khēdāखेडा
ਸੰਗ੍ਯਾ- ਖੇਡ ਦਾ ਅਖਾੜਾ. ਰੰਗਭੂਮਿ। ੨. ਖੇਮਕਰਨ (ਜਿਲਾ ਲਹੌਰ) ਦਾ ਵਸਨੀਕ ਇੱਕ ਦੁਰਗਾ ਭਗਤ ਬ੍ਰਾਹਮਣ, ਜੋ ਗੁਰੂ ਅਮਰਦੇਵ ਦਾ ਸਿੱਖ ਹੋ ਕੇ ਕਰਤਾਰ ਦਾ ਅਨੰਨ ਸੇਵਕ ਹੋਇਆ, ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ। ੩. ਬਹੁਜਾਈ ਖਤ੍ਰੀਆਂ ਦਾ ਇੱਕ ਗੋਤ.
संग्या- खेड दा अखाड़ा. रंगभूमि। २. खेमकरन (जिला लहौर) दा वसनीक इॱक दुरगा भगत ब्राहमण, जो गुरू अमरदेव दा सिॱख हो के करतार दा अनंन सेवक होइआ, इस नूं गुरू साहिब ने प्रचारक थापके मंजी बख़शी। ३. बहुजाई खत्रीआं दा इॱक गोत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖੇਲ। ੨. ਬਾਜ਼ੀ....
ਸੰ. अक्षार- ਅਕ੍ਸ਼ਾਰ. ਸੰਗ੍ਯਾ- ਰੰਗਭੂਮਿ. ਓਹ ਥਾਂ ਜਿੱਥੇ ਨਟਾਕ ਦੇ ਤਮਾਸ਼ੇ ਖੇਡੇ ਜਾਣ. Theatre. "ਸਭ ਤੇਰਾ ਖੇਲ ਅਖਾੜਾ ਜੀਉ." (ਮਾਝ ਮਃ ੫) ੨. ਮੱਲਯੁੱਧ ਦੀ ਭੂਮੀ। ੩. ਰਣਭੂਮਿ. "ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ." (ਵਾਰ ਗਉ ੧, ਮਃ ੪)#"ਬਿਖਮ ਅਖਾੜਾ ਮੈ ਗੁਰੁ ਮਿਲਿ ਜੀਤਾ." (ਆਸਾ ਛੰਤ ਮਃ ੫) ੪. ਸਾਧੂਆਂ ਦਾ ਡੇਰਾ। ੫. ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿੱਚ ਆਏ ਹੋਏ ਧਰਮ ਪ੍ਰਚਾਰਕ ਜਥੇ "ਅਖਾੜਾ" ਨਾਉਂ ਤੋਂ ਪ੍ਰਸਿੱਧ ਹਨ, ਜਿਨ੍ਹਾਂ ਦੀ ਸੰਖੇਪ ਕਥਾ ਇਹ ਹੈ:-#(ੳ) ਉਦਾਸੀਨ ਮਤ ਦੇ ਭੂਖਣ ਮਹਾਤਮਾ ਪ੍ਰੀਤਮ ਦਾਸ ਜੀ ਨੇ ਇੱਕ ਵਾਰ ਮਨ ਵਿੱਚ ਵਿਚਾਰ ਕੀਤਾ ਕਿ ਗੁਰੁਮਤ ਦੇ ਸਾਧੂਆਂ ਨੂੰ ਤੀਰਥਾਂ ਦੇ ਮੇਲਿਆਂ ਤੇ ਰਹਿਣ ਅਤੇ ਭੋਜਨ ਦੀ ਭਾਰੀ ਤਕਲੀਫ ਹੁੰਦੀ ਹੈ, ਇਸ ਲਈ ਕੋਈ ਅਜੇਹਾ ਪ੍ਰਬੰਧ ਕਰਨਾ ਚਾਹੀਏ, ਜਿਸ ਤੋਂ ਇਹ ਕਮੀ ਪੂਰੀ ਹੋ ਜਾਵੇ. ਪ੍ਰਮਾਤਮਾ ਨੇ ਸ਼ੁੱਧ ਸੰਕਲਪ ਪੂਰਣ ਕਰਨ ਲਈ ਨਜਾਮ ਹੈਦਰਾਬਾਦ ਦੇ ਵਜ਼ੀਰ ਚੰਦੂ ਲਾਲ ਦੇ ਚਾਚੇ ਨਾਨਕਚੰਦ ਦਾ ਮਨ ਪ੍ਰੇਰਿਆ, ਜਿਸ ਨੇ ਸੱਤ ਲੱਖ ਰੁਪਯਾ ਪ੍ਰੀਤਮਦਾਸ ਜੀ ਦੀ ਭੇਟਾ ਕੀਤਾ. ਸੰਤ ਜੀ ਨੇ ਇਹ ਰੁਪਯਾ ਪ੍ਰਯਾਗ ਵਿੱਚ ਲਿਆਕੇ ਉਦਾਸੀ ਸੰਤਾਂ ਅੱਗੇ ਰੱਖਕੇ ਆਖਿਆ ਕਿ ਸਾਨੂੰ ਭੀ ਸੰਨ੍ਯਾਸੀ ਵੈਰਾਗੀ ਸਾਧਾਂ ਦੇ ਅਖਾੜਿਆਂ ਦੀ ਤਰ੍ਹਾਂ ਆਪਣਾ ਜੁਦਾ ਅਖਾੜਾ ਬਣਾਉਣਾ ਲੋੜੀਏ, ਜਿਸ ਤੋਂ ਤੀਰਥਾਂ ਉਤੇ ਸਾਡੇ ਭਾਈ ਸੁਤੰਤ੍ਰ ਰਹਿਕੇ ਨਿਰਵਾਹ ਕਰਨ ਅਤੇ ਦੇਸਾਂ ਵਿੱਚ ਗੁਰੁਮਤ ਦਾ ਪ੍ਰਚਾਰ ਹੋਵੇ.#ਨਿਰਵਾਣ ਪ੍ਰੀਤਮਦਾਸ ਜੀ ਦੀ ਸਿਖ੍ਯਾ ਅਨੁਸਾਰ ਸੰਮਤ ੧੮. ੩੬ ਵਿੱਚ ਪੰਚਾਇਤੀ ਅਖਾੜੇ ਦੀ ਰਚਨਾ ਹੋਈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਪ੍ਰਧਾਨ ਅਤੇ ਉਨ੍ਹਾਂ ਦੀ ਤਾਬੇ ਚਾਰ ਮਹੰਤ- ਗੰਗਾ ਰਾਮ, ਕੂਟਸ੍ਥ ਬ੍ਰਹਮ, ਅਰੂਪ ਬ੍ਰਹਮ ਅਤੇ ਅਟਲ ਬ੍ਰਹਮ ਥਾਪੇ. ਅਤੇ ਤੰਬੂ, ਚਾਂਦਨੀ, ਦਰੀਆਂ, ਗਲੀਚੇ, ਘੋੜੇ, ਊਠ, ਗੱਡੇ, ਲੰਗਰ ਦੇ ਬਰਤਨ, ਵਾਜੇ ਆਸੇ ਛਤ੍ਰ ਆਦਿ ਸਭ ਸਾਮਾਨ ਬਣਾਇਆ, ਅਤੇ ਅਜੇਹੇ ਉੱਤਮ ਨਿਯਮ ਬੰਨ੍ਹੇ ਕਿ ਇੰਤਜਾਮ ਵਿੱਚ ਕਦੀ ਵਿਘਨ ਨਾ ਪਵੇ. ਇਸ ਅਖਾੜੇ ਦਾ ਸਦਰ ਮੁਕਾਮ ਪ੍ਰਯਾਗ ਹੈ, ਪਰ ਕਨਖਲ, ਕਾਸ਼ੀ ਆਦਿ ਅਸਥਾਨਾਂ ਵਿੱਚ ਭੀ ਇਸ ਦੀਆਂ ਬਹੁਤ ਇਮਾਰਤਾਂ ਹਨ.#(ਅ) ਸੰਮਤ ੧੮੯੬ ਵਿੱਚ ਕਿਸੇ ਗੱਲੋਂ ਪੰਚਾਇਤੀ ਅਖਾੜੇ ਨਾਲ ਸੰਗਤ ਸਾਹਿਬ (ਭਾਈ ਫੇਰੂ) ਦੀ ਸੰਪ੍ਰਦਾਯ ਦੇ ਸਾਧੂ ਸੰਤੋਖ ਦਾਸ, ਹਰਿ ਨਾਰਾਯਣ ਦਾਸ, ਸੂਰ ਦਾਸ ਜੀ ਆਦਿ ਦਾ ਵਿਗਾੜ ਹੋ ਗਿਆ. ਇਸ ਕਾਰਣ ਉਨ੍ਹਾਂ ਨੇ ਮਿਲਕੇ "ਸ੍ਰੀ ਗੁਰੁ ਨਯਾ ਅਖਾੜਾ ਉਦਾਸੀਨ" ਬਣਾਇਆ, ਜਿਸ ਨੂੰ ਲੋਕ 'ਉਦਾਸੀਆਂ ਦਾ ਛੋਟਾ ਅਖਾੜਾ' ਆਖਦੇ ਹਨ. ਇਸ ਦਾ ਸਦਰ ਮੁਕਾਮ ਕਨਖਲ ਹੈ ਅਤੇ ਹੋਰ ਸਾਰੇ ਤੀਰਥਾਂ ਤੇ ਸੁੰਦਰ ਮਕਾਨ ਹਨ. ਪ੍ਰਬੰਧ ਪੰਚਾਯਤੀ ਅਖਾੜੇ ਵਾਂਙ ਹੀ ਬਹੁਤ ਚੰਗਾ ਹੈ.¹#(ੲ) ਉਦਾਸੀਆਂ ਵਾਂਙ ਨਿਰਮਲੇ ਸੰਤਾਂ ਨੇ ਜਦ ਆਪਣੇ ਮਤ ਦੇ ਸੰਤਾਂ ਦਾ ਤੀਰਥਾਂ ਤੇ ਦੂਜੇ ਸਾਧੂਆਂ ਤੋਂ ਅਪਮਾਨ ਡਿੱਠਾ, ਤਾਂ ਇਨ੍ਹਾਂ ਦੇ ਮਨ ਵਿੱਚ ਭੀ ਆਪਣਾ ਜੁਦਾ ਅਖਾੜਾ ਬਣਾਉਣ ਦਾ ਖਿਆਲ ਆਇਆ. ਭਾਈ ਤੋਤਾ ਸਿੰਘ ਜੀ, ਰਾਮ ਸਿੰਘ ਜੀ, ਮਤਾਬ ਸਿੰਘ ਜੀ ਆਦਿਕ ਗੁਰੁਮੁਖ ਸੰਤਾਂ ਦੀ ਪ੍ਰੇਰਣਾ ਕਰਕੇ ਸੰਮਤ ੧੯੧੮ ਵਿੱਚ ਮਹਾਰਾਜਾ ਨਰੇਂਦ੍ਰ ਸਿੰਘ ਜੀ ਪਟਿਆਲਾਪਤੀ, ਮਹਾਰਾਜਾ ਭਰਪੂਰ ਸਿੰਘ ਜੀ ਨਾਭਾਪਤਿ ਅਤੇ ਮਹਾਰਾਜਾ ਸਰੂਪ ਸਿੰਘ ਜੀ ਜੀਂਦ (ਸੰਗਰੂਰ) ਪਤਿ ਨੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜਿਸ ਦਾ ਪ੍ਰਸਿੱਧ ਨਾਉਂ "ਧਰਮਧੁਜਾ" ਹੈ. ਇਸ ਦੇ ਪਹਿਲੇ ਸ਼੍ਰੀ ਮਹੰਤ ਭਾਈ ਮਤਾਬ ਸਿੰਘ ਜੀ ਥਾਪੇ ਗਏ. ਪਟਿਆਲੇ ਨੇ ੮੦੦੦੦) ਨਕਦ ਅਤੇ ੪੦੦੦) ਦੀ ਸਾਲਾਨਾ ਜਾਗੀਰ, ਨਾਭੇ ਨੇ ੧੬੦੦੦) ਨਕਦ ਅਤੇ ੫੭੫) ਦੀ ਸਾਲਾਨਾ ਜਾਗੀਰ, ਜੀਂਦ ਨੇ ੨੦੦੦੦) ਨਕਦ ਅਤੇ ੧੩੦੦) ਦੀ ਸਾਲਾਨਾ ਜਾਗੀਰ ਦਿੱਤੀ, ਅਤੇ ਤਿੰਨਾਂ ਰਿਆਸਤਾਂ ਵੱਲੋਂ ਇਹ ਸਾਂਝਾ ਦਸਤੂਰੁਲਅਮਲ ਲਿਖਿਆ ਗਿਆ:-#ਦਸਤੂਰੁਲਅਮਲ#ਤਿੰਨਾਂ ਰਿਆਸਤਾਂ² ਵਲੋਂ#ਵਾਸਤੇ ਅਖਾੜਾ ਨਿਰਮਲਾ ਪੰਥ ਗੁਰੂ#ਗੋਬਿੰਦ ਸਿੰਘ ਜੀ³#੧. ਇੱਕ ਸ਼੍ਰੀ ਮਹੰਤ ਤਿੰਨਾਂ ਰਿਆਸਤਾਂ ਦੀ ਸਲਾਹ ਨਾਲ ਅਤੇ ਚਾਰ ਮਹੰਤ ਹੋਰ, ਜੋ ਪੰਜ ਕੱਕਿਆਂ (ਅਰਥਾਤ ਕੱਛ, ਕ੍ਰਿਪਾਨ, ਕੇਸ, ਕੰਘੇ, ਕੜੇ) ਦੀ ਰਹਿਤ ਵਾਲੇ ਹੋਣ, ਸ਼ਰੀ ਮਹੰਤ ਦੀ ਸਲਾਹ ਨਾਲ ਥਾਪੇ ਜਾਣਗੇ.#੨. ਜੋ ਲਾਂਗਰੀ ਅਖਾੜੇ ਵਿੱਚ ਪ੍ਰਸਾਦ ਤਿਆਰ ਕਰਨ ਵਾਲੇ ਹੋਣ, ਉਹ ਭੀ ਇਸੇ ਰਹਿਤ ਵਾਲੇ ਹੋਣਗੇ.#੩. ਦੋ ਕਾਰਬਾਰੀ, ਦੋ ਭੰਡਾਰੀ, ਜਿਨ੍ਹਾਂ ਦੇ ਸਪੁਰਦ ਲੰਗਰ ਦੀ ਸਾਮਗ੍ਰੀ ਹੋਵੇਗੀ, ਅਤੇ ਇੱਕ ਗ੍ਰੰਥੀ ਤੇ ਇੱਕ ਗ੍ਯਾਨੀ (ਅਰਥ ਕਰਨ ਵਾਲਾ) ਮੁਕੱਰਰ ਹੋਣਗੇ, ਇਹ ਛੀ ਆਦਮੀ ਭੀ ਰਹਿਤ ਵਾਲੇ ਹੋਣ ਅਤੇ ਇੱਕ ਜਾਂ ਦੋ ਚੋਬਦਾਰ ਮੁਕਰਰ ਕੀਤੇ ਜਾਣ.#੪. ਜੋ ਸ਼ਰੀ ਮਹੰਤ ਹੁਣ ਹੈ, ਇਸ ਲਈ ਰਹਿਤ ਦੀ ਪਾਬੰਦੀ ਜਰੂਰੀ ਨਹੀਂ, ਪਰ ਜੋ ਸ਼੍ਰੀ ਮਹੰਤ ਅੱਗੇ ਲਈ ਥਾਪਿਆ ਜਾਊਗਾ ਉਹ ਲਾਇਕ, ਵਿਰਕਤ ਅਤੇ ਰਹਿਤ ਵਾਲਾ ਹੋਵੇਗਾ.#੫. ਜਦ ਸ਼੍ਰੀ ਮਹੰਤ ਕਿਸੀ ਰਿਆਸਤਗਾਹ ਵਿੱਚ ਆਵੇ ਜਾਂ ਰਈਸ ਨੂੰ ਅਖਾੜੇ ਵਿੱਚ ਜਾਣ ਦਾ ਸਮਾਂ ਮਿਲੇ, ਤਾਂ ਉਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਮਹੰਤ ਨੂੰ ਭੇਟਾ ਅਰਪਨ ਕੀਤੀ ਜਾਵੇਗੀ. ਹੋਰ ਕਿਸੇ ਮਹੰਤ ਨੂੰ ਜੁਦੀ ਜੁਦੀ ਪੂਜਾ ਨਹੀਂ ਦਿੱਤੀ ਜਾਵੇਗੀ.