੇ ਇਸ ਨੂੰ ਅਫਗਾਨਿਸ੍ਤਾਨ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਰਾਣਾ ਪ੍ਰਤਾਪ ਦੇ ਵਿਰੁੱਧ ਭੀ ਲੜਿਆ ਸੀ. ਸਨ ੧੫੮੭ ਵਿੱਚ ਇਹ ਬਿਹਾਰ ਦਾ ਗਵਰਨਰ ਹੋਇਆ, ੧੫੮੯ ਵਿੱਚ ਬੰਗਾਲ ਭੀ ਇਸ ਦੇ ਅਧੀਨ ਕੀਤਾ ਗਿਆ. ਮਾਨ ਸਿੰਘ ਨੂੰ ਹਫ਼ਤਹਜ਼ਾਰੀ ਮਨਸਬ ਸੀ. ਇਹ ਜਹਾਂਗੀਰ ਦੇ ਵੇਲੇ ਸਨ ੧੬੧੫ ਵਿੱਚ ਮੋਇਆ.
श्री गुरू गोबिंद सिंघ साहिब दा अनंन सेवक भाई मान सिंघ, जिस नूं भाई संतोख सिंघ ने गुरप्रतापसूरज विॱच निहंगपंथ दा बानी मंनिआ है. इह आनंदपुर तों चमकौर, अते उस थां ते दशमेश नाल मालवे अते दॱखण दी यात्रा विॱच साथ रिहा. नरमदा दे किनारे इॱक मतांध मुसलमान दे हॱथों गोली नाल मारिआ गिआ। २. जैपुर पति भगवानदास (अकबर दे साले) दा भतीजा, जो भगवानदास ने मुतबंना बणाइआ सी. भगवान दास पिॱछों इहजैपुर दी गॱदी पुर बैठा. अकबर ने इस नूं अफगानिस्तान दी मुहिंम पुर भेजिआ सी. इह राणा प्रताप दे विरुॱध भी लड़िआ सी. सन १५८७ विॱच इह बिहार दा गवरनर होइआ, १५८९ विॱच बंगाल भी इस दे अधीन कीता गिआ. मान सिंघ नूं हफ़तहज़ारी मनसब सी. इह जहांगीर दे वेले सन १६१५ विॱच मोइआ.
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਜੋ ਅਨ੍ਯ (ਦੂਜੇ) ਨੂੰ ਨਾ ਮੰਨੇ. ਦੇਖੋ, ਅਨਨ੍ਯ. "ਬੈਸਨੋ ਅਨੰਨ ਬ੍ਰਹਮੰਨ ਸਾਲਿਗ੍ਰਾਮ ਸੇਵਾ." (ਭਾਗੁ ਕ) "ਸਿਖ ਅਨੰਨ ਪੰਡਿਤ ਦਿਖ ਐਸੇ। ਗ੍ਰਹ ਤਿਥਿ ਵਾਰ ਨ ਜਾਨੈ ਕੈਸੇ। ਏਕ ਭਰੋਸਾ ਪ੍ਰਭੁ ਕਾ ਪਾਏ। ਤ੍ਯਾਗ ਲਗਨ ਅਰਦਾਸ ਕਰਾਏ॥" (ਗੁਵਿ ੬)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਦੇਖੋ, ਗੁਰੁਪ੍ਰਤਾਪਸੂਰਯ....
ਸੰ. ਵਰ੍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਦਕ੍ਸ਼ਿਣ....
ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰ. नर्मदा. ਨਰ੍ਮ (ਆਨੰਦ) ਦੇਣ ਵਾਲੀ ਇਕ ਨਦੀ, ਜੋ ਪੁਰਾਣਾਂ ਵਿੱਚ ਮੇਕਲ ਰਿਖੀ ਦੀ ਪੁਤ੍ਰੀ ਮੰਨੀ ਗਈ ਹੈ, ਇਸੇ ਕਾਰਣ ਇਸ ਨੂੰ ਮੇਕਲਾ ਅਥਵਾ ਮੈਕਲਕੰਨ੍ਯਾ ਭੀ ਆਖਦੇ ਹਨ. ਨਰਮਦਾ ਨੂੰ ਨਾਗਾਂ ਦੀ ਭੈਣ ਭੀ ਮੰਨਿਆ ਹੈ. ਏਸੇ ਨੇ ਗੰਧਰਵਾਂ ਦੇ ਮੁਕਾਬਲੇ ਵਿਚ ਨਾਗਾਂ ਦੀ ਸਹਾਇਤਾ ਲਈ ਪੁਰੁਕੁਤਸ ਨੂੰ ਲਿਆਂਦਾ ਸੀ, ਜਿਸ ਪੁਰ ਪ੍ਰਸੰਨ ਹੋਕੇ ਨਾਗਾਂ ਨੇ ਇਸ ਦਾ ਨਾਉਂ ਨਰਮਦਾ ਰੱਖ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਪੁਰੁਕੁਤਸ ਨਰਮਦਾ ਦਾ ਪੁਤ੍ਰ ਸੀ. ਮਤਸ੍ਯਪੁਰਾਣ ਵਿੱਚ ਇਸ ਦੇ ਪਤਿ ਦਾ ਨਾਉਂ ਦੁਸਹ ਲਿਖਿਆ ਹੈ. ਹਰਿਵੰਸ਼ਂ ਵਿੱਚ ਇਸ ਨੂੰ ਪੁਰੁਕੁਤਸ ਦੀ ਇਸਤ੍ਰੀ ਬਣਾਇਆ ਹੈ ਅਤੇ ਇਸ ਦੇ ਨਾਉਂ "ਰੇਵਾ" ਅਤੇ "ਪੂਰਵਗੰਗਾ" ਭੀ ਕਹੇ ਹਨ. ਚੰਦ੍ਰਮਾ ਦੀ ਲੜਕੀ ਹੋਣ ਤੋਂ "ਇੰਦੁਜਾ" ਅਤੇ "ਸੋਮੋਦਭਵਾ" ਭੀ ਨਰਮਦਾ ਦੇ ਨਾਉਂ ਪੁਰਾਣਾਂ ਵਿੱਚ ਆਏ ਹਨ.#ਇਹ ਨਦੀ ਅਮਰਕੰਟਕ ਤੋਂ ਨਿਕਲਕੇ ਭੜੌਚ ਪਾਸ ਖੰਭਾਤ ਦੀ ਖਾਡੀ ਵਿੱਚ ਡਿਗਦੀ ਹੈ. ਇਸ ਦੀ ਸਾਰੀ ਲੰਬਾਈ ੮੦੧ ਮੀਲ ਹੈ. ਇਸ ਵਿੱਚੋਂ ਸ਼ਿਵਲਿੰਗ ਬਹੁਤ ਨਿਕਲਦੇ ਹਨ. ਦੇਖੋ, ਨਰਮਦੇਸ੍ਵਰ। ੨. ਕੌਸ਼ਿਕ ਦੀ ਇਸਤ੍ਰੀ. ਦੇਖੋ, ਕੌਸ਼ਿਕ ਅਤੇ ਮਾਂਡਵ....
ਦੇਖੋ, ਦੀਨ ਕਾ ਬਉਰਾ....
ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। ੨. ਭਾਵ- ਮੁਹ਼ੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. "ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ." (ਮਃ ੧. ਵਾਰ ਮਾਝ) "ਮੁਸਲਮਾਨ ਦਾ ਏਕ ਖੁਦਾਇ." (ਭੈਰ ਕਬੀਰ)...
ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਦੇਖੋ, ਜਯਸਿੰਘ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਬੋਦਲਾ ਜਾਤਿ ਦਾ ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ।#੨. ਘੇਰੜ ਗੋਤ ਦਾ ਖਤ੍ਰੀ, ਜਿਸ ਨੇ ਗੁਰੂ ਅਰਜਨਦੇਵ ਦੇ ਵਸਾਏ ਪਿੰਡ ਸ੍ਰੀ ਗੋਬਿੰਦਪੁਰ ਉੱਤੇ ਜਬਰਨ ਕਬਜਾ ਕਰਲਿਆ ਸੀ.¹ ਭਗਵਾਨਦਾਸ ਸਿੱਖਾਂ ਨਾਲ ਲੜਕੇ ਮਰ ਗਿਆ, ਇਸੇ ਕਾਰਣ ਜਲੰਧਰ ਦੇ ਫੌਜਦਾਰ ਨੇ ਗੁਰੂਸਾਹਿਬ ਪੁਰ ਹਮਲਾ ਕੀਤਾ ਅਰ ਜੰਗ ਵਿੱਚ ਮੋਇਆ. ਭਗਵਾਨਦਾਸ ਦਾ ਪੁਤ੍ਰ ਰਤਨਚੰਦ ਭੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਤਮੰਚੇ (ਪਿਸਤੌਲ) ਨਾਲ ਮਾਰਿਆ ਗਿਆ। ੩. ਜਯਪੁਰ ਦਾ ਰਾਜਾ, ਜਿਸ ਦੀ ਭੈਣ ਬਾਦਸ਼ਾਹ ਅਕਬਰ ਨੂੰ ਵਿਆਹੀ ਗਈ ਸੀ....
ਅ਼. [اکبر] ਵਿ- ਕਿਬਰ (ਬਜ਼ੁਰਗੀ) ਵਾਲਾ. ਬਹੁਤ ਵਡਾ. ਮਹਾਂ ਪ੍ਰਧਾਨ। ੨. ਸੰਗ੍ਯਾ- ਕਰਤਾਰ. ਅਕਾਲਪੁਰਖ। ੩. ਬਾਦਸ਼ਾਹ ਹੁਮਾਯੂੰ ਦਾ ਪੁਤ੍ਰ, ਜੋ ੧੫. ਅਕਤੂਬਰ ਸਨ ੧੫੪੨ (ਸੰਮਤ ੧੫੯੯) ਨੂੰ ਅਮਰਕੋਟ (ਸਿੰਧ) ਵਿੱਚ ਉਸ ਵੇਲੇ ਹਮੀਦਾ ਬਾਨੂੰ ਦੇ ਉਦਰ ਤੋਂ ਜਨਮਿਆ, ਜਦ ਇਸ ਦਾ ਪਿਤਾ ਸ਼ੇਰਸ਼ਾਹ ਤੋਂ ਹਾਰ ਖਾਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ.¹#ਤੇਰਾਂ ਵਰ੍ਹੇ ਨੌ ਮਹੀਨੇ ਦੀ ਉਮਰ ਵਿੱਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ. ਬੈਰਾਮ ਖ਼ਾਂ (ਖ਼ਾਨਖ਼ਾਨਾਂ), ਜੋ ਹੁਮਾਯੂੰ ਦਾ ਮੁੱਖਮੰਤ੍ਰੀ ਅਤੇ ਸੈਨਾਪਤਿ ਸੀ, ਉਸ ਦੀ ਨਿਗਰਾਨੀ ਵਿੱਚ ਰਾਜ ਕਾਜ ਚੰਗੀ ਤਰ੍ਹਾਂ ਚਲਦਾ ਰਿਹਾ. ਸੰਮਤ ੧੬੧੭ ਵਿੱਚ ਅਕਬਰ ਨੇ ਪੂਰੀ ਹੁਕੂਮਤ ਆਪਣੇ ਹੱਥ ਲਈ ਅਰ ਮੁਗ਼ਲ ਰਾਜ ਨੂੰ ਭਾਰੀ ਤਰੱਕੀ ਦਿੱਤੀ. ਸੰਮਤ ੧੬੧੮ ਵਿੱਚ ਅਕਬਰ ਨੇ ਅੰਬਰ² ਦੇ ਰਾਜਾ ਬਿਹਾਰੀ ਮੱਲ ਦੀ ਪੁਤ੍ਰੀ ਨਾਲ ਸ਼ਾਦੀ ਕਰਕੇ ਰਾਜਪੂਤਾਂ ਨਾਲ ਸੰਬੰਧ ਜੋੜਿਆ. ਇਸ ਪਿੱਛੋਂ ਜੋਧਪੁਰ ਦੀ ਕੰਨ੍ਯਾ ਨਾਲ ਭੀ ਵਿਆਹ ਕੀਤਾ. ਬਿਹਾਰੀ ਮੱਲ ਦਾ ਬੇਟਾ ਭਗਵਾਨ ਦਾਸ ਅਤੇ ਉਸਦਾ ਪੁਤ੍ਰ ਮਾਨ ਸਿੰਘ ਅਕਬਰ ਦੇ ਪ੍ਰਸਿੱਧ ਜਰਨੈਲ (Generals) ਅਤੇ ਸਹਾਇਕ ਸਨ. ਇਹ ਬਾਦਸ਼ਾਹ ਹਿੰਦੂਆਂ ਨੂੰ ਉੱਚੇ ਅਧਿਕਾਰ ਦੇਣ ਵਿੱਚ ਸੰਕੋਚ ਨਹੀਂ ਕਰਦਾ ਸੀ, ਇਸੇ ਕਾਰਣ ਟੋਡਰ ਮੱਲ ਬੀਰਬਲ ਆਦਿਕ ਇਸ ਦੇ ਮੁੱਖਮੰਤ੍ਰੀਆਂ ਵਿੱਚੋਂ ਸਨ.#ਮੇਵਾਰਪਤਿ ਰਾਣਾ ਉਦਯਸਿੰਘ ਜੋ ਅੰਬਰ ਦੇ ਰਾਜਾ ਤੋਂ ਇਸ ਲਈ ਘ੍ਰਿਣਾ ਕਰਦਾ ਸੀ ਕਿ ਉਸਨੇ ਮੁਸਲਮਾਨ ਨੂੰ ਪੁਤ੍ਰੀ ਦਿੱਤੀ ਹੈ, ਸੁਭਾਵਿਕ ਹੀ ਅਕਬਰ ਦਾ ਵੈਰੀ ਸਮਝਿਆ ਗਿਆ. ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ ਵਿੱਚ ਚਤੌੜਗੜ੍ਹ ਉੱਤੇ ਚੜ੍ਹਾਈ ਕੀਤੀ. ਉਦਯਸਿੰਘ ਤਾਂ ਘਾਇਲ ਹੋਕੇ ਭੱਜ ਗਿਆ, ਪਰ ਬੇਦਨੋਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ), ਇਸ ਬਹਾਦੁਰੀ ਨਾਲ ਲੜੇ ਕਿ ਉਨ੍ਹਾਂ ਦੀ ਵੀਰਤਾ ਦਾ ਪ੍ਰਸੰਗ ਸੁਣਕੇ ਰੋਮਾਂਚ ਹੋ ਜਾਂਦਾ ਹੈ.#ਏਹ ਦੋਵੋਂ ਮੇਵਾਰ ਦੇ ੧੬. ਵਡੇ ਰਾਈਸ਼ਾਂ ਵਿੱਚੋਂ ਸਨ. ਅੰਤ ਨੂੰ ਜੈਮਲ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ, ਇਸ ਦਾ ਜਿਕਰ ਉਸ ਨੇ ਆਪ ਅਤੇ ਜਹਾਂਗੀਰ ਨੇ ਭੀ ਲਿਖਿਆ ਹੈ. ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਮਾਰਿਆ ਉਸ ਦਾ ਨਾਉਂ "ਸੰਗਰਾਮ³" ਰੱਖਿਆ. ਜੈਮਲ ਦੇ ਮਰਣ ਪੁਰ ਕਿਲੇ ਅੰਦਰ ਜੌਹਰ⁴ ਦੀ ਰਸਮ ਹੋਈ, ਜਿਸ ਨਾਲ ੯. ਰਾਣੀਆਂ, ੫. ਰਾਜਪੁਤ੍ਰੀਆਂ, ੨. ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਪਤਿਵ੍ਰਤਾ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ. ੧੧. ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਘਰ ਘਰ ਮਨਾਇਆ, ਅਰ ਸ਼ਹੀਦ ਹੋਏ ਯੋਧਿਆਂ ਨੂੰ ਅਮਰ ਰੱਖਣ ਵਾਲਾ ਜਸ ਕਵੀਆਂ ਅਤੇ ਢਾਡੀਆਂ ਦ੍ਵਾਰਾ ਗਾਇਆ ਜਾਂਦਾ ਹੈ.#'ਜੌਹਰ' ਹੋਣ ਪਿੱਛੋਂ ਪੱਤੋ ਅਤੇ ਹਜ਼ਾਰਾਂ ਰਾਜਪੂਤ ਕੇਸਰੀ ਬਾਗੇ ਪਹਿਨਕੇ ਕਿਲਾ ਛੱਡ ਮੈਦਾਨ ਵਿੱਚ ਆ ਡਟੇ ਅਤੇ ਅਕਬਰ ਦੀ ਸੈਨਾ ਨਾਲ ਮੁਠਭੇੜ ਕਰਕੇ ਸ਼ਹੀਦ ਹੋਏ. ਇਸ ਜੰਗ ਵਿੱਚ ਮੋਏ ਰਾਜਪੂਤਾਂ ਦੇ ਜਨੇਊ ਤੋਲਣ ਪੁਰ ੭੪॥ ਸਾਢੇ ਚੁਹੱਤਰ ਮਾਨ (ਅਰਥਾਤ ੩੯੮ ਸੇਰ ਕੱਚੇ) ਹੋਏ. ਇਸੇ ਘਟਨਾ ਦਾ ਸੂਚਕ ਮਹਾਜਨੀ ਚਿੱਠੀਆਂ ਉੱਤੇ ੭੪॥ ਅੰਗ ਲਿਖਿਆ ਜਾਂਦਾ ਹੈ. ਜਿਸ ਦਾ ਭਾਵ ਹੈ ਕਿ ਜੋ ਬੇਗਾਨੀ ਚਿੱਠੀ ਖੋਲ੍ਹੇ ਉਸ ਨੂੰ ਚਤੌੜ ਦੀ ਹਤ੍ਯਾਲੱਗੇ. ਇਹ ਆਣ ਸਿਰਫ ਚਿੱਠੀਆਂ ਉੱਤੇ ਹੀ ਨਹੀਂ, ਸਗੋਂ ਰਾਜਪੂਤਾਨੇ ਦੀ ਰਿਆਸਤੀ ਲਿਖਤਾਂ ਅਤੇ ਦਾਨਪਤ੍ਰਾਂ ਵਿੱਚ ਭੀ "ਚਤੌੜ ਮਾਰਿਆ ਰਾ ਪਾਪ"- ਲਿਖੀ ਜਾਂਦੀ ਹੈ, ਅਰਥਾਤ ਜੋ ਇਸ ਦਾਨ ਨੂੰ ਬੰਦ ਕਰੇ ਉਸ ਨੂੰ ਮਹਾਂ ਪਾਪ ਲੱਗੇ. ਦੇਖੋ, ਕਰਨਲ ਜੇ. ਟਾਡ (Col. James Tod) ਦੀ ਰਾਜਸਥਾਨ.#ਫ੍ਰਾਂਸ ਦੇ ਵੈਦ੍ਯ ਬਰਨੀਅਰ (Bernier) ਨੇ ੧. ਜੁਲਾਈ ਸਨ ੧੬੬੩ ਨੂੰ ਜੋ ਚਿੱਠੀ ਲਿਖੀ ਹੈ, ਉਸ ਤੋਂ ਜਾਪਦਾ ਹੈ ਕਿ ਦਿੱਲੀ ਕਿਲੇ ਦੇ ਦਰਵਾਜ਼ੇ ਅੱਗੇ ਜੋ ਦੋ ਹਾਥੀਸਵਾਰ ਬੁੱਤ ਹਨ, ਉਹ ਜੈਮਲ ਅਤੇ ਪੱਤੋ ਦੇ ਹਨ, ਜਿਨ੍ਹਾਂ ਦੀ ਬਹਾਦੁਰੀ ਨੇ ਅਕਬਰ ਦਾ ਮਨ ਭੀ ਯਾਦਗਾਰ ਕਾਯਮ ਕਰਨ ਲਈ ਪ੍ਰੇਰਿਆ.⁵#ਅਕਬਰ ਨੇ ਹਿੰਦੂਆਂ ਤੋਂ ਜੇਜੀਆ (ਜਿਜ਼ੀਯਹ) ਅਤੇ ਤੀਰਥਯਾਤ੍ਰਾ ਦਾ ਟੈਕਸ ਲੈਣਾ ਵਰਜ ਦਿੱਤਾ ਸੀ ਅਰ ਹਿੰਦੂਆਂ ਲਈ "ਧਰਮਪੁਰ" ਅਤੇ ਮੁਸਲਮਾਨਾਂ ਲਈ "ਖ਼ੈਰਪੁਰ" ਆਸ਼੍ਰਮ ਬਣਵਾਏ, ਜਿੱਥੇ ਉਨ੍ਹਾਂ ਨੂੰ ਵਿਸ਼੍ਰਾਮ ਅਤੇ ਖਾਨ ਪਾਨ ਮਿਲਦਾ ਸੀ.#ਅਕਬਰ ਨੇ "ਵਿਦ੍ਯਨ੍ਯਾਯ"⁶ ਹੁਕਮਨ ਰੋਕ ਦਿੱਤਾ ਸੀ ਅਤੇ ਆਪਣੀ ਇੱਛਾ ਬਿਨਾ ਕੋਈ ਇਸਤ੍ਰੀ ਜਬਰਨ ਸਤੀ ਭੀ ਨਹੀਂ ਕੀਤੀ ਜਾਂਦੀ ਸੀ.