kharhagasinghaखड़गसिंघ
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਵਰਣਨ ਕੀਤਾ ਇੱਕ ਯੋਧਾ, ਜੋ ਜਰਾਸੰਧ ਦਾ ਮਿਤ੍ਰ ਸੀ, ਇਸ ਨੇ ਕਈ ਵਾਰ ਕ੍ਰਿਸਨ ਜੀ ਅਤੇ ਹੋਰ ਸੈਨਾਨੀਆਂ ਨੂੰ ਸ਼ਿਕਸਤ ਦਿੱਤੀ, ਅੰਤ ਨੂੰ ਛਲ ਨਾਲ ਮਾਰਿਆ ਗਿਆ. "ਤਿਹ ਭੂਪਤਿ ਕੋ ਮਿਤ੍ਰ ਇੱਕ ਖੜਗ ਸਿੰਘ ਤਿਹ ਨਾਮ। ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ." (ਕ੍ਰਿਸਨਾਵ) ਦੇਖੋ, ਖਰਗ ਸਿੰਘ ਅਤੇ ਗੁਰਮਿਤਾ ਸ਼ਬਦ। ੨. ਮਹਾਰਾਜਾ ਰਣਜੀਤ ਸਿੰਘ ਸ਼ੇਰਪੰਜਾਬ ਦਾ ਮਹਾਰਾਣੀ ਦਾਤਾਰ ਕੌਰਿ ਦੇ ਉਦਰ ਤੋਂ ਵਡਾ ਪੁਤ੍ਰ, ਜੋ ਸੰਮਤ ੧੮੬੦ ਵਿੱਚ ਪੈਦਾ ਹੋਇਆ ਅਤੇ ਸੰਮਤ ੧੮੯੬ ਵਿੱਚ ਲਹੌਰ ਦੇ ਤਖਤ ਉੱਪਰ ਬੈਠਾ, ਪਰ ਚਾਲਾਕ ਧ੍ਯਾਨ ਸਿੰਘ ਡੋਗਰੇ ਨੇ ਇਸ ਨੂੰ ਤਖਤੋਂ ਲਾਹਕੇ ਇਸ ਦੇ ਪੁਤ੍ਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਥਾਪਿਆ. ਖੜਗ ਸਿੰਘ ਇੱਕ ਵਰ੍ਹਾ ਗਮ ਨਾਲ ਬਿਮਾਰ ਰਹਿਕੇ ੨੧. ਕੱਤਕ ਸੰਮਤ ੧੮੯੭ ਨੂੰ ੩੮ ਵਰ੍ਹੇ ਦੀ ਉਮਰ ਵਿੱਚ ਗੁਜ਼ਰ ਗਿਆ.
दसमग्रंथ दे क्रिसनावतार विॱच वरणन कीता इॱक योधा, जो जरासंध दा मित्र सी, इस ने कई वार क्रिसन जी अते होर सैनानीआं नूं शिकसत दिॱती, अंत नूं छल नाल मारिआ गिआ. "तिह भूपति को मित्र इॱक खड़ग सिंघ तिह नाम। पैरे समर समुद्र बहु महारथी बलधाम." (क्रिसनाव) देखो, खरग सिंघ अते गुरमिता शबद। २. महाराजा रणजीत सिंघ शेरपंजाब दा महाराणी दातार कौरि दे उदर तों वडा पुत्र, जो संमत १८६० विॱच पैदा होइआ अते संमत १८९६ विॱच लहौर दे तखत उॱपर बैठा, पर चालाक ध्यानसिंघ डोगरे ने इस नूं तखतों लाहके इस दे पुत्र नौनिहाल सिंघ नूं महाराजा थापिआ. खड़ग सिंघ इॱक वर्हा गम नाल बिमार रहिके २१. कॱतक संमत १८९७ नूं ३८ वर्हे दी उमर विॱच गुज़र गिआ.
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)...
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਬਾਲੂ ਰੇਤਾ. ਕਣਦਾਰ ਰੇਤ। ੨. ਚੀਨੀ ਖੰਡ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਭੂ (ਪ੍ਰਿਥਿਵੀ) ਦਾ ਸ੍ਵਾਮੀ. ਪ੍ਰਿਥਿਵੀਪਾਲਕ, ਰਾਜਾ. "ਏ ਭੂਪਤਿ ਸਭ ਦਿਵਸ ਚਾਰਿ ਕੇ." (ਬਿਲਾ ਕਬੀਰ) ੨. ਜ਼ਮੀਨਦਾਰ. ਬਿਸਵੇਦਾਰ। ੩. ਜਗਤਨਾਥ. ਕਰਤਾਰ. "ਭਇਆ ਭੇਦ ਭੂਪਤਿ ਪਹਿਚਾਨਿਆ." (ਗਉ ਬਾਵਨ ਕਬੀਰ)...
