bhalanaभॱलण
ਇਹ ਲਾਲੇ ਦਾ ਭਾਈ ਅਤੇ ਬੈਰਾੜ ਕਪੂਰਸਿੰਘ ਦਾ ਤਾਇਆ ਸੀ, ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਸਰਸੇ ਦਾ ਭੱਟੀ ਸਰਦਾਰ ਮਨਸੂਰ ਅਤੇ ਭੱਲਣ ਦੋਵੇਂ ਹਾਜਿਰ ਹੋਏ. ਮਨਸੂਰ ਨੂੰ ਜੋ ਸਰਦਾਰੀ ਦੀ ਦਸਤਾਰ ਮਿਲੀ ਉਸ ਨੂੰ ਉਹ ਸਿਰ ਬੰਨ੍ਹਣ ਲੱਗਾ, ਭੱਲਣ ਨੇ ਪੱਗ ਦਾ ਦੂਜਾ ਸਿਰਾ ਆਪਣੇ ਸਿਰ ਤੇ ਲਪੇਟਣਾ ਸ਼ੁਰੂ ਕੀਤਾ. ਅੱਧੀ ਪੱਗ ਵਿੱਚੋਂ ਪਾੜ ਸੁੱਟੀ. ਅਕਬਰ ਨੇ ਹੱਸਕੇ ਮਾਲਵੇ ਦੀ ਅੱਧੀ ਸਰਦਾਰੀ ਭੱਲਣ ਨੂੰ ਦੇ ਦਿੱਤੀ. ਕਹਾਵਤ ਪ੍ਰਸਿੱਧ ਹੈ- "ਭੱਲਣ ਚੀਰਾ ਪਾੜਿਆਃ ਅਕਬਰ ਕੇ ਦਰਬਾਰ." ਦੇਖੋ, ਫਰੀਦਕੋਟ.
इह लाले दा भाई अते बैराड़ कपूरसिंघ दा ताइआ सी, इॱक वार बादशाह अकबर दे दरबार विॱच सरसे दाभॱटी सरदार मनसूर अते भॱलण दोवें हाजिर होए. मनसूर नूं जो सरदारी दी दसतार मिली उस नूं उह सिर बंन्हण लॱगा, भॱलण ने पॱग दा दूजा सिरा आपणे सिर ते लपेटणा शुरू कीता. अॱधी पॱग विॱचों पाड़ सुॱटी. अकबर ने हॱसके मालवे दी अॱधी सरदारी भॱलण नूं दे दिॱती. कहावत प्रसिॱध है- "भॱलण चीरा पाड़िआः अकबर के दरबार." देखो, फरीदकोट.
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਮਹਾਂ ਸ਼ੂਰਵੀਰ ਜਾਤਿ, ਜਿਸ ਦਾ ਨਿਕਾਸ ਭੱਟੀ ਰਾਜਪੂਤਾਂ ਵਿੱਚੋਂ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਇਸ ਜਾਤਿ ਪੁਰ ਖ਼ਾਸ ਕ੍ਰਿਪਾ ਹੋਈ ਹੈ, ਜੋ ਜਫ਼ਰਨਾਮੇ ਦੇ ਇਸ ਵਾਕ ਤੋਂ ਸਿੱਧ ਹੁੰਦੀ ਹੈ- "ਹਮਹ ਕ਼ੌਮ ਬੈਰਾੜ ਹੁਕਮੇ ਮਰਾਸ੍ਤ." ਦੇਖੋ, ਫੂਲਵੰਸ਼....
ਵਿ- ਤਪਾਇਆ. ਦੁਖੀ ਕੀਤਾ. "ਕਈ ਜੁਗ ਤਿਨੀ ਤਨ ਤਾਇਆ." (ਚੰਡੀ ੧) ੨. ਤਪਿਆ ਹੋਇਆ. "ਸਿਮਰਿ ਚਰਣਾਰ ਬਿੰਦ ਸੀਤਲ ਹੋ ਤਾਇਆ." (ਬਿਲਾ ਮਃ ੫) ੩. ਸੰਗ੍ਯਾ- ਪਿਤਾ ਦਾ ਵਡਾ ਭਾਈ. ਤਾਤ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਅ਼. [اکبر] ਵਿ- ਕਿਬਰ (ਬਜ਼ੁਰਗੀ) ਵਾਲਾ. ਬਹੁਤ ਵਡਾ. ਮਹਾਂ ਪ੍ਰਧਾਨ। ੨. ਸੰਗ੍ਯਾ- ਕਰਤਾਰ. ਅਕਾਲਪੁਰਖ। ੩. ਬਾਦਸ਼ਾਹ ਹੁਮਾਯੂੰ ਦਾ ਪੁਤ੍ਰ, ਜੋ ੧੫. ਅਕਤੂਬਰ ਸਨ ੧੫੪੨ (ਸੰਮਤ ੧੫੯੯) ਨੂੰ ਅਮਰਕੋਟ (ਸਿੰਧ) ਵਿੱਚ ਉਸ ਵੇਲੇ ਹਮੀਦਾ ਬਾਨੂੰ ਦੇ ਉਦਰ ਤੋਂ ਜਨਮਿਆ, ਜਦ ਇਸ ਦਾ ਪਿਤਾ ਸ਼ੇਰਸ਼ਾਹ ਤੋਂ ਹਾਰ ਖਾਕੇ ਭਾਰਤ ਤੋਂ ਵਿਦਾ ਹੋ ਰਿਹਾ ਸੀ.¹#ਤੇਰਾਂ ਵਰ੍ਹੇ ਨੌ ਮਹੀਨੇ ਦੀ ਉਮਰ ਵਿੱਚ ਅਕਬਰ ਦਿੱਲੀ ਦੇ ਤਖ਼ਤ ਤੇ ਬੈਠਾ. ਬੈਰਾਮ ਖ਼ਾਂ (ਖ਼ਾਨਖ਼ਾਨਾਂ), ਜੋ ਹੁਮਾਯੂੰ ਦਾ ਮੁੱਖਮੰਤ੍ਰੀ ਅਤੇ ਸੈਨਾਪਤਿ ਸੀ, ਉਸ ਦੀ ਨਿਗਰਾਨੀ ਵਿੱਚ ਰਾਜ ਕਾਜ ਚੰਗੀ ਤਰ੍ਹਾਂ ਚਲਦਾ ਰਿਹਾ. ਸੰਮਤ ੧੬੧੭ ਵਿੱਚ ਅਕਬਰ ਨੇ ਪੂਰੀ ਹੁਕੂਮਤ ਆਪਣੇ ਹੱਥ ਲਈ ਅਰ ਮੁਗ਼ਲ ਰਾਜ ਨੂੰ ਭਾਰੀ ਤਰੱਕੀ ਦਿੱਤੀ. ਸੰਮਤ ੧੬੧੮ ਵਿੱਚ ਅਕਬਰ ਨੇ ਅੰਬਰ² ਦੇ ਰਾਜਾ ਬਿਹਾਰੀ ਮੱਲ ਦੀ ਪੁਤ੍ਰੀ ਨਾਲ ਸ਼ਾਦੀ ਕਰਕੇ ਰਾਜਪੂਤਾਂ ਨਾਲ ਸੰਬੰਧ ਜੋੜਿਆ. ਇਸ ਪਿੱਛੋਂ ਜੋਧਪੁਰ ਦੀ ਕੰਨ੍ਯਾ ਨਾਲ ਭੀ ਵਿਆਹ ਕੀਤਾ. ਬਿਹਾਰੀ ਮੱਲ ਦਾ ਬੇਟਾ ਭਗਵਾਨ ਦਾਸ ਅਤੇ ਉਸਦਾ ਪੁਤ੍ਰ ਮਾਨ ਸਿੰਘ ਅਕਬਰ ਦੇ ਪ੍ਰਸਿੱਧ ਜਰਨੈਲ (Generals) ਅਤੇ ਸਹਾਇਕ ਸਨ. ਇਹ ਬਾਦਸ਼ਾਹ ਹਿੰਦੂਆਂ ਨੂੰ ਉੱਚੇ ਅਧਿਕਾਰ ਦੇਣ ਵਿੱਚ ਸੰਕੋਚ ਨਹੀਂ ਕਰਦਾ ਸੀ, ਇਸੇ ਕਾਰਣ ਟੋਡਰ ਮੱਲ ਬੀਰਬਲ ਆਦਿਕ ਇਸ ਦੇ ਮੁੱਖਮੰਤ੍ਰੀਆਂ ਵਿੱਚੋਂ ਸਨ.#ਮੇਵਾਰਪਤਿ ਰਾਣਾ ਉਦਯਸਿੰਘ ਜੋ ਅੰਬਰ ਦੇ ਰਾਜਾ ਤੋਂ ਇਸ ਲਈ ਘ੍ਰਿਣਾ ਕਰਦਾ ਸੀ ਕਿ ਉਸਨੇ ਮੁਸਲਮਾਨ ਨੂੰ ਪੁਤ੍ਰੀ ਦਿੱਤੀ ਹੈ, ਸੁਭਾਵਿਕ ਹੀ ਅਕਬਰ ਦਾ ਵੈਰੀ ਸਮਝਿਆ ਗਿਆ. ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ ਵਿੱਚ ਚਤੌੜਗੜ੍ਹ ਉੱਤੇ ਚੜ੍ਹਾਈ ਕੀਤੀ. ਉਦਯਸਿੰਘ ਤਾਂ ਘਾਇਲ ਹੋਕੇ ਭੱਜ ਗਿਆ, ਪਰ ਬੇਦਨੋਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ), ਇਸ ਬਹਾਦੁਰੀ ਨਾਲ ਲੜੇ ਕਿ ਉਨ੍ਹਾਂ ਦੀ ਵੀਰਤਾ ਦਾ ਪ੍ਰਸੰਗ ਸੁਣਕੇ ਰੋਮਾਂਚ ਹੋ ਜਾਂਦਾ ਹੈ.#ਏਹ ਦੋਵੋਂ ਮੇਵਾਰ ਦੇ ੧੬. ਵਡੇ ਰਾਈਸ਼ਾਂ ਵਿੱਚੋਂ ਸਨ. ਅੰਤ ਨੂੰ ਜੈਮਲ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ, ਇਸ ਦਾ ਜਿਕਰ ਉਸ ਨੇ ਆਪ ਅਤੇ ਜਹਾਂਗੀਰ ਨੇ ਭੀ ਲਿਖਿਆ ਹੈ. ਜਿਸ ਬੰਦੂਕ ਨਾਲ ਅਕਬਰ ਨੇ ਜੈਮਲ ਨੂੰ ਮਾਰਿਆ ਉਸ ਦਾ ਨਾਉਂ "ਸੰਗਰਾਮ³" ਰੱਖਿਆ. ਜੈਮਲ ਦੇ ਮਰਣ ਪੁਰ ਕਿਲੇ ਅੰਦਰ ਜੌਹਰ⁴ ਦੀ ਰਸਮ ਹੋਈ, ਜਿਸ ਨਾਲ ੯. ਰਾਣੀਆਂ, ੫. ਰਾਜਪੁਤ੍ਰੀਆਂ, ੨. ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਪਤਿਵ੍ਰਤਾ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ. ੧੧. ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਘਰ ਘਰ ਮਨਾਇਆ, ਅਰ ਸ਼ਹੀਦ ਹੋਏ ਯੋਧਿਆਂ ਨੂੰ ਅਮਰ ਰੱਖਣ ਵਾਲਾ ਜਸ ਕਵੀਆਂ ਅਤੇ ਢਾਡੀਆਂ ਦ੍ਵਾਰਾ ਗਾਇਆ ਜਾਂਦਾ ਹੈ.#'ਜੌਹਰ' ਹੋਣ ਪਿੱਛੋਂ ਪੱਤੋ ਅਤੇ ਹਜ਼ਾਰਾਂ ਰਾਜਪੂਤ ਕੇਸਰੀ ਬਾਗੇ ਪਹਿਨਕੇ ਕਿਲਾ ਛੱਡ ਮੈਦਾਨ ਵਿੱਚ ਆ ਡਟੇ ਅਤੇ ਅਕਬਰ ਦੀ ਸੈਨਾ ਨਾਲ ਮੁਠਭੇੜ ਕਰਕੇ ਸ਼ਹੀਦ ਹੋਏ. ਇਸ ਜੰਗ ਵਿੱਚ ਮੋਏ ਰਾਜਪੂਤਾਂ ਦੇ ਜਨੇਊ ਤੋਲਣ ਪੁਰ ੭੪॥ ਸਾਢੇ ਚੁਹੱਤਰ ਮਾਨ (ਅਰਥਾਤ ੩੯੮ ਸੇਰ ਕੱਚੇ) ਹੋਏ. ਇਸੇ ਘਟਨਾ ਦਾ ਸੂਚਕ ਮਹਾਜਨੀ ਚਿੱਠੀਆਂ ਉੱਤੇ ੭੪॥ ਅੰਗ ਲਿਖਿਆ ਜਾਂਦਾ ਹੈ. ਜਿਸ ਦਾ ਭਾਵ ਹੈ ਕਿ ਜੋ ਬੇਗਾਨੀ ਚਿੱਠੀ ਖੋਲ੍ਹੇ ਉਸ ਨੂੰ ਚਤੌੜ ਦੀ ਹਤ੍ਯਾਲੱਗੇ. ਇਹ ਆਣ ਸਿਰਫ ਚਿੱਠੀਆਂ ਉੱਤੇ ਹੀ ਨਹੀਂ, ਸਗੋਂ ਰਾਜਪੂਤਾਨੇ ਦੀ ਰਿਆਸਤੀ ਲਿਖਤਾਂ ਅਤੇ ਦਾਨਪਤ੍ਰਾਂ ਵਿੱਚ ਭੀ "ਚਤੌੜ ਮਾਰਿਆ ਰਾ ਪਾਪ"- ਲਿਖੀ ਜਾਂਦੀ ਹੈ, ਅਰਥਾਤ ਜੋ ਇਸ ਦਾਨ ਨੂੰ ਬੰਦ ਕਰੇ ਉਸ ਨੂੰ ਮਹਾਂ ਪਾਪ ਲੱਗੇ. ਦੇਖੋ, ਕਰਨਲ ਜੇ. ਟਾਡ (Col. James Tod) ਦੀ ਰਾਜਸਥਾਨ.#ਫ੍ਰਾਂਸ ਦੇ ਵੈਦ੍ਯ ਬਰਨੀਅਰ (Bernier) ਨੇ ੧. ਜੁਲਾਈ ਸਨ ੧੬੬੩ ਨੂੰ ਜੋ ਚਿੱਠੀ ਲਿਖੀ ਹੈ, ਉਸ ਤੋਂ ਜਾਪਦਾ ਹੈ ਕਿ ਦਿੱਲੀ ਕਿਲੇ ਦੇ ਦਰਵਾਜ਼ੇ ਅੱਗੇ ਜੋ ਦੋ ਹਾਥੀਸਵਾਰ ਬੁੱਤ ਹਨ, ਉਹ ਜੈਮਲ ਅਤੇ ਪੱਤੋ ਦੇ ਹਨ, ਜਿਨ੍ਹਾਂ ਦੀ ਬਹਾਦੁਰੀ ਨੇ ਅਕਬਰ ਦਾ ਮਨ ਭੀ ਯਾਦਗਾਰ ਕਾਯਮ ਕਰਨ ਲਈ ਪ੍ਰੇਰਿਆ.⁵#ਅਕਬਰ ਨੇ ਹਿੰਦੂਆਂ ਤੋਂ ਜੇਜੀਆ (ਜਿਜ਼ੀਯਹ) ਅਤੇ ਤੀਰਥਯਾਤ੍ਰਾ ਦਾ ਟੈਕਸ ਲੈਣਾ ਵਰਜ ਦਿੱਤਾ ਸੀ ਅਰ ਹਿੰਦੂਆਂ ਲਈ "ਧਰਮਪੁਰ" ਅਤੇ ਮੁਸਲਮਾਨਾਂ ਲਈ "ਖ਼ੈਰਪੁਰ" ਆਸ਼੍ਰਮ ਬਣਵਾਏ, ਜਿੱਥੇ ਉਨ੍ਹਾਂ ਨੂੰ ਵਿਸ਼੍ਰਾਮ ਅਤੇ ਖਾਨ ਪਾਨ ਮਿਲਦਾ ਸੀ.#ਅਕਬਰ ਨੇ "ਵਿਦ੍ਯਨ੍ਯਾਯ"⁶ ਹੁਕਮਨ ਰੋਕ ਦਿੱਤਾ ਸੀ ਅਤੇ ਆਪਣੀ ਇੱਛਾ ਬਿਨਾ ਕੋਈ ਇਸਤ੍ਰੀ ਜਬਰਨ ਸਤੀ ਭੀ ਨਹੀਂ ਕੀਤੀ ਜਾਂਦੀ ਸੀ.#ਇਹ ਬਾਦਸ਼ਾਹ ਪ੍ਰਜਾ ਤੋਂ ਪੈਦਾਵਾਰ ਦਾ ਤੀਜਾ ਹਿੱਸਾ ਲੈਂਦਾ ਸੀ ਅਤੇ ਰਈਸ ਜੋ ਉਸ ਦੀ ਸੇਵਾ ਲਈ ਹਾਜਿਰ ਰਹਿੰਦੇ ਸਨ ਉਨ੍ਹਾਂ ਦਾ ਅਧਿਕਾਰ "ਮਨਸਬਦਾਰ" ਸੀ, ਜਿਨ੍ਹਾਂ ਦੇ ਅਧੀਨ ੫੦੦ ਤੋਂ ੧੦੦੦੦ ਤੀਕ ਸੈਨਾ ਹੋਇਆ ਕਰਦੀ ਸੀ. ਮਾਲ ਦੇ ਆਲਾ ਅਫਸਰ ਟੋਡਰ ਮੱਲ ਦੀਵਾਨ ਦੇ ਅਧੀਨ ਰਸਦ, ਵਸਤ੍ਰ, ਸੁਗੰਧਿ, ਧਾਤੁ ਅਤੇ ਰਤਨ ਆਦਿ ਸਾਮਾਨ ਖਰੀਦਣ ਵਾਲੇ ਕਰਮਚਾਰੀ "ਕਰੋੜੇ" (क्रयिक) ਸਨ. ਪਰਗਨਿਆਂ ਦੇ ਹਾਕਿਮ, ਜੋ ਦੀਵਾਨੀ ਫੌਜਦਾਰੀ ਅਖਤਿਆਰ ਰਖਦੇ ਸਨ "ਫੌਜਦਾਰ" ਕਹਾਉਂਦੇ ਸਨ.⁷ ਸ਼ਹਿਰਾਂ ਵਿੱਚ ਕੋਤਵਾਲ ਅਤੇ ਕਾਜੀ ਝਗੜੇ ਨਿਬੇੜਦੇ ਸਨ.#ਅਕਬਰ ਦੀ ਸਭਾ ਵਿੱਚ ਹਰ ਮਜ਼ਹਬ ਦਾ ਆਦਮੀ ਆਪਣੇ ਮਤ ਦੇ ਨਿਯਮ ਬਿਨਾ ਸ਼ੰਕਾ ਪ੍ਰਗਟ ਕਰ ਸਕਦਾ ਸੀ ਅਤੇ ਬਾਦਸ਼ਾਹ ਨੂੰ ਭੀ ਗੁਣਚਰਚਾ ਸੁਣਨ ਦਾ ਭਾਰੀ ਸ਼ੌਕ ਸੀ. ਸ਼ਾਹ ਅਕਬਰ ਹਿੰਦੀ ਦਾ ਭੀ ਉੱਤਮ ਕਵੀ ਸੀ. ਬੀਰਬਲ ਦਾ ਮਰਣਾ ਸੁਣਕੇ ਜੋ ਉਸ ਨੇ ਸੋਰਠਾ ਰਚਿਆ ਹੈ ਉਸ ਤੋਂ ਉਸ ਦੀ ਚਮਤਕਾਰੀ ਰਚਨਾ ਦਾ ਚੰਗੀ ਤਰ੍ਹਾਂ ਗਿਆਨ ਹੁੰਦਾ ਹੈ, ਯਥਾ-#"ਦੀਨ ਜਾਨ ਸੁਖ ਦੀਨ, ਏਕ ਨ ਦੀਨੋ ਦੁਸਹ ਦੁਖ,#ਸੋ ਅਬ ਹਮ ਕੋ ਦੀਨ, ਕਛੂ ਨ ਰਾਖ੍ਯੋ ਬੀਰਬਲ."⁸#ਅਕਬਰ ਸ਼੍ਰੀ ਗੁਰੂ ਅਮਰਦੇਵ ਜੀ ਦੇ ਦਰਬਾਰ ਵਿੱਚ ਹਾਜਿਰ ਹੋਕੇ ਸਤਗੁਰਾਂ ਦੇ ਆਸ਼ੀਰਬਾਦ ਦਾ ਪਾਤ੍ਰ ਬਣਿਆ ਸੀ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-#ਤਬ ਅਕਬਰ ਦਿੱਲੀ ਤੇ ਆਵਾ,#ਸਰਿਤਾ ਉਤਰ ਸਿਵਰ ਨਿਜ ਪਾਵਾ,#ਧਰ ਪ੍ਰਤੀਤਿ ਦਰਸ਼ਨ ਕੋ ਚਾਹ੍ਯੋ,#ਉੱਤਮ ਲੀਨ ਉਪਾਯਨ ਆਹ੍ਯੋ. (ਗੁਪ੍ਰਸੂ)#ਬਾਦਸ਼ਾਹ ਹੋਣ ਤੋਂ ਛੁੱਟ ਅਕਬਰ ਆਪਣੇ ਤਾਈਂ ਧਾਰਮਿਕ ਖ਼ਲੀਫ਼ਾ ਭੀ ਮੰਨਦਾ ਸੀ ਅਤੇ ਉਸ ਨੇ "ਦੀਨ ਇਲਾਹੀ" ਨਾਉਂ ਦਾ ਫਿਰਕ਼ਾ ਭਾਰਤ ਦੇ ਧਰਮਾਂ ਨੂੰ ਇੱਕ ਕਰਨ ਲਈ ਕਾਇਮ ਕੀਤਾ ਸੀ, ਜੋ ਪਰਸਪਰ ਮਿਲਣ ਸਮੇਂ "ਅੱਲਾਹੂ ਅਕਬਰ" ਆਖਦਾ ਸੀ.#ਆਗਰੇ ਨੂੰ ਇਸ ਨੇ ਰੌਣਕ ਦੇਕੇ ਨਾਉਂ 'ਅਕਬਰਾਬਾਦ' ਰੱਖਿਆ ਅਤੇ ਉੱਥੇ ਲਾਲ ਕਿਲਾ ਅਤੇ ਹੋਰ ਇਮਾਰਤਾਂ ਬਣਵਾਈਆਂ. ਆਗਰੇ ਪਾਸ "ਫਤੇਪੁਰ ਸੀਕਰੀ" ਦੀ ਸੁੰਦਰ ਇਮਾਰਤ ਪ੍ਰਗਟ ਕਰਦੀ ਹੈ ਕਿ ਅਕਬਰ ਨੂੰ ਵਿਦੇਸ਼ੀ ਅਤੇ ਭਾਰਤੀ ਵਾਸ੍ਤੁਵਿਦ੍ਯਾ (architecture) ਇੱਕ ਕਰ ਦੇਣ ਦਾ ਕਿਤਨਾ ਪ੍ਰੇਮ ਸੀ.#ਇਸ ਬਾਦਸ਼ਾਹ ਦੀ ਸਲਤਨਤ ਕਿੱਥੋਂ ਤੀਕ ਫੈਲੀ ਹੋਈ ਸੀ, ਇਸ ਨੂੰ ਉਸ ਦੇ ੧੮. ਸੂਬੇ (੧ ਅਲਾਹਾਬਾਦ, ੨. ਆਗਰਾ, ੩. ਅਵਧ, ੪. ਅਜਮੇਰ, ੫. ਗੁਜਰਾਤ, ੬ਬਿਹਾਰ, ੭. ਬੰਗਾਲ, ੮. ਦਿੱਲੀ, ੯. ਕਾਬੁਲ, ੧੦. ਲਹੌਰ, ੧੧. ਮੁਲਤਾਨ, ੧੨. ਮਾਲਵਾ, ੧੩. ਬੈਰਾਰ, ੧੪. ਖਾਨਦੇਸ਼, ੧੫. ਅਹਮਦਨਗਰ, ੧੬ ਬਿਦਰ, ੧੭. ਹੈਦਰਾਬਾਦ ਅਤੇ ੧੮. ਬਿਜਾਪੁਰ) ਸਾਫ ਦਸਦੇ ਹਨ ਕਿ ਉਹ ਭਾਰਤ ਦਾ ਚਕ੍ਰਵਰਤੀ ਮਹਾਰਾਜਾਧਿਰਾਜ (ਸ਼ਹਨਸ਼ਾਹ) ਸੀ.#ਰਾਮਾਇਣ ਦੇ ਪ੍ਰਸਿੱਧ ਕਵਿ ਤੁਲਸੀ ਦਾਸ ਜੀ ਇਸੇ ਦੇ ਸਮੇਂ ਹੋਏ ਹਨ ਅਤੇ ਭਾਰਤ ਦਾ ਰਤਨ, ਰਾਗ ਵਿਦ੍ਯਾ ਦਾ ਪੂਰਾ ਪੰਡਿਤ ਅਤੇ ਮਨੋਹਰ ਗਵੈਯਾ ਤਾਨਸੈਨ ਅਕਬਰ ਦੇ ਦਰਬਾਰ ਦਾ ਭੂਸਣ ਸੀ.#੧੬ ਅਕਤੂਬਰ ਸਨ ੧੬੦੫ (ਸੰਮਤ ੧੬੬੩) ਵਿੱਚ ਅਕਬਰ ਇਸ ਬਿਨਸਨਹਾਰ ਸੰਸਾਰ ਤੋਂ ਵਿਦਾ ਹੋਇਆ. ਆਗਰੇ ਪਾਸ ਸਿਕੰਦਰੇ ਵਿੱਚ ਇਸ ਪ੍ਰਤਾਪੀ ਬਾਦਸ਼ਾਹ ਦੀ ਸੁੰਦਰ ਕ਼ਬਰ ਬਣੀ ਹੋਈ ਹੈ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਯਦੁਵੰਸ਼ੀ ਰਾਜਪੂਤ. ਜੈਸਲਮੇਰ ਦੇ ਰਈਸ ਇਸੇ ਜ਼ਾਤਿ ਵਿੱਚੋਂ ਹਨ. ਫੂਲਵੰਸ਼ ਦਾ ਨਿਕਾਸ ਭੀ ਭੱਟੀਆਂ ਵਿੱਚੋਂ ਹੈ.¹ ਭਟਨੇਰ ਅਤੇ ਭਟਿੰਡਾ ਆਦਿ ਇਸੇ ਜਾਤਿ ਦੇ ਵਸਾਏ ਹੋਏ ਹਨ, ਮੁਸਲਮਾਨਾਂ ਦੇ ਰਾਜ ਸਮੇਂ ਭੱਟੀ ਰਾਜਪੂਤ ਬਹੁਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡ ਭੱਟੀਆਂ (ਜਿਲਾ ਗੁਜਰਾਤ) ਦਾ ਰਾਜਾ ਦੁੱਲਾਭੱਟੀ ਅਤੇ ਉਸ ਦਾ ਪੁਤ੍ਰ ਕਮਾਲ ਖ਼ਾਂ ਇਤਿਹਾਸ ਵਿੱਚ ਪ੍ਰਸਿੱਧ ਹਨ।#੨. ਵੇਣੀਸੰਹਾਰ ਦੇ ਰਚਣ ਵਾਲੇ ਮਹਾਨ ਕਵਿ ਭੱਟਨਾਰਾਯਣ ਦਾ ਨਾਮ ਭੀ ਭੱਟਿ ਹੈ. ਇਸ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ।#੩. ਇਸ ਨਾਮ ਦੀ ਇੱਕ ਜੱਟੀ, ਜੋ ਦਸ਼ਮੇਸ਼ ਨੂੰ ਹੇਹਰ ਪਿੰਡ ਤੋਂ ਤੁਰਣ ਸਮੇਂ ਮਿਲੀ, ਜਦਕਿ ਗੁਰੂ ਸਾਹਿਬ ਉੱਚਪੀਰ ਦੇ ਲਿਬਾਸ ਵਿੱਚ ਸਨ, ਇਸ ਨੇ ਪਲੰਘ ਹੇਠ ਮੋਢਾ ਦਿੱਤਾ ਅਤੇ ਸਤਿਗੁਰੂ ਤੋਂ ਵਰਦਾਨ ਪਾਇਆ।² ੪. ਭੱਟੀਕਾਵ੍ਯ, ਜਿਸ ਵਿੱਚ ਰਾਮਕਥਾ ਹੈ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਅ਼. [منصوُر] ਵਿ- ਨਸਰ (ਸਹਾਇਤਾ) ਪ੍ਰਾਪਤ ਕਰਨ ਵਾਲਾ। ੨. ਫ਼ਤਹਮੰਦ. ਵਿਜਈ। ੩. ਸੰਗ੍ਯਾ- ਇੱਕ ਸੂਫ਼ੀ ਫ਼ਕੀਰ, ਜੋ ਸ਼ੈਖ ਹੁਸੈਨ ਬਿਨ ਹੱਲਾਜ ਦਾ ਪੁਤ੍ਰ ਸੀ. ਇਹ ਈਰਾਨ ਦੇ ਨਗਰ ਬੈਜ਼ੇ ਵਿੱਚ ਪੈਦਾ ਹੋਇਆ. ਇਸਨੇ ਸ਼ੁਸ੍ਤਰ ਨਿਵਾਸੀ ਸੁਹੇਲ ਤੋਂ ਵਿਦ੍ਯਾ ਪੜ੍ਹੀ ਅਤੇ ਉੱਤਮ ਕਵੀ ਹੋਗਿਆ.#ਅੱਬੁਲਹੁਸੈਨ ਸੂਰੀ ਅਤੇ ਜੁਦੈਨ ਬਗਦਾਦੀ ਸੁਫ਼ੀਆਂ ਦੀ ਸੰਗਤਿ ਤੋਂ ਇਸ ਨੂੰ ਵੇਦਾਂਤਮਤ ਦਾ ਪ੍ਰੇਮ ਜਾਗਿਆ ਅਰ ਬਸਰਾ ਨਿਵਾਸੀ ਉਮਰ ਅਦ੍ਵੈਤਵਾਦੀ ਪਾਸ ਰਹਿਕੇ ਪੱਕਾ ਵੇਦਾਂਤੀ ਬਣਗਿਆ.#ਦੇਸ਼ ਵਿੱਚ ਫਿਰਕੇ ਮਨਸੂਰ ਆਪਣੇ ਮਤ ਦਾ ਪ੍ਰਚਾਰ ਕਰਨ ਲੱਗਾ ਅਰ ਬਗਦਾਦ ਵਿੱਚ ਰਹਿਕੇ ਅਨੇਕ ਚੇਲੇ ਬਣਾਏ. ਇਹ ਬਿਨਾ ਸ਼ੰਕਾ "ਅਨਾਲ ਹੱਕ਼" (ਅਹੰ ਬ੍ਰਹਮਾਸਿਮ) ਆਖਿਆ ਕਰਦਾ ਸੀ. ਜਿਸ ਪੁਰ ਮੁਲਾਣਿਆਂ ਦੀ ਪ੍ਰੇਰਣਾ ਨਾਲ ਖ਼ਲੀਫ਼ਾ ਮੁਕ਼ਤਦਿਰ ਨੇ ੨੬ ਮਾਰਚ ਸਨ ੯੨੨ (ਸਨ ੩੦੯ ਹਿਜਰੀ) ਨੂੰ ਕੋਰੜਿਆਂ ਦੀ ਮਾਰ ਕਰਾਕੇ ਮਨਸੂਰ ਨੂੰ ਸੂਲੀ¹ ਚੜ੍ਹਵਾਕੇ ਮਰਵਾ ਦਿੱਤਾ ਅਰ ਲੋਬ ਭਸਮ ਕਰਵਾ ਦਿੱਤੀ.#ਮਨਸੂਰ ਦੇ ਮਨੋਹਰ ਵਾਕ ਹੁਣ ਭੀ ਅਦ੍ਵੈਤਵਾਦੀਆਂ ਦੇ ਮੰਤ੍ਰਰੂਪ ਹਨ. ਮਨਸੂਰ ਲਿਖਦਾ ਹੈ- "ਇਸ ਲੋਕ ਦੇ ਪਦਾਰਥਾਂ ਦਾ ਤ੍ਯਾਗ ਅਤੇ ਪਰਲੋਕ ਸੁਖਾਂ ਦੀ ਵਾਸਨਾ ਦਾ ਤ੍ਯਾਗ, ਪੂਰਣ ਸੰਨ੍ਯਾਸ ਹੈ. ਈਸ਼੍ਵਰ ਅਤੇ ਜੀਵ ਦੇ ਵਿੱਚ ਕੇਵਲ ਦੋ ਡਿੰਘ ਦੀ ਵਿੱਥ ਹੈ. ਇੱਕ ਡਗ ਲੋਕ ਅਤੇ ਦੂਜੀ ਪਰਲੋਕ ਤੋਂ ਉਠਾ ਲਓ, ਫੇਰ ਨਿਰਸੰਦੇਹ ਬ੍ਰਹਮ ਨਾਲ ਅਭੇਦਤਾ ਹੈ।" ੪. ਅੱਬਾਸ ਵੰਸ਼ੀ ਬਗਦਾਦ ਦਾ ਦੂਜਾ ਖ਼ਲੀਫ਼ਾ....
ਇਹ ਲਾਲੇ ਦਾ ਭਾਈ ਅਤੇ ਬੈਰਾੜ ਕਪੂਰਸਿੰਘ ਦਾ ਤਾਇਆ ਸੀ, ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਸਰਸੇ ਦਾ ਭੱਟੀ ਸਰਦਾਰ ਮਨਸੂਰ ਅਤੇ ਭੱਲਣ ਦੋਵੇਂ ਹਾਜਿਰ ਹੋਏ. ਮਨਸੂਰ ਨੂੰ ਜੋ ਸਰਦਾਰੀ ਦੀ ਦਸਤਾਰ ਮਿਲੀ ਉਸ ਨੂੰ ਉਹ ਸਿਰ ਬੰਨ੍ਹਣ ਲੱਗਾ, ਭੱਲਣ ਨੇ ਪੱਗ ਦਾ ਦੂਜਾ ਸਿਰਾ ਆਪਣੇ ਸਿਰ ਤੇ ਲਪੇਟਣਾ ਸ਼ੁਰੂ ਕੀਤਾ. ਅੱਧੀ ਪੱਗ ਵਿੱਚੋਂ ਪਾੜ ਸੁੱਟੀ. ਅਕਬਰ ਨੇ ਹੱਸਕੇ ਮਾਲਵੇ ਦੀ ਅੱਧੀ ਸਰਦਾਰੀ ਭੱਲਣ ਨੂੰ ਦੇ ਦਿੱਤੀ. ਕਹਾਵਤ ਪ੍ਰਸਿੱਧ ਹੈ- "ਭੱਲਣ ਚੀਰਾ ਪਾੜਿਆਃ ਅਕਬਰ ਕੇ ਦਰਬਾਰ." ਦੇਖੋ, ਫਰੀਦਕੋਟ....
ਕ੍ਰਿ. ਵਿ- ਦੋਨੋਂ....
ਸਰਦਾਰ ਦੀ ਪਦਵੀ....
ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)...
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਕ੍ਰਿ- ਘੇਰਨਾ। ੨. ਦਾਉ ਵਿੱਚ ਫਸਾਉਣਾ....
ਅ਼. [شروع] ਸ਼ੁਰੂਅ਼. ਆਗਾਜ. ਆਰੰਭ. ਮੁੱਢ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿਦ੍ਯਾਹੀਨ. ਦੇਖੋ, ਆਂਧੀ ਅਤੇ ਅੰਧ. "ਅੰਧੀ ਰਯਤਿ ਗਿਆਨ ਵਿਹੂਣੀ." (ਵਾਰ ਆਸਾ)...
ਸੰਗ੍ਯਾ- ਸੰਨ੍ਹ ਨਕਬ. ਸੰਧਿ। ੨. ਵਿੱਥ. ਪਾਟ। ੩. ਪਾਰ। ੪. ਖੂਹ ਦੀ ਚਿਣਾਈ ਲਈ ਪੱਟਿਆ ਟੋਆ....
ਸੰਗ੍ਯਾ- ਕਥਾਵਤ ਕਹਿਣ ਵਿੱਚ ਆਈ ਹੋਈ ਬਾਤ। ੨. ਪਹੇਲੀ. ਅਦ੍ਰਿਸ੍ਟਕੂਟ। ੩. ਕਥਾ. "ਉਆ ਕੀ ਕਹੀ ਨ ਜਾਇ ਕਹਾਵਤ." (ਸਾਰ ਮਃ ੫) "ਮਨਮੁਖ ਅੰਧੁ ਕਹਾਵਥ." (ਮਾਰੂ ਮਃ ੫)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਚੀਰਣ ਤੋਂ ਹੋਇਆ ਘਾਉ. ਫੱਟ।#੨. ਦੋ ਰਿਆਸਤਾਂ ਦੇ ਇਲਾਕੇ ਨੂੰ ਚੀਰਣ (ਅਲਗ)ਕਰਨ ਵਾਲੇ ਨਿਸ਼ਾਨ. ਸਰਹੱਦੀ ਚਿੰਨ੍ਹ. ਬਾਦਸ਼ਾਹਤ ਦੀ ਹੱਦਬੰਦੀ। ੩. ਫ਼ਾ. [چیِرہ] ਦਿਲੇਰੀ. ਬਹਾਦੁਰੀ। ੪. ਵਿਜੈ. ਫ਼ਤੇ। ੫. ਸਰਬੰਦ।¹ ੬. ਬਲ. ਸ਼ਕ੍ਤਿ. "ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ." (ਸੋਦਰੁ) "ਸਭ ਜਗੁ ਤਿਸ ਕੈ ਵਸਿ ਹੈ ਸਭ ਤਿਸ ਕਾ ਚੀਰਾ." (ਵਾਰ ਗੂਜ ੧. ਮਃ ੩) "ਸਭ ਕੋ ਜਮ ਕੇ ਚੀਰੇ ਵਿਚਿ ਹੈ." (ਵਾਰ ਬਿਲਾ ਮਃ ੩) "ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ." (ਸ੍ਰੀ ਮਃ ੩) ੭. ਵਿ- ਦਿਲੇਰ. ਬਹਾਦੁਰ। ੮. ਉੱਚਾ. ਵੱਡਾ। ੯. ਦਾਨਾ। ੧੦. ਗੁਰੁਵਿਲਾਸ ਵਿੱਚ ਚਿਹਰੇ ਦੀ ਥਾਂ ਚੀਰਾ ਸ਼ਬਦ ਆਇਆ ਹੈ- "ਲਿਖੈਂ ਤਾਸ ਚੀਰਾ." ਦੇਖੋ, ਚਿਹਰਾ ਲਿਖਣਾ....
"ਮੋਕਲ ਨਗਰ" ਰਾਜਾ ਮੋਕਲਦੇਵ ਨੇ ਵਿਕ੍ਰਮੀ ਬਾਰ੍ਹਵੀਂ ਸਦੀ ਦੇ ਅੰਤ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.¹ ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ.#ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਇਸ ਦੀ ਸੰਖੇਪ ਕਥਾ ਇਹ ਹੈ-#ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰ ਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ, ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.²#ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੁੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.#ਜਦ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਹੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖਸਿੰਘ ਨੇ ਲਿਖਿਆ ਹੈ-#"ਜੰਗਲ ਬਿਖੇ ਕਪੂਰਾ ਜਾਟ,#ਕੇਤਿਕ ਗ੍ਰਾਮਨ ਕੋ ਪਤਿ ਰਾਠ,#ਇਕ ਸੌ, ਇਕ ਹਜਾਰ³ ਧਨ ਦੈਕੈ,#ਚੰਚਲ ਬਲੀ ਤੁਰੰਗਮ ਲੈਕੈ,#ਸੋ ਹਜੂਰ ਮੇ ਦਯੋ ਪੁਚਾਈ,#ਦੇਖਯੋ ਬਹੁ ਬਲ ਸੋਂ ਚਪਲਾਈ,#ਅਪਨੇ ਚਢਬੇ ਹੇਤ ਬੰਧਾਯੇ,#ਦਲਸਿੰਗਾਰ ਤਿਂਹ ਨਾਮ ਬਤਾਯੇ."⁴ (ਗੁਪ੍ਰਸੂ)#ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.#ਕਪੂਰਸਿੰਘ ਦੇ ਬੇਟੇ ਸੁੱਖਾ, ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.#ਕਪੂਰਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰ ਜੱਸਾਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ ਆਦਿਕਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.#ਸਨ ੧੭੩੨ ਵਿੱਚ ਸਰਦਾਰ ਹਮੀਰਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੬੭ ਵਿੱਚ ਜੰਗ ਅੰਦਰ ਮਾਰਿਆ ਗਿਆ.#ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰਸਿੰਘ ਹੋਇਆ.⁵ ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.#ਸਨ ੧੮੦੪ ਵਿੱਚ ਚੜ੍ਹਤਸਿੰਘ ਦਾ ਤਾਇਆ ਦਲਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤਸਿੰਘ ਦੇ ਬੇਟੇ ਗੁਲਾਬਸਿੰਘ, ਪਹਾੜਸਿੰਘ, ਸਾਹਿਬਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.#ਸਨ ੧੮੦੬- ੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ ਆਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.#ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩. ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬਸਿੰਘ ਨੂੰ ਵਾਪਿਸ ਦਿਵਾਇਆ ਗਿਆ.#੫. ਨਵੰਬਰ ਸਨ ੧੮੨੬ ਨੂੰ ਗੁਲਾਬਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.#ਗੁਲਾਬਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰਸਿੰਘ, ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ. ਇਸ ਲਈ ਰਾਜ ਦਾ ਮਾਲਿਕ ਪਹਾੜਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.#ਸਨ ੧੮੪੫ ਦੇ ਸਿੱਖਜੰਗ ਸਮੇਂ ਦੂਰੰਦੇਸ਼ ਪਹਾੜਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ "ਰਾਜਾ" ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.#ਰਾਜਾ ਪਹਾੜਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ⁶ ੨੧. ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ "ਬੈਰਾੜਬੰਸ ਰਾਜਾ ਸਾਹਿਬ ਬਹਾਦੁਰ" ਖ਼ਿਤਾਬ ਮਿਲਿਆ, ਸਲਾਮੀ ੧੧. ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧. ਪਾਰਦੇ ਦਾ ਹੋਇਆ. ੧੧. ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁਕ੍ਸ਼ੇਤ੍ਰ ਦੇ ਥਾਨ ਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ਸ੍ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.#ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧. ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ. ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਪਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ "ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ" ਖ਼ਿਤਾਬ ਪ੍ਰਾਪਤ ਕੀਤਾ.#ਰਾਜਾ ਬਿਕ੍ਰਮਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.#ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਘਰ ਅਰਪਨ ਕੀਤਾ.#੮. ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨਕੌਰ (ਬਖ਼ਸ਼ੀ ਪ੍ਰਤਾਪਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀ ੮. ਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬. ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ. ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜ ਇੰਦ੍ਰਸਿੰਘ ਜੀ ੧੫. ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.#ਇਨ੍ਹਾਂ ਨੇ ਐਸੀਚਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੧੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ. ਰਿਆਸਤ ਫਰੀਦਕੋਟ ਦੀ ਵੰਸ਼ਾਵਲੀ ਇਹ ਹੈ:-:#ਬਰਾੜ#।#ਦੁੱਲ#।#ਰਤਨਪਾਲ#।#ਸੰਘਰ#।#।...