#ਇਹ ਬਾਦਸ਼ਾਹ ਪ੍ਰਜਾ ਤੋਂ ਪੈਦਾਵਾਰ ਦਾ ਤੀਜਾ ਹਿੱਸਾ ਲੈਂਦਾ ਸੀ ਅਤੇ ਰਈਸ ਜੋ ਉਸ ਦੀ ਸੇਵਾ ਲਈ ਹਾਜਿਰ ਰਹਿੰਦੇ ਸਨ ਉਨ੍ਹਾਂ ਦਾ ਅਧਿਕਾਰ "ਮਨਸਬਦਾਰ" ਸੀ, ਜਿਨ੍ਹਾਂ ਦੇ ਅਧੀਨ ੫੦੦ ਤੋਂ ੧੦੦੦੦ ਤੀਕ ਸੈਨਾ ਹੋਇਆ ਕਰਦੀ ਸੀ. ਮਾਲ ਦੇ ਆਲਾ ਅਫਸਰ ਟੋਡਰ ਮੱਲ ਦੀਵਾਨ ਦੇ ਅਧੀਨ ਰਸਦ, ਵਸਤ੍ਰ, ਸੁਗੰਧਿ, ਧਾਤੁ ਅਤੇ ਰਤਨ ਆਦਿ ਸਾਮਾਨ ਖਰੀਦਣ ਵਾਲੇ ਕਰਮਚਾਰੀ "ਕਰੋੜੇ" (क्रयिक) ਸਨ. ਪਰਗਨਿਆਂ ਦੇ ਹਾਕਿਮ, ਜੋ ਦੀਵਾਨੀ ਫੌਜਦਾਰੀ ਅਖਤਿਆਰ ਰਖਦੇ ਸਨ "ਫੌਜਦਾਰ" ਕਹਾਉਂਦੇ ਸਨ.⁷ ਸ਼ਹਿਰਾਂ ਵਿੱਚ ਕੋਤਵਾਲ ਅਤੇ ਕਾਜੀ ਝਗੜੇ ਨਿਬੇੜਦੇ ਸਨ.#ਅਕਬਰ ਦੀ ਸਭਾ ਵਿੱਚ ਹਰ ਮਜ਼ਹਬ ਦਾ ਆਦਮੀ ਆਪਣੇ ਮਤ ਦੇ ਨਿਯਮ ਬਿਨਾ ਸ਼ੰਕਾ ਪ੍ਰਗਟ ਕਰ ਸਕਦਾ ਸੀ ਅਤੇ ਬਾਦਸ਼ਾਹ ਨੂੰ ਭੀ ਗੁਣਚਰਚਾ ਸੁਣਨ ਦਾ ਭਾਰੀ ਸ਼ੌਕ ਸੀ. ਸ਼ਾਹ ਅਕਬਰ ਹਿੰਦੀ ਦਾ ਭੀ ਉੱਤਮ ਕਵੀ ਸੀ. ਬੀਰਬਲ ਦਾ ਮਰਣਾ ਸੁਣਕੇ ਜੋ ਉਸ ਨੇ ਸੋਰਠਾ ਰਚਿਆ ਹੈ ਉਸ ਤੋਂ ਉਸ ਦੀ ਚਮਤਕਾਰੀ ਰਚਨਾ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ, ਯਥਾ-#"ਦੀਨ ਜਾਨ ਸੁਖ ਦੀਨ, ਏਕ ਨ ਦੀਨੋ ਦੁਸਹ ਦੁਖ,#ਸੋ ਅਬ ਹਮ ਕੋ ਦੀਨ, ਕਛੂ ਨ ਰਾਖ੍ਯੋ ਬੀਰਬਲ."⁸#ਅਕਬਰ ਸ਼੍ਰੀ ਗੁਰੂ ਅਮਰਦੇਵ ਜੀ ਦੇ ਦਰਬਾਰ ਵਿੱਚ ਹਾਜਿਰ ਹੋਕੇ ਸਤਗੁਰਾਂ ਦੇ ਆਸ਼ੀਰਬਾਦ ਦਾ ਪਾਤ੍ਰ ਬਣਿਆ ਸੀ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-#ਤਬ ਅਕਬਰ ਦਿੱਲੀ ਤੇ ਆਵਾ,#ਸਰਿਤਾ ਉਤਰ ਸਿਵਰ ਨਿਜ ਪਾਵਾ,#ਧਰ ਪ੍ਰਤੀਤਿ ਦਰਸ਼ਨ ਕੋ ਚਾਹ੍ਯੋ,#ਉੱਤਮ ਲੀਨ ਉਪਾਯਨ ਆਹ੍ਯੋ. (ਗੁਪ੍ਰਸੂ)#ਬਾਦਸ਼ਾਹ ਹੋਣ ਤੋਂ ਛੁੱਟ ਅਕਬਰ ਆਪਣੇ ਤਾਈਂ ਧਾਰਮਿਕ ਖ਼ਲੀਫ਼ਾ ਭੀ ਮੰਨਦਾ ਸੀ ਅਤੇ ਉਸ ਨੇ "ਦੀਨ ਇਲਾਹੀ" ਨਾਉਂ ਦਾ ਫਿਰਕ਼ਾ ਭਾਰਤ ਦੇ ਧਰਮਾਂ ਨੂੰ ਇੱਕ ਕਰਨ ਲਈ ਕਾਇਮ ਕੀਤਾ ਸੀ, ਜੋ ਪਰਸਪਰ ਮਿਲਣ ਸਮੇਂ "ਅੱਲਾਹੂ ਅਕਬਰ" ਆਖਦਾ ਸੀ.#ਆਗਰੇ ਨੂੰ ਇਸ ਨੇ ਰੌਣਕ ਦੇਕੇ ਨਾਉਂ 'ਅਕਬਰਾਬਾਦ' ਰੱਖਿਆ ਅਤੇ ਉੱਥੇ ਲਾਲ ਕਿਲਾ ਅਤੇ ਹੋਰ ਇਮਾਰਤਾਂ ਬਣਵਾਈਆਂ. ਆਗਰੇ ਪਾਸ "ਫਤੇਪੁਰ ਸੀਕਰੀ" ਦੀ ਸੁੰਦਰ ਇਮਾਰਤ ਪ੍ਰਗਟ ਕਰਦੀ ਹੈ ਕਿ ਅਕਬਰ ਨੂੰ ਵਿਦੇਸ਼ੀ ਅਤੇ ਭਾਰਤੀ ਵਾਸ੍ਤੁਵਿਦ੍ਯਾ (architecture) ਇੱਕ ਕਰ ਦੇਣ ਦਾ ਕਿਤਨਾ ਪ੍ਰੇਮ ਸੀ.