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਪੈਰਣ....
ਸੰ. ਸੰਗ੍ਯਾ- ਜੰਗ. ਯੁੱਧ। ੨. ਸੰ. ਸ੍ਮਰ. ਕਾਮਦੇਵ। ੩. ਯਾਦ ਕਰਨਾ. ਸਿਮਰਣ। ੪. ਸਮਰ ਇੱਕ ਛੱਪਯ ਛੰਦ ਦਾ ਭੇਦ ਹੈ, ਜਿਸ ਵਿੱਚ ੩੫ ਗੁਰੁ ਅਤੇ ੮੨ ਲਘੁ ਹੋਣ। ੫. ਅ਼. [ثمر] ਸਮਰ. ਫਲ. ਮੇਵਾ। ੬. ਨਤੀਜਾ। ੭. ਅ਼. [سمر] ਕਹਾਣੀ. ਕਥਾ। ੮. ਰਾਤ ਨੂੰ ਕਹਾਣੀ ਸੁਣਾਉਣ ਦੀ ਕ੍ਰਿਯਾ....
ਸੰ- ਸੰਗ੍ਯਾ- ਸਮੁ- ਉਂਦ. ਜੋ ਚੰਗੀ ਤਰਾਂ ਉਂਦ (ਗਿੱਲਾ) ਕਰੇ, ਸੋ ਸਮੁਦ੍ਰ ਹੈ. ਸਾਗਰ. ਜਲਨਿਧਿ. ਉਦਧਿ. ਸਿੰਧੁ, ਪਯੋਧਿ. ਨੀਰਧਿ. ਰਤਨਾਕਰ. ਇਹ ਉਹ ਜਲ ਦਾ ਪੁੰਜ ਹੈ ਜਿਸ ਨੇ ਸਾਰੀ ਪ੍ਰਿਥਿਵੀ ਦਾ ਤਕਰੀਬਨ ੩/੫ ਵਾਂ ਹਿੱਸਾ ਰੋਕਿਆ ਹੋਇਆ ਹੈ. ਵਿਦ੍ਵਾਨਾਂ ਨੇ ਇਸਦੇ ਪੰਜ ਭਾਗ ਕਲਪ ਲਏ ਹਨ-#(ੳ) ਪਹਿਲਾ ਭਾਗ, ਜੋ ਅਮਰੀਕਾ ਤੋਂ ਯੂਰਪ ਅਤੇ ਅਫਰੀਕਾ ਦੇ ਮੱਧ ਤੀਕ ਫੈਲਿਆ ਹੋਇਆ ਹੈ ਇਸਦੀ ਏਟਲਾਂਟਿਕ¹ (Atlantic) ਸੰਗ੍ਯਾ ਹੈ.#(ਅ) ਅਮਰੀਕਾ ਅਤੇ ਏਸ਼ੀਆ ਦੇ ਮੱਧ ਦਾ ਸਮੁੰਦਰ ਪੈਸਿਫਿਕ² (Pacific) ਸੱਦੀਦਾ ਹੈ.#(ੲ) ਜੋ ਅਫਰੀਕਾ ਤੋਂ ਭਾਰਤ ਅਤੇ ਆਸਟ੍ਰੇਲੀਆ ਤਕ ਵਿਸਤਾਰ ਰਖਦਾ ਹੈ ਉਹ ਇੰਡੀਅਨ ਓਸ਼ਨ (Indian Ocean)³ ਆਖੀਦਾ ਹੈ.#(ਸ) ਜੋ ਏਸ਼ੀਆ ਯੂਰਪ ਅਤੇ ਅਮਰੀਕਾ ਦੇ ਉੱਤਰ ਅਰ ਉੱਤਰੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਆਰਕਟਿਕ⁴ (Arctic) ਸਮੁੰਦਰ ਹੈ.#(ਹ) ਜੋ ਦੱਖਣੀ ਧ੍ਰੁਵ ਦੇ ਚਾਰੇ ਪਾਸੇ ਹੈ, ਉਹ ਏਂਟਾਰਟਿਕ⁵ (Antartic) ਸਾਗਰ ਹੈ.#ਜੇ ਵਿਚਾਰ ਨਾਲ ਵੇਖਿਆ ਜਾਵੇ ਤਾਂ ਦੱਖਣੀ ਅਤੇ ਉੱਤਰ ਦੇ ਹੀ ਸਮੁੰਦਰ ਹਨ, ਬਾਕੀ ਤਿੰਨ ਇਨ੍ਹਾਂ ਦੋਹਾਂ ਵਿੱਚ ਹੀ ਸਮਾਏ ਹੋਏ ਹਨ.#ਸਮੁੰਦਰ ਦੇ ਛੋਟੇ ਛੋਟੇ ਹਿੱਸੇ ਜੋ ਖੁਸ਼ਕੀ ਦੇ ਅੰਦਰ ਚਲੇ ਗਏ ਹਨ ਉਨਾਂ ਦੀ ਖਾਡੀ ਸੰਗ੍ਯਾ ਹੈ, ਜਿਵੇਂ ਬੰਗਾਲ ਦੀ ਖਾਡੀ. ਸਮੁੰਦਰ ਦੀ ਡੁੰਘਿਆਈ ਹਰ ਥਾਂ ਇੱਕੋ ਜੇਹੀ ਨਹੀਂ, ਪਰ ਵੱਧ ਤੋਂ ਵੱਧ ਤੀਸ ਹਜਾਰ ਫੁੱਟ ਡੂੰਘਾ ਹੈ. ਸਮੁੰਦਰ ਦੀ ਲਹਿਰਾਂ ਦਾ ਰੁੱਤਾਂ ਉੱਤੇ ਬਹੁਤ ਅਸਰ ਹੁੰਦਾ ਹੈ. ਇਸ ਦਾ ਪਾਣੀ ਭੂਗੋਲ ਦੀ ਅਕ੍ਸ਼੍ ਅੰਸ਼ਾਂ ਅਨੁਸਾਰ ਕਿਤੇ ਘੱਟ ਤੱਤਾ ਕਿਤੇ ਵੱਧ ਅਤੇ ਕਿਤੇ ਬਹੁਤ ਠੰਢਾ ਹੈ. ਧ੍ਰੁਵਾਂ ਦੇ ਆਸ ਪਾਸ ਦਾ ਸਮੁੰਦਰ ਬਹੁਤ ਹੀ ਠੰਡਾ ਹੈ. ਪਰ ਗੁਣ ਦੇ ਵਿਚਾਰ ਨਾਲ ਹਰ ਥਾਂ ਦਾ ਪਾਣੀ ਇਕੋ ਜੇਹਾ ਹੈ. ਵਿਦ੍ਵਾਨਾਂ ਨੇ ਇਸ ਦੇ ਜਲ ਵਿੱਚ ਉਂਨੀ ਤੱਤ ਵੱਖ ਵੱਖ ਮੰਨੇ ਹਨ, ਜਿਨਾਂ ਵਿੱਚੋਂ ਖਾਰ (ਲੂਣ) ਪ੍ਰਧਾਨ ਹੈ, ਸਮੁੰਦਰ ਦੇ ਪਾਣੀ ਦਾ ਦਾਬ ਹਰ ੩੩ ਫੁਟ ਦੀ ਗਹਿਰਾਈ ਤੇ ੭. ੧/੨ ਸੇਰ ਫੀ ਮੁਰੱਬਾ ਇੰਚ ਦੇ ਹਿਸਾਬ ਵਧਦੀ ਜਾਂਦੀ ਹੈ, ਇਸ ਤਰਾਂ ੧੨੦੦੦ ਫੁੱਟ ਦੀ ਗਹਿਰਾਈ ਤੇ ਪਾਣੀ ਦੀ ਦਾਬ ੭੦ ਮਣ ਫੀ ਮੁਰੱਬਾ ਇੰਚ ਹੈ.#ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਸਮੁੰਦਰ ਦੇ ਪਾਣੀ ਵਿੱਚ ੩੩੦ ਫੁੱਟ ਦੀ ਡੂੰਘ ਤਕ ਚੰਗਾ ਪੈਂਦਾ ਹੈ, ਫੇਰ ਘਟਣ ਲਗਦਾ ਹੈ ਅਰ ੫੫੮੦ ਤੋਂ ਅੱਗੇ ਪੂਰਾ ਅੰਧੇਰਾ ਹੁੰਦਾ ਹੈ.#ਚੰਦ੍ਰਮਾ ਦੇ ਘਟਣ ਵਧਣ ਦਾ ਸਮੁੰਦਰ ਦੇ ਜਲ ਤੇ ਬਹੁਤ ਅਸਰ ਹੁੰਦਾ ਹੈ. ਦੇਖੋ, ਜ੍ਵਾਰਭਾਟਾ.#ਇਸ ਸਮੇਂ ਸਾਗਰਵਿਦ੍ਯ (Oceanography) ਵਿੱਚ ਅਪਾਰ ਤਰੱਕੀ ਹੋਈ ਹੈ ਅਤੇ ਅਜਿਹੇ ਯੰਤ੍ਰ ਬਣਾਏ ਗਏ ਹਨ ਜਿਨ੍ਹਾਂ ਤੋਂ ਸਮੁੰਦਰ ਦੀ ਗਹਿਰਾਈ, ਖਾਰ ਦੀ ਅਧਿਕਤਾ, ਤਰੰਗਾਂ ਦੀ ਚਾਲ, ਤਾਪ ਆਦਿਕ ਦਾ ਪੂਰਾ ਗ੍ਯਾਨ ਹੁੰਦਾ ਹੈ.#ਪੁਰਾਣਾਂ ਵਿੱਚ ਸਮੁੰਦਰ ਸੱਤ ਲਿਖੇ ਹਨ. ਦੇਖੋ, ਸਪਤ ਸਾਗਰ ਅਤੇ ਇਸ ਦੀ ਉਤਪੱਤੀ ਦਾ ਨਿਰਣਾ ਦੇਖੋ, ਸਗਰ ਸ਼ਬਦ ਵਿੱਚ. "ਖਾਰ ਸਮੁਦ੍ਰ ਢੰਢੋਲੀਐ" (ਮਾਰੂ ਅਃ ਮਃ ੧) ੨. ਸੱਤ ਦੀ ਗਿਣਤੀ ਦਾ ਬੋਧਕ ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੩. ਨਿਘੰਟੁ ਵਿੱਚ ਸਮੁਦ੍ਰ ਦਾ ਅਰਥ ਆਕਾਸ਼ ਭੀ ਕੀਤਾ ਹੈ।#੪. ਖ਼ਾ- ਦੁੱਧ। ੫. ਵਿ- ਮੁਦ੍ਰਾ (ਮੁਹਰਛਾਪ) ਸਹਿਤ। ੬. ਰੁਪਯੇ ਪੈਸੇ ਵਾਲਾ. ਧਨੀ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਦੇਖੋ, ਮਹਾਰਥ ੩....
ਦੇਖੋ, ਖੜਗ. "ਤਬ ਬ੍ਰਿਜਭੂਸਨ ਖਰਗ ਗਹਿ." (ਕ੍ਰਿਸਨਾਵ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਖੋ, ਮਹਾਰਾਜ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਸੰਗ੍ਯਾ- ਜੱਫੀ. ਅੰਕਵਾਰ. "ਭਰ ਕੌਰੀ ਮਹਿਲੀਨ." (ਗੁਪ੍ਰਸੂ) ੨. ਉਤਨੇ ਪ੍ਰਮਾਣ ਦੀ ਵਸਤੁ ਜੋ ਦੋਹਾਂ ਬਾਹਾਂ ਦੇ ਘੇਰੇ (ਜੱਫੀ) ਵਿੱਚ ਆ ਜਾਵੇ. ੩. ਖੂਹ ਦਾ ਮਹਿਲ, ਜੋ ਜ਼ਮੀਨ ਵਿੱਚ ਉਤਾਰਨ ਤੋਂ ਪਹਿਲਾਂ ਬੁਰਜ ਦੀ ਸ਼ਕਲ ਦਾ ਹੁੰਦਾ ਹੈ. "ਜੈਸੇ ਕੂਆ ਖੋਦਕੈ ਸੁ ਵਸੁਧਾ ਧਸਾਇ ਕੌਰੀ." (ਭਾਗੁ ਕ) ੪. ਕੌਡੀ. ਵਰਾਟਿਕਾ। ੫. ਵਿ- ਕਟੁ. ਕੌੜੀ। ੬. ਦੇਖੋ, ਕੌਰ ੬....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ)....
ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ....
ਸੰ. ਸੰਗ੍ਯਾ- ਮਨ ਲਾਉਣ ਦੀ ਕ੍ਰਿਯਾ। ੨. ਸੋਚ. ਵਿਚਾਰ. ਦੇਖੋ, ਧਿਆਨ....
ਵਿ- ਆਨੰਦ ਦਾਇਕ ਨੌਜਵਾਨ। ੨. ਇਹ ਸ਼ਬਦ "ਬਰਖ਼ੁਰਦਾਰ" ਵਾਂਙ, ਪ੍ਯਾਰੇ ਪੁਤ੍ਰ ਲਈ ਸੰਗ੍ਯਾ ਕਰਕੇ ਵਰਤਿਆ ਜਾਂਦਾ ਹੈ....
ਵਰ੍ਸ. ਸਾਲ. ਦੇਖੋ, ਵਰਸ. "ਵਰ੍ਹੇ ਮਾਹ ਵਾਰ ਥਿਤੀ ਕਰਿ." (ਮਾਰੂ ਸੋਲਹੇ ਮਃ ੩)...
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਦੇਖੋ, ਗੁਜ਼ਰ ਅਤੇ ਗੁੱਜਰ....