#੬. ਜੋ ਆਮਦਨੀ ਇਸ ਕਿਸਮ ਦੀ ਹੋਵੇਗੀ, ਭਾਵੇਂ ਕਿਸੇ ਥਾਂ ਤੋਂ ਆਵੇ, ਉਸ ਦਾ ਜਮਾ ਖਰਚ ਅਖਾੜੇ ਵਿੱਚ ਹੁੰਦਾ ਰਹੇਗਾ. ਜੇ ਕੋਈ ਮਹੰਤ ਬਾਹਰ ਤੋਂ ਕੁਝ ਲਿਆਵੇ ਤਾਂ ਉਹ ਭੀ ਅਖਾੜੇ ਵਿੱਚ ਜਮਾ ਕਰਾਵੇ. ਆਪਣੇ ਪਾਸ ਕੁਝ ਨਾ ਰੱਖੇ.#੭. ਜੇ ਸ਼੍ਰੀ ਮਹੰਤ ਧਰਮ ਅਰਥ ਕਿਸੇ ਸਾਧੂ ਬ੍ਰਾਹਮਣ ਜਾਂ ਅਪਾਹਜ ਨੂੰ ਲੋਈ ਜਾਂ ਨਕਦ ਰੁਪਇਆ ਤੀਰਥਯਾਤ੍ਰਾ ਲਈ, ਜਾਂ ਕੋਈ ਵਸਤ੍ਰ ਦੇਣਾ ਚਾਹੇ ਤਾਂ ਦੇ ਸਕਦਾ ਹੈ, ਪਰ ਕਾਗਜਾਂ ਵਿੱਚ ਪੂਰਾ ਵੇਰਵਾ ਲਿਖਿਆ ਜਾਇਆ ਕਰੇ.#੮. ਜੇ ਕਿਸੇ ਥਾਂ ਧਰਮਧੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਜੀ ਭੰਡਾਰਾ ਕਰਨਾ ਚਾਹੇ ਤਾਂ ਸ਼੍ਰੀ ਮਹੰਤ ਦੀ ਸਲਾਹ ਅਤੇ ਪ੍ਰਵਾਨਗੀ ਨਾਲ ਕਰੇ. ਸ਼੍ਰੀ ਮਹੰਤ ਦੀ ਮਨਜੂਰੀ ਤੋਂ ਬਗੈਰ ਖਰਚ ਕਰਨ ਦਾ ਅਧਿਕਾਰ ਨਹੀਂ. ਭਲਾ ਜੇ ਕਦੀਂ ਕੋਈ ਐਸਾ ਸਮਾਂ ਹੋਵੇ ਕਿ ਖਾਸ ਕਿਸੇ ਕੰਮ ਲਈ ਕੁਝ ਖਰਚ ਕਰਨਾ ਪਵੇ ਅਤੇ ਉਸ ਸਮੇਂ ਛੇਤੀ ਸ਼੍ਰੀ ਮਹੰਤ ਦੀ ਮਨਜੂਰੀ ਨਹੀਂ ਆ ਸਕਦੀ, ਤਦ ਉਸ ਕੰਮ ਨੂੰ ਆਰੰਭ ਕਰ ਦੇਣ, ਪਰ ਉਸ ਦੀ ਇੱਤਲਾਹ ਸ਼੍ਰੀ ਮਹੰਤ ਨੂੰ ਦੇ ਦੇਣ.#੯. ਜੇ ਕੋਈ ਐਸੀ ਲੋੜ ਹੋਵੇ ਕਿ ਨਵਾਂ ਮਹੰਤ ਥਾਪਣਾ ਹੈ ਤਾਂ ਉਸ ਪਾਸੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਲਈ ਜਾਵੇ ਕਿ ਮੈਂ ਰਹਿਤ ਵਿੱਚ ਚੰਗੀ ਤਰ੍ਹਾਂ ਰਹਾਂਗਾ ਅਤੇ ਜੋ ਆਮਦਨੀ ਕਿਸੇ ਤਰ੍ਹਾਂ ਦੀ ਭੀ ਹੋਵੇਗੀ, ਉਹ ਅਖਾੜੇ ਵਿੱਚ ਜਮਾਂ ਕਰਾ ਦਿਆ ਕਰਾਂਗਾ.#੧੦ ਸ਼ਰੀ ਮਹੰਤ ਅਤੇ ਦੂਜੇ ਮਹੰਤਾਂ ਲਈ ਜ਼ਰੂਰੀ ਹੋਊਗਾ ਕਿ ਜੇ ਕੋਈ ਸਿੱਖ ਜਾਗੀਰਦਾਰ ਜਾਂ ਸਰਦਾਰ ਅਖਾੜੇ ਲਈ ਭੰਡਾਰਾ ਕਰਨਾ ਚਾਹੇ ਤਾਂ ਜੈਸੀ ਉਸ ਦੀ ਸ਼੍ਰੱਧਾ ਹੋਵੇ ਵੈਸੇ ਕਰੇਗਾ. ਮਹੰਤਾਂ ਨੂੰ ਚਾਹੀਦਾ ਹੈ ਕਿ ਉਸ ਵਿੱਚ ਕਿਸੀ ਤਰ੍ਹਾਂ ਦਾ ਤਕਰਾਰ ਨਾ ਕਰਨ. ਉਸ ਦੀ ਇੱਜਤ ਦਾ ਖਯਾਲ ਰੱਖਣ.#੧੧ ਇਸੀ ਤਰਾਂ ਜੇ ਕੋਈ ਸਿੱਖ ਇਸ ਫਿਰਕੇ ਦਾ ਡੇਰੇਦਾਰ ਅਖਾੜੇ ਲਈ ਭੰਡਾਰਾ ਕਰੇ, ਤਾਂ ਉਸ ਲਈ ਭੀ ਉੱਪਰਲੀ ਦਫਾ (ਨੰਬਰ ੧੦) ਅਨੁਸਾਰ ਅਮਲ ਕੀਤਾ ਜਾਵੇ. ਹਾਂ, ਜੇ ਕਰ ਇਹ ਗੱਲ ਪਾਈ ਜਾਵੇ ਕਿ ਉਹ ਗੁਜਾਰੇ ਵਾਲਾ ਹੈ ਅਤੇ ਜਾਣ ਬੁੱਝਕੇ ਕਮਜੋਰੀ ਜਾਹਰ ਕਰਦਾ ਹੈ, ਤਾਂ ਜਿਸ ਰਿਆਸਤ ਨਾਲ ਉਹ ਸੰਬੰਧ ਰੱਖਦਾ ਹੋਵੇ, ਉਸ ਰਿਆਸਤ ਪਾਸ ਤਜਵੀਜ ਕਰਕੇ ਉਸ ਦਾ ਰੁਪਯਾ ਜਬਤ ਕਰਕੇ ਅਖਾੜੇ ਵਿੱਚ ਜਮਾ ਕਰਾ ਦਿੱਤਾ ਕਰਨ.#੧੨ ਸਫ਼ਰ ਵਿੱਚ ਅਖਾੜੇ ਨੂੰ ਜੇ ਕੋਈ ਗੁਰਦ੍ਵਾਰਾ ਆ ਜਾਵੇ ਤਾਂ ਦਰਸ਼ਨ ਕੀਤੇ ਬਿਨਾ ਨਾ ਲੰਘੇ, ਦਰਸ਼ਨ ਕਰਕੇ ਜਾਵੇ, ਅਤੇ ਅਖਾੜੇ ਵੱਲੋਂ ਜੈਸਾ ਗੁਰਦ੍ਵਾਰਾ ਹੋਵੇ ਵੈਸਾ ਮੱਥਾ ਟੇਕਿਆ ਜਾਵੇ.#੧੩ ਬੈਠਣ ਦੇ ਕਾਇਦੇ ਇਸ ਤਰੀਕੇ ਨਾਲ ਰੱਖਣੇ ਚਾਹੀਏ. ਵਿਚਕਾਰ ਸਵਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਦੇ ਸੱਜੇ ਪਾਸੇ ਸ਼੍ਰੀ ਮਹੰਤ ਅਤੇ ਉਸ ਤੋਂ ਬਾਦ ਦੂਜੇ ਮਹੰਤ ਅਤੇ ਫੇਰ ਹੋਰ ਸਾਧੂ ਸਿੱਖ, ਖੱਬੇ ਪਾਸੇ ਗ੍ਯਾਨੀ ਸਿੱਖ ਅਰਥ ਕਰਨੇ ਵਾਲੇ, ਉਸ ਤੋਂ ਬਾਦ ਹੋਰ ਸਿੱਖ ਸਾਧੂ. ਇਨ੍ਹਾਂ ਤੋਂ ਬਗੈਰ ਭਾਵੈਂ ਹੋਰ ਕੋਈ ਸਾਧੂ ਵਿਦ੍ਵਾਨ ਮਹਾਤਮਾ ਹੋਵੇ ਪਰ ਦਰਬਾਰ ਦੇ ਵੇਲੇ ਆਪਣੇ ਥਾਈਂ ਬੈਠੇ, ਮਹੰਤਾਂ ਤੋਂ ਪਹਿਲਾਂ ਨਹੀਂ ਬਠਾਇਆ ਜਾਵੇਗਾ. ਇਸ ਵਿੱਚ ਉਹਦੇ ਦਾ ਖਯਾਲ ਰੱਖਿਆ ਜਾਵੇਗਾ ਵਿਦ੍ਯਾ ਦਾ ਨਹੀਂ. ਜੇ ਕਰ ਦੂਜੇ ਪੰਥ ਦਾ ਮਹੰਤ ਆ ਜਾਵੇ ਤਾਂ ਗ੍ਯਾਨੀ ਸਿੱਖ ਦੇ ਖੱਬੇ ਪਾਸੇ ਥਾਂ ਦਿੱਤੀ ਜਾਵੇ. ਜੇਕਰ ਸੱਜੇ ਪਾਸੇ ਬੈਠਣ ਲਈ ਥਾਂ ਦਿੱਤੀ ਜਾਵੇ ਤਾਂ ਮਹੰਤਾਂ ਦੇ ਬਾਦ ਦਿੱਤੀ ਜਾਵੇ।#੧੪ ਜਿਹੜੇ ਕੋਈ ਖਾਸ ਮਕਾਨ ਸ਼੍ਰੀ ਮਹੰਤ ਦੇ ਰਹਿਣ ਦੇ ਹੋਣ ਉਨ੍ਹਾਂ ਵਿੱਚ ਸ਼੍ਰੀ ਮਹੰਤ ਤੋਂ ਬਿਨਾ ਹੋਰ ਸਾਧੂ ਨਾ ਰਹੇ, ਹਾਂ ਜੋ ਦੋ ਚਾਰ ਸਾਧੂ ਟਹਿਲ ਸੇਵਾ ਵਾਲੇ ਹੋਣ ਉਹ ਬੇਸ਼ੱਕ ਰਹਿਣ. ਇਸੇ ਤਰ੍ਹਾਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਹੋਵੇ ਉਸ ਮਕਾਨ ਵਿੱਚ ਭੀ ਕੋਈ ਸੌਣਾ ਨਾ ਪਾਵੇ, ਕਿਉਂਕਿ ਬੇਅਦਬੀ ਹੁੰਦੀ ਹੈ.#੧੫ ਕੋਈ ਸਿੱਖ ਸਾਧੂ ਜਾਂ ਗ੍ਰਹਸਥੀ ਆਦਮੀ ਮੱਥਾ ਟੇਕਣ ਆਵੇ ਤਾਂ ਉਸ ਨੂੰ ਮਨਾਹੀ ਨਾ ਹੋਵੇ. ਜੈਸਾ ਅਧਿਕਾਰੀ ਹੋਵੇ ਵੈਸੀ ਉਸ ਨੂੰ ਬੈਠਣ ਲਈ ਥਾਂ ਦਿੱਤੀ ਜਾਵੇ.#੧੬ ਸ਼੍ਰੀ ਮਹੰਤ ਅਤੇ ਦੂਜੇ ਚਾਰ ਮਹੰਤਾਂ ਲਈ ਜਰੂਰੀ ਹੈ ਕਿ ਕਿਸੀ ਰਿਆਸਤ ਵਿੱਚ ਕਿਸੀ ਅਹਿਲਕਾਰ ਦੇ ਮਕਾਨ ਪੁਰ ਨਾ ਜਾਣ, ਜੇ ਕੋਈ ਲੋੜ ਪਵੇ ਤਾਂ ਕਾਰਬਾਰੀ, ਭੰਡਾਰੀ, ਚੋਬਦਾਰ, ਜਾਂ ਡੇਰੇਦਾਰ ਮਹੰਤ ਨੂੰ ਭੇਜ ਦੇਣ, ਪਰ ਜੇ ਕੋਈ ਪ੍ਰਸਾਦ ਛਕਾਵੇ ਤਾਂ ਬਿਲਾ ਸ਼ੱਕ ਜਾਣ.#੧੭ ਅਖਾੜੇ ਦੇ ਸਿੱਖਾਂ ਲਈ ਜਰੂਰੀ ਹੋਵੇਗਾ ਕਿ ਜਦ ਕੋਈ ਮਹੰਤ ਕਿਸੀ ਸਿੱਖ ਆਦਿਕ ਨੂੰ ਕੰਮ ਲਈ ਭੇਜੇ ਤਾਂ ਉਹ ਕੋਈ ਹੀਲਾ ਬਹਾਨਾ ਨਾ ਕਰੇ, ਜੇ ਕਰਨਗੇ ਤਾਂ ਜੁਰਮਾਨੇ ਦੇ ਭਾਗੀ ਹੋਣਗੇ, ਜੋ ਅਖਾੜੇ ਦਾ ਮਹੰਤ ਤਜਵੀਜ ਕਰੇਗਾ।#੧੮ ਜੇ ਕੋਈ ਸਾਧੂ ਸਿੱਖ ਬਿਹੰਗਮ (ਵਿਰਕਤ) ਹੋਕੇ ਡੇਰੇ ਵਿੱਚ ਰਹਿਣਾ ਚਾਹੇ ਤਦ ਉਸ ਪਾਸੋਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਇਸ ਮਤਲਬ ਲਈ ਲਗਵਾਇਆ ਜਾਊਗਾ ਕਿ ਮੈਂ ਆਪਣੇ ਪਾਸ ਕੁਝ ਨਹੀਂ ਰਖਿਆ ਸਭ ਕੁਝ ਗੁਰੁਦ੍ਵਾਰੇ ਚੜ੍ਹਾ ਦਿੱਤਾ ਹੈ. ਸੰਗਤ ਵਿੱਚ ਕਾਇਮ ਰਹਾਂਗਾ, ਫੇਰ ਦਾਖਲ ਕਰ ਲਿਆ ਜਾਵੇ. ਜੇਕਰ ਇਸ ਤਰ੍ਹਾਂ ਦਾ ਪ੍ਰਣ ਨਾ ਦੇਵੇ, ਤਾਂ ਉਸ ਨੂੰ ਦਾਖਲ ਨਾ ਕਰਨ.#੧੯ ਮਹੰਤਾਂ ਨੂੰ ਚਾਹੀਦਾ ਹੈ ਕਿ ਰਹਿਤ ਵਾਲੇ ਸਿੱਖਾਂ ਦੇ ਹੱਥੋਂ ਪ੍ਰਸਾਦ ਛਕਣ. ਉਨ੍ਹਾਂ ਪਾਸੋਂ ਹੀ ਕਰਾਉਣ ਅਤੇ ਪ੍ਰਸਾਦ ਡੋਲ ਦੇ ਜਲ ਦਾ ਲੰਗਰ ਵਿੱਚ ਹੋਇਆ ਕਰੇ.#੨੦ ਇਹ ਰੋਕ ਨਹੀਂ ਕਿ ਕਿਸੇ ਦੂਜੇ ਸਿੱਖ ਸਾਧੂਆਂ ਨੂੰ ਭੋਜਨ ਨਾ ਦਿੱਤਾ ਜਾਵੇ, ਪ੍ਰਸਾਦ ਸਭ ਨੂੰ ਦੇਣਾ ਚਾਹੀਏ, ਪਰ ਇਹ ਖਿਆਲ ਰਹੇ ਕਿ ਰਹਿਤ ਵਾਲਿਆਂ ਦੀ ਪੰਗਤ ਤੋਂ ਜੁਦੇ ਹੋ ਜਾਇਆ ਕਰਨ. ਉਨ੍ਹਾਂ ਦੀ ਪੰਗਤ ਜੁਦੀ ਹੋਵੇ.#੨੧ ਇਸਤ੍ਰੀ ਨੂੰ ਅਖਾੜੇ ਵਿੱਚ ਕਦੀਂ ਨਾ ਵੜਨ ਦਿੱਤਾ ਜਾਏ, ਅਤੇ ਨਸ਼ੇ ਸ਼ਰਾਬ ਆਦਿਕ ਲਈ ਭੀ ਰੋਕ ਹੈ, ਮਗਰ ਅਫੀਮ ਅਤੇ ਭੰਗ ਦੀ ਰੋਕ ਨਹੀਂ.#੨੨ ਜੋ ਕੋਈ ਰਹਿਤ ਨਾ ਰੱਖਣ ਵਾਲਾ ਕਿਸੀ ਕੌਮ ਦਾ ਪ੍ਰੇਮੀ ਪ੍ਰਸਾਦ ਕਰਾਉਣਾ ਚਾਹੇ, ਤਾਂ ਨਾਹ ਨਹੀਂ ਕਰਨੀ, ਸੁੱਕਾ ਸੀਧਾ ਲੈ ਕੇ ਆਪਣੇ ਲਾਂਗਰੀਆਂ ਪਾਸੋਂ ਤਿਆਰ ਕਰਾ ਲੈਣਾ.#੨੩ ਜਿਹੜੀ ਰਕਮ ਪਹਿਲਾਂ ਤੋਂ ਹੀ ਅਸਲੀ ਪੇਸ਼ਗੀ ਅਖਾੜੇ ਦੇ ਸਪੁਰਦ ਕੀਤੀ ਗਈ ਹੈ ਉਸ ਦੀ ਆਮਦਨੀ ਸੂਦ ਅਤੇ ਨਫਾ ਤਜਾਰਤ ਤੋਂ ਕਾਰਵਾਈ ਲੰਗਰ ਤੇ ਮੁਰੱਮਤ ਹੋਵੇ ਅਸਲ ਰਕਮ ਨਾ ਖਰਚ ਕੀਤੀ ਜਾਵੇ.#੨੪ ਖਜਾਨੇ ਦਾ ਪ੍ਰਬੰਧ ਇਸ ਤਰ੍ਹਾਂ ਰਹੇਗਾ, ਜੋ ਹਰ ਤਿੰਨੇ ਮਹੰਤ ਹਰ ਤਿੰਨੇ ਸਰਕਾਰਾਂ ਵਿੱਚ ਹਨ ਉਨ੍ਹਾਂ ਦੇ ਸਪੁਰਦ ਰਹੇਗਾ. ਉਹ ਮਹੰਤ ਆਪਣੀ ਆਪਣੀ ਕੋਸ਼ਿਸ਼ ਨਾਲ ਉਸ ਰੁਪਯੇ ਦੀ ਆਮਦਨ ਸੂਦ ਅਤੇ ਤਿਜਾਰਤ ਵਧਾਉਣ ਅਤੇ ਅਖਾੜੇ ਸਦਰ ਵਿੱਚ ਖਬਰ ਦੇਣ, ਅਤੇ ਦਫਾ ਨੰਬਰ ੨੩ ਅਨੁਸਾਰ ਖਰਚ ਕਰਨ, ਸਾਲ ਭਰ ਵਿੱਚ ਇੱਕ ਵਾਰ ਅਖਾੜੇ ਦੇ ਖਾਤੇ ਨੂੰ ਦੇਖ ਲਿਆ ਕਰਨ, ਅਤੇ ਉਹ ਸ਼੍ਰੀ ਮਹੰਤ ਨੂੰ ਮੁਲਾਹਜਾ ਕਰਾਦਿਆ ਕਰਨ.#੨੫ ਸ਼੍ਰੀ ਮਹੰਤ ਆਪਣੇ ਜੀਉਂਦੇ ਜੀ ਜੇ ਕਰ ਕਿਸੇ ਨੂੰ ਆਪਣੀ ਥਾਂ ਅੱਗੇ ਲਈ ਕਰਨਾ ਚਾਹੇ, ਤਾਂ ਤਿੰਨਾਂ ਰਿਆਸਤਾਂ ਦੇ ਅਖਾੜਿਆਂ ਦੀ ਸਲਾਹ ਨਾਲ ਆਪਣੀ ਜਿੰਦਗੀ ਵਿੱਚ ਮੁੱਕਰਰ ਕਰ ਸਕੇਗਾ.#੨੬ ਜੇ ਸ੍ਰੀ ਮਹੰਤ ਨੇ ਆਪਣੇ ਜੀਉਂਦੇ ਆਪ ਕਿਸੀ ਨੂੰ ਸ਼੍ਰੀ ਮਹੰਤ ਥਾਪ ਦਿੱਤਾ ਹੈ ਅਤੇ ਉਸ ਨੇ ਆਪਣੇ ਸਮੇਂ ਵਿੱਚ ਚੰਗਾ ਕੰਮ ਨਹੀਂ ਕੀਤਾ, ਤਾਂ ਤਿੰਨੇ ਸਰਕਾਰਾਂ ਇਤਫਾਕ ਨਾਲ ਉਸ ਨੂੰ ਬਰਖਾਸਤ ਕਰ ਦੇਣਗੀਆਂ.#੨੭ ਜੇ ਕੋਈ ਮਹੰਤ ਇਸ ਰਹਿਤ ਦੇ ਉਲਟ ਅਮਲ ਕਰੇਗਾ ਤਾਂ ਤਿੰਨਾਂ ਸਰਕਾਰਾਂ ਨੂੰ ਅਖਤਿਆਰ ਹੈ ਕਿ ਆਪਣੀ ਸਲਾਹ ਨਾਲ ਉਸਨੂੰ ਮਹੰਤੀ ਤੋਂ ਹਟਾ ਦੇਣ.#੨੮ ਹਰ ਪੰਜ ਮਹੰਤਾਂ ਪਾਸੋਂ ਪਹਿਲਾਂ ਇਕਰਾਰਨਾਮੇ ਲਏ ਜਾਣ, ਕਿ ਅਸੀਂ ਇਸ ਦਸਤੂਰੁਲਅਮਲ ਦੇ ਉਲਟ ਅਮਲ ਨਹੀਂ ਕਰਾਂਗੇ.#ਜੋ ਤਿੰਨੇ ਸਰਕਾਰਾਂ ਲਿਖਿਆ ਕਰਨ ਉਨ੍ਹਾਂ ਦੀ ਨਕਲ ਦਸਤੂਰੁਲ ਅਮਲ ਵਜੋਂ ਗੁਰੁਮੁਖੀ ਵਿੱਚ ਆਪਣੇ ਪਾਸ ਰੱਖਣ, ਅਤੇ ਜੋ ਦਸਤੂਰੁਅਮਲ ਦੀ ਨਕਲਾਂ ਮਹੰਤਾਂ ਨੂੰ ਦਿੱਤੀਆਂ ਜਾਣ, ਉਨ੍ਹਾਂ ਤੇ ਮੁਹਰਾਂ ਲਾਕੇ ਹਰ ਤਿੰਨਾਂ ਦਰਬਾਰਾਂ ਨੂੰ ਦੇਣ, ਜੋ ਮਿਸਲਾਂ ਵਿੱਚ ਰੱਖੀਆਂ ਰਹਿਣ.#੨੯ ਅਖਾੜੇ ਦੇ ਸਿੱਖਾਂ ਲਈ ਜ਼ਰੂਰੀ ਹੋਵੇਗਾ ਕਿ ਇੱਕ ਬਸਤਰ ਸਿੰਗਰਫੀ ਰੱਖਣ ਬਾਕੀ ਸਫੇਦ, ਰਿਵਾਜ ਅਨੁਸਾਰ ਇਹ ਕੇਵਲ ਨਿਸ਼ਾਨ ਹੈ. ਗ੍ਰਹਸਤ ਦਾ ਤਿਆਗ ਅਤੇ ਦਰਵੇਸ਼ੀ ਦਾ ਅਮਲ.#੩੦ ਤੂੰਬੀ ਜਾਂ ਚਿੱਪੀ ਦੀ ਥਾਂ ਗਡਵਾ ਜਾਂ ਲੋਹੇ ਧਾਤੁ ਦਾ ਕਮੰਡਲ ਰੱਖਣ, ਕਿਉਂਕਿ ਤੂੰਬਾ ਅਤੇ ਚਿੱਪੀ ਅਸ਼ੁੱਧ ਹਨ. ਮਿੱਟੀ ਨਾਲ ਸਾਫ ਸ਼ੁੱਧ ਨਹੀਂ ਕੀਤੇ ਜਾ ਸਕਦੇ....
ਸੰਗ੍ਯਾ- ਤਮਾਸ਼ੇ ਦੀ ਥਾਂ। ੨. ਜੰਗਭੂਮਿ। ੩. ਭਾਵ- ਜਗਤ....
ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਦਾ ਇੱਕ ਕਸਬਾ, ਜਿਸ ਦੇ ਯੱਕਿਆਂ ਵਾਲੇ ਦਰਵਾਜ਼ੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਥੋੜਾ ਸਮਾਂ ਇੱਥੇ ਠਹਿਰੇ ਹਨ, ਤਿਸ ਸਮੇਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਵੇਲੇ ਦਾ ਥੰਮ੍ਹ ਦੱਸਿਆ ਜਾਂਦਾ ਹੈ, ਜਿਸ ਦੀ "ਥੰਮ੍ਹ ਸਾਹਿਬ" ਸੰਗ੍ਯਾ ਹੈ. ਗੁਰਦ੍ਵਾਰੇ ਨੂੰ ਕੋਈ ਪੱਕੀ ਆਮਦਨ ਨਹੀਂ।#੨. ਖੇਮਕਰਨ ਤੋਂ ਦੱਖਣ ਵੱਲ ਗੁਰੂ ਤੇਗਬਹਾਦਪੁਰ ਸਾਹਿਬ ਦਾ ਗੁਰਦ੍ਵਾਰਾ "ਗੁਰੂਸਰ" ਹੈ. ਇਹ ਪਹਿਲਾਂ ਸਾਧਾਰਣਜਿਹਾ ਦਰਬਾਰ ਸੀ, ਹੁਣ ਸੰਮਤ ੧੯੬੦ ਤੋਂ ਲਾਲਾ ਕਾਸ਼ੀਰਾਮ ਰਈਸ ਫੀਰੋਜ਼ਪੁਰ ਨੇ ਦਰਬਾਰ ਅਤੇ ਰਹਾਇਸ਼ੀ ਮਕਾਨਾਂ ਦੀ ਸੇਵਾ ਕਰਾਈ ਹੈ.#ਮਹੰਤ ਨਿਰਮਲਾ ਸਿੰਘ ਹੈ. ਹਾੜ ਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਖੇਮਕਰਨ ਤੋਂ ਅਗਨਿ ਕੋਣ ਦੇ ਫਰਲਾਂਗ ਦੇ ਕ਼ਰੀਬ ਹੈ....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਜੋ ਅਨ੍ਯ (ਦੂਜੇ) ਨੂੰ ਨਾ ਮੰਨੇ. ਦੇਖੋ, ਅਨਨ੍ਯ. "ਬੈਸਨੋ ਅਨੰਨ ਬ੍ਰਹਮੰਨ ਸਾਲਿਗ੍ਰਾਮ ਸੇਵਾ." (ਭਾਗੁ ਕ) "ਸਿਖ ਅਨੰਨ ਪੰਡਿਤ ਦਿਖ ਐਸੇ। ਗ੍ਰਹ ਤਿਥਿ ਵਾਰ ਨ ਜਾਨੈ ਕੈਸੇ। ਏਕ ਭਰੋਸਾ ਪ੍ਰਭੁ ਕਾ ਪਾਏ। ਤ੍ਯਾਗ ਲਗਨ ਅਰਦਾਸ ਕਰਾਏ॥" (ਗੁਵਿ ੬)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ...
ਛੋਟਾ ਮੰਜਾ. ਦੇਖੋ, ਮੰਚ। ੨. ਗੁਰਦ੍ਵਾਰੇ ਦਾ ਉਹ ਥੜਾ (ਚਬੂਤਰਾ), ਜੋ ਗੁਰੂ ਸਾਹਿਬ ਦੇ ਬੈਠਣ ਦੀ ਥਾਂ ਸਨਮਾਨ ਵਾਸਤੇ ਬਣਾਇਆ ਹੈ। ੩. ਮਹੰਤ ਦੀ ਗੱਦੀ. ਸ਼੍ਰੀ ਗੁਰੂ ਅਮਰਦੇਵ ਜੀ ਨੇ ੨੨ ਧਰਮਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ. ਇਸੇ ਨੂੰ ਇਤਿਹਾਸਕਾਰਾਂ ਨੇ ਬਾਈ ਮੰਜੀਆਂ ਬਖ਼ਸ਼ਣ ਦਾ ਪ੍ਰਸੰਗ ਲਿਖਿਆ ਹੈ. ਦੇਖੋ, ਬਾਈ ਮੰਜੀਆਂ। ੪. ਸੰ. मञ्जी. ਮੰਜਰੀ. ਸਿੱਟਾ. ਬੱਲੀ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਦੇਖੋ, ਖਤ੍ਰੀ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....