#ਇਸ ਬਾਦਸ਼ਾਹ ਦੀ ਸਲਤਨਤ ਕਿੱਥੋਂ ਤੀਕ ਫੈਲੀ ਹੋਈ ਸੀ, ਇਸ ਨੂੰ ਉਸ ਦੇ ੧੮. ਸੂਬੇ (੧ ਅਲਾਹਾਬਾਦ, ੨. ਆਗਰਾ, ੩. ਅਵਧ, ੪. ਅਜਮੇਰ, ੫. ਗੁਜਰਾਤ, ੬ਬਿਹਾਰ, ੭. ਬੰਗਾਲ, ੮. ਦਿੱਲੀ, ੯. ਕਾਬੁਲ, ੧੦. ਲਹੌਰ, ੧੧. ਮੁਲਤਾਨ, ੧੨. ਮਾਲਵਾ, ੧੩. ਬੈਰਾਰ, ੧੪. ਖਾਨਦੇਸ਼, ੧੫. ਅਹਮਦਨਗਰ, ੧੬ ਬਿਦਰ, ੧੭. ਹੈਦਰਾਬਾਦ ਅਤੇ ੧੮. ਬਿਜਾਪੁਰ) ਸਾਫ ਦਸਦੇ ਹਨ ਕਿ ਉਹ ਭਾਰਤ ਦਾ ਚਕ੍ਰਵਰਤੀ ਮਹਾਰਾਜਾਧਿਰਾਜ (ਸ਼ਹਨਸ਼ਾਹ) ਸੀ.#ਰਾਮਾਇਣ ਦੇ ਪ੍ਰਸਿੱਧ ਕਵਿ ਤੁਲਸੀ ਦਾਸ ਜੀ ਇਸੇ ਦੇ ਸਮੇਂ ਹੋਏ ਹਨ ਅਤੇ ਭਾਰਤ ਦਾ ਰਤਨ, ਰਾਗ ਵਿਦ੍ਯਾ ਦਾ ਪੂਰਾ ਪੰਡਿਤ ਅਤੇ ਮਨੋਹਰ ਗਵੈਯਾ ਤਾਨਸੈਨ ਅਕਬਰ ਦੇ ਦਰਬਾਰ ਦਾ ਭੂਸਣ ਸੀ.#੧੬ ਅਕਤੂਬਰ ਸਨ ੧੬੦੫ (ਸੰਮਤ ੧੬੬੩) ਵਿੱਚ ਅਕਬਰ ਇਸ ਬਿਨਸਨਹਾਰ ਸੰਸਾਰ ਤੋਂ ਵਿਦਾ ਹੋਇਆ. ਆਗਰੇ ਪਾਸ ਸਿਕੰਦਰੇ ਵਿੱਚ ਇਸ ਪ੍ਰਤਾਪੀ ਬਾਦਸ਼ਾਹ ਦੀ ਸੁੰਦਰ ਕ਼ਬਰ ਬਣੀ ਹੋਈ ਹੈ....
ਸੰ. भ्रातृज. ਭ੍ਰਾਤ੍ਹ੍ਹਿਜ. ਭਾਈ ਦਾ ਬੇਟਾ....
ਅ਼. [مُتبنّٰے] ਸੰਗ੍ਯਾ- ਇਬਨ (ਬੇਟਾ) ਬਣਾਇਆ ਹੋਇਆ. ਗੋਦੀ ਲਿਆ ਪੁਤ੍ਰ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਦੇਖੋ, ਪਿਛਹੁ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅ਼. [مُہِمّ] ਮੁਹਿੱਮ. ਸੰਗ੍ਯਾ- ਹੱਮ (ਫ਼ਿਕਰ) ਵਿੱਚ ਪਾਉਣ ਵਾਲਾ ਕੰਮ। ੨. ਭਾਵ- ਲਸ਼ਕਰਕਸ਼ੀ. ਦੁਸ਼ਮਨ ਨੂੰ ਫਤੇ ਕਰਨ ਲਈ ਫ਼ੌਜ ਦਾ ਲੈ ਜਾਣਾ।...
ਦੇਖੋ, ਰਾਜਨ. "ਰਾਣਾ ਰਾਉ ਨ ਕੋ ਰਹੈ." (ਓਅੰਕਾਰ)...
ਸੰ. ਸੰਗ੍ਯਾ- ਅਤ੍ਯੰਤ ਤਾਪ. ਉਗ੍ਰ ਤੇਜ। ੨. ਪ੍ਰਭਾਵ. ਇਕਬਾਲ। ੩. ਵੀਰਤਾ ਬਹਾਦੁਰੀ। ੪. ਉਦਯਪੁਰਪਤਿ ਰਾਣਾ ਉਦਯਸਿੰਘ ਦਾ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ, ਜੋ ਸਨ ੧੫੭੨ ਵਿੱਚ ਉਦਯਪੁਰ ਦੀ ਗੱਦੀ ਤੇ ਬੈਠਾ. ਇਹ ਸੱਚਾ ਦੇਸ਼ਭਗਤ ਅਤੇ ਰਾਜਪੂਤ ਵੰਸ਼ ਦੀ ਲਾਜ ਰੱਖਣ ਵਾਲਾ ਸੀ....
