bodhhīबोधी
ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ. ਬੌੱਧ. ਭਾਵ- ਅਹਿੰਸਾਧਰਮ ਧਾਰੀ. "ਰੰਨਾ ਹੋਈਆਂ ਬੋਧੀਆਂ, ਪੁਰਸ ਹੋਏ ਸਈਆਦ." (ਮਃ ੧. ਵਾਰ ਸਾਰ) ਇਸਤ੍ਰੀਆਂ ਅਹਿੰਸਾਧਰਮ ਵਾਲੀਆਂ ਅਤੇ ਪਤੀ ਸ਼ਿਕਾਰੀ. ਇਸ ਦਾ ਭਾਵ ਹੈ ਕਿ ਬੇਮੇਲ ਸੰਬੰਧ. ਜਿਵੇਂ ਆਖੀਏ- ਇਸਤ੍ਰੀ ਵੈਸਨਵ ਮਤ ਦੀ, ਪਤੀ ਵਾਮਮਾਰਗੀ. ਜਦ ਤੀਕ ਖਾਨ ਪਾਨ ਉਪਾਸਨਾ ਆਦਿ ਇੱਕ ਨਹੀਂ ਹੁੰਦੇ, ਤਦ ਤੀਕ ਪ੍ਰੇਮਭਾਵ ਨਹੀਂ ਉਪਜਦਾ।¹ ੨. ਸੰ. बोधिन्. ਜਾਗਿਆ ਹੋਇਆ। ੩. ਜਾਣਨ ਵਾਲਾ. ਗਿਆਨੀ. ਦੇਖੋ, ਬੁਧ ਧਾ.
वि- बुॱध भगवान दा मत धारन वाला. बौॱध. भाव- अहिंसाधरम धारी. "रंना होईआं बोधीआं, पुरस होए सईआद." (मः १. वार सार) इसत्रीआं अहिंसाधरम वालीआं अते पती शिकारी. इस दा भाव है कि बेमेल संबंध. जिवें आखीए- इसत्री वैसनव मत दी, पती वाममारगी. जद तीक खान पान उपासना आदि इॱक नहीं हुंदे, तद तीक प्रेमभाव नहीं उपजदा।¹ २. सं. बोधिन्. जागिआ होइआ। ३. जाणन वाला. गिआनी. देखो, बुध धा.
ਸੰ. बुद्घ. ਵਿ- ਜਾਗਿਆ ਹੋਇਆ। ੨. ਗਿਆਨੀ. ਬੋਧ ਵਾਲਾ। ੩. ਸੰਗ੍ਯਾ- ਗੋਤਮ ਗੋਤ੍ਰ ਵਿੱਚ ਸ਼ਾਕ੍ਯਵੰਸ਼ੀ ਰਾਜਾ ਸ਼ੁੱਧੋਦਨ ਦੇ ਘਰ ਮਾਯਾਦੇਵੀ ਦੇ ਉਦਰ ਤੋਂ ਕਪਿਲਵਸ੍ਤੁ ਨਗਰੀ ਦੇ ਲੁੰਬਿਨੀ ਬਾਗ ਵਿੱਚ ਬੀ. ਸੀ. (B. C. ) ੬੨੪ ਮਾਘ ਸੁਦੀ ੧੫. ਨੂੰ ਬੁੱਧ ਦਾ ਜਨਮ ਹੋਇਆ. ਇਸ ਮਹਾਤਮਾ ਦੇ ਸਿੱਧਾਰਥ (ਸਰ੍ਵਾਰ੍ਥਸਿੱਧ) ਸ਼ਾਕ੍ਯਮੁਨਿ, ਅਤੇ ਗੌਤਮ ਭੀ ਨਾਮ ਹਨ.#੧੯ ਵਰ੍ਹੇ ਦੀ ਉਮਰ ਵਿੱਚ ਦੰਡਪਾਣੀ ਦੀ ਪੁਤ੍ਰੀ ਗੋਪਾ ਨਾਲ ਸ਼ਾਦੀ ਹੋਈ, ਜਿਸ ਤੋਂ ਰਾਹੁਲ ਪੁਤ੍ਰ ਪੈਦਾ ਹੋਇਆ, ਬੁੱਢਾ, ਰੋਗੀ ਅਤੇ ਮੁਰਦਾ ਦੇਖਣ ਤੋਂ ਸਿੱਧਾਰਥ ਦੇ ਮਨ ਵਿੱਚ ਜਗਤ ਤੋਂ ਵੈਰਾਗ ਹੋ ਗਿਆ ਅਰ ੨੮ ਵਰ੍ਹੇ ਦੀ ਅਵਸ੍ਥਾ ਵਿੱਚ ਨਿਤ੍ਯਸੁਖ ਦੀ ਤਲਾਸ਼ ਲਈ ਘਰ ਬਾਰ ਤਿਆਗਕੇ ਸੰਨ੍ਯਾਸੀ ਬਣਿਆ. ਇਸ ਨੇ ਗਯਾ ਪਾਸ ਇੱਕ ਪਿੱਪਲ ਹੇਠ ਕਈ ਵਰ੍ਹੇ ਧ੍ਯਾਨਪਰਾਇਣ ਹੋਕੇ ਵਿਤਾਏ. ਅੰਤ ਜਦ ਇਸ ਨੂੰ ਬੋਧ ਗ੍ਯਾਨ ਹੋਣ ਕਰਕੇ ਬੁੱਧ (ਜਾਗਰਿਤ) ਅਵਸ੍ਥਾ ਪ੍ਰਾਪਤ ਹੋਈ, ਤਦ ਤੋਂ ਬੁੱਧ ਨਾਮ ਪ੍ਰਸਿੱਧ ਹੋਇਆ. ਦੇਖੋ, ਬੁਧਗਯਾ.#ਬੁੱਧ ਨੇ ਵੈਦਿਕ ਧਰਮ ਦੀ ਥਾਂ ਆਪਣਾ ਮਤ ਚਲਾਇਆ, ਜਿਸ ਦਾ ਮੁੱਖ ਨਿਯਮ ਅਹਿੰਸਾ ਹੈ. ਮਹਾਤਮਾ ਬੁੱਧ ਨੇ ਮੁਕਤਿਮਾਰਗ ਦੇ ਅੱਠ ਸਾਧਨ ਦੱਸੇ ਹਨ- "ਸਦ੍ਵਿਸ਼੍ਵਾਸ, ਸਦ੍ਵਿਚਾਰ, ਸਦ੍ਵਾਕ੍ਯ, ਸਤ੍ਕਰਮ, ਸਦ੍ਜੀਵਨ, ਸਤ੍ਪ੍ਰਯਤਨ, ਸਤ੍ਚਿੰਤਨ ਅਤੇ ਸਦ੍ਧ੍ਯਾਨ.#ਅੱਸੀ ਵਰ੍ਹੇ ਦੀ ਉਮਰ ਭੋਗਕੇ ਬੁੱਧਦੇਵ ਦਾ ਪੇਚਿਸ਼ ਰੋਗ ਨਾਲ ਕੁਸ਼ੀ ਨਗਰ ਦੇਹਾਂਤ ਹੋਇਆ. ਮਰਨ ਵੇਲੇ ਬੁੱਧ ਨੇ ਆਪਣੇ ਸਿੱਖਾਂ ਨੂੰ ਚਾਰ ਉਪਦੇਸ਼ ਦਿੱਤੇ-#(੧) ਇੰਦ੍ਰੀਆਂ ਨੂੰ ਕਾਬੂ ਰੱਖਣਾ.#(੨) ਆਪਣੇ ਆਪ ਨੂੰ ਜਗਾਉਣਾ ਅਤੇ ਆਪਣੇ ਆਪ ਦੀ ਪਰੀਖ੍ਯਾ ਕਰਨੀ.#(੩) ਜਿਵੇਂ ਜਲ ਤੋਂ ਪੈਦਾ ਹੋਇਆ ਚਿੱਕੜ ਜਲ ਨਾਲ ਹੀ ਧੋਤਾ ਜਾਂਦਾ ਹੈ, ਤਿਵੇਂ ਮਨ ਦੇ ਵਿਕਾਰ ਮਨ ਕਰਕੇ ਹੀ ਦੂਰ ਹੁੰਦੇ ਹਨ.#(੪) ਜਿਨ੍ਹਾਂ ਦਾ ਸੰਕਲਪ, ਵਾਣੀ ਅਤੇ ਕ੍ਰਿਯਾ ਪਵਿਤ੍ਰ ਹੈ, ਉਨ੍ਹਾਂ ਦੇ ਨਾਲ ਸ਼ਾਂਤਿ ਅਤੇ ਸੁਖ ਇਸਤਰਾਂ ਰਹਿਂਦੇ ਹਨ, ਜੈਸੇ ਸਰੀਰ ਨਾਲ ਛਾਯਾ.#ਮਹਾਤਮਾ ਬੁੱਧ ਦੇ ਚਲਾਏ ਧਰਮ ਦੀ ਦੋ ਸ਼ਾਖਾ ਹਨ. ਇੱਕ "ਹੀਨਯਾਨ", ਜਿਸ ਦਾ ਪ੍ਰਚਾਰ ਬਰਮਾ, ਸ੍ਯਾਮ ਅਤੇ ਸਿੰਹਲਦ੍ਵੀਪ ਵਿੱਚ ਹੈ ਦੂਜਾ "ਮਹਾਯਾਨ", ਜਿਸ ਦਾ ਪ੍ਰਚਾਰ ਤਿੱਬਤ ਚੀਨ ਜਾਪਾਨ ਆਦਿ ਵਿੱਚ ਹੈ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਬੁੱਧ ਨੂੰ ਵਿਸਨੁ ਦਾ ਨੌਵਾਂ ਅਵਤਾਰ ਲਿਖਿਆ ਹੈ. ਦੇਖੋ, ਮਾਯਾਮੋਹ....
ਵਿ- ਭਗ (ਯੋਨਿ) ਵਾਲਾ. "ਸੁਰਨਾਇਕ ਕੋ ਭਗਵਾਨ ਕਿਯੋ," (ਚਰਿਤ੍ਰ ੧੧੫) ਗੋਤਮ ਨੇ ਇੰਦ੍ਰ ਨੂੰ ਸ੍ਰਾਪ ਦੇਕੇ ਭਗਾਂ ਵਾਲਾ ਬਣਾ ਦਿੱਤਾ। ੨. ਭਗਵੰਤ. ਭਾਗਯ ਵਾਲਾ. ਖ਼ੁਸ਼ਨਸੀਬ। ੩. ਐਸ਼੍ਵਰਯ (ਪ੍ਰਭੁਤਾ) ਵਾਲਾ। ੪. ਭਗ (ਛੀ ਗੁਣ) ਧਾਰਨ ਵਾਲਾ. "ਈਸ੍ਵਰ ਕੇ ਖਟ ਗੁਨ ਕੋ ਜਾਨ। ਜਾਂਤੇ ਕਹਿਯਤ ਹੈ ਭਗਵਾਨ। ਜਸ ਐਸ੍ਵਰਜ ਵਿਰਾਗ ਉਦਾਰ। ਲਛਮੀ ਗ੍ਯਾਨ ਸੁ ਪੂਰਨ ਧਾਰ।।" (ਗੁਪ੍ਰਸੂ) ੫. ਵਿਸਨੁਪੁਰਾਣ ਅੰਸ਼ ੬, ਅਃ ੫. ਵਿੱਚ ਲਿਖਿਆ ਹੈ ਕਿ ਭਰਣਵਾਲਾ, ਗਤਿਦਾਤਾ, ਵਾਸ ਸਭ ਜੀਵਾਂ ਨੂੰ ਦੇਣ ਵਾਲਾ, ਨਾਸ਼ ਰਹਿਤ ਜੋ ਹੋਵੇ, ਉਹ 'ਭਗਵਾਨ' ਹੈ। ੬. ਸੰਗ੍ਯਾ- ਕਰਤਾਰ. ਪਾਰਬ੍ਰਹਮ. "ਭਗਵਾਨ ਰਮਣੰ ਸਰਬਤ੍ਰ ਥਾਨਿਹ." (ਸਹਸ ਮਃ ੫) ੭. ਵਿਸਨੁ. "ਕਾਲਹਿ ਪਾਇ ਭਯੋ ਭਗਵਾਨ." (ਵਿਚਿਤ੍ਰ)...
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
बौद्घ. ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ। ੨. ਸੰਗ੍ਯਾ- ਬੁੱਧਮਤ ਦਾ ਸ਼ਾਸਤ੍ਰ। ੩. ਬੁੱਧ ਧਰਮ. ਦੇਖੋ, ਬੁੱਧ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ....
ਦੇਖੋ, ਬੋਧੀ ੧....
ਦੇਖੋ, ਪੁਰਖੁ। ੨. ਸੰ. पुरस्. ਪੁਰ ਕ੍ਰਿ. ਵਿ- ਸਾਮ੍ਹਣੇ. ਸੰਮੁਖ। ੨. ਪਹਿਲੇ. ਪਹਿਲਾਂ....
ਅ਼. [صیّاد] ਸਈਆਦ. ਸੈਦ (ਸ਼ਿਕਾਰ) ਕਰਨ ਵਾਲਾ. ਸ਼ਿਕਾਰੀ. ਅਹੇਰੀ. "ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆਦ." (ਵਾਰ ਸਾਰ ਮਃ ੧) ਇਸਤ੍ਰੀਆਂ ਅਹਿੰਸਾ ਧਰਮ ਧਾਰਨ ਵਾਲੀਆਂ, ਅਤੇ ਪਤਿ ਮਾਂਸਾਹਾਰੀ. ਬਾਵ- ਬੇਮੇਲ ਸੰਯੋਗ। ੨. ਜਾਲਿਮ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵਾਮ (ਸ਼ਿਵ) ਦਾ ਮਾਰ੍ਗ (ਮਤ). ਤੰਤ੍ਰਸ਼ਾਸਤ੍ਰ ਦੀ ਰੀਤਿ ਅਨੁਸਾਰ ਸ਼ੈਵ ਲੋਕਾਂ ਦਾ ਚਲਾਇਆ ਇੱਕ ਮਾਰ੍ਗ (ਪੰਥ), ਜਿਸ ਵਿੱਚ ਮਾਂਸ ਮਦਿਰਾ ਆਦਿ ਦਾ ਵਰਤਣਾ ਧਰਮ ਦਾ ਅੰਗ ਹੈ. ਵੈਸਨਵ ਹਿੰਦੂਆਂ ਦੇ ਕਥਨ ਅਨੁਸਾਰ ਵਾਮ (ਟੇਢਾ) ਮਾਰਗ.#ਅਸਲ ਵਿੱਚ ਵਾਮਮਾਰਗ ਦਾ ਅਰਥ ਇਹ ਹੈ ਕਿ ਸ਼ਾਸਤ੍ਰਾਂ ਵਿੱਚ ਸ਼ਿਵ ਦੀ ਇੱਕ ਅਜੇਹੀ ਮੂਰਤਿ ਮੰਨੀ ਹੈ ਜਿਸ ਦਾ ਸੱਜਾ ਪਾਸਾ ਨਰ ਅਤੇ ਵਾਮ (ਖੱਬਾ) ਨਾਰੀ ਦਾ ਹੈ. ਜੋ ਸੱਜੇ ਪਾਸੇ ਦੇ ਉਪਾਸਕ ਹਨ ਉਹ ਦਕ੍ਸ਼ਿਣ, ਅਤੇ ਵਾਮ (ਖੱਬੇ) ਪਾਸੇ ਦੇ ਉਪਾਸਕ ਵਾਮ ਮਾਰਗੀ ਹਨ. ਦੇਖੋ, ਅਰਧਨਾਰੀਸ਼੍ਵਰ.#ਵਾਮਮਾਰਗੀਆਂ ਦੇ ਕਈ ਇੱਕ ਸੰਕੇਤ ਇਸ ਤਰਾਂ ਹਨ-#ਸ਼ੁੱਧ (ਮਾਂਸ), ਤੀਰਥ (ਮਦਿਰਾ), ਪਦਮ (ਸ਼ਰਾਬ ਦਾ ਪਿਆਲਾ), ਵ੍ਯਾਸ (ਗਠਾ), ਸ਼ੁਕਦੇਵ (ਲਸਨ), ਦੀਕ੍ਸ਼ਿਤ (ਕਲਾਲ), ਪ੍ਰਯਾਗਸੇਵੀ (ਵੇਸ਼੍ਯਾਗਾਮੀ), ਕਾਸ਼ੀਸੇਵੀ (ਚੰਡਾਲੀ ਭੋਗਣ ਵਾਲਾ), ਯੋਗੀ (ਵਿਭਚਾਰੀ) ਆਦਿ. ਦੇਖੋ, ਪੰਚਤਤ੍ਰ ੨. ਅਤੇ ਪੰਚ ਮਕਾਰ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ....
ਸੰਗ੍ਯਾ- ਪਾਣ. ਆਬ. ਚਮਕ. ਭੜਕ। ੨. ਆਗ੍ਯਾ. "ਦੀਜੈ ਪਾਨੰ." (ਰਾਮਾਵ) ੩. ਪਾਣਿ. ਹੱਥ. "ਖਾਨ ਪਾਨ ਕਰ ਪਾਨ ਪਖਾਰੇ." (ਗੁਪ੍ਰਸੂ) ੪. ਪਾਯਨ. ਪੈਰੀਂ."ਸਬੈ ਪਾਨ ਲਾਗੇ ਤਜ੍ਯੋ ਗਰਬ ਭਾਰੀ." (ਦੱਤਾਵ) ੫. ਪਰਾਯਣ. ਤਤਪਰ. "ਇਕ ਪਾਨ ਜਾਨ ਉਦਾਸ." (ਦੱਤਾਵ) ਇੱਕ ਪਰਾਯਣ ਹੋਇਆ। ੬. ਪ੍ਰਾਣ. ਸ੍ਵਾਸ. "ਪਾਨ ਤਜੇ ਤੁਮ ਤਾਹਿਤ ਪ੍ਰੀਤਮ, ਪਾਨ ਤਜੇ ਤੁਮਰੇ ਹਿਤ ਪ੍ਯਾਰੀ." (ਚਰਿਤ੍ਰ ੩੬੭) ੭. ਪਰ੍ਣ. ਪੱਤਾ. ਪਤ੍ਰ. "ਪੌਨ ਬਹੈ ਦ੍ਰਮ ਪਾਨ ਨਿਹਾਰੇ." (ਕਲਕੀ) ੮. ਨਾਗਰਬੇਲਿ ਦਾ ਪੱਤਾ. ਤਾਂਬੂਲ. ਫ਼ਾ. [پان] "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪) ੯. ਸੰ. ਪੀਣ ਦੀ ਕ੍ਰਿਯਾ. ਪੀਣਾ. "ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ." (ਗਉ ਥਿਤੀ ਮਃ ੫) ੧੦. ਜਲ. "ਮਿਥਿਆ ਭੋਜਨ ਪਾਨ." (ਸਾਰ ਮਃ ੫) "ਨ ਪਾਨ ਫੇਰ ਜਾਚਤੇ ਨ ਪ੍ਰਾਨ ਦੇਹ ਧਾਰਤੇ." (ਗੁਪ੍ਰਸੂ) ੧੧. ਸ਼ਰਾਬ. "ਪਾਨ ਡਰਾਇ ਕਸੁੰਭੜੋ ਰੂਰੋ." (ਚਰਿਤ੍ਰ ੧੧੧) ਦੇਖੋ, ਕਸੁੰਭੜਾ। ੧੨. ਅੰਮ੍ਰਿਤ. "ਹਰੋਂ ਆਜ ਪਾਨੰ." (ਰਾਮਾਵ) ਅੱਜ ਇੰਦ੍ਰ ਤੋਂ ਅਮ੍ਰਿਤ ਖੋਹ ਸਕਦਾ ਹਾਂ। ੧੩. ਪੀਣ ਦਾ ਪਾਤ੍ਰ। ੧੪. ਕੂਲ੍ਹ. ਨਹਰ। ੧੫. ਰਕ੍ਸ਼ਾ. ਰਖ੍ਯਾ। ੧੬. ਪੌ. ਪ੍ਰਪਾ. ਜਿਸ ਥਾਂ ਪਾਣੀ ਪਿਆਇਆ ਜਾਵੇ। ੧੭. ਜਯ. ਫ਼ਤੇ. ਜਿੱਤ।...
ਸੰ. ਸੰਗ੍ਯਾ- ਪਾਸ ਬੈਠਣ ਦੀ ਕ੍ਰਿਯਾ. ਨਜ਼ਦੀਕ ਬੈਠਣਾ। ੨. ਸੇਵਾ. ਟਹਿਲ। ੩. ਭਕ੍ਤਿ (ਭਗਤਿ). ੪. ਪੂਜਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ज्ञानिन् ਗ੍ਯਾਨੀ. ਵਿ- ਜਾਣਨ ਵਾਲਾ. ਗ੍ਯਾਤਾ. ਆ਼ਲਿਮ. "ਆਪੁ ਬੀਚਾਰੇ ਸੁ ਗਿਆਨੀ ਹੋਇ." (ਗਉ ਮਃ ੧) "ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੁ ਨਾਨਕ ਸੁਨ ਰੇ ਮਨਾ, ਗਿਆਨੀ ਤਾਹਿ ਬਖਾਨ." (ਸਃ ਮਃ ੯) ੨. ਦੇਖੋ, ਗ੍ਯਾਨੀ....
ਸੰ. बृध. ਧਾ- ਜਾਣਨਾ, ਸਮਝਣਾ, ਜਾਣਨਾ ੨. ਵਿ- ਦਾਨਾ. ਬੁੱਧਿਮਾਨ. ਅਕਲਮੰਦ। ੩. ਸੰਗ੍ਯਾ- ਇੱਕ ਗ੍ਰਹ, ਜੋ ਸੂਰਜ ਦੇ ਬਹੁਤ ਨੇੜੇ ਹੈ, ਜਿਸ ਦੇ ਨਾਮ ਤੋਂ ਸਤਵਾਰੇ ਦਾ ਦਿਨ ਬੁਧਵਾਰ ਹੈ. Murcury ੪. ਚੰਦ੍ਰਵੰਸ਼ੀਆਂ ਦਾ ਵਡੇਰਾ. ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਸ ਦੀ ਉਤਪੱਤੀ ਇਉਂ ਲਿਖੀ ਹੈ- ਵ੍ਰਿਹਸਪਤਿ (ਦੇਵਗੁਰੁ) ਦੀ ਇਸਤ੍ਰੀ ਤਾਰਾ ਉੱਤੇ ਚੰਦ੍ਰਮਾ ਮੋਹਿਤ ਹੋ ਗਿਆ ਅਰ ਉਸ ਨੂੰ ਉਧਾਲਕੇ ਘਰ ਲੈਗਿਆ, ਇਸ ਪੁਰ ਭਾਰੀ ਜੰਗ ਹੋਇਆ. ਚੰਦ੍ਰਮਾ ਦੀ ਸਹਾਇਤਾ ਵਿੱਚ ਸ਼ਿਵ, ਅਤੇ ਵ੍ਰਿਹਸਪਤਿ ਦੀ ਸਹਾਇਤਾ ਵਿੱਚ ਇੰਦ੍ਰ ਸੀ ਅੰਤ ਨੂੰ ਬ੍ਰਹਮਾ ਨੇ ਵਿੱਚ ਪੈਕੇ ਝਗੜਾ ਮਿਟਾਇਆ ਤਾਰਾ ਵ੍ਰਿਹਸਪਤਿ ਨੂੰ ਦਿਵਾ ਦਿੱਤੀ, ਪਰ ਉਸ ਦੇ ਗਰਭ ਤੋਂ ਜੋ ਸੁੰਦਰ ਪੁਤ੍ਰ ਬੁਧ ਪੈਦਾ ਹੋਇਆ ਸੀ. ਉਹ ਚੰਦਰਮਾ ਨੂੰ ਤਾਰਾ ਦੇ ਕਹਿਣ ਪੁਰ ਮਿਲਿਆ। ੫. ਦੇਵਤਾ। ੬. ਕੁੱਤਾ। ੭. ਦੇਖੋ, ਬੁੱਧ....