nādhīनादी
ਸੰ. नादिन. ਵਿ- ਨਾਦ (ਧੁਨਿ) ਕਰਨ ਵਾਲਾ। ੨. ਸੰਗ੍ਯਾ- ਚੇਲਾ. ਸਿੱਖ. ਨਾਦ (ਉਪਦੇਸ਼) ਦ੍ਵਾਰਾ ਜਿਸ ਦਾ ਗੁਰੂ ਨਾਲ ਪੁਤ੍ਰ ਭਾਵ ਉਤਪੰਨ ਹੁੰਦਾ ਹੈ, "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਣੈ ਲਿਖਾਇਆ." (ਸੋਰ ਕਬੀਰ) ਨਾਦੀ, ਬਿੰਦੀ, ਸ਼ਾਸਤ੍ਰਾਰਥਕਰਤਾ ਅਤੇ ਮੌਨੀ, ਸਭ ਜਮ ਦੇ ਰਜਿਸਟਰ ਵਿਚ ਲਿਖੇ ਗਏ। ੩. ਰਾਗ ਕਰਨ ਵਾਲਾ. ਰਾਗੀ. ਕੀਰਤਨੀਆ। ੪. ਅ਼. ਸਭਾ. ਮਜਲਿਸ.
सं. नादिन. वि- नाद (धुनि) करन वाला। २. संग्या- चेला. सिॱख. नाद (उपदेश) द्वारा जिस दा गुरू नाल पुत्र भाव उतपंन हुंदा है, "नादी बेदी सबदी मोनी जम के पणै लिखाइआ." (सोर कबीर) नादी, बिंदी, शासत्रारथकरता अते मौनी, सभ जम दे रजिसटर विच लिखे गए। ३. राग करन वाला. रागी. कीरतनीआ। ४. अ़. सभा. मजलिस.
(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. "ਨਾਦ ਕੁਰੰਕਹਿ ਬੇਧਿਆ." (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨. ਯੋਗੀਆਂ ਦੇ ਸਿੰਙੀ ਆਦਿ ਸ਼ਬਦ. "ਘਟਿ ਘਟਿ ਵਾਜਹਿ ਨਾਦ." (ਜਪੁ) ੩. ਸੰਖ. "ਤਿਨ੍ਹ੍ਹ ਘਰ ਬ੍ਰਾਹਮਣ ਪੂਰਹਿ ਨਾਦ." (ਵਾਰ ਆਸਾ) ੪. ਸ੍ਵਰਵਿਦ੍ਯਾ. ਸੰਗੀਤ. "ਗੁਰਮੁਖਿ ਨਾਦ ਬੇਦ ਬੀਚਾਰੁ." (ਮਾਰੂ ਸੋਲਹੇ ਮਃ ੩) ੫. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ "ਮੰਦ੍ਰ" ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ "ਮਧ੍ਯਮ" ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ "ਤਾਰ" ਹੈ। ੭. ਦੇਖੋ, ਅਨਹਤ ਨਾਦ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. नादिन. ਵਿ- ਨਾਦ (ਧੁਨਿ) ਕਰਨ ਵਾਲਾ। ੨. ਸੰਗ੍ਯਾ- ਚੇਲਾ. ਸਿੱਖ. ਨਾਦ (ਉਪਦੇਸ਼) ਦ੍ਵਾਰਾ ਜਿਸ ਦਾ ਗੁਰੂ ਨਾਲ ਪੁਤ੍ਰ ਭਾਵ ਉਤਪੰਨ ਹੁੰਦਾ ਹੈ, "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਣੈ ਲਿਖਾਇਆ." (ਸੋਰ ਕਬੀਰ) ਨਾਦੀ, ਬਿੰਦੀ, ਸ਼ਾਸਤ੍ਰਾਰਥਕਰਤਾ ਅਤੇ ਮੌਨੀ, ਸਭ ਜਮ ਦੇ ਰਜਿਸਟਰ ਵਿਚ ਲਿਖੇ ਗਏ। ੩. ਰਾਗ ਕਰਨ ਵਾਲਾ. ਰਾਗੀ. ਕੀਰਤਨੀਆ। ੪. ਅ਼. ਸਭਾ. ਮਜਲਿਸ....
ਸੰ. बेदी. ਵੇਦੀ. ਵਿ- ਜਾਣਨ ਵਾਲਾ. ਗਿਆਨੀ। ੨. ਸੰਗ੍ਯਾ- ਛਤ੍ਰੀ (ਕ੍ਸ਼੍ਤ੍ਰਿਯ) ਜਾਤਿ ਵਿਸ਼ੇਸ, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸੰਗ੍ਯਾ ਵੇਦ- ਪਾਠ ਤੋਂ ਹੋਈ. "ਜਿਨੈ ਬੇਦ ਪਠ੍ਯੋ ਸੁ ਬੇਦੀ ਕਹਾਏ." (ਵਿਚਿਤ੍ਰ) ਦੇਖੋ, ਵੇਦੀਵੰਸ਼। ੩. ਸੰ. ਵੇਦਿ. ਵੇਦਿਕਾ. "ਨਾਭਿਕਮਲ ਮੇ ਬੇਦੀ ਰਚਿਲੇ." (ਆਸਾ ਕਬੀਰ) ੪. ਬਿੰਦੁ (ਵੀਰਯ) ਤੋਂ ਪੈਦਾ ਹੋਇਆ. ਬਿੰਦੀ. "ਨਾਦੀ ਬੇਦੀ ਸਬਦੀ ਮੌਨੀ." (ਸੋਰ ਕਬੀਰ) ਨਾਦੀ, ਬਿੰਦੀ. ਵਕਤਾ ਅਤੇ ਮੌਨੀ....
ਸੰਗ੍ਯਾ- ਉਪਦੇਸ਼ਦਾਤਾ ਸਤਿਗੁਰੂ। ੨. ਗੁਰੁਉਪਦੇਸ਼ ਧਾਰਨ ਵਾਲਾ ਸਿੱਖ। ੩. ਸੰ. शब्दिन् ਸ਼ਬ੍ਦਿਨ. ਬੋਲਣ ਵਾਲਾ. ਵਕਤਾ. "ਨਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੇ ਲਿਖਾਇਆ." (ਸੋਰ ਕਬੀਰ) ਨਾਦੀ ਵਿੰਦੀ ਵਕਤਾ ਮੌਨੀ....
ਖ਼ਾਮੋਸ਼ੀ ਅਤੇ ਖ਼ਾਮੋਸ਼. ਚੁੱਪ ਅਤੇ ਚੁਪ ਕੀਤਾ. ਦੇਖੋ, ਮੌਨ ਅਤੇ ਮੌਨੀ. "ਕੋਟਿ ਮੁਨੀਸਰੁ ਮੋਨਿ ਮਹਿ ਰਹਿਤੇ." (ਭੈਰ ਅਃ ਮਃ ੫) "ਮੋਨਿ ਭਇਓ ਕਰਪਾਤੀ ਰਹਿਓ." (ਸੋਰ ਅਃ ਮਃ ੫) "ਮੋਨਿ ਭਇਓ ਕਰਪਾਤੀ ਰਹਿਓ." (ਸੋਰ ਅਃ ਮਃ ੫) "ਆਪੇ ਮੋਨੀ ਵਰਤਦਾ, ਆਪੈ ਕਥੈ." (ਮਃ ੪. ਵਾਰ ਬਿਹਾ) "ਮੁਦ੍ਰਾ ਮੋਨਿ ਦਇਆ ਕਰਿ ਝੋਲੀ." (ਰਾਮ ਕਬੀਰ) ੨. ਮੁਨਿ. ਰਿਖਿ. "ਪੰਡਿਤ ਮੋਨੀ ਪੜਿ ਪੜਿ ਥਕੇ." (ਮਃ ੩. ਵਾਰ ਸਾਰ) "ਸਿਵ ਬਿਰੰਚਿ ਅਰੁ ਸਗਲ ਮੋਨਿਜਨ" (ਗੂਜ ਮਃ ੫) ਦੇਖੋ, ਮੁਨਿ ੧....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਵਿੰਦੁ। ੨. ਅਨੁਸਾਰ. ਟਿੱਪੀ। ੩. ਸਿਫਰ. ਸ਼ੂਨ੍ਯ। ੪. ਇਸਤ੍ਰੀਆਂ ਦੇ ਮੱਥੇ ਦਾ ਇੱਕ ਗੋਲ ਭੂਸਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. मौनिन. ਵਿ- ਚੁੱਪ ਰਹਿਣ ਵਾਲਾ। ੨. ਸੰਗ੍ਯਾ- ਮੁਨਿ. ਰਿਸਿ. ਰਿਖੀ....
ਦੇਖੋ, ਬਿਚ ਅਤੇ ਵਿਚਿ...
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰ. रागिन्. ਪ੍ਰੇਮੀ। ੨. ਸੰਗ੍ਯਾ- ਰਾਗ (ਸ੍ਵਰ ਆਲਾਪ) ਕਰਨ ਵਾਲਾ. ਗਾਯਕ. ਗਵੈਯਾ. ਖ਼ਾਸ ਕਰਕੇ ਗੁਰਬਾਣੀ ਦਾ ਕੀਰਤਨ ਕਰਨ ਵਾਲਾ ੩. ਸੰ. राज्ञी. ਰਾਣੀ. ਰਾਜੇ ਦੀ ਇਸਤ੍ਰੀ....
ਵਿ- ਕੀਰਤਨ ਕਰਨ ਵਾਲਾ. ਕਰਤਾਰ ਦੇ ਗੁਣ ਗਾਉਣ ਵਾਲਾ. "ਭਲੋ ਭਲੋ ਰੇ ਕੀਰਤਨੀਆ." (ਰਾਮ ਮਃ ੫)...
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਦੇਖੋ, ਮਜਲਸ....