ਦੇਖੋ, ਬਿਰੁੱਧ....
ਪਟਨੇ ਦਾ ਇਲਾਕਾ. ਮਗਧ ਦੇਸ਼. ਇਸ ਦਾ ਇਹ ਨਾਮ ਬੁੱਧਮਤ ਦੇ ਬਹੁਤੇ 'ਵਿਹਾਰ' (ਆਸ਼੍ਰਮ) ਹੋਣ ਕਰਕੇ ਹੋਇਆ ਹੈ. ਹੁਣ ਇਸ ਇਲਾਕੇ ਵਿੱਚ ਉਡੀਸਾ ਅਤੇ ਛੋਟਾ ਨਾਗਪੁਰ ਭੀ ਸ਼ਾਮਿਲ ਹੈ. ਬਿਹਾਰ ਦਾ ਰਕਬਾ ੮੩, ੦੦੦ ਵਰਗ ਮੀਲ ਅਤੇ ਆਬਾਦੀ ੩੫, ੦੦੦, ੦੦੦ ਹੈ. ਪ੍ਰਧਾਨ ਸ਼ਹਿਰ ਪਟਨਾ ਹੈ। ੨. ਰੀਵਾ ਰਿਆਸਤ ਵਿੱਚ ਵਹਿਣ ਵਾਲਾ ਇੱਕ ਦਰਿਆ। ੩. ਸੰ. ਵ੍ਯਵਹਾਰ. ਦੇਖੋ, ਬਿਉਹਾਰ। ੪. ਦੇਖੋ, ਵਿਹਾਰ....
ਅੰ. Governor ਸੰਗ੍ਯਾ- ਹਾਕਿਮ. ਹੁਕਮਰਾਂ। ੨. ਸੂਬੇ ਦਾ ਮੁੱਖ ਪ੍ਰਬੰਧਕ। ੩. ਕਿਸੇ ਆਸ਼੍ਰਮ ਦਾ ਪ੍ਰਬੰਧਕ ਅਧਿਕਾਰੀ....
ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ....
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [منصب] ਸੰਗ੍ਯਾ- ਨਸਬ (ਕ਼ਾਇਮ) ਹੋਣ ਦੀ ਥਾਂ। ੨. ਅਹੁਦਾ. ਅਧਿਕਾਰ. ਰੁਤਬਾ....
ਫ਼ਾ. [جہانگیِر] ਵਿ- ਜਹਾਨ ਨੂੰ ਫ਼ਤੇ ਕਰਨ ਵਾਲਾ. ਸੰਸਾਰ ਨੂੰ ਕ਼ਬਜੇ ਵਿੱਚ ਲੈਣ ਵਾਲਾ।੨. ਸੰਗ੍ਯਾ- ਅਕਬਰ ਦਾ ਪੁਤ੍ਰ ਸਲੀਮ, ਜੋ ਬਿਹਾਰੀਮੱਲ ਕਛਵਾਹੇ ਦੀ ਕੰਨ੍ਯਾ ਮਰੀਅਮ ਜ਼ਮਾਨੀ ਦੇ ਉਦਰ ਤੋਂ ਸਿਕਰੀ ਦੇ ਮਕਾਮ ੩੧ ਅਗਸ੍ਤ ਸਨ ੧੫੬੯ (ਸੰਮਤ ੧੬੨੭) ਨੂੰ ਪੈਦਾ ਹੋਇਆ. ਇਹ ੨੪ ਅਕਤੂਬਰ ਸਨ ੧੬੦੫ ਨੂੰ ਦਿੱਲੀ ਦੇ ਤਖ਼ਤ ਪੁਰ ਬੈਠਾ, ਅਰ ਆਪਣਾ ਨਾਮ ਜਹਾਂਗੀਰ ਰੱਖਿਆ.¹ ਇਸਦੇ ਜ਼ਮਾਨੇ ਇੰਗਲੈਂਡ ਦੇ ਬਾਦਸ਼ਾਹ ਜੇਮਸ ੧. (James I) ਵੱਲੋਂ ਪਤ੍ਰ ਲੈ ਕੇ ਕਪਤਾਨ ਹਾਕਿਨਸ (Hawkinns) ਅਰ ਸਰ ਟਾਮਸ ਰੋ (Sir Thomas Roe) ਵਪਾਰ ਦੀ ਵ੍ਰਿੱਧੀ ਲਈ ਆਏ ਸਨ, ਜਿਸ ਦਾ ਫਲ ਸੂਰਤ ਪਾਸ ਅੰਗ੍ਰੇਜ਼ੀ ਕੋਠੀਆਂ ਅਤੇ ਕਾਰਖ਼ਾਨੇ ਕ਼ਾਇਮ ਹੋਏ।#ਇਸਦਾ ਬੇਟਾ ਖ਼ੁਸਰੋ ਤਖ਼ਤ ਦੀ ਇੱਛਾ ਕਰਕੇ ਵਿਰੋਧੀ ਹੋ ਗਿਆ ਸੀ, ਜਿਸ ਪੁਰ ਉਸ ਨੂੰ ਕੈਦ ਕੀਤਾ ਗਿਆ ਅਰ ਉਸ ਦੇ ਸੰਗੀ ਕਤਲ ਕੀਤੇ ਗਏ. ਸ਼੍ਰੀ ਗੁਰੂ ਅਰਜਨਦੇਵ ਦੇ ਵਿਰੁੱਧ ਚੰਦੂ ਆਦਿਕਾਂ ਨੂੰ ਸ਼ਕਾਇਤ ਕਰਨ ਦਾ ਇਹ ਮੌਕਾ ਮਿਲਿਆ ਕਿ ਗੁਰੂ ਸਾਹਿਬ ਨੇ ਖ਼ੁਸਰੋ ਦੇ ਹੱਕ ਦੁਆ ਮੰਗੀ ਅਤੇ ਉਸ ਨੂੰ ਰੁਪਯੇ ਦੀ ਸਹਾਇਤਾ ਦਿੱਤੀ.²#ਤਖ਼ਤ ਬੈਠਣ ਤੋਂ ਛੀ ਵਰ੍ਹੇ ਪਿੱਛੋਂ, ਇਸ ਨੇ ਨੂਰਜਹਾਂ ਨਾਲ ਸ਼ਾਦੀ ਕੀਤੀ. ਨੂਰਜਹਾਂ ਇੱਕ ਈਰਾਨ ਦੇ ਵਪਾਰੀ ਮਿਰਜ਼ਾ ਗ਼ਯਾਸ ਦੀ ਬੇਟੀ ਸੀ. ਗ਼ਯਾਸ ਅਕਬਰ ਦੇ ਜ਼ਮਾਨੇ ਸ਼ਾਹੀ ਮੁਲਾਜ਼ਮ ਹੋਇਆ ਅਰ ਆਪਣੀ ਲਯਾਕਤ ਨਾਲ ਅਹੁਦੇਦਾਰ ਬਣਿਆ. ਛੋਟੀ ਉਮਰ ਵਿੱਚ ਨੂਰਜਹਾਂ ਜਦ ਸ਼ਾਹੀ ਮਹਿਲਾਂ ਵਿੱਚ ਜਾਇਆ ਕਰਦੀ, ਤਦ ਇਸ ਦਾ ਸੁੰਦਰ ਰੂਪ ਵੇਖਕੇ ਜਹਾਂਗੀਰ ਉਸ ਉਤੇ ਮੋਹਿਤ ਹੋ ਗਿਆ ਸੀ, ਇਸ ਪੁਰ ਅਕਬਰ ਦੀ ਆਗ੍ਯਾ ਅਨੁਸਾਰ ਨੂਰਜਹਾਂ ਦਾ ਨਿਕਾਹ ਇੱਕ ਈਰਾਨੀ ਸਰਦਾਰ ਅਲੀਕੁਲੀ ਖ਼ਾਂ (ਸ਼ੇਰਅਫ਼ਗਨਖ਼ਾਂ) ਨਾਲ ਕੀਤਾ ਗਿਆ, ਜਿਸ ਨੂੰ ਅਕਬਰ ਨੇ ਬੰਗਾਲ ਵਿੱਚ ਜਾਗੀਰ ਬਖ਼ਸ਼ੀ. ਜਦ ਜਹਾਂਗੀਰ ਤਖ਼ਤ ਪੁਰ ਬੈਠਾ, ਤਦ ਸ਼ੇਰਅਫ਼ਗਨਖ਼ਾਂ ਨੂੰ ਕ਼ਤਲ ਕਰਵਾਕੇ ਨੂਰਜਹਾਂ ਨਾਲ ਵਿਆਹ ਕੀਤਾ, ਅਰ ਉਸ ਦੇ ਭਾਈ ਨੂੰ ਆਸਫ਼ਖ਼ਾਂ ਦਾ ਖਿਤਾਬ ਦੇ ਕੇ ਵਡਾ ਮੁਸ਼ੀਰ ਬਣਾਇਆ.#ਨੂਰਜਹਾਂ ਦੇ ਵਸ਼ ਵਿੱਚ ਜਹਾਂਗੀਰ ਕਠਪੁਤਲੀ ਦੀ ਤਰਾਂ ਨਾਚ ਕਰਦਾ ਸੀ, ਯਥਾ- "ਜਹਾਂਗੀਰ ਪਤਸ਼ਾਹ ਕੇ ਬੇਗਮ ਨੂਰਜਹਾਂ। ਵਸ਼ਿ ਕੀਨਾ ਪਤਿ ਆਪਨੋ ਇਹ ਰਸ ਜਹਾਂ ਤਹਾਂ." (ਚਰਿਤ੍ਰ ੪੮)#ਜਹਾਂਗੀਰ ਸ਼ਰਾਬ ਅਤੇ ਸ਼ਿਕਾਰ ਦਾ ਬਹੁਤ ਪ੍ਰੇਮੀ ਸੀ. ਸੰਮਤ ੧੬੮੪ ਵਿੱਚ ਕਸ਼ਮੀਰ ਤੋਂ ਮੁੜਦਾ ਹੋਇਆ ਦਮੇ ਰੋਗ ਦੀ ਪ੍ਰਬਲਤਾ ਕਾਰਣ (੨੮ ਅਕਤੂਬਰ ਸਨ ੧੬੨੭ ਨੂੰ) ਰਸਤੇ ਵਿੱਚ ਮਰ ਗਿਆ. ਲਹੌਰ ਪਾਸ ਸ਼ਾਹਦਰੇ ਉਸ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ. ਦੇਖੋ, ਨੂਰਜਹਾਂ....
ਮਰਿਆ ਮ੍ਰਿਤ ਭਇਆ. "ਮੋਇਆ ਕਉ ਕਿਆ ਰੋਵਹੁ ਭਾਈ?" (ਆਸਾ ਅਃ ਮਃ